ਬਠਿੰਡਾ, 30 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਇਲਾਕੇ 'ਚ ਇਕ ਨੌਜਵਾਨ ਵਲੋਂ ਇਕ ਅਜਿਹੇ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਸ ਦੀ ਮਾਂ ਘਰੇਲੂ ਕੰਮਕਾਰ ਕਰਦੀ ਸੀ | ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਦੇ ਕਬਜ਼ੇ ਵਿਚੋਂ 8 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ | ਮੁਲਜ਼ਮ ਦੀ ਪਹਿਚਾਣ ਅਨਮੋਲ ਸਿੰਘ ਵਾਸੀ ਅਮਰਪੁਰਾ ਬਸਤੀ ਵਜੋਂ ਹੋਈ ਹੈ, ਦੇ ਖਿਲਾਫ਼ ਪਹਿਲਾਂ ਵੀ ਮੋਟਰ-ਸਾਈਕਲ ਚੋਰੀ ਕਰਨ ਦਾ ਮਾਮਲਾ ਦਰਜ ਹੈ | ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਗੁਰਪ੍ਰੀਤ ਸਿੰਘ ਵਾਸੀ ਅਮਰਪੁਰਾ ਬਸਤੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ | ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਥਾਣਾ ਕੈਨਾਲ ਪੁਲਿਸ ਨੇ ਤੁਰੰਤ ਮੁਕੱਦਮਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ | ਥਾਣਾ ਕੈਨਾਲ ਦੇ ਐਸ.ਐਚ.ਓ. ਹਰਜੋਤ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਅਨਮੋਲ ਸਿੰਘ ਨੂੰ ਕਾਬੂ ਕੀਤਾ | ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਚੋਰੀ ਦੀ ਵਾਰਦਾਤ ਨੂੰ ਕਬੂਲ ਕਰ ਲਿਆ | ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਸਬੰਧਿਤ ਘਰ 'ਚ ਘਰੇਲੂ ਕੰਮ ਕਰਦੀ ਸੀ, ਜਿਸ ਕਾਰਨ ਉਸ ਦਾ ਉਨ੍ਹਾਂ ਦੇ ਘਰ ਵਿਚ ਆਉਣ-ਜਾਣ ਸੀ | ਇਸ ਦੌਰਾਨ ਉਸ ਨੇ ਘਰ ਦੀ ਸਥਿਤੀ ਨੂੰ ਦੇਖਦੇ ਹੋਏ ਘਰ ਅੰਦਰ ਪਏ ਸੋਨੇ ਦੇ ਗਹਿਣੇ ਚੋਰੀ ਕਰ ਲਏ | ਐਸ.ਐਚ.ਓ. ਹਰਜੋਤ ਸਿੰਘ ਨੇ ਕਿਹਾ ਕਿ ਮੁਲਜ਼ਮ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਗਏ ਕਰੀਬ 8 ਤੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿਚੋਂ 2 ਛਾਪਾਂ ਮਰਦਾਨਾ, 1 ਚੈਨੀ, 2 ਛਾਪਾਂ (ਔਰਤ), 1 ਕੜਾ, 2 ਚੂੜੀਆਂ ਜਿਨ੍ਹਾਂ ਦੀ ਕੁਲ ਕੀਮਤ 8 ਲੱਖ ਰੁਪਏ ਹੈ ਬਰਾਮਦ ਕਰ ਲਏ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮ ਅਨਮੋਲ ਸਿੰਘ ਖਿਲਾਫ਼ ਇਕ ਮੋਟਰ-ਸਾਈਕਲ ਚੋਰੀ ਦਾ ਮਾਮਲਾ ਦਰਜ ਹੈ, ਇਸ ਤੋਂ ਪਤਾ ਲੱਗਦਾ ਹੈ, ਕਿ ਉਹ ਚੋਰੀ ਦੀਆਂ ਵਾਰਦਾਤਾਂ ਕਰਨ ਦਾ ਆਦੀ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਕਿ ਇਸ ਵਾਰਦਾਤ 'ਚ ਹੋਰ ਕੋਣ-ਕੋਣ ਸ਼ਾਮਿਲ ਹੈ, ਤੇ ਇਨ੍ਹਾਂ ਵਲੋਂ ਕਿੰਨੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ |