ਬਰੇਟਾ, 23 ਫਰਵਰੀ (ਪਾਲ ਸਿੰਘ ਮੰਡੇਰ)- ਪੋਤੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਬਠਿੰਡਾ ਦੀ ਰੇਲਵੇ ਪੁਲਿਸ ਵਲੋਂ ਅÏਰਤ ਸਮੇਤ 2 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਬਠਿੰਡਾ ਰੇਲਵੇ ਪੁਲਿਸ ਦੇ ਜਾਂਚ ਅਧਿਕਾਰੀ ਕੁਲਦੀਪ ਚੰਦ ਨੇ ਦੱਸਿਆ ਕਿ ਧਨਵੰਤ ਕੌਰ ਪਤਨੀ ਸਵ. ਜਰਨੈਲ ਸਿੰਘ ਵਾਸੀ ਸੰਘਰੇੜੀ ਹਾਲ ਆਬਾਦ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੋਤੇ ਬਲਜੋਤ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਸੰਘਰੇੜੀ ਦੇ ਸੰਪਰਕ 'ਚ ਬੂਟਾ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰੀਆ ਨਾਂਅ ਦਾ ਵਿਅਕਤੀ ਆਇਆ, ਜਿਸ ਨੇ ਉਸ ਦੇ ਪੋਤੇ ਨੂੰ ਨਸ਼ੇ ਪੱਤੇ ਦਾ ਲਾਲਚ ਦੇ ਕੇ ਖ਼ਾਲੀ ਕਾਗ਼ਜ਼ਾਂ 'ਤੇ ਦਸਤਖ਼ਤ ਕਰਵਾਉਣ ਤੋਂ ਬਾਅਦ 2 ਕਿੱਲੇ ਜ਼ਮੀਨ ਆਪਣੇ ਨਾਂਅ ਕਰਵਾ ਲਏ ਅਤੇ ਇਸ ਨੂੰ ਲੈ ਕੇ ਬਲਜੋਤ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ | ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ 17 ਜੂਨ 2024 ਦੀ ਰਾਤ ਨੂੰ ਰੇਲਵੇ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ | ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਉਸ ਨੇ ਪਹਿਲਾਂ ਬਰੇਟਾ ਪੁਲਿਸ ਅਤੇ ਬੁਢਲਾਡਾ ਰੇਲਵੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਾ ਹੁੰਦੀ ਵੇਖ ਸਪੈਸ਼ਲ ਡਾਇਰੈਕਟਰ ਪੁਲਿਸ ਰੇਲਵੇ ਪੰਜਾਬ ਪਟਿਆਲਾ ਵਿਖੇ ਦਰਖਾਸਤ ਦਿੱਤੀ | ਜਾਂਚ ਪੜਤਾਲ ਕਰਨ ਤੋਂ ਬਾਅਦ ਰੇਲਵੇ ਪੁਲਿਸ ਨੇ ਬੀਤੇ ਦਿਨ ਬੂਟਾ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰੀਆ ਅਤੇ ਕਰਮਦੀਪ ਕੌਰ ਵਾਸੀ ਸੰਘਰੇੜੀ 'ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |