ਨਥਾਣਾ, 25 ਫਰਵਰੀ (ਗੁਰਦਰਸ਼ਨ ਲੁੱਧੜ): ਸਰਕਾਰੀ ਪ੍ਰਾਇਮਰੀ ਫੁਲੀ ਏ.ਸੀ. ਸਮਾਰਟ ਸਕੂਲ ਨਥਾਣਾ (ਲੜਕੇ) ਦੇ ਵਿਦਿਆਰਥੀਆਂ ਵਲੋਂ ਲੁਧਿਆਣਾ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿਚ ਫੁੱਟਬਾਲ ਲੜਕੇ ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ ਗਿਆ | ਬਠਿੰਡਾ ਫੁੱਟਬਾਲ ਟੀਮ ਦੀ ਰਾਜ ਪੱਧਰੀ ਜਿੱਤ ਉਪਰੰਤ ਸਰਕਾਰੀ ਪ੍ਰਾਇਮਰੀ ਫੁਲੀ ਏ.ਸੀ. ਸਮਾਰਟ ਸਕੂਲ ਨਥਾਣਾ ਲੜਕੇ ਦੇ ਵਿਦਿਆਰਥੀ ਰੁਪੇਸ਼ ਅਤੇ ਅਰਮਾਨਦੀਪ ਸਿੰਘ ਦੇ ਨਥਾਣਾ ਪਹੁੰਚਣ 'ਤੇ ਨਥਾਣਾ ਨਗਰ ਪੰਚਾਇਤ, ਕਲੱਬ, ਖੇਡ ਪ੍ਰੇਮੀਆਂ ਅਤੇ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜੇਤੂ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਕੋਚ ਡਾ. ਸੁਖਪਾਲ ਸਿੰਘ ਸਿੱਧੂ ਅਤੇ ਸੈਂਟਰ ਹੈੱਡ ਟੀਚਰ ਸਤਨਾਮ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ | ਜੇਤੂ ਵਿਦਿਆਰਥੀਆਂ ਨੂੰ ਬੱਸ ਅੱਡੇ ਤੋਂ ਲੈ ਕੇ ਸਕੂਲ ਤੱਕ ਢੋਲ ਵਜਾ ਕੇ ਭਰਵਾਂ ਸਵਾਗਤ ਕਰਦਿਆਂ ਇੱਕ ਕਾਫ਼ਲੇ ਦੇ ਰੂਪ ਵਿਚ ਸਕੂਲ ਲਿਜਾਇਆ ਗਿਆ | ਫੁੱਟਬਾਲ ਟੀਮ ਦੀ ਇਸ ਵੱਡੀ ਕਾਮਯਾਬੀ 'ਤੇ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ, ਨਗਰ ਪੰਚਾਇਤ ਨਥਾਣਾ ਦੇ ਉਪ ਪ੍ਰਧਾਨ ਸੁਰਜੀਤ ਸਿੰਘ ਕੱਦੂ, ਕੌਂਸਲਰ ਸਰਬਜੀਤ ਸਿੰਘ,'ਆਪ' ਆਗੂ ਹਰਪਾਲ ਸਿੰਘ, ਅਮਨਦੀਪ ਸਿੰਘ, ਚੇਅਰਮੈਨ ਡਾ. ਜਗਸੀਰ ਸਿੰਘ ਸਿੱਧੂ, ਚੇਅਰਮੈਨ ਰਾਜਭੁਪਿੰਦਰ ਸਿੰਘ, ਗੁਰਦੀਪ ਸਿੰਘ ਰਾਜੂ, ਜਰਨੈਲ ਸਿੰਘ ਜੈਲੂ, ਜਸ਼ਨਦੀਪ ਸਿੰਘ ਸਿੱਧੂ, ਜਿੰਮੀ ਭੁੱਲਰ, ਭੋਲਾ ਸਿੰਘ, ਅਜੀਤ ਸਿੰਘ ਦੂਆ ਅਤੇ ਸਤਨਾਮ ਸਿੰਘ ਵਲੋਂ ਜੇਤੂ ਫੁੱਟਬਾਲ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ | ਨਗਰ ਨਿਵਾਸੀਆਂ ਵਲੋਂ ਸੈਂਟਰ ਹੈੱਡ ਟੀਚਰ ਸਤਨਾਮ ਸਿੰਘ, ਡਾ. ਸੁਖਪਾਲ ਸਿੰਘ ਸਿੱਧੂ, ਪ੍ਰਦੀਪ ਕੌਰ, ਸਤਨਾਮ ਕੌਰ, ਜਗਜੀਤ ਕੌਰ, ਪਰਮਜੀਤ ਕੌਰ ਅਤੇ ਸੁਰਿੰਦਰਪਾਲ ਕੌਰ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਮਿਹਨਤ ਅਤੇ ਮਾਰਗ ਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ |