ਲਹਿਰਾ ਮੁਹੱਬਤ, 26 ਫਰਵਰੀ (ਸੁਖਪਾਲ ਸਿੰਘ ਸੁੱਖੀ)-ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਕੋਲੇ ਵਿਚ ਝੋਨੇ ਤੋਂ ਬਣੀ ਪਰਾਲੀ ਦੀ ਗਿੱਟੀ (ਪੈਲੇਟਸ) ਨੂੰ ਮਿਲਾ ਕੇ ਵਰਤਣ ਲਈ ਬਾਇਓਮਾਸ ਕੰਪਨੀਆਂ ਵਲੋਂ ਆ ਰਹੇ ਵਾਹਨਾਂ ਦੇ ਭਾਰ ਤੋਲਣ 'ਚ ਹੇਰਾਫੇਰੀ ਤੇ ਕੁਆਲਿਟੀ ਨੂੰ ਅਣਦੇਖਿਆ ਕਰਕੇ ਤੇ ਕੋਲੇ ਨਾਲੋਂ ਮਹਿੰਗੇ ਭਾਅ ਵਿਚ ਖ਼ਰੀਦ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਵੱਡੀ ਧਾਂਦਲੀ ਦਾ ਖ਼ਦਸ਼ਾ ਹੈ | ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੈਲੇਟਸ ਦੇ ਭਰੇ ਟਿੱਪਰਾਂ ਦਾ ਭਾਰ ਤੋਲਣ ਸਮੇਂ ਹੇਰਾਫੇਰੀ ਕਰਨ ਤੋਂ ਇਲਾਵਾ ਉਸ ਦੀ ਗੁਣਵੱਤਾ ਨੂੰ ਲੈ ਕੇ ਰੱਦ ਵੀ ਕੀਤਾ ਜਾਂਦਾ ਕਿਉਂਕਿ ਰੱਦ ਮਾਲ ਲੰਘਾਉਣ ਲਈ ਬਾਇਓਮਾਸ ਕੰਪਨੀਆਂ ਮਜਬੂਰਨ ਲੈਣ-ਦੇਣ ਕਰਨਗੀਆਂ | ਕਈ ਲੈਣ-ਦੇਣ ਨਾਲ ਰਿਜੈਕਟ ਮਾਲ ਪਾਸ ਵੀ ਕਰਾਉਣ ਲੱਗੇ, ਪਰ ਇਸ ਮਾਮਲੇ ਖ਼ਿਲਾਫ਼ ਸ਼ਿਕਾਇਤ ਵੀ ਹੋਈ | ਜਿਸ ਕਰਕੇ ਦਰਜਨ ਅਧਿਕਾਰੀਆਂ ਦੀ ਕਮੇਟੀ ਬਣੀ ਤੇ ਉਨ੍ਹਾਂ 'ਚ ਕਮਾਈ ਦੀ ਵੰਡ ਨੂੰ ਲੈ ਕੇ ਹੋਈ ਅਧਿਕਾਰੀਆਂ ਦੀ ਤੂੰ-ਤੂੰ ਮੈਂ-ਮੈਂ ਮਗਰੋਂ ਤੀਜੀ ਕਮੇਟੀ ਬਣੀ, ਜਿਸ ਕਮੇਟੀ ਵਿਚ ਲੇਡੀਜ਼ ਅਧਿਕਾਰੀ ਦਰਜਨ ਦੇ ਸ਼ਾਮਿਲ ਕਰਕੇ ਡਿਊਟੀ ਲਾਈ | ਸਾਡੇ ਪੱਤਰਕਾਰ ਨੂੰ ਫੋਨ ਰਾਹੀਂ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਥੋਂ ਦੇ ਅਧਿਕਾਰੀ ਨੇ ਕਿਹਾ ਕਿ ਬਾਇਓਮਾਸ ਪੈਲੇਟਸ ਦੇ ਭਰੇ ਟਿੱਪਰਾਂ ਦੇ ਭਾਰ ਤੋਲਣ ਲਈ ਲੇਡੀਜ਼ ਅਧਿਕਾਰੀਆਂ ਦੀ ਡਿਊਟੀ ਲਾਉਣ ਮਗਰੋਂ ਵੀ ਧਾਂਦਲੀ ਕਰਨ ਵਾਲੇ ਥਰਮਲ ਦੇ ਕੁਝ ਅਧਿਕਾਰੀ ਉਸੇ ਤਰ੍ਹਾਂ ਹੀ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਕੇ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ | ਬੀਤੇ ਦਿਨ ਕੁਝ ਅਧਿਕਾਰੀਆਂ ਨੇ ਮੈਨੇਜਮੈਂਟ ਨੂੰ ਮੰਗ ਪੱਤਰ ਵੀ ਸੌਂਪਿਆ ਹੈ | ਇਸ ਮਾਮਲੇ ਦੀ ਜਾਂਚ ਲਈ ਬਕਾਇਦਾ ਵਿਜੀਲੈਂਸ ਮੁੱਖ ਦਫਤਰ ਤੇ ਮੁੱਖ ਮੰਤਰੀ ਦਫਤਰ ਨੂੰ ਵੀ ਲਿਖਤੀ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ | ਮਾਮਲੇ ਸੰਬੰਧੀ ਪਾਵਰਕਾਮ ਦੇ ਚੇਅਰਮੈਨ ਕਮ ਡਾਇਰੈਕਟਰ ਬਸੰਤ ਗਰਗ ਨਾਲ ਫੋਨ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ |