ਕੋਟਫੱਤਾ, 2 ਮਾਰਚ (ਰਣਜੀਤ ਸਿੰਘ ਬੁੱਟਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੇ ਵਿਦਿਆਰਥੀ ਜਿੱਥੇ ਦੁਨਿਆਵੀ ਵਿੱਦਿਆ ਤੇ ਹੋਰ ਖੇਤਰਾਂ ਵਿਚ ਹਰ ਸਾਲ ਮੱਲ੍ਹਾਂ ਮਾਰਦੇ ਹਨ, ਉੱਥੇ ਇਸ ਸਕੂਲ ਦੇ ਵਿਦਿਆਰਥੀਆਂ ਦਾ ਨੈਤਿਕ ਅਤੇ ਧਾਰਮਿਕ ਪੱਧਰ ਉੱਚਾ ਚੁੱਕਣ ਲਈ ਸਕੂਲ ਵਿਚ ਵੱਖ-ਵੱਖ ਧਾਰਮਿਕ ਸੈਮੀਨਾਰ, ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸ ਲੜੀ ਅਧੀਨ ਹੀ ਸਕੂਲ ਵਿਚ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ | ਇਸ ਸਾਲ ਦੀ ਧਾਰਮਿਕ ਪ੍ਰੀਖਿਆ ਵਿਚੋਂ ਸਕੂਲ ਦੀਆਂ 7 ਵਿਦਿਆਰਥਣਾਂ ਅਵਨੀਤ ਕੌਰ, ਗੁਰਕਿਰਤ ਕੌਰ, ਹਰਗੁਣਵੀਰ ਕੌਰ, ਹਰਨੂਰ ਕੌਰ, ਖੁਸ਼ਦੀਪ ਕੌਰ, ਪ੍ਰਦੀਪ ਕੌਰ ਅਤੇ ਪਰਨੀਤ ਕੌਰ ਨੇ 1100-1100 ਰੁਪਏ ਨਕਦ ਰਾਸ਼ੀ ਵਜ਼ੀਫ਼ੇ ਦੇ ਰੂਪ ਵਿਚ ਪ੍ਰਾਪਤ ਕੀਤੀ | ਇਸ ਸਮੇਂ ਸਕੂਲ ਪਿ੍ੰਸੀਪਲ ਡਾ. ਮਨੋਰਮਾ ਸਮਾਗ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਹੋਇਆ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਦੀਪ ਸਿੰਘ ਬੱਲ੍ਹੋ ਅਤੇ ਡਾ. ਸਿਮਰਜੀਤ ਕੌਰ ਧਾਰਮਿਕ ਸਿੱਖਿਆ ਅਧਿਆਪਕ ਹਾਜ਼ਰ ਸਨ |