ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦੱਸਿਆ ਕਿ ਇਜਰਾਈਲ-ਇਰਾਨ ਜੰਗ ਦੌਰਾਨ ਹਵਾਈ ਉਡਾਣਾਂ ਬੰਦ ਹੋਣ ਕਰਕੇ ਬਠਿੰਡਾ ਦੇ ਐੱਸ.ਐੱਸ.ਡੀ. ਗਰਲਜ਼ ਕਾਲਜ ਦੇ ਪਿ੍ੰਸੀਪਲ ਸਮੇਤ ਉਨ੍ਹਾਂ ਦਾ ਪਰਿਵਾਰ ਦੁਬਈ ਹਵਾਈ ਅੱਡੇ ਉੱਪਰ ਫਸਿਆ ਹੋਇਆ ਹੈ, ਜਿਨ੍ਹਾਂ ਦੀ ਮੱਦਦ ਲਈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸੂਬਾ ਪ੍ਰਧਾਨ ਨੇ ਪੱਤਰ ਰਾਹੀਂ ਕੇਂਦਰੀ ਵਿਦੇਸ਼ ਮੰਤਰੀ ਰਵੀ ਸ਼ੰਕਰ ਨੂੰ ਜਾਣੂ ਕਰਵਾਇਆ ਹੈ ਕਿ ਬਠਿੰਡਾ ਦੇ ਐੱਸ.ਐੱਸ.ਡੀ. ਕਾਲਜ ਦੇ ਪਿ੍ੰਸੀਪਲ ਡਾ.ਨੀਰੂ ਗਰਗ ਤੇ ਉਨ੍ਹਾਂ ਦਾ ਪਰਿਵਾਰ ਦੁਬਈ ਹਵਾਈ ਅੱਡੇ ਉਪਰ ਫਸਿਆ ਹੋਇਆ, ਜਿੰਨਾਂ ਕੋਲ ਪੈਸੇ ਅਤੇ ਦਵਾਈ ਦੀ ਵੱਡੀ ਘਾਟ ਹੈ ਤੇ ਉਹ ਭਾਰਤ ਆਉਣ ਲਈ ਚਿੰਤਤ ਹਨ ਪਰ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਤੋਂ ਇਲਾਵਾ ਜਿੰਨੇ ਵੀ ਭਾਰਤੀ ਅਤੇ ਪੰਜਾਬੀ ਦੁਬਈ ਹਵਾਈ ਅੱਡੇ ਉੱਪਰ ਫਸੇ ਹੋਏ ਹਨ, ਉਨ੍ਹਾਂ ਦੀ ਭਾਰਤ ਵਾਪਸੀ ਦੇ ਨਾਲ-ਨਾਲ ਉਨ੍ਹਾਂ ਲਈ ਖਾਣ-ਪੀਣ, ਰਹਿਣ, ਦਵਾਈਆਂ ਸਮੇਤ ਹਰ ਲੋੜੀਂਦੇ ਯਤਨ ਤੇਜ ਕੀਤੇ ਜਾਣ ਤੇ ਉਨ੍ਹਾਂ ਨੂੰ ਸੁਰੱਖਿਆ ਭਾਰਤ ਲਿਆਂਦਾ ਜਾਵੇ |