ਬਠਿੰਡਾ, 3 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਅਤੇ ਆਤਮਾ ਸਕੀਮ ਅਧੀਨ 'ਰਿਜਨਰੇਟਿਵ ਐਗ੍ਰੀਕਲਚਰ-ਇਕ ਕੁਦਰਤੀ ਖੇਤੀ ਪੱਧਤੀ' ਵਿਸ਼ੇ 'ਤੇ 4 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸਥਾਨਕ ਖੇਤੀ ਭਵਨ ਵਿਖੇ ਕਰਵਾਇਆ ਗਿਆ | ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਅਤੇ ਕੁਦਰਤੀ ਖੇਤੀ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਅਤੇ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣਾ ਸੀ | ਸਿਖਲਾਈ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਡਾ. ਤੇਜਬੀਰ ਸਿੰਘ ਬੁੱਟਰ, ਡਾ. ਪ੍ਰੀਤਪਾਲ ਸਿੰਘ, ਡਾ. ਨਵਨੀਤ ਕੌਰ, ਡਾ. ਜਸਰੀਤ ਕੌਰ ਅਤੇ ਡਾ. ਗੁਰਦੀਪ ਸਿੰਘ ਵੱਲੋਂ ਰਿਜਨਰੇਟਿਵ ਖੇਤੀ ਦੇ ਸੰਕਲਪ ਅਤੇ ਸਿਧਾਂਤ, ਮਿੱਟੀ ਦੀ ਸਿਹਤ ਅਤੇ ਮਿੱਟੀ ਜੀਵ ਵਿਗਿਆਨ, ਸੋਇਲ ਹੈਲਥ ਕਾਰਡ ਦੀ ਸਮਝ, ਫ਼ਸਲ ਯੋਜਨਾ, ਜੈਵਿਕ ਪੋਸ਼ਕ ਪ੍ਰਬੰਧਨ (ਜੀਵਾਮਿ੍ਤ, ਬੀਜਾਮਿ੍ਤ, ਵਰਮੀਕੰਪੋਸਟ), ਕੁਦਰਤੀ ਕੀਟ ਅਤੇ ਰੋਗ ਪ੍ਰਬੰਧਨ ਅਤੇ ਰਿਜਨਰੇਟਿਵ ਖੇਤੀ ਦੇ ਅਰਥਸ਼ਾਸ਼ਤ੍ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸਮਾਗਮ ਦੇ ਆਖ਼ਰੀ ਦਿਨ ਭਾਗੀਦਾਰਾਂ ਨੂੰ ਸੋਹਨਗੜ੍ਹ ਕੁਦਰਤੀ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਸਫਲ ਮਾਡਲਾਂ ਦਾ ਮੌਕੇ 'ਤੇ ਅਧਿਐਨ ਕੀਤਾ | ਇਸ ਮੌਕੇ ਸਟੇਜ ਸੰਚਾਲਨ ਡੀ.ਪੀ.ਡੀ. ਆਤਮਾ ਨਰੇਂਦਰ ਗੋਦਾਰਾ ਅਤੇ ਬੀ.ਟੀ.ਐਮ. ਕੰਵਲਜੀਤ ਸਿੰਘ ਵਲੋਂ ਕੀਤਾ ਗਿਆ | ਇਸ ਦੇ ਨਾਲ ਹੀ ਬੀ.ਟੀ.ਐਮ. ਮਨਦੀਪ ਕੌਰ ਅਤੇ ਨਵਜੀਤ ਸਿੰਘ (ਕੰਪਿਊਟਰ ਆਪਰੇਟਰ) ਵੀ ਹਾਜ਼ਰ ਸਨ |