ਚਾਉਕੇ, 3 ਮਾਰਚ (ਮਨਜੀਤ ਸਿੰਘ ਘੜੈਲੀ)- ਪੀ.ਐਨ.ਆਰ.ਸੀ ਵਲੋਂ ਨਵੰਬਰ-2025 ਦੌਰਾਨ ਲਈ ਗਈ ਪ੍ਰੀਖਿਆ ਜੀ.ਐਨ.ਐਮ ਭਾਗ ਦੂਜੇ ਦੇ ਨਤੀਜੇ ਦਾ ਪਿਛਲੇ ਦਿਨੀਂ ਐਲਾਨ ਕੀਤਾ ਗਿਆ | ਉਕਤ ਨਤੀਜੇ 'ਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਨਰਸਿੰਗ ਇੰਸਟੀਚਿਊਟ ਬੱਲ੍ਹੋ ਦੇ ਸਾਰੇ ਹੀ ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਆਪਣੀ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਲਾਸ ਇੰਚਾਰਜ ਰੇਖਾ ਰਾਣੀ ਨੇ ਦੱਸਿਆ ਕਿ ਖ਼ੁਸ਼ੀ ਪੁੱਤਰੀ ਸੱਤਿਆ ਪ੍ਰਕਾਸ਼, ਮਹਿਕ ਪੁੱਤਰੀ ਸ਼ਿਵ ਬਹਾਦਰ, ਹਰਸ਼ਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਕਾਲਜ ਪਿ੍ੰਸੀਪਲ ਮਨਜੀਤ ਕੌਰ ਬਰਾੜ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਵਿਦਿਆਰਥੀਆਂ ਉੱਪਰ ਮਾਣ ਮਹਿਸੂਸ ਹੋ ਰਿਹਾ ਜੋ ਲਗਾਤਾਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ | ਇਸ ਸਫਲਤਾ ਦਾ ਸਿਹਰਾ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਦਿੰਦਿਆਂ ਦੱਸਿਆ ਕਿ ਕਾਲਜ ਦਾ ਉੱਚ ਯੋਗਤਾ ਪ੍ਰਾਪਤ ਸਟਾਫ਼ ਵਿਦਿਆਰਥੀਆਂ ਦੀ ਤਰੱਕੀ ਲਈ ਕੇਵਲ ਵਿੱਦਿਅਕ ਖੇਤਰ 'ਚ ਹੀ ਨਹੀਂ ਸਗੋਂ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ | ਸੰਸਥਾ ਦੇ ਸਕੱਤਰ ਇੰਜ. ਹਿਤੇਸ਼ ਸਿੰਗਲਾ ਨੇ ਵੀ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਿਆ ਵਿਦਿਆਰਥੀਆਂ, ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਮੁਕੇਸ਼ ਸਿੰਗਲਾ, ਵਾਈਸ ਚੇਅਰਮੈਨ ਇੰਜ. ਯੁਵਰਾਜ ਗਰਗ ਨੇ ਵੀ ਨਤੀਜੇ ਤੇ ਤਸੱਲੀ ਪ੍ਰਗਟਾਉਂਦਿਆਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ |