ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਜ਼ਿਲ੍ਹੇ ਦੇ ਆੜ੍ਹਤੀਆਂ ਅਤੇ ਸਬੰਧਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸੁਚਾਰੂ ਬਣਾਉਣ ਸਬੰਧੀ ਅਹਿਮ ਬੈਠਕ ਕੀਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ 932520 ਮੈਟਿ੍ਕ ਟਨ ਕਣਕ ਦੀ ਆਮਦ ਦੀ ਉਮੀਦ ਹੈ | ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ, ਜ਼ਿਲ੍ਹੇ 'ਚ 275 ਮੰਡੀਆਂ ਸਥਾਪਿਤ ਕੀਤੀਆਂ ਹਨ, ਜਿਸ ਵਿਚ 200 ਸਥਾਈ ਮੰਡੀਆਂ ਅਤੇ 75 ਆਰਜ਼ੀ ਮੰਡੀਆਂ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਜਿਣਸ ਦੇ ਭੰਡਾਰਣ ਲਈ ਬਾਰਦਾਨਾ ਉਪਲੱਬਧ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਭੰਡਾਰਣ ਲਈ ਥਾਂ ਦੀ ਕੋਈ ਕਮੀ ਨਹੀਂ ਹੈ | ਕਣਕ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨ ਲਈ, ਉਨ੍ਹਾਂ ਫੂਡ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਅਧਿਕਾਰੀਆਂ ਨੂੰ ਮੰਡੀਆਂ ਵਿਚ ਨਿਯੱੁਕਤ ਕੀਤਾ ਜਾਵੇ ਅਤੇ ਉਹ ਇਨ੍ਹਾਂ ਮੰਡੀਆਂ ਵਿਚ ਨਿਯਮਤ ਤੌਰ 'ਤੇ ਦੌਰੇ ਕਰਨੇ ਯਕੀਨੀ ਬਣਾਉਣ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵੱਲ ਜਾਣ ਵਾਲੀਆਂ ਸੜਕਾਂ 'ਤੇ ਟਰੈਫਿਕ ਭੀੜ ਅਤੇ ਖ਼ਰਾਬ ਸੜਕਾਂ ਨਾਲ ਜੁੜੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ | ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਅਸੀਂ ਮਜ਼ਦੂਰ ਵਰਗ ਲਈ ਵੀ ਬਿਹਤਰ ਜੀਵਨ ਯਕੀਨੀ ਬਣਾਈਏ | ਉਨ੍ਹਾਂ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਗਰੀਬ ਲੋਕਾਂ ਅਤੇ ਮਜ਼ਦੂਰ ਵਰਗ ਦੇ ਭਲੇ ਲਈ ਕੰਮ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇ | ਇਸੇ ਤਰ੍ਹਾਂ ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਰਤ ਵਿਭਾਗ ਦੇ ਈ-ਸ਼੍ਰਮ ਪੋਰਟਲ 'ਤੇ ਰਜਿਸਟਰੇਸ਼ਨ 'ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਵਿਆਹ ਲਈ ਲਾਭ ਪ੍ਰਦਾਨ ਕਰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਆੜ੍ਹਤੀਏ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਤਾਂ ਜੋ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫਤ ਸਿਹਤ ਸਹੂਲਤ ਮਿਲ ਸਕੇ | ਇਸ ਮੌਕੇ ਏਡੀਸੀ (ਜ) ਮੈਡਮ ਕੰਚਨ, ਐੱਸਡੀਐਮ ਬਠਿੰਡਾ ਬਲਕਰਨ ਸਿੰਘ, ਐੱਸਡੀਐਮ ਰਾਮਪੁਰਾ ਅਤੇ ਮੌੜ ਮੈਡਮ ਵੀਰਪਾਲ ਕੌਰ, ਐੱਸਡੀਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਡੀਡੀਪੀਓ ਅਭਿਨਵ ਗੋਇਲ, ਡੀਐਫਐੱਸਓ ਹਰਸ਼ਿਤ ਮਹਿਤਾ, ਬਠਿੰਡਾ ਮਾਰਕੀਟ ਕਮੇਟੀ ਚੇਅਰਮੈਨ ਬਲਜੀਤ ਬੱਲੀ, ਡੀਐੱਮਓ ਗੌਰਵ ਗਾਰਗ ਅਤੇ ਹੋਰ ਮੌਜੂਦ ਸਨ |
ਡੀ.ਸੀ. ਨੇ ਖ਼ਰੀਦੇ ਹੋਏ ਸਟਾਕ ਨੂੰ ਸਮੇਂ ਸਿਰ ਉਠਾਉਣ, ਸਫ਼ਾਈ, ਪੀਣ ਵਾਲੇ ਪਾਣੀ ਤੇ ਮੰਡੀਆਂ ਵਿਚ ਟਾਇਲਟ ਪ੍ਰਬੰਧਾਂ ਦੇ ਦਿੱਤੇ ਨਿਰਦੇਸ਼
ਅਜੀਤ ਡੈਸਕ
03-04-2026