ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਚੋਣ ਟਰਾਇਲ 6 ਅਪ੍ਰੈਲ ਨੂੰ-ਡਿਪਟੀ ਕਮਿਸ਼ਨਰ
ਅਜੀਤ ਡੈਸਕ
03-04-2026
ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ, ਖੇਡ ਵਿਭਾਗ ਵਲੋਂ ਸਾਲ 2026-27 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ-ਸਕਾਲਰ) ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਟਰਾਇਲ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਅਤੇ ਵੱਖ-ਵੱਖ ਗੇਮਾਂ ਲਈ ਕਰਵਾਏ ਜਾ ਰਹੇ ਹਨ | ਇਹ ਟਰਾਇਲ 6 ਅਪ੍ਰੈਲ 2026 ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਅੰਡਰ 14, ਅੰਡਰ 17, ਅੰਡਰ 19 ਉਮਰ ਗਰੁੱਪ ਵਿਚ ਕਰਵਾਏ ਜਾਣੇ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਟਰਾਇਲ ਵੱਖ-ਵੱਖ ਗੇਮਾਂ ਵਿਚ ਸਬੰਧਿਤ ਕੋਚਾਂ ਵਲੋਂ ਕਰਵਾਏ ਜਾਣਗੇ | ਇਨ੍ਹਾਂ ਟਰਾਇਲਾਂ ਵਿਚ ਐਥਲੈਟਿਕਸ, ਜੁਡੋ, ਵਾਲੀਬਾਲ, ਫੁੱਟਬਾਲ, ਸਾਈਕਲਿੰਗ, ਬਾਕਸਿੰਗ, ਬਾਸਕਟਬਾਲ, ਹਾਕੀ, ਕੁਸ਼ਤੀ, ਨੈਟਬਾਲ ਆਦਿ ਖੇਡਾਂ ਸ਼ਾਮਿਲ ਹਨ | ਸਿਲੈਕਟ ਹੋਏ ਖਿਡਾਰੀਆਂ ਨੂੰ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਵੇਰੇ-ਸ਼ਾਮ ਮੁਫ਼ਤ ਕੋਚਿੰਗ ਅਤੇ ਡਾਇਟ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗਾਂ ਵਿਚ ਦਾਖ਼ਲ ਹੋਣ ਵਾਲੇ ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ ਜਨਮ 01 ਜਨਵਰੀ 2013, ਅੰਡਰ-17 ਲਈ 01 ਜਨਵਰੀ 2010, ਅਤੇ ਅੰਡਰ-19 ਲਈ 01 ਜਨਵਰੀ 2008 ਜਾਂ ਇਸ ਤੋਂ ਬਾਅਦ ਦੇ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫ਼ਿਜ਼ੀਕਲ ਅਤੇ ਮੈਡੀਕਲੀ ਫਿੱਟ ਹੋਵੇ | ਇਨ੍ਹਾਂ ਚੋਣ ਟਰਾਇਲਾਂ ਲਈ ਖਿਡਾਰੀ ਜ਼ਿਲ੍ਹਾ ਬਠਿੰਡਾ ਨਾਲ ਸਬੰਧ ਰੱਖਦਾ ਹੋਵੇ ਅਤੇ ਪੰਜਾਬ ਦਾ ਵਸਨੀਕ ਹੋਵੇ | ਉਸ ਵਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਸਟੇਟ ਪੱਧਰ ਕੰਪੀਟੀਸ਼ਨ ਵਿਚ ਹਿੱਸਾ ਲਿਆ ਹੋਵੇ | ਇਸ ਤੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ | ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਤਾਰੀਕਾਂ ਨੂੰ ਸਬੰਧਿਤ ਟਰਾਇਲ ਸਥਾਨ 'ਤੇ ਠੀਕ ਸਵੇਰੇ 08 ਵਜੇ ਰਜਿਸਟਰੇਸ਼ਨ ਲਈ ਰਿਪੋਰਟ ਕਰਨਗੇ | ਇਨ੍ਹਾਂ ਵਿੰਗਾਂ ਲਈ ਦਾਖਲ਼ਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ 'ਤੇ ਜਾਂ ਇਸ ਤੋ ਪਹਿਲਾਂ ਜ਼ਿਲ੍ਹਾ ਖੇਡ ਦਫ਼ਤਰ ਬਠਿੰਡਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਸਰਟੀਫ਼ਿਕੇਟ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫ਼ਿਕੇਟ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ਼ ਲੈ ਕੇ ਆਉਣਗੇ ਅਤੇ ਚੋਣ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਵਿਭਾਗ ਵਲੋਂ ਕੋਈ ਟੀ. ਏ/ਡੀ. ਏ. ਨਹੀਂ ਦਿੱਤਾ ਜਾਵੇਗਾ |