ਬਾਲਿਆਂਵਾਲੀ, 2 ਅਪ੍ਰੈਲ (ਕੁਲਦੀਪ ਮਤਵਾਲਾ)-ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਵਲੋਂ ਸਰਕਾਰ ਵਲੋਂ ਕੀਤੇ ਗਏ ਕੰਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਆਰੰਭੀ ਮੁਹਿੰਮ ਤਹਿਤ ਬਾਲਿਆਂਵਾਲੀ ਵਿਖੇ ਜਨ ਸਭਾ ਕੀਤੀ ਗਈ | ਜਿਸ 'ਚ ਲੋਕਾਂ ਨੇ ਕਾਫ਼ੀ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਿੰਮਤ ਸਿੰਘ ਕੁੱਤੀਵਾਲ, ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਨੰਬਰਦਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਨਿਰਦੇਸ਼ਾਂ ਤਹਿਤ ਅਸੀਂ ਪਿੰਡ-ਪਿੰਡ ਜਾ ਕੇ ਦੱਸ ਰਹੇ ਹਾਂ ਕਿ ਜੋ ਵਿਕਾਸ ਕਾਰਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਿਛਲੇ 4 ਸਾਲਾਂ ਦੌਰਾਨ ਕੀਤੇ ਗਏ ਹਨ ਉਹ ਕਿਸੇ ਵੀ ਸਰਕਾਰ ਵਲੋਂ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਲਈ ਸਕੂਲਾਂ ਦੀ ਨੁਹਾਰ ਬਦਲ ਕੇ ਸਕੂਲਾਂ ਦੀ ਕਾਇਆਕਲਪ ਕੀਤੀ, ਸਿਹਤ ਸੇਵਾਵਾਂ 'ਚ ਬਿਹਤਰ ਸੁਧਾਰ ਕੀਤੇ ਤੇ ਮੁਫ਼ਤ ਦਵਾਈਆਂ ਦਿੱਤੀਆਂ, ਘਰਾਂ ਲਈ ਮੁਫ਼ਤ ਬਿਜਲੀ ਯੋਜਨਾ, 10 ਲੱਖ ਦਾ ਮੁਫ਼ਤ ਸਿਹਤ ਇਲਾਜ, ਮੋਟਰਾਂ ਦੇ ਬਿੱਲ ਮੁਆਫ਼ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਅਤੇ ਸੜਕਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਮਹੱਤਵਪੂਰਨ ਕੰਮ ਕੀਤੇ ਗਏ ਹਨ ਜਦਕਿ ਕਿਸਾਨਾਂ ਅਤੇ ਮਜ਼ਦੂਰ ਵਰਗ ਲਈ ਵੀ ਕਈ ਲਾਭਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ | ਅੰਤ 'ਚ ਸਮੂਹ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹੋਏ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੀ ਰਫ਼ਤਾਰ ਦੁੱਗਣੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਹਿਯੋਗ ਕਰਨ | ਇਸ ਮੌਕੇ ਜਗਸੀਰ ਸ਼ਰਮਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਕਾਲਾ ਬਲਾਕ ਪ੍ਰਧਾਨ ਯੂਥ ਵਿੰਗ, ਕੁਲਦੀਪ ਸਿੰਘ ਦੰਦੀਵਾਲ, ਬਿੱਟੂ ਨੰਬਰਦਾਰ, ਜੱਗਾ ਮਾਨ, ਨਿੰਮਾ ਨੰਬਰਦਾਰ, ਰਣਜੀਤ ਸਿੰਘ ਪੰਚ, ਨਿੰਮਾ ਨੰਬਰਦਾਰ, ਮਿੱਠੂ ਖਾਲਸਾ, ਭੋਲਾ ਭੁੱਲਰ, ਮਹੇਸ਼ ਸਿੰਘ ਭੁੱਲਰ ਆਦਿ ਆਗੂ ਤੇ ਵਰਕਰ ਹਾਜ਼ਰ ਸਨ |