ਬਠਿੰਡਾ, 6 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਦੇ ਯਤਨਾਂ ਸਦਕਾ ਸਥਾਨਕ ਬੀਬੀ ਵਾਲਾ ਸੜਕ 'ਤੇ ਸਥਿਤ ਸਿਲਵਰ ਓਕਸ ਕਾਲੋਨੀ ਦੇ ਵਾਸੀਆਂ ਦੀ ਸੀਵਰੇਜ ਸਮੱਸਿਆ ਹੱਲ ਹੋਣ ਜਾ ਰਹੀ ਹੈ, ਕਿਉਂਕਿ ਮੇਅਰ ਨੇ ਕਾਲੋਨੀ ਤੱਕ ਸੀਵਰੇਜ ਰਾਈਜਿੰਗ ਮੇਨ ਪਾਈਪ ਲਾਈਨ ਪਾਉਣ ਦਾ ਉਦਘਾਟਨ ਕਰ ਦਿੱਤਾ ਹੈ | ਸਿਲਵਰ ਓਕਸ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ, ਉੱਪ-ਪ੍ਰਧਾਨ ਬਲਕਰਨ ਸਿੰਘ ਤੇ ਜਨਰਲ ਸਕੱਤਰ ਰਕੇਸ਼ ਕੁਮਾਰ ਨੇ ਦੱਸਿਆ ਕਿ ਕਾਲੋਨੀ ਵਾਸੀ ਪਿਛਲੇ ਕਰੀਬ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਹੁਣ ਮੇਅਰ ਦੇ ਯਤਨਾਂ ਸਦਕਾ ਨਗਰ ਨਿਗਮ ਵਲੋਂ ਕਾਲੋਨੀ ਦੇ ਗੇਟ ਤੱਕ ਸੀਵਰੇਜ ਪਾਈਪ ਲਾਈਨ ਪਾਈ ਜਾਵੇਗੀ, ਜਦਕਿ ਗੇਟ ਤੋਂ ਕਾਲੋਨੀ ਦੇ ਟਰੀਟਮੈਂਟ ਪਲਾਂਟ ਨਾਲ ਕੁਨੈਕਸ਼ਨ ਜੋੜਨ ਦਾ ਕੰਮ ਕਾਲੋਨੀ ਦੇ ਪ੍ਰਬੰਧਕਾਂ ਦਾ ਹੈ, ਜਿਸ ਲਈ ਐਸੋਸੀਏਸ਼ਨ ਆਪਣਾ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਐਸੋਸੀਏਸ਼ਨ ਤੇ ਕਾਲੋਨੀ ਵਾਸੀਆਂ ਮੇਅਰ ਦਾ ਧੰਨਵਾਦ ਅਤੇ ਸਨਮਾਨ ਕੀਤਾ ਅਤੇ ਮੇਅਰ ਨੇ ਉਨ੍ਹਾਂ ਨੂੰ ਅੱਗੇ ਤੋਂ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਕਰਨਲ ਰੁਪਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਸੂਬੇਦਾਰ ਲਾਲ ਸਿੰਘ, ਇੰਸਪੈਕਟਰ ਅੰਕੁਰ ਗੋਇਲ, ਇੰਸਪੈਕਟਰ ਦਵਿੰਦਰ ਸਿੰਘ, ਅਮਿਤ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਕਾਲੋਨੀ ਵਾਸੀ ਮੌਜੂਦ ਸਨ |