ਕੀ ਅਜਿਹਾ ਹੋ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਡੀ ਗੁਕੇਸ਼ (ਕਲਾਸੀਕਲ ਸ਼ਤਰੰਜ ਫਾਰਮੇਟ) ਨੂੰ ਇਕ ਭਾਰਤੀ ਹੀ ਖ਼ਿਤਾਬ ਲਈ ਚੁਣੌਤੀ ਦੇ ਦੇਵੇ? ਕੀ ਅਜਿਹਾ ਵੀ ਹੋ ਸਕਦਾ ਹੈ ਕਿ ਇਸੇ ਫਾਰਮੇਟ ਦੇ ਮਹਿਲਾ ਵਰਗ ਵਿਚ ਇਕ ਭਾਰਤੀ ਖਿਡਾਰਨ ਵਿਸ਼ਵ ਖ਼ਿਤਾਬ ਦੀ ਦਾਅਵੇਦਾਰ ਬਣ ਕੇ ਉੱਭਰੇ। ਇਹ ਦੋਵੇਂ ਸਥਿਤੀਆਂ ਹਕੀਕਤ ਦਾ ਰੂਪ ਲੈ ਸਕਦੀਆਂ ਹਨ, ਜਿਸ ਦੀਆਂ ਕਾਫ਼ੀ ਸੰਭਾਵਨਾਵਾਂ ਵੀ ਹਨ। ਉਮੀਦਵਾਰਾਂ ਦੇ ਪੁਰਸ਼ ਵਰਗ ਵਿਚ ਭਾਰਤ ਦੇ ਗ੍ਰੈਂਡਮਾਸਟਰ ਆਰ. ਪ੍ਰਗਨੰਦਾ ਹੈ ਤੇ ਜੇ ਉਹ ਇਹ ਮੁਕਾਬਲਾ ਜਿੱਤ ਜਾਂਦੇ ਹਨ ਤਾਂ ਉਸ ਨੂੰ ਗੁਕੇਸ਼ ਨੂੰ ਚੁਣੌਤੀ ਦੇਣ ਦਾ ਮੌਕਾ ਮਿਲੇਗਾ ਅਤੇ ਫਿਰ ਪਹਿਲਾ ਵਾਰ ਅਜਿਹਾ ਹੋਵੇਗਾ ਕਿ ਦੋ ਭਾਰਤੀ ਖ਼ਿਤਾਬੀ ਜੰਗ ਲੜਨਗੇ। ਮਹਿਲਾ ਵਰਗ ਵਿਚ ਤਿੰਨ ਭਾਰਤੀਆਂ ਨੇ ਕੁਆਲੀਫਾਈ ਕੀਤਾ ਸੀ, ਪਰ ਸੁਰੱਖਿਆ ਕਾਰਨ ਕਰਕੇ ਕੋਨੇਰੂ ਹੰਪੀ ਨੇ ਆਪਣਾ ਨਾਂਅ ਵਾਪਸ ਲੈ ਲਿਆ ਤੇ ਹੁਣ ਸਿਰਫ਼ ਦਿਵਿਆ ਦੇਸ਼ਮੁਖ ਤੇ ਪ੍ਰਗਨੰਦਾ ਦੀ ਭੈਣ ਆਰ. ਵੈਸ਼ਾਲੀ ਭਾਰਤ ਵਲੋਂ ਮੈਦਾਨ 'ਚ ਹੈ। ਬਹੁਤ ਸੰਭਾਵਨਾ ਹੈ ਕਿ ਇਨ੍ਹਾਂ 'ਚੋਂ ਇਕ ਜਿੱਤ ਦਰਜ ਕਰ ਕੇ ਚੀਨ ਦੀ ਜੂ ਵੇਨਜੁਨ ਨੂੰ ਚੁਣੌਤੀ ਦੇਣ ਦਾ ਮੌਕਾ ਪ੍ਰਾਪਤ ਕਰੇ, ਜੋ ਇਸ ਸਮੇਂ ਵਿਸ਼ਵ ਚੈਂਪੀਅਨ ਹੈ। ਇਨ੍ਹਾਂ ਦੋਵਾਂ ਵਰਗਾਂ (ਓਪਨ ਤੇ ਮਹਿਲਾ) ਲਈ 8-8 ਖਿਡਾਰੀ ਕੁਆਲੀਫਾਈ ਕਰਦੇ ਹਨ। ਇਨ੍ਹਾਂ 'ਚੋਂ ਜੋ ਜੇਤੂ ਬਣਦਾ ਹੈ, ਉਸ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਖ਼ਿਤਾਬੀ ਚੁਣੌਤੀ ਦੇਣ ਦਾ ਮੌਕਾ ਮਿਲਦਾ ਹੈ। ਪਰ ਗੱਲ ਸਿਰਫ਼ ਚੁਣੌਤੀ ਦੇਣ ਦੀ ਹੀ ਨਹੀਂ ਹੈ, ਸਗੋਂ ਦਾਅ 'ਤੇ ਬਹੁਤ ਵੱਡਾ ਨਕਦ ਇਨਾਮ ਵੀ ਹੈ। ਇਸ ਵਾਰ ਉਮੀਦਵਾਰਾਂ ਲਈ ਕੁੱਲ ਇਨਾਮੀ ਰਾਸ਼ੀ ਇਕ ਮਿਲੀਅਨ ਅਮਰੀਕੀ ਡਾਲਰ ਹੈ, ਜਿਸ 'ਚ 7 ਲੱਖ ਡਾਲਰ ਓਪਨ ਵਰਗ ਤੇ 3 ਲੱਖ ਡਾਲਰ ਮਹਿਲਾ ਵਰਗ ਲਈ ਹੈ। ਪੇਜੀਆ (ਸਾਈਪ੍ਰਸ) ਵਿਖੇ 'ਕੇਂਡੀਡੇਟਟਸ' 28 ਮਾਰਚ ਤੋਂ ਸ਼ੁਰੂ ਹੋਇਆ ਹੈ, ਜੋ 16 ਅਪ੍ਰੈਲ ਤੱਕ ਖੇਡਿਆ ਜਾਵੇਗਾ। ਇਹ ਡਬਲ ਰਾਊਂਡ-ਰੌਬਿਨ ਫਾਰਮੇਟ 'ਚ ਖੇਡਿਆ ਜਾ ਰਿਹਾ ਹੈ ਅਤੇ ਅੰਤ 'ਚ ਜਿਸ ਖਿਡਾਰੀ ਦੇ ਸਭ ਤੋਂ ਵੱਧ ਅੰਕ ਹੋਣਗੇ, ਉਸ ਨੂੰ ਜੇਤੂ ਤੇ 'ਚੈਲੇਂਜਰ' ਐਲਾਨ ਦਿੱਤਾ ਜਾਵੇਗਾ।
ਉਮੀਦਵਾਰਾਂ ਲਈ ਕੁਆਲੀਫਾਈ ਕਰਨਾ ਆਪਣੇ-ਆਪ 'ਚ ਇਕ ਔਖੀ ਪ੍ਰਕਿਰਿਆ ਹੈ, ਪਰ ਇਕ ਵਾਰ ਜਦੋਂ ਇਹ ਸਮਾਪਤ ਹੋ ਜਾਂਦੀ ਹੈ ਤਾਂ ਮੁਕਾਬਲਾ ਏਨਾ ਅਨਿਸਚਿਤ ਹੁੰਦਾ ਹੈ ਕਿ ਜੇਤੂ ਦੀ ਭਵਿੱਖਬਾਣੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅੰਤਿਮ ਚੱਕਰ 'ਚ ਜੇਤੂ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੰਦਾ ਕਿਉਂਕਿ ਬੋਰਡ 'ਤੇ ਗ੍ਰੈਂਡਮਾਸਟਰ ਹੁੰਦੇ ਹਨ, ਜੋ ਕਿਸੇ ਵੀ ਦਿਨ ਕਿਸੇ ਨੂੰ ਵੀ ਹਰਾਉਣ ਦੇ ਸਮਰੱਥ ਹੁੰਦੇ ਹਨ। ਨਾਲ ਹੀ ਹਰ ਕੋਈ ਜ਼ਬਰਦਸਤ ਤਿਆਰੀ ਨਾਲ ਆਉਂਦਾ ਹੈ। ਇਹ ਇੰਨਾ ਔਖਾ ਮੁਕਾਬਲਾ ਹੈ ਕਿ ਇਸ ਵਿਚ ਖੇਡ ਤਜਰਬਾ ਕੁਝ ਖ਼ਾਸ ਕੰਮ ਨਹੀਂ ਆਉਂਦਾ, ਜਿਵੇਂ ਕਿ ਪਿਛਲੇ ਤਿੰਨ ਜੇਤੂਆਂ ਤੋਂ ਪਤਾ ਲਗਦਾ ਹੈ ਕਿ ਉਹ ਤਿੰਨੋਂ ਹੀ ਕੈਂਡੀਡੇਟਸ ਵਿਚ ਡੈਬਿਊ ਕਰਨ ਵਾਲਿਆਂ 'ਚ ਸਨ- ਇਆਨ ਨੇਪੋਮਨੀਆਚੀ (2020 ਤੇ 2021) ਅਤੇ ਗੁਕੇਸ਼ (2024)। ਗੁਕੇਸ਼ ਨੇ ਤਾਂ ਨਾ ਸਿਰਫ਼ 18 ਸਾਲ ਦੀ ਉਮਰ 'ਚ ਕੈਂਡੀਡੇਟਸ ਵਿਚ ਕੁਆਲੀਫਾਈ ਕਰ ਕੇ ਜਿੱਤ ਪ੍ਰਾਪਤ ਕੀਤੀ, ਸਗੋਂ ਬਾਅਦ 'ਚ ਉਹ ਸਭ ਤੋਂ ਘੱਟ ਉਮਰ 'ਚ ਵਿਸ਼ਵ ਚੈਂਪੀਅਨ ਵੀ ਬਣਿਆ। ਇਸ ਵਾਰ ਇਟਲੀ ਦਾ ਫੈਬਿਆਨੋ ਕਾਰੂਆਨਾ ਨੂੰ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਿਸ ਨੇ ਛੇਵੀਂ ਵਾਰ ਕੁਆਲੀਫਾਈ ਕੀਤਾ ਹੈ ਤੇ 2018 'ਚ ਉਹ 'ਚੈਲੇਂਜਰ' ਵੀ ਬਣਿਆ ਸੀ। ਉਸ ਨੂੰ ਇਸ ਸਮੇਂ ਮੈਗਨਸ ਕਾਰਲਸਨ ਤੋਂ ਬਾਅਦ ਸਭ ਤੋਂ ਮਜ਼ਬੂਤ ਖਿਡਾਰੀ ਸਮਝਿਆ ਜਾਂਦਾ ਹੈ। ਜਿੱਥੋਂ ਤੱਕ ਮਹਿਲਾ ਵਰਗ ਦੀ ਗੱਲ ਹੈ ਤਾਂ ਦੋ ਸਾਲ ਪਹਿਲਾਂ ਵੈਸ਼ਾਲੀ ਨੇ ਸ਼ਾਨਦਾਰ ਕਾਰਨਾਮਾ ਕਰ ਦਿਖਾਇਆ ਸੀ। ਲਗਾਤਾਰ ਚਾਰ ਗੇਮ ਹਾਰਨ ਮਗਰੋਂ ਉਸ ਨੇ ਪੰਜ ਗੇਮਾਂ ਜਿੱਤੀਆਂ।
ਹਾਲ ਹੀ 'ਚ ਉਸ ਨੇ ਜ਼ਿਆਦਾ ਸ਼ਤਰੰਜ ਨਹੀਂ ਖੇਡੀ ਤੇ ਇਸ ਵਾਰ ਦੇ ਉਮੀਦਵਾਰਾਂ 'ਚ ਉਹ ਸਭ ਤੋਂ ਘੱਟ ਰੇਟਿੰਗ ਵਾਲੀ ਖਿਡਾਰੀ ਹੈ ਪਰ ਉਹ ਹਮਲਾਵਰ ਕਿਸਮ ਦੀ ਖਿਡਾਰੀ ਹੈ, ਜੋ ਜੋਖ਼ਮ ਉਠਾਉਣਾ ਪਸੰਦ ਕਰਦੀ ਹੈ। ਜੇ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਰੱਖੇ ਤਾਂ ਉਹ ਕਾਫ਼ੀ ਕਾਮਯਾਬ ਹੋ ਸਕਦੀ ਹੈ। ਪਿਛਲੇ ਸਾਲ ਮਹਿਲਾ ਕੱਪ ਜਿੱਤਣ ਵਾਲੀ 20 ਸਾਲਾਂ ਦੀ ਦਿਵਿਆ ਦੇਸ਼ਮੁਖ ਇਸ ਸਮੇਂ ਬਹੁਤ ਮਜ਼ਬੂਤ ਸਥਿਤੀ 'ਚ ਹੈ। ਇਸ ਤਰ੍ਹਾਂ ਕਾਫ਼ੀ ਸੰਭਾਵਨਾ ਹੈ ਕਿ ਕੋਈ ਭਾਰਤੀ ਖਿਡਾਰਨ ਹੀ 'ਚੈਲੇਂਜਰ' ਬਣੇਗੀ, ਜਿਸ ਲਈ 16 ਅਪ੍ਰੈਲ 2026 ਦਾ ਇੰਤਜ਼ਾਰ ਹੈ।
ਸ਼ਤਰੰਜ : ਦੋ ਭਾਰਤੀ ਖਿਡਾਰੀ ਵਿਸ਼ਵ ਚੈਂਪੀਅਨ ਬਣਨ ਲਈ ਆਪਸ 'ਚ ਟਕਰਾਉਣਗੇ?
ਅਜੀਤ ਡੈਸਕ
07-04-2026