ਮੌਸਮੀ ਤਬਦੀਲੀਆਂ ਕਾਰਨ ਸਾਲ 2026 'ਚ ਕਣਕ ਦਾ ਝਾੜ ਘੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਮਾਰਚ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਹੀ ਲੋੜ ਤੋਂ ਵੱਧ ਗਰਮੀ ਪੈਣੀ ਸ਼ੁਰੂ ਹੋ ਗਈ ਸੀ। ਦੂਸਰੇ ਪਾਸੇ ਹਾੜ੍ਹੀ ਦੇ ਸੀਜ਼ਨ ਮੌਕੇ ਕਣਕ ਦੇ ਲਾਂਗੇ, ਨੀਰੇ ਤੇ ਕਣਕ ਦੇ ਬਚੇ ਹੋਏ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਸੋ ਪੰਜਾਬ ਸਰਕਾਰ ਨੂੰ ਸਮੇਂ ਸਿਰ ਵਿਸ਼ੇਸ਼ ਕਿਸਮ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦੇ ਖੇਤਾਂ ਵਿਚ ਖੜ੍ਹੀ ਕਣਕ ਜਾਂ ਨਾੜ ਨੂੰ ਅੱਗ ਨਾ ਲੱਗ ਸਕੇ। ਪੰਜਾਬ ਅੰਦਰ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਦੀ ਲਪੇਟ ਵਿਚ ਆਉਣ ਕਰਕੇ ਜਾਨੀ ਨੁਕਸਾਨ ਵੀ ਹੁੰਦੇ ਹਨ। ਕਣਕ ਨੂੰ ਅੱਗ ਲੱਗਣ ਪਿੱਛੇ ਮੁੱਖ ਕਾਰਨ ਬਿਜਲੀ ਦੀਆ ਢਿੱਲੀਆਂ ਤਾਰਾਂ ਅਤੇ ਤਾਰਾਂ ਦੇ ਜੋੜਾਂ 'ਚੋਂ ਚੰਗਿਆੜੇ ਨਿਕਲਣੇ, ਤੂੜੀ ਬਣਾਉਂਦੇ ਸਮੇਂ ਰੀਪਰ-ਟਰੈਕਟਰ, ਕੰਬਾਈਨਾਂ ਆਦਿ 'ਚੋਂ ਚੰਗਿਆੜੇ ਬਾਹਰ ਆਉਣੇ, ਬੀੜੀ/ਸਿਗਰੇਟ ਦੀ ਵਰਤੋਂ ਨਾਲ ਵੀ ਕਣਕ ਦੇ ਨਾੜ ਨੂੰ ਕਈ ਵਾਰ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਕਣਕ ਦੀ ਕਟਾਈ ਕਰਨ ਅਤੇ ਤੂੜੀ ਬਣਾਉਣ ਸਮੇਂ ਅੱਗ ਦੀਆਂ ਚੰਗਿਆੜੀਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਪਰ ਸਰਕਾਰਾਂ ਅਤੇ ਪ੍ਰਸ਼ਾਸਨ ਖੇਤਾਂ ਵਿਚ ਖੜ੍ਹੇ ਅਨਾਜ ਨੂੰ ਅੱਗ ਲੱਗਣ ਸਮੇਂ ਹੀ ਜਾਗਦੇ ਹਨ ਅਤੇ ਗ਼ੈਰ-ਕੁਦਰਤੀ ਆਫ਼ਤਾਂ ਵਾਲੇ ਇਸ ਨੁਕਸਾਨ ਤੋਂ ਬਚਾਅ ਲਈ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਿਰਫ਼ ਬਿਆਨਬਾਜ਼ੀਆਂ ਅਤੇ ਮੁਆਵਜ਼ਾ ਦੇਣ ਦੀ ਗੱਲ ਕਰ ਕੇ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਮਿੱਟੀ ਪਾ ਦਿੱਤੀ ਜਾਂਦੀ ਹੈ। ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਸਰਕਾਰਾਂ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਨਹੀਂ ਕਰਦੀਆਂ, ਸਗੋਂ ਸੋਨੇ ਵਰਗੇ ਖੇਤਾਂ ਨੂੰ ਲੱਗੀ ਅੱਗ ਨਾਲ ਹੋਏ ਜ਼ਖ਼ਮਾਂ 'ਤੇ ਲੂਣ ਵੀ ਭੁੱਕਦੀਆਂ ਹਨ। ਜੇਕਰ ਬਿਜਲੀ ਬੋਰਡ ਦੀ ਜਾਂ ਫਿਰ ਕਿਸੇ ਹੋਰ ਮਨੁੱਖੀ ਗ਼ਲਤੀ ਕਾਰਨ ਖੇਤ ਵਿਚ ਖੜ੍ਹੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਨੂੰ ਘੱਟੋ-ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਕਣਕ ਦੀ ਫ਼ਸਲ ਪੰਜਾਬ ਦੇ ਕਿਸਾਨ ਦੀ ਮੁੱਖ ਫ਼ਸਲ ਹੁੰਦੀ ਹੈ। ਜੇਕਰ ਇਹ ਫ਼ਸਲ ਅੱਗ ਦੀ ਲਪੇਟ ਵਿਚ ਆ ਜਾਂਦੀ ਹੈ ਤਾਂ ਕਿਸਾਨ ਸਾਰੀ ਉਮਰ ਸਿਰ ਚੜ੍ਹਿਆ ਆਪਣਾ ਕਰਜ਼ਾ ਨਹੀਂ ਉਤਾਰ ਸਕਦਾ। ਜੇਕਰ ਹਾੜ੍ਹੀ ਦੀ ਫ਼ਸਲ ਦੌਰਾਨ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ। ਇਕ ਪਾਸੇ ਤਾਂ ਕਣਕ ਅੱਗ ਦੀ ਭੇਟ ਚੜ੍ਹ ਜਾਂਦੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਆਪਣੇ ਪਰਿਵਾਰ ਅਤੇ ਪਸ਼ੂਆ ਲਈ ਕਣਕ ਮੁੱਲ ਖਰੀਦਣੀ ਪੈਂਦੀ ਹੈ। ਸਰਕਾਰ ਨੂੰ ਅੱਗ ਤੋਂ ਬਚਾਅ ਦੇ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ। ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਨੂੰ ਲੱਗਣ ਵਾਲੀਆਂ ਅੱਗਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾਦੇ। ਅੱਗ ਬਝਾਊ ਗੱਡੀਆਂ ਜ਼ਿਲ੍ਹਿਆਂ ਵਿਚ ਖੜ੍ਹੀਆ ਰਹਿੰਦੀਆ ਹਨ, ਜਿਨ੍ਹਾਂ 'ਚੋਂ ਬਹੁਤੀਆਂ ਚਲਦੀਆਂ ਹੀ ਨਹੀਂ। ਕਣਕ ਦੇ ਸੀਜ਼ਨ ਦੌਰਾਨ ਸਰਕਾਰ ਨੂੰ ਸਬ-ਡਿਵੀਜ਼ਨ ਪੱਧਰ 'ਤੇ ਅੱਗ ਬਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਬੁਲਾਇਆ ਜਾ ਸਕੇ। ਜੇਕਰ ਅੱਗ ਬੁਝਾਊ ਗੱਡੀਆਂ ਦਾ ਸਬ-ਡਿਵੀਜ਼ਨ ਪੱਧਰ 'ਤੇ ਪ੍ਰਬੰਧ ਕੀਤਾ ਜਾਵੇ ਤਾਂ ਕਿ ਫ਼ਸਲ ਨੂੰ ਅੱਗ ਲੱਗਣ ਦੀਆ ਘਟਨਾਵਾਂ 'ਚ ਹੋਣ ਵਾਲੇ 50 ਫ਼ੀਸਦੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਪਰ ਸਰਕਾਰਾਂ ਜਾਂ ਪ੍ਰਸ਼ਾਸਨ ਇਹੋ ਜਿਹੇ ਪ੍ਰਬੰਧ ਨਹੀਂ ਕਰਦੇ। ਇਨ੍ਹਾਂ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ, ਜਿਸ 'ਤੇ ਕਾਬੂ ਪਾਉਣਾ ਸੌਖਾ ਕੰਮ ਨਹੀਂ ਹੁੰਦਾ। ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਬੋਰਡ ਵਲੋਂ ਛੱਡੇ ਜਾਂਦੇ ਢਿੱਲੇ ਜੋੜ, ਤਾਰਾਂ ਆਦਿ ਨੂੰ ਹਾੜ੍ਹੀ ਦੇ ਸੀਜ਼ਨ ਤੋਂ ਪਹਿਲਾਂ ਠੀਕ ਕੀਤਾ ਜਾਣਾ ਚਾਹੀਦਾ ਹੈ। ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ, ਅੱਗ ਬੁਝਾਊ ਗੱਡੀਆਂ ਹਾੜ੍ਹੀ ਦੇ ਸੀਜ਼ਨ ਮੌਕੇ ਸਬ-ਡਿਵੀਜ਼ਨ ਪੱਧਰ 'ਤੇ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਿੰਨੇ ਸਮੇਂ ਅੰਦਰ ਅੱਗ ਬਝਾਊ ਗੱਡੀ ਪਹੁੰਚਦੀ ਹੈ, ਉਸ ਤੋਂ ਪਹਿਲਾਂ ਹੀ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਪਰ ਅੱਜ ਤੱਕ ਕਣਕ ਦੇ ਸੀਜ਼ਨ ਦੌਰਾਨ ਸਰਕਾਰ ਨੇ ਇਹੋ ਜਿਹੇ ਕੋਈ ਪ੍ਰਬੰਧ ਨਹੀਂ ਕੀਤੇ, ਜਿਨ੍ਹਾਂ ਨਾਲ ਕਣਕ ਨੂੰ ਅੱਗ ਲੱਗਣ ਤੋਂ ਬਾਅਦ ਸੌਖਿਆਂ ਹੀ ਕਾਬੂ ਪਾਇਆ ਜਾ ਸਕੇ।
-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ।
ਮੋਬਾਈਲ : 98761-01698