28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮਟਰਾਂ ਦੀ ਫ਼ਸਲ 'ਚ ਬਿਮਾਰੀਆਂ ਦੀ ਰੋਕਥਾਮ ਜ਼ਰੂਰੀ?

ਮਟਰਾਂ ਦੀ ਫ਼ਸਲ 'ਚ ਬਿਮਾਰੀਆਂ ਦੀ ਰੋਕਥਾਮ ਜ਼ਰੂਰੀ?

Ad Position 21
No active advertisement
ਅਜੀਤ ਡੈਸਕ 29-09-2026

ਮਟਰ ਠੰਢੇ ਮੌਸਮ ਦੌਰਾਨ ਉਗਾਈ ਜਾਣ ਵਾਲੀ ਇਕ ਮਹੱਤਵਪੂਰਨ ਸਬਜ਼ੀ ਦੀ ਫਸਲ ਹੈ | ਚੰਗੀ ਸਿਹਤ ਲਈ ਲੋੜੀਂਦੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਜ਼ਰੂਰੀ ਤੱਤਾਂ ਦਾ ਮਟਰ ਇਕ ਮਹੱਤਵਪੂਰਨ ਸੋਮਾ ਹਨ | ਮਟਰਾਂ ਦੇ ਵਧੀਆ ਜਮਾਅ ਅਤੇ ਵਾਧੇ ਲਈ ਔਸਤਨ 20-25 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ | ਪਰ ਇਸ ਦੇ ਬੀਜ 4-5 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ ਵੀ ਉੱਗ ਸਕਦੇ ਹਨ ਅਤੇ ਇਹ ਫ਼ਸਲ ਕੋਹਰੇ ਨੁੰੂ ਵੀ ਸਹਿਣ ਦੀ ਸਮਰੱਥਾ ਰਖਦੀ ਹੈ | ਮਨੁੱੱਖੀ ਸਿਹਤ ਦੇ ਨਾਲ-ਨਾਲ ਖ਼ੁਰਾਕ ਸੁਰੱੱਖਿਆ, ਫ਼ਸਲ ਵਿਭਿੰਤਾ ਅਤੇ ਵਾਤਾਵਰਨ ਸਥਿਰਤਾ ਵਿਚ ਵੀ ਮਟਰਾਂ ਦਾ ਬਹੁਤ ਯੋਗਦਾਨ ਹੈ | ਇਸ ਦੇ ਨਾਲ ਹੀ ਇਸ ਦੀਆਂ ਜੜ੍ਹਾਂ ਵਿਚ ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਰਾਈਜ਼ੋਬੀਅਮ ਬੈਕਟੀਰੀਆ, ਮਿੱੱਟੀ ਦੀ ਉਪਜਾਊ ਸ਼ਕਤੀ ਨੂੰ  ਵੀ ਵਧਾਉਂਦੇ ਹਨ | ਪੰਜਾਬ ਵਿਚ ਮਟਰਾਂ ਦੀ ਜ਼ਿਆਦਾ ਕਾਸ਼ਤ ਹੁਸ਼ਿਆਰਪੁਰ, ਅਮਿੰ੍ਰਤਸਰ, ਜਲੰਧਰ ਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਕੀਤੀ ਜਾਂਦੀ ਹੈ | ਮਟਰਾਂ ਦੀ ਫ਼ਸਲ 'ਤੇ ਕਈ ਬਿਮਾਰੀਆਂ ਹਮਲਾ ਕਰਦੀਆਂ ਹਨ ਜਿਸ ਨਾਲ ਫਸਲ ਦੇ ਝਾੜ ਤੇ ਬਹੁਤ ਅਸਰ ਪੈਂਦਾ ਹੈ | ਇਸ ਕਰਕੇ ਚੰਗਾ ਝਾੜ ਲੈਣ ਲਈ ਇਨਾਂ੍ਹ ਬਿਮਾਰੀਆਂ ਦੀ ਸਹੀ ਪਹਿਚਾਣ ਅਤੇ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ | 

ਸੋਕਾ ਅਤੇ ਜੜ੍ਹਾਂ ਦਾ ਗਾਲ਼ਾ : ਇਹ ਬਿਮਾਰੀ ਉੱਲੀ ਕਰਕੇ ਹੁੰਦੀ ਹੈ | ਜੇਕਰ ਬਿਜਾਈ ਅਗੇਤੀ ਕੀਤੀ ਜਾਵੇ ਤਾਂ ਵੱਧ ਤਾਪਮਾਨ ਹੋਣ ਕਰਕੇ ਇਸ ਦੇ ਹਮਲੇ ਦੇ ਅਸਾਰ ਜ਼ਿਆਦਾ ਹੁੰਦੇ ਹਨ | ਇਸ ਬਿਮਾਰੀ ਦੀਆਂ ਨਿਸ਼ਾਨੀਆਂ ਬੂਟੇ ਦੇ ਹੇਠਲੇ ਹਿੱਸੇ ਤੇ ਦਿਸਦੀਆਂ ਹਨ | ਬੂਟੇ ਦੇ ਜ਼ਮੀਨ ਨਾਲ ਲਗਦੇ ਹਿੱਸੇ 'ਤੇ ਲਾਲ-ਭੂਰੇ ਰੰਗ ਦੇ ਧਸੇ ਹੋਏ ਚਟਾਖ ਬਣ ਜਾਂਦੇ ਹਨ | ਇਹ ਧੱਬੇ ਜੜ੍ਹਾਂ ਤੱਕ ਪਹੁੰਚ ਜਾਂਦੇ ਹਨ ਜਿਸ ਨਾਲ ਜੜ੍ਹਾਂ ਗਲ਼ ਜਾਂਦੀਆਂ ਹਨ | ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ | ਇਸ ਬਿਮਾਰੀ ਦੇ ਜੀਵਾਣੰੂ ਮਿੱਟੀ ਵਿਚ ਹੀ ਅਗਲੇ ਸਾਲ ਤੱਕ ਜੀਵਤ ਰਹਿੰਦੇ ਹਨ | 27-30 ਡਿਗਰੀ ਤਾਪਮਾਨ ਇਸ ਬਿਮਾਰੀ ਲਈ ਬਹੁਤ ਅਨੁਕੂਲ ਹੁੰਦਾ ਹੈ | ਇਸ ਦੀ ਰੋਕਥਾਮ ਕਰਨ ਲਈ ਸ਼ੁਰੂ ਤੋਂ ਹੀ ਉਪਰਾਲੇ ਕਰਨੇ ਚਾਹੀਦੇ ਹਨ | ਜਿਹੜੇ ਖੇਤ ਵਿਚ ਪਿਛਲੇ ਸਾਲ ਬਿਮਾਰੀ ਆਈ ਹੋਵੇ, ਅਜਿਹੇ ਖੇਤ ਵਿਚ ਕਦੇ ਵੀ ਬਿਜਾਈ ਅਗੇਤੀ ਨਾ ਕੀਤੀ ਜਾਏ | ਨਾਲ ਹੀ ਬਿਜਾਈ ਤੋਂ ਪਹਿਲਾਂ ਬੀਜ ਨੂੰ  ਸੋਧ ਲੈਣਾ ਚਾਹੀਦਾ ਹੈ | ਸੋਧ ਕਰਨ ਲਈ ਇਕ ਕਿੱਲੋ ਬੀਜ ਵਾਸਤੇ 15 ਗ੍ਰਾਮ ਸੂਡੋਮੋਨਾਸ ਫਲੋਰੇਸੈਂਸ ਪਾਊਡਰ ਵਰਤਨਾ ਚਾਹੀਦਾ ਹੈ | 
ਚਿੱਟੋਂ ਦਾ ਰੋਗ : ਇਹ ਬਿਮਾਰੀ ਵੀ ਉੱਲੀ ਨਾਲ ਹੁੰਦੀ ਹੈ | ਇਸ ਦਾ ਹਮਲਾ ਦਰਮਿਆਨੇ ਸਮੇਂ ਅਤੇ ਲੇਟ ਪੱਕਣ ਵਾਲੀਆਂ ਕਿਸਮਾਂ 'ਤੇ ਵਧੇਰੇ ਹੁੰਦਾ ਹੈ, ਜਦਕਿ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਇਸ ਦੇ ਹਮਲੇ ਤੋਂ ਬਚ ਜਾਂਦੀਆਂ ਹਨ | ਚਿੱਟੋਂ ਦੀਆਂ ਨਿਸ਼ਾਨੀਆਂ ਪਹਿਲਾਂ ਪੱਤਿਆਂ 'ਤੇ ਦਿਸਦੀਆਂ ਹਨ ਪਰ ਬਾਅਦ ਵਿਚ ਟਹਿਣੀਆਂ ਅਤੇ ਫਲ਼ੀਆਂ 'ਤੇ ਵੀ ਆ ਜਾਂਦੀਆਂ ਹਨ | ਹਮਲੇ ਵਾਲੇ ਹਿੱਸੇ ਤੇ ਚਿੱਟੇ ਰੰਗ ਦਾ ਆਟੇ ਵਰਗਾ ਧੂੜਾ ਜੰਮ ਜਾਂਦਾ ਹੈ | ਜ਼ਿਆਦਾ ਹਮਲੇ ਦੀ ਸੂਰਤ ਵਿਚ ਚਿੱਟਾ ਧੂੜਾ ਪੂਰੇ ਬੂਟੇ ਨੂੰ  ਢਕ ਲੈਂਦਾ ਹੈ | ਫਲੀਆਂ 'ਤੇ ਇਸ ਦੇ ਹਮਲੇ ਨਾਲ ਫਲੀਆਂ ਵਿਚਲੇ ਦਾਣੇ ਸੁੰਗੜ ਜਾਂਦੇ ਹਨ ਜਿਸ ਕਰਕੇ ਝਾੜ ਬਹੁਤ ਘਟ ਜਾਂਦਾ ਹੈ | ਇਸ ਬਿਮਾਰੀ ਦੇ ਜੀਵਾਣੂੰ ਫ਼ਸਲ ਦੇ ਰਹਿੰਦ-ਖੂੰਹਦ 'ਤੇ ਮਿੱਟੀ ਵਿਚ ਅਗਲੇ ਸਾਲ ਤੱਕ ਬਚੇ ਰਹਿੰਦੇ ਹਨ | ਆਮ ਤੌਰ 'ਤੇ ਇਹ ਬਿਮਾਰੀ ਜਨਵਰੀ ਮਹੀਨੇ ਦੇ ਅੰਤ ਵਿਚ ਆੳਾਦੀ ਹੈ ਅਤੇ ਉਸ ਤੋਂ ਬਾਅਦ ਜੇਕਰ ਮੌਸਮ ਖੁਸ਼ਕ ਤੇ ਗਰਮ ਰਹੇ ਤਾਂ ਇਸ ਦਾ ਵਾਧਾ ਜ਼ਿਆਦਾ ਹੁੰਦਾ ਹੈ | ਇਸ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ  ਨਸ਼ਟ ਕਰ ਦੇਣਾ ਚਾਹੀਦਾ ਹੈ | ਨਿਸ਼ਾਨੀਆਂ ਨਜ਼ਰ ਆਉਣ 'ਤੇ 600 ਗ੍ਰਾਮ ਸਲਫੈਕਸ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ | ਲੋੜ ਪੈਣ 'ਤੇ 10 ਦਿਨਾਂ ਦੇ ਵਕਫੇ 'ਤੇ ਦੁਬਾਰਾ ਛਿੜਕਾਅ ਕੀਤਾ ਜਾ ਸਕਦਾ ਹੈ | 
ਕੁੰਗੀ : ਉੱਲੀ ਨਾਲ ਹੋਣ ਵਾਲੀ ਇਹ ਬਿਮਾਰੀ ਵੀ ਮਟਰਾਂ ਦੀ ਫਸਲ ਦਾ ਬਹੁਤ ਨੁਕਸਾਨ ਕਰਦੀ ਹੈ | ਇਸ ਬਿਮਾਰੀ ਦੇ ਲੱਛਣ ਲੱਗਭਗ ਦਸੰਬਰ ਮਹੀਨੇ ਦੇ ਅਖੀਰ ਵਿਚ ਸ਼ੁਰੂ ਹੁੰਦੇ ਹਨ ਪਰ ਕਈ ਵਾਰ ਅਗੇਤੀ ਬੀਜੀ ਫ਼ਸਲ ਵਿਚ ਇਹ ਬਿਮਰੀ ਨਵੰਬਰ ਮਹੀਨੇ ਹੀ ਹਮਲਾ ਕਰ ਦਿੰਦੀ ਹੈ ਜਿਸ ਕਰਕੇ ਨੁਕਸਾਨ ਹੋਰ ਵਧ ਜਾਂਦਾ ਹੈ | ਪਹਿਲਾਂ ਇਹ ਬਿਮਾਰੀ ਪੱਤਿਆਂ 'ਤੇ ਆਉਂਦੀ ਹੈ ਅਤੇ ਬਾਅਦ ਵਿਚ ਟਹਿਣੀਆਂ ਅਤੇ ਫਲੀਆਂ 'ਤੇ ਵੀ ਆ ਜਾਂਦੀ ਹੈ | ਪੱਤਿਆਂ ਦੇ ਹੇਠਲੇ ਪਾਸੇ ਪੀਲੇ ਜਾਂ ਲਾਲ-ਭੂਰੇ ਰੰਗ ਦੇ ਉੱਭਰੇ ਹੋਏ ਧੱਬੇ ਪੈਂਦੇ ਹਨ | ਜ਼ਿਆਦਾ ਹਮਲੇ ਦੀ ਸਥਿਤੀ ਵਿਚ ਹਲਕੇ ਪੀਲੇ ਜਾਂ ਭੂਰੇ ਰੰਗ ਦਾ ਧੂੜਾ ਪੱਤਿਆਂ ਦੇ ਉੱਪਰਲੇ ਹਿੱਸੇ 'ਤੇ ਵੀ ਨਜ਼ਰ ਆਉਣ ਲੱਗ ਜਾਂਦਾ ਹੈ ਅਤੇ ਪੱਤੇ ਝੜ ਜਾਂਦੇ ਹਨ | ਮਾਰਚ ਮਹੀਨੇ ਵਿਚ ਤਾਪਮਾਨ ਵਧਣ ਕਰਕੇ ਧੱਬਿਆਂ ਦਾ ਰੰਗ ਬਦਲ ਕੇ ਕਾਲਾ ਜਿਹਾ ਹੋ ਜਾਂਦਾ ਹੈ | ਫਲੀਆਂ ਦੇ ਦਾਣੇ ਅਕਾਰ ਵਿਚ ਛੋਟੇ ਰਹਿ ਜਾਂਦੇ ਹਨ ਅਤੇ ਸੁੰਘੜੇ ਹੋਏ ਹੁੰਦੇ ਹਨ | ਇਸ ਬਿਮਾਰੀ ਦੇ ਜੀਵਾਣੂੰ ਮਟਰੀ ਜਾਂ ਰਿਵਾੜੀ ਆਦਿ ਨਦੀਨਾਂ 'ਤੇ ਪਲਦੇ ਹਨ | ਠੰਢੇ ਅਤੇ ਸਿੱਲ੍ਹੇ ਮੌਸਮ ਵਿਚ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ | ਇਸ ਦੀ ਰੋਕਥਾਮ ਲਈ ਖੇਤ ਨੂੰ  ਨਦੀਨਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ ਅਤੇੇ ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ | ਦਸੰਬਰ ਮਹੀਨੇ ਦੇ ਅਖੀਰ ਵਿਚ 400 ਗ੍ਰਾਮ ਇੰਡੋਫਿਲ ਐਮ-45 ਨੂੰ  200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ | ਲੋੜ ਮੁਤਾਬਕ 10 ਦਿਨਾਂ ਦੇ ਵਕਫ਼ੇ 'ਤੇ 3 ਛਿੜਕਾਅ ਹੋਰ ਕਰਨੇ ਚਾਹੀਦੇ ਹਨ | 
ਮਟਰਾਂ ਦਾ ਗਾਲ਼ਾ : ਵਾਈਟ ਰਾਟ ਨਾਂ ਦੇ ਨਾਲ ਜਾਣੀ ਜਾਣ ਵਾਲੀ ਇਹ ਬਿਮਾਰੀ ਵੀ ਉੱਲੀ ਕਰਕੇ ਹੁੰਦੀ ਹੈ | ਪੱਤੇ, ਤਣੇ ਅਤੇ ਫਲੀਆਂ 'ਤੇ ਬੇਤਰਤੀਬੇ ਪਾਣੀ ਭਿੱਜੇ ਧੱਬੇ ਪੈ ਜਾਂਦੇ ਹਨ | ਜ਼ਿਆਦਾਤਰ ਇਹ ਬਿਮਾਰੀ ਫੁੱਲ ਪੈਣ ਅਤੇ ਫਲੀਆਂ ਬਣਨ ਵੇਲੇ ਸ਼ੁਰੂ ਹੁੰਦੀ ਹੈ | ਫਲੀਆਂ 'ਤੇ ਬਾਅਦ ਵਿਚ ਭੂਰੇ ਰੰਗ ਦੀ ਖ਼ੁਰਦਰੀ ਪੇਪੜੀ ਜਿਹੀ ਬਣ ਜਾਂਦੀ ਹੈ | ਜੇ ਹਵਾ ਵਿਚ ਸਿੱਲ੍ਹ ਹੋਵੇ ਤਾਂ ਹਮਲੇ ਵਾਲੇ ਹਿੱਸਿਆਂ 'ਤੇ ਚਿੱਟੇ ਰੰਗ ਦੀ ਉੱਲੀ ਦਾ ਮਾਦਾ ਜਿਹਾ ਨਜ਼ਰ ਆਉਂਦਾ ਹੈ | ਫਲੀਆਂ ਵਿਚ ਕਾਲੇ ਰੰਗ ਦੀਆਂ ਸਖਤ ਮਘਰੌੜੀਆਂ (ਸਕਲੇਰੋਸ਼ੀਆ) ਬਣ ਜਾਂਦੀਆਂ ਹਨ | ਇਨ੍ਹਾਂ ਮਘਰੌੜੀਆਂ ਦੇ ਰੂਪ ਇਹ ਉੱਲੀ ਮਿੱਟੀ ਵਿਚ ਬਹੁਤ ਲੰਮੇ ਸਮੇਂ ਤੱਕ ਜਿਊਾਦੀ ਰਹਿੰਦੀ ਹੈ ਅਤੇ ਹਰ ਸਾਲ ਬਿਮਾਰੀ ਦਾ ਕਾਰਨ ਬਣਦੀ ਹੈ | ਠੰਡਾ ਅਤੇ ਸਲ੍ਹਾਬ ਵਾਲਾ ਮੌਸਮ ਵਾਈਟ ਰਾਟ ਲਈ ਬਹੁਤ ਅਨੁਕੂਲ ਹੈ | ਇਸ ਬਿਮਾਰੀ ਤੋਂ ਬਚਾਅ ਲਈ ਮਟਰਾਂ ਦੀ ਫਸਲ ਨੂੰ  ਬੈਂਗਣ, ਗੋਭੀ ਜਾਂ ਗਾਜਰ ਆਦਿ ਫਸਲਾਂ ਤੋਂ ਬਾਅਦ ਨਹੀ ਬੀਜਣਾ ਚਾਹੀਦਾ | ਹਰ ਸਾਲ ਇਕੋ ਹੀ ਖੇਤ ਵਿਚ ਮਟਰ ਨਹੀ ਬੀਜਣੇ ਚਾਹੀਦੇ | ਇਸ ਦੇ ਨਾਲ ਹੀ ਬਿਮਾਰੀ ਦੇ ਵਾਧੇ ਨੂੰ  ਰੋਕਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ  ਨਸ਼ਟ ਕਰ ਦੇਣਾ ਚਾਹੀਦਾ ਹੈ | 
ਨੋਟ : ਜੇਕਰ ਚਿੱਟੋਂ ਅਤੇ ਕੁੰਗੀ ਰੋਗ ਇਕੱਠੇ ਆ ਜਾਣ ਤਾਂ 600 ਗ੍ਰਾਮ ਸਲਫੈਕਸ ਅਤੇ 400 ਗ੍ਰਾਮ ਇੰਡੋਫਿਲ ਐਮ-45 ਨੂੰ  ਰਲਾ ਕੇ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ |
 

-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ |
ਮੋਬਾਈਲ : 7888356773

Ad Position 22
No active advertisement
ਪਿਛਲੀ ਖ਼ਬਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ ਅਗਲੀ ਖ਼ਬਰ ਜੰਗਲ ਕਿਉਂ ਮਰਦੇ ਹਨ?
Ad Position 24