26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਰਜੀਵੀਆਂ ਕਰਕੇ ਪਸ਼ੂਆਂ 'ਚ ਹੋਣ ਵਾਲੀਆਂ ਬਿਮਾਰੀਆਂ ਤੇ ਰੋਕਥਾਮ]

ਪਰਜੀਵੀਆਂ ਕਰਕੇ ਪਸ਼ੂਆਂ 'ਚ ਹੋਣ ਵਾਲੀਆਂ ਬਿਮਾਰੀਆਂ ਤੇ ਰੋਕਥਾਮ]

Ad Position 21
No active advertisement
ਅਜੀਤ ਡੈਸਕ 27-10-2026
 
ਚਿੱਚੜ ਤੇ ਮੱਖੀਆਂ ਨਾ ਸਿਰਫ ਪਸ਼ੂਆਂ ਲਈ ਸਰੀਰਕ ਤੰਗੀ ਪੈਦਾ ਕਰਦੇ ਹਨ, ਬਲਕਿ ਇਹ ਕਈ ਪਰਜੀਵੀਆਂ ਦੇ ਵਧਣ ਵਜੋਂ ਵੀ ਕੰਮ ਕਰਦੇ ਹਨ | ਚਿੱਚੜ ਪਸ਼ੂ ਦੇ ਲੇਵੇ 'ਤੇ ਅਤੇ ਲੱਤਾਂ ਦੇ ਅੰਦਰਲੇ ਪਾਸੇ ਚਿਪਕ ਕੇ ਉਨ੍ਹਾਂ ਦਾ ਖੂਨ ਚੂਸਦੇ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਵਾਲੇ ਪਰਜੀਵੀਆਂ ਦਾ ਵੀ ਖੂਨ 'ਚ ਪ੍ਰਵੇਸ਼ ਕਰਾ ਦਿੰਦੇ ਹਨ | ਇਨ੍ਹਾਂ ਬਿਮਾਰੀਆਂ ਦੀ ਸਹੀ ਪਛਾਣ ਤੇ ਸਹੀ ਇਲਾਜ ਖੂਨ ਦੀ ਜਾਂਚ ਤੋਂ ਬਾਅਦ ਹੀ ਸੰਭਵ ਹੁੰਦਾ ਹੈ | ਇਲਾਜ ਨਾ ਮਿਲਣ 'ਤੇ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ | ਇਸ ਲਈ ਚਿੱਚੜਾਂ/ਮੱਖੀਆਂ ਦੀ ਰੋਕਥਾਮ ਅਤਿ ਜ਼ਰੂਰੀ ਹੈ, ਪਰ ਰੋਕਥਾਮ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਸ਼ੂਆਂ ਦੇ ਨਾਲ-ਨਾਲ ਉਨ੍ਹਾਂ ਦੇ ਢਾਰੇ/ਸ਼ੈੱਡਾਂ ਦੀਆਂ ਕੰਧਾਂ, ਫ਼ਰਸ਼ ਅਤੇ ਉਨ੍ਹਾਂ ਦੀਆਂ ਵਿਰਲਾਂ ਤੇ ਦਰਾਰਾਂ 'ਚ ਵੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ, ਤਾਂ ਜੋ ਪਰਜੀਵੀਆਂ ਦਾ ਜੜ੍ਹ ਤੋਂ ਖ਼ਾਤਮਾ ਕੀਤਾ ਜਾ ਸਕੇ ਅਤੇ ਚਿੱਚੜਾਂ ਦੀ ਸਮੱਸਿਆ ਵਾਰ-ਵਾਰ ਪੇਸ਼ ਨਾ ਆਵੇ | ਪਸ਼ੂ ਪਾਲਕ ਵਿਰਲਾਂ ਤੇ ਦਰਾਰਾਂ 'ਚ ਪਣਪ ਰਹੇ ਚਿੱਚੜਾਂ ਦੇ ਆਂਡਿਆਂ ਦੇ ਖ਼ਾਤਮੇ ਲਈ ਫਲੇਮ ਗੰਨ ਦਾ ਇਸਤੇਮਾਲ ਕਰ ਸਕਦੇ ਹਨ | ਦੇਸੀ ਗਾਵਾਂ ਦੇ ਮੁਕਾਬਲੇ ਦੋਗਲੀਆਂ ਗਾਵਾਂ ਇਨ੍ਹਾਂ ਰੋਗਾਂ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ |
ਮੁੱਖ ਬਿਮਾਰੀਆਂ-ਬਬੇਸ਼ੀਆ ਰੋਗ ਜਾਂ ਲਹੂ-ਮੂਤਣਾ ਜਾਂ ਚਿੱਚੜਾਂ ਦਾ ਰੋਗ ਪਸ਼ੂਆਂ ਦਾ ਇਕ ਘਾਤਕ ਰੋਗ ਹੈ, ਜੋ ਚਿੱਚੜਾਂ ਰਾਹੀਂ ਫੈਲਦਾ ਹੈ ਤੇ ਬਬੇਸ਼ੀਆ ਨਾਂਅ ਦੇ ਪਰਜੀਵੀਆਂ ਨੂੰ  ਪਸ਼ੂਆਂ ਦੇ ਖੂਨ 'ਚ ਪ੍ਰਵੇਸ਼ ਕਰਾਉਣ ਵਿਚ ਸਹਾਈ ਹੁੰਦੇ ਹਨ | ਇਸ ਬਿਮਾਰੀ 'ਚ ਪਰਜੀਵੀ ਖੂਨ ਵਾਲੇ ਸੈੱਲਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ  ਨਸ਼ਟ ਕਰ ਦਿੰਦੇ ਹਨ, ਜਿਸ ਕਰਕੇ ਪ੍ਰਭਾਵਿਤ ਪਸ਼ੂਆਂ 'ਚ ਲਹੂ ਮੂਤਣਾ ਦੇਖਿਆ ਜਾਂਦਾ ਹੈ |
ਲੱਛਣ-ਇਸ ਬਿਮਾਰੀ ਦੌਰਾਨ ਬਹੁਤ ਤੇਜ਼ ਬੁਖਾਰ (105-106 ਫਾਰਨਹਾਈਟ) ਹੋ ਜਾਂਦਾ ਹੈ, ਪਿਸ਼ਾਬ ਦਾ ਰੰਗ ਕੌਫ਼ੀ ਵਰਗਾ ਜਾਂ ਗੂੜ੍ਹਾ ਭੂਰਾ ਹੋ ਜਾਂਦਾ ਹੈ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਿਸ਼ਾਬ 'ਚ ਲਹੂ ਆ ਰਿਹਾ ਹੋਵੇ ਅਤੇ ਦੁੱਧ ਦੀ ਪੈਦਾਵਾਰ ਘਟ ਜਾਂਦੀ ਹੈ | ਜ਼ਿਆਦਾ ਗੰਭੀਰ ਸਥਿਤੀ 'ਚ ਲਾਲ ਰਕਤ ਕਣਾਂ ਦੇ ਨਸ਼ਟ ਹੋਣ ਕਰਕੇ ਪੀਲੀਆ ਹੋ ਜਾਂਦਾ ਹੈ | ਪਸ਼ੂਆਂ ਦਾ ਭਾਰ ਘਟ ਜਾਂਦਾ ਹੈ ਤੇ ਅੰਤ 'ਚ ਮੌਤ ਹੋ ਜਾਂਦੀ ਹੈ | ਇਸ ਲਈ ਪ੍ਰਭਾਵਿਤ ਪਸ਼ੂਆਂ ਦੇ ਖੂਨ ਦੀ ਜਾਂਚ ਜ਼ਰੂਰ ਕਰਾ ਲੈਣੀ ਚਾਹੀਦੀ ਹੈ |
ਰੋਕਥਾਮ-ਕਿਉਂਕਿ ਇਹ ਰੋਗ ਚਿੱਚੜਾਂ ਰਾਹੀ ਫੈਲਦਾ ਹੈ, ਇਸ ਲਈ ਚਿੱਚੜਾਂ ਦੀ ਰੋਕਥਾਮ ਲਈ ਉਪਰਾਲੇ ਕਰਨੇ ਚਾਹੀਦੇ ਹਨ | ਡਾਕਟਰੀ ਸਲਾਹ ਨਾਲ ਡੀਮੀਨਾਜ਼ੀਨ ਐਸੀਚੁਰੇਟ ਜਾਂ ਈਮੀਡੋਕਾਰਬ ਡਾਈਪ੍ਰੋਪੀਉਨੇਟ ਦਵਾਈ ਕਰਾਉਣੀ ਚਾਹੀਦੀ ਹੈ | ਵਧੇਰੇ ਪ੍ਰਭਾਵਿਤ ਪਸ਼ੂਆਂ 'ਚ ਡਾਕਟਰੀ ਸਲਾਹ ਨਾਲ ਖੂਨ ਚੜ੍ਹਾਉਣਾ ਲਾਭਕਾਰੀ ਰਹਿੰਦਾ ਹੈ | 
ਥੀਲੇਰੀਅੋਸਿਸ ਜਾਂ ਕਨੇਡੂ ਰੋਗ-ਇਹ ਵੀ ਇਕ ਪਰਜੀਵੀ ਰੋਗ ਹੈ, ਜੋ ਥੀਲੇਰੀਆ ਐਨੂਲੇਟਾ ਨਾਂਅ ਦੇ ਪਰਜੀਵੀ ਕਾਰਨ ਹੁੰਦਾ ਹੈ | ਚਿੱਚੜ ਇਸ ਪਰਜੀਵੀ ਨੂੰ  ਫੈਲਾਉਣ 'ਚ ਸਹਾਈ ਹੁੰਦੇ ਹਨ ਤੇ ਇਹ ਪਰਜੀਵੀ ਖੂਨ ਬਣਾਉਣ ਵਾਲੇ ਸੈੱਲਾਂ ਨੂੰ  ਪ੍ਰਭਾਵਿਤ ਕਰਦੇ ਹਨ, ਜਿਸ ਕਰਕੇ ਪੀੜਤ ਪਸ਼ੂਆਂ ਨੂੰ  ਪੀਲੀਆ ਹੋ ਜਾਂਦਾ ਹੈ ਤੇ ਨਾਲ ਹੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਘਟਦੀ ਹੈ |
ਲੱਛਣ-ਤੇਜ਼ ਬੁਖਾਰ (106-107 ਫਾਰਨਹਾਈਟ) ਹੋ ਜਾਂਦਾ ਹੈ | ਪ੍ਰਭਾਵਿਤ ਪਸ਼ੂਆਂ ਦੇ ਪਿੰਡੇ ਦੀਆਂ (ਖ਼ਾਸ ਕਰਕੇ ਗਲੇ ਦੀਆਂ) ਗਿਲਟੀਆਂ ਸੁੱਜ ਜਾਂਦੀਆਂ ਹਨ | ਅੱਖਾਂ ਬਾਹਰ ਵੱਲ ਨੂੰ  ਨਿਕਲੀਆਂ ਪ੍ਰਤੀਤ ਹੁੰਦੀਆਂ ਹਨ | ਅਨੀਮੀਆ ਕਰਕੇ ਅੱਖਾਂ ਦੀ ਝਿੱਲੀ ਦਾ ਰੰਗ ਸਫੇਦ ਹੋ ਜਾਂਦਾ ਹੈ | ਥਕਾਨ, ਭੁੱਖ ਦਾ ਘਟਣਾ ਤੇ ਭਾਰ ਘਟਣਾ ਵੀ ਇਸ ਦੇ ਮੁੱਖ ਲੱਛਣ ਹਨ | ਪਛਾਣ ਲਈ ਪ੍ਰਭਾਵਿਤ ਪਸ਼ੂ ਦੇ ਖੂਨ ਦੀ ਜਾਂਚ ਜ਼ਰੂਰ ਕਰਾ ਲੈਣੀ ਚਾਹੀਦੀ ਹੈ |
ਰੋਕਥਾਮ-ਬਿਮਾਰੀ ਦੇ ਲੱਛਣ ਆਉਣ ਦੀ ਸੂਰਤ 'ਚ ਜਲਦ ਤੋਂ ਜਲਦ ਖੂਨ ਦੀ ਜਾਂਚ ਕਰਾ ਕੇ ਪ੍ਰਭਾਵਿਤ ਪਸ਼ੂਆਂ ਨੂੰ ੂ ਡਾਕਟਰੀ ਸਲਾਹ ਨਾਲ ਬੂਪਾਰਵਾਕੂਨ ਦਵਾਈ ਨਾਲ ਇਲਾਜ ਕਰਾਉਣਾ ਚਾਹੀਦਾ ਹੈ | ਖੂਨ ਦੀ ਜਾਂਚ ਬਿਮਾਰੀ ਦੇ ਸ਼ੁਰੂਆਤੀ ਦੌਰ 'ਚ ਕਰਾਉਣੀ ਚਾਹੀਦੀ ਹੈ | ਪਸ਼ੂਆਂ ਨੂੰ  ਥਲੇਰੀਆ ਰੋਗ ਦੇ ਵਿਰੁੱਧ ਰਕਸ਼ਾ ਟੀ-ਵੈਕ ਦਾ ਟੀਕਾਕਰਨ ਕਰਾਉਣਾ ਚਾਹੀਦਾ ਹੈ | ਚਿੱਚੜਾਂ ਦੀ ਰੋਕਥਾਮ ਲਈ ਉਪਰਾਲੇ ਕਰਨੇ ਚਾਹੀਦੇ ਹਨ |
ਐਨਾਪਲਾਸਮੋਸਿਸ-ਇਹ ਵੀ ਗਾਂਵਾਂ ਤੇ ਮੱਝਾਂ ਦਾ ਚਿੱਚੜਾਂ ਨਾਲ ਫੈਲਣ ਵਾਲਾ ਰੋਗ ਹੈ, ਜਿਸ ਕਾਰਨ ਐਨਾਪਲਾਜ਼ਮਾ ਮਾਰਜੀਨੇਲ ਨਾਮਕ ਪਰਜੀਵੀ ਚਿੱਚੜਾਂ ਰਾਹੀਂ ਖੂਨ 'ਚ ਪ੍ਰਵੇਸ਼ ਕਰਕੇ ਖੂਨ ਦੇ ਲਾਲ ਕਣਾਂ ਨੂੰ  ਨਸ਼ਟ ਕਰ ਦਿੰਦੇ ਹਨ | ਬਿਮਾਰੀ ਨੂੰ  ਪੀਲੀਆ ਰੋਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਰੋਗ ਦੌਰਾਨ ਪ੍ਰਭਾਵਿਤ ਪਸ਼ੂਆਂ 'ਚ ਖੂਨ ਦੀ ਕਮੀ ਹੋ ਜਾਂਦੀ ਹੈ | ਇਹ ਬਿਮਾਰੀ ਥਲੇਰੀਆ ਵਾਂਗ ਹੀ ਚਿੱਚੜਾਂ (ਰਿਪੀਸੈਫੇਲਸ, ਬੂਓਫਿਲਸ) ਰਾਹੀਂ ਫੈਲਦੀ ਹੈ |
ਲੱਛਣ-ਬੁਖਾਰ (105-106 ਫਾਰਨਹਾਈਟ) ਹੋਣਾ | ਖੂਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਣਾ/ਅਨੀਮੀਆ | ਭੁੱਖ ਘਟਣ ਕਾਰਨ ਭਾਰ ਤੇ ਦੁੱਧ ਘਟਣਾ | ਪੀਲੀਆ ਹੋਣਾ | ਰੋਗ ਦੀ ਪਛਾਣ ਲਈ ਪ੍ਰਭਾਵਿਤ ਪਸ਼ੂਆਂ ਦੇ ਖੂਨ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ |
ਰੋਕਥਾਮ-ਚਿੱਚੜਾਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਤੇ ਫਲੇਮ ਗੰਨ ਦੀ ਵਰਤੋ ਕਰਨੀ | ਪ੍ਰਭਾਵਿਤ ਪਸ਼ੂਆਂ ਦਾ ਟੈਟਰਾਸਾਇਕਲਿਨ ਜਮਾਤ ਦੀਆਂ ਦਵਾਈਆਂ ਨਾਲ ਡਾਕਟਰੀ ਸਲਾਹ ਨਾਲ ਇਲਾਜ ਕਰਾਉਣਾ | ਬੁਰੀ ਤਰ੍ਹਾਂ ਪ੍ਰਭਾਵਿਤ ਪਸ਼ੂਆਂ 'ਚ ਡਾਕਟਰੀ ਸਲਾਹ ਨਾਲ ਖੂਨ ਚੜ੍ਹਾਉਣਾ | 
ਸਰ੍ਹਾ-ਇਹ ਰੋਗ ਮੱਖੀਆਂ ਰਾਹੀਂ ਫੈਲਣ ਵਾਲੇ ਟਰਿਪੈਨੋਸੋਮਾ ਇਵਾਨਸੀ ਨਾਂਅ ਦੇ ਪਰਜੀਵੀ ਕਰਕੇ ਹੁੰਦਾ ਹੈ | ਉਪਰੋਕਤ ਰੋਗਾਂ ਵਾਂਗ ਸਰ੍ਹਾ 'ਚ ਪਰਜੀਵੀ ਖੂਨ ਦੇ ਲਾਲ ਕਣਾਂ 'ਚ ਪ੍ਰਵੇਸ਼ ਨਹੀਂ ਕਰਦਾ, ਸਗੋਂ ਪਲਾਜ਼ਮਾ 'ਚ ਹੀ ਰਹਿੰਦਾ ਹੈ | ਗਾਂਵਾਂ ਮੱਝਾਂ ਤੋਂ ਇਲਾਵਾ ਇਹ ਰੋਗ ਘੋੜਿਆਂ, ਊਠਾਂ ਤੇ ਹੋਰ ਜਾਨਵਰਾਂ 'ਚ ਵੀ ਹੋ ਸਕਦਾ ਹੈ |  
ਬਿਮਾਰੀ ਦਾ ਫੈਲਣਾ-ਇਹ ਰੋਗ ਦਾ ਕਾਰਕ ਪਰਜੀਵੀ, ਟਰਿਪੈਨੋਸੋਮਾ ਇਵਾਨਸੀ ਪਸ਼ੂਆਂ ਨੁੰੂ ਟੈਬਨਸ ਮੱਖੀ ਦੇ ਕੱਟਣ ਕਾਰਨ ਖੂਨ 'ਚ ਪ੍ਰਵੇਸ਼ ਕਰਦਾ ਹੈ | ਥਲੇਰੀਆ, ਬਬੇਸ਼ੀਆ ਅਤੇ ਐਨਾਪਲਾਜ਼ਮਾ ਵਾਂਗ ਇਹ ਰੋਗ ਚਿੱਚੜਾਂ ਨਾਲ ਨਹੀਂ ਫੈਲਦਾ |
ਲੱਛਣ-ਵਾਰ ਵਾਰ ਉਤਰਦਾ-ਚੜ੍ਹਦਾ ਤੇਜ਼ ਬੁਖਾਰ (105-106 ਫਾਰਨਹਾਈਟ) ਹੋ ਜਾਂਦਾ ਹੈ | ਅਨੀਮੀਆ, ਭੁੱਖ ਘਟਣਾ, ਕਮਜ਼ੋਰੀ ਹੋ ਜਾਂਦੀ ਹੈ | ਗਰਦਨ ਜਾਂ ਪੇਟ ਥੱਲੇ ਸੋਜ ਪੈ ਜਾਂਦੀ ਹੈ | ਪਸ਼ੂਆਂ ਨੂੰ  ਦਿਮਾਗੀ ਲੱਛਣ ਹੁੰਦੇ ਹਨ ਜਿਵੇਂ ਦੌਰੇ ਪੈਣਾ, ਗੋਲ-ਗੋਲ ਘੁੰਮਣਾ ਅਤੇ ਕੰਧਾਂ/ਖੁਰਲੀਆਂ ਆਦਿ  ਨਾਲ ਸਿਰ ਮਾਰਨਾ ਤੇ ਅਸਥਾਈ ਅੰਨਾਪਣ ਵੀ ਵੇਖਣ ਨੂੰ  ਮਿਲ ਸਕਦਾ ਹੈ | ਦੁੱਧ ਉਤਪਾਦਨ ਘਟਣਾ | ਲੰਮੇ ਸਮੇਂ ਤੋਂ ਬਿਮਾਰ ਪਸ਼ੂਆਂ 'ਚ ਬਹੁਤ ਜ਼ਿਆਦਾ ਕਮਜ਼ੋਰੀ ਭਾਵ ਹੱਡੀਆਂ ਪ੍ਰਤੀਤ ਹੋਣ ਲੱਗਣਾ | ਪਛਾਣ ਲਈ ਪ੍ਰਭਾਵਿਤ ਪਸ਼ੂਆਂ ਦੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ |
ਰੋਕਥਾਮ-ਮੱਖੀਆਂ ਦੀ ਰੋਕਥਾਮ ਲਈ ਉਪਰਾਲੇ ਕਰਨੇ | ਛੱਪੜਾਂ ਆਦਿ ਦੇ ਨੇੜੇ ਜਿੱਥੇ ਮੱਖੀਆਂ ਦੀ ਬ੍ਰੀਡਿੰਗ ਹੋ ਸਕਦੀ ਹੋਵੇ, ਪਸ਼ੂਆਂ ਨੂੰ  ਚਾਰਨ ਤੋਂ ਗੁਰੇਜ਼ ਕਰਨਾ | ਪ੍ਰਭਾਵਿਤ ਪਸ਼ੂਆਂ ਦੇ ਟੈਸਟ ਤੋਂ ਬਾਅਦ ਡਾਕਟਰੀ ਸਲਾਹ ਨਾਲ ਕੁਇਨਾਪਾਰਿਆਮਿਨ ਦਵਾਈਆਂ ਨਾਲ ਇਲਾਜ ਕਰਨਾ |
Ad Position 22
No active advertisement
ਪਿਛਲੀ ਖ਼ਬਰ ਖੁੰਬਾਂ ਉਗਾਓ, ਆਮਦਨ ਵਧਾਓ ਅਗਲੀ ਖ਼ਬਰ ਔਲੇ ਦੀ ਖ਼ੂਬਸੂਰਤ ਝਲਕ
Ad Position 24