ਕਿਸਾਨਾ ਤੇਰੀ ਜੂਨ ਬੁਰੀ
ਹਲ ਵਾਹ ਪੱਠਿਆਂ ਨੂੰ ਜਾਣਾ,
ਢਿੱਡ ਭਰੇ ਕੁੱਲ ਜੱਗ ਦਾ
ਆਪ ਰਹਿ ਕੇ ਤੂੰ ਭੁੱਖਣ-ਭਾਣਾ,
ਕਿਸਾਨਾ ਤੇਰੀ ਜੂਨ ਬੁਰੀ…¢
ਹਰਾ-ਚਿੱਟਾ ਇਨਕਲਾਬ ਤੂੰ ਲਿਆਇਆ,
ਹਲ਼ ਦੇ ਸਿਆੜ ਨਾਲ ਜੁੱਗ ਪਲਟਾਇਆ,
ਕੱਢ ਲਿਆ ਧਰਤੀ 'ਚ ਦੱਬਿਆ ਖ਼ਜ਼ਾਨਾ,
ਕਿਸਾਨਾ ਤੇਰੀ ਜੂਨ ਬੁਰੀ…¢
ਪੁੱਤਾਂ ਵਾਂਗੂੰ ਪਾਲ ਫ਼ਸਲਾਂ ਉਗਾਉਂਦਾ ਤੂੰ,
ਹਾੜ੍ਹ ਤੇ ਸਿਆਲ ਪਿੰਡੇ 'ਤੇ ਹੰਢਾਉਂਦਾ ਤੂੰ,
ਤੂੰ ਨਾ ਬਦਲਿਆ, ਬਦਲ ਗਿਆ ਜ਼ਮਾਨਾ,
ਕਿਸਾਨਾ ਤੇਰੀ ਜੂਨ ਬੁਰੀ…¢
ਅੰਨ ਅਤੇ ਧੰਨ ਦੇ ਭਰੇ ਭੰਡਾਰ ਤੂੰ,
ਭੁੱਖ ਤੇ ਗਰੀਬੀ ਕੱਢ ਦਿੱਤੀ ਬਾਹਰ ਤੂੰ,
ਪਰ ਕਈ ਦਿਨ ਰੁਲੇ ਮੰਡੀਆਂ 'ਚ ਅੰਨ-ਦਾਣਾ,
ਕਿਸਾਨਾ ਤੇਰੀ ਜੂਨ ਬੁਰੀ…¢
ਧੀ-ਪੁੱਤ ਵਿਆਹੁਣੇ, ਕਿਸੇ ਛੱਤਣਾ ਮਕਾਨ ਜੀ,
ਪੁੜਾਂ ਦੇ ਵਿਚਾਲੇ ਆਈ ਰਹਿੰਦੀ ਜਾਨ ਜੀ,
ਬੈਂਕਾਂ ਅਤੇ ਆੜ੍ਹਤਾਂ ਦਾ ਕਰਜ਼ਾ ਵੀ ਚੁਕਾਣਾ,
ਕਿਸਾਨਾ ਤੇਰੀ ਜੂਨ ਬੁਰੀ…¢
'ਮਸਤੇ ਵਾਲੇ ਭੁੱਲਰ' ਦੀਆਂ ਗੱਲਾਂ ਚਾਲੀ ਸੇਰੀਆਂ,
ਘਸ ਗਈਆਂ ਹੱਥ ਦੀਆਂ ਲਕੀਰਾਂ ਤੇਰੀਆਂ,
ਪਹਿਨਿਆ ਤੂੰ ਉਹੋ ਕੁੜਤਾ ਫਟਿਆ ਪੁਰਾਣਾ,
ਕਿਸਾਨਾ ਤੇਰੀ ਜੂਨ ਬੁਰੀ…¢