ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ | ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉੱਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ | ਜੇ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲ-ਡਿ੍ਲ ਨਾਲ ਕੀਤੀ ਜਾ ਸਕਦੀ ਹੈ | ਸਾਨੂੰ ਕੁਝ ਰਕਬੇ ਵਿਚ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ | ਜੇ ਅਸੀਂ ਆਪਣੇ ਖੇਤ 'ਚੋਂ ਸ਼ੁੱਧ ਉਪਜ ਪ੍ਰਾਪਤ ਕਰ ਸਕਦੇ ਹਾਂ ਤਾਂ ਬਾਜ਼ਾਰ ਤੋਂ ਮਿਲਾਵਟੀ ਵਸਤਾਂ ਕਿਉਂ ਖਰੀਦੀਆਂ ਜਾਣ | ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ | ਸਰ੍ਹੋਂ ਦੇ ਤੇਲ ਦੀ ਵਰਤੋਂ ਹਰੇਕ ਘਰ ਵਿਚ ਕੀਤੀ ਜਾਂਦੀ ਹੈ | ਰਾਇਆ, ਗੋਭੀ ਸਰੋ੍ਹੋਂ ਅਤੇ ਅਲਸੀ ਦੀ ਕੁਝ ਰਕਬੇ ਵਿਚ ਬਿਜਾਈ ਜ਼ਰੂਰ ਕਰੋ | ਜੇਕਰ ਨਿਰੋਲ ਫ਼ਸਲ ਨਹੀਂ ਬੀਜਣੀ ਤਾਂ ਕਣਕ ਵਿਚ ਸਰੋਂ ਦੇ ਸਿਆੜ ਲਗਾਏ ਜਾ ਸਕਦੇ ਹਨ | ਆਰਐਲਸੀ-3, ਪੀਬੀਆਰ-357, ਪੀਐਚਆਰ-126, ਪੀਬੀਆਰ-97, ਪੀਬੀਆਰ-91, ਪੰਜਾਬ ਰਾਇਆ ਅਤੇ ਗਿਰੀਰਾਜ਼ ਰਾਇਆ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ | ਚੰਗੀ ਫ਼ਸਲ ਤੋਂ 9 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਜਾਂਦਾ ਹੈ | ਜੀਐਸਸੀ-7, ਜੀਐਸ-6, ਪੀਜੀਐਸਐਚ-2155 ਗੋਭੀ ਸਰ੍ਹੋਂ ਦੀਆਂ ਉੱਨਤ ਕਿਸਮਾਂ ਹਨ | ਸਭ ਤੋਂ ਵੱਧ ਝਾੜ ਪੀਜੀਐਸਐਚ-2155 ਕਿਸਮ ਦਾ 9 ਕੁੁਇੰਟਲ ਤੋਂ ਵੱਧ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਸਕਦਾ ਹੈ | ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ | ਐਲਸੀ-2063 ਤੇ ਐਲਸੀ-2023 ਅਲਸੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ | ਵਧੀਆ ਫ਼ਸਲ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ | ਇਸੇ ਤਰ੍ਹਾਂ ਤਾਰਾਮੀਰਾ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ | ਟੀਐਮਐਨਸੀ-2 ਸਿਫਾਰਸ਼ ਕੀਤੀਆਂ ਕਿਸਮਾਂ ਹਨ | ਇਸ ਦਾ ਵੀ ਪ੍ਰਤੀ ਏਕੜ ਡੇਢ ਕਿਲੋ ਬੀਜ ਚਾਹੀਦਾ ਹੈ | ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ |

ਛੋਲੇ, ਮਸਰ ਤੇ ਪਕਾਵੇਂ ਮਟਰ ਹਾੜ੍ਹੀ ਦੀਆਂ ਮੁੱਖ ਦਾਲਾਂ ਹਨ | ਇਹ ਸਾਰੀਆਂ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੀਆਂ ਹਨ | ਛੋਲੇ ਦੋ ਪ੍ਰਕਾਰ ਦੇ ਹੁੰਦੇ ਹਨ | ਕਾਬਲੀ ਛੋਲੇ ਅਤੇ ਦੇਸੀ ਛੋਲੇ | ਦੇਸੀ ਛੋਲਿਆਂ ਦੀਆਂ ਪੀਬੀਜੀ-10, ਪੀਬੀਜੀ-7, ਪੀਬੀਜੀ-5, ਜੀਪੀਐਫ 2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ | ਕੋਸ਼ਿਸ਼ ਕਰੋ ਕਿ ਪੀਬੀਜੀ-7 ਕਿਸਮ ਬੀਜੀ ਜਾਵੇ ਇਸ ਦਾ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ | ਇਕ ਏਕੜ ਵਿਚ 17 ਕਿਲੋ ਬੀਜ ਦੀ ਲੋੜ ਹੈ | ਐਲ-552 ਕਾਬਲੀ ਛੋਲਿਆਂ ਦੀ ਸਿਫ਼ਾਰਸ਼ ਕੀਤੀ ਕਿਸਮ ਹੈ | ਇਕ ਏਕੜ ਲਈ 37 ਕਿਲੋ ਬੀਜ ਚਾਹੀਦਾ ਹੈ | ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਬਾਵਿਸਟਨ ਜ਼ਹਿਰ ਨਾਲ ਸੋਧ ਲਵੋ | ਇਕ ਕਿਲੋ ਬੀਜ ਲਈ ਤਿੰਨ ਗ੍ਰਾਮ ਜ਼ਹਿਰ ਵਰਤੋ | ਬੀਜ ਨੂੰ ਇਕ ਪੈਕੇਟ ਮੈਸੋਰੋਜੋਬੀਅਮ ਅਤੇ ਇਕ ਪੈਕੇਟ ਰੀਜੋਬੈਕਟਰਮ ਨਾਲ ਸੋਧ ਲਵੋ | ਇਹ ਜੈਵਿਕ ਖਾਦਾਂ ਝਾੜ ਵਿਚ ਵਾਧਾ ਕਰਦੀਆਂ ਹਨ | ਮਹੀਨੇ ਪਿਛੋਂ ਇਕ ਗੋਡੀ ਜ਼ਜਰੂਰ ਕਰਨੀ ਚਾਹੀਦੀ ਹੈ |
ਮਸਰਾਂ ਦੀ ਦਾਲ ਵੀ ਹਰ ਪੰਜਾਬੀ ਘਰ ਵਿਚ ਵਰਤੀ ਜਾਂਦੀ ਹੈ ਪਰ ਇਸ ਦੀ ਖੇਤੀ ਮਸ੍ਹਾਂ 37 ਹਜ਼ਾਰ ਹੈਕਟੇਅਰ ਰਕਬੇ 'ਤੇ ਹੀ ਹੁੰਦੀ ਹੈ | ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਇਸ ਦੀ ਕਾਸ਼ਤ ਕਰ ਲੈਣੀ ਚਾਹੀਦੀ ਹੈ | ਐਲਐਲ-931 ਅਤੇ ਐਲਐਲ-1613 ਉੱਨਤ ਕਿਸਮਾਂ ਹਨ | ਇਨ੍ਹਾਂ ਤੋਂ ਪੰਜ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ | ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਾਨ ਜ਼ਹਿਰ ਨਾਲ ਸੋਧ ਲੈਣਾ ਚਾਹੀਦਾ ਹੈ | ਇਕ ਕਿਲੋ ਬੀਜ ਲਈ ਦੋ ਗ੍ਰਾਮ ਜ਼ਹਿਰ ਦੀ ਵਰਤੋਂ ਕਰੋ | ਛੋਲਿਆਂ ਵਾਂਗ ਮਸਰਾਂ ਦੇ ਬੀਜ ਨੂੰ ਵੀ ਜੈਵਿਕ ਖਾਦਾਂ ਲਾ ਲਵੋ | ਇਕ ਏਕੜ ਲਈ 15 ਕਿਲੋ ਬੀਜ ਦੀ ਵਰਤੋਂ ਕਰੋ | ਬਿਜਾਈ ਸਮੇਂ ਲਾਈਨਾਂ ਵਿਚਕਾਰ 22.5 ਸੈ.ਮੀ. ਦਾ ਫ਼ਾਸਲਾ ਰੱਖਿਆ ਜਾਵੇ | ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ |
ਕੁਝ ਇਲਾਕਿਆਂ ਵਿਚ ਪਕਾਵੇਂ ਮਟਰਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ | ਜੇਕਰ ਮੱਕੀ ਪਿੱਛੋਂ ਕਣਕ ਦੀ ਥਾਂ ਮਟਰ ਬੀਜੇ ਜਾਣ ਤਾਂ ਧਰਤੀ ਦੀ ਸਿਹਤ ਵੀ ਠੀਕ ਹੁੰਦੀ ਹੈ ਅਤੇ ਕਮਾਈ ਵੀ ਵੱਧ ਹੁੰਦੀ ਹੈ | ਆਈਪੀਐਫਡੀ-12-2 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਕ ਏਕੜ 'ਚੋਂ ਸੱਤ ਕੁਇੰਟਲ ਤੱਕ ਮਟਰ ਪ੍ਰਾਪਤ ਕੀਤੇ ਜਾ ਸਕਦੇ ਹਨ | ਇਕ ਏਕੜ ਲਈ 30 ਕਿਲੋ ਬੀਜ ਦੀ ਲੋੜ ਹੈ | ਮਟਰਾਂ ਨੂੰ ਵੀ ਜੈਵਿਕ ਖਾਦ ਲਾ ਕੇ ਬੀਜਣਾ ਚਾਹੀਦਾ ਹੈ | ਬਿਜਾਈ ਸਮੇਂ 26 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉਣ ਦੀ ਵੀ ਸਿਫਾਰਸ਼ ਕੀਤੀ ਗਈ ਹੈ |
ਜੌਂ ਪੰਜਾਬੀਆਂ ਦੀ ਮਹੱਤਵਪੂਰਨ ਫ਼ਸਲ ਹੈ ਪਰ ਇਸ ਹੇਠ ਰਕਬਾ ਮਸਾਂ ਪੰਜ ਕੁ ਹਜ਼ਾਰ ਹੈਕਟੇਅਰ ਹੈ | ਪੰਜਾਬ ਵਿਚ ਕਾਸ਼ਤ ਲਈ ਪੀਐਲ-942 ਅਤੇ ਡੀ.ਡਬਲਯੂ.ਆਰ.ਬੀ.-123, ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਨ੍ਹਾਂ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਤਕ ਪ੍ਰਾਪਤ ਹੋ ਸਕਦਾ ਹੈ | ਉਦਯੋਗ ਲਈ ਇਸ ਨੂੰ ਵਧੀਆ ਮੰਨਿਆ ਜਾਂਦਾ ਹੈ | ਇਨ੍ਹਾਂ ਤੋਂ ਬਗੈਰ ਪੀ.ਐਲ.-891, ਪੀ.ਐਲ.-807, ਡੀ.ਡਬਲਯੂ. ਆਰ.ਯੂ.ਬੀ.-52 ਅਤੇ ਪੀ.ਐਲ.-426 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ | ਇਕ ਏਕੜ ਲਈ 35 ਕਿਲੋ ਬੀਜ ਚਾਹੀਦਾ ਹੈ | ਜੇਕਰ ਬਿਰਾਨੀ ਖੇਤੀ ਹੈ ਤਾਂ ਇਹ ਮਾਤਰਾ 45 ਕਿਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ | ਪਾਣੀ ਦੀ ਬੱਚਤ ਅਤੇ ਘੱਟ ਖਰਚੇ ਲਈ ਕੁਝ ਰਕਬੇ ਵਿਚ ਇਸ ਵਾਰ ਜੌਆਂ ਦੀ ਬਿਜਾਈ ਕਰਕੇ ਵੇਖ ਲੈਣੀ ਚਾਹੀਦੀ ਹੈ | ਸੋਏ ਅਤੇ ਸੌਂਫ਼ ਛੋਟੀਆਂ ਫ਼ਸਲਾਂ ਹਨ ਪਰ ਇਨ੍ਹਾਂ ਦੀ ਵਰਤੋਂ ਹਰੇਕ ਘਰ ਵਿਚ ਕੀਤੀ ਜਾਂਦੀ ਹੈ | ਬਾਜ਼ਾਰ ਵਿਚੋਂ ਖਰੀਦਣ ਦੀ ਥਾਂ ਜੇਕਰ ਇਕ ਇਕ ਕਿਆਰੀ ਇਨ੍ਹਾਂ ਦੀ ਬੀਜ ਲਈ ਜਾਵੇ ਤਾਂ ਸਾਫ ਸੁਥਰੇ ਜ਼ਹਿਰਾਂ ਰਹਿਤ ਸੌਂਫ਼ ਤੇ ਸੋਏ ਪ੍ਰਾਪਤ ਹੋ ਜਾਣਗੇ | ਮਾਜਮੇਰ ਫ਼ੈਨਲ-2 ਸੌਂਫ਼ ਦੀ ਕਿਸਮ ਹੈ | ਇਨ੍ਹਾਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ | ਸੋਏ ਦਾ ਦੋ ਕਿਲੋ ਅਤੇ ਸੌਂਫ਼ ਦਾ ਚਾਰ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ | ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਫ਼ਸਾਲਾ ਰੱਖਿਆ ਜਾਵੇ | ਬਿਜਾਈ ਚੰਗੀ ਵਤਰ ਵਾਲੀ ਧਰਤੀ ਵਿਚ ਕਰਨੀ ਚਾਹੀਦੀ ਹੈ | ਪਹਿਲਾ ਪਾਣੀ ਬਿਜਾਈ ਤੋਂ 15 ਕੁ ਦਿਨਾਂ ਪਿੱਛੋਂ ਦੇਣ ਦੀ ਲੋੜ ਪੈਂਦੀ ਹੈ | ਇਕ ਏਕੜ ਵਿਚੋਂ ਚਾਰ ਕੁੁਇੰਟਲ ਤੋਂ ਵਧ ਝਾੜ ਪ੍ਰਾਪਤ ਹੋ ਜਾਂਦਾ ਹੈ | ਮੇਥੇ ਇਕ ਹੋਰ ਛੋਟੀ ਫ਼ਸਲ ਹੈ ਜਿਸ ਦੀ ਬਿਜਾਈ ਬਹੁਤੇ ਕਿਸਾਨ ਕਰਦੇ ਹਨ | ਇਸ ਦੇ ਹਰੇ ਪੱਤੇ ਸਬਜ਼ੀ ਦੇ ਕੰਮ ਆਉਂਦੇ ਹਨ ਅਤੇ ਦਾਣੇ ਮਸਾਲਿਆਂ ਵਿਚ ਵਰਤੇ ਜਾਂਦੇ ਹਨ | ਹਰੀ ਫ਼ਸਲ ਨੂੰ ਡੰਗਰਾਂ ਲਈ ਹਰੇ ਚਾਰੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ | ਇਹ ਵੀ ਇਕ ਪੌਸ਼ਟਿਕ ਚਾਰਾ ਹੈ ਅਤੇ ਧਰਤੀ ਦੀ ਸਿਹਤ ਨੂੰ ਠੀਕ ਕਰਦਾ ਹੈ | ਐਮਐਲ-150 ਸਿਫਾਰਸ਼ ਕੀਤੀ ਕਿਸਮ ਹੈ | ਇਕ ਏਕੜ ਵਿਚੋਂ ਛੇ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ | ਇਕ ਏਕੜ ਲਈ 12 ਕਿਲੋ ਬੀਜ ਦੀ ਲੋੜ ਹੈ | ਬਿਜਾਈ ਸਮੇਂ ਲਾਈਨਾਂ ਵਿਚਕਾਰ 22.5 ਸੈਂ.ਮੀ. ਦਾ ਫ਼ਾਸਲਾ ਰੱਖਿਆ ਜਾਵੇ | ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ | ਕੱਤਕ ਵਿਚ ਹਾੜ੍ਹੀ ਦੀ ਸਾਰੀ ਬਿਜਾਈ ਪੂਰੀ ਕਰ ਲੈਣੀ ਚਾਹੀਦੀ ਹੈ |
-ਮੋਬਾਈਲ : 94170-87328