28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਏਸ਼ਿਆਈ ਗੋਲਡ ਮੈਡਲਿਸਟ

ਏਸ਼ਿਆਈ ਗੋਲਡ ਮੈਡਲਿਸਟ

Ad Position 21
No active advertisement
ਅਜੀਤ ਡੈਸਕ 29-09-2026

ਬਹਾਦਰ ਸਿੰਘ ਸੂਰਤੀਆ

ਭਾਰਤੀ ਖੇਡ ਇਤਿਹਾਸ ਵਿਚ ਬਹਾਦਰ ਸਿੰਘ ਤੇ ਜਗਰਾਜ ਸਿੰਘ ਦੀ ਜੋੜੀ ਨੂੰ  'ਰੂਪ-ਬਸੰਤ' ਦੀ ਜੋੜੀ ਕਰਕੇ ਵੀ ਜਾਣਿਆ ਜਾਂਦਾ ਹੈ | ਬਹਾਦਰ ਸਿੰਘ, ਜਗਰਾਜ  ਸਿੰਘ ਤੋਂ ਸਿਰਫ਼ ਇਕ ਮਹੀਨਾ ਛੋਟਾ ਹੈ | ਦੋਵਾਂ ਦੇ ਪਿੰਡ ਪਹਿਲਾਂ ਪੰਜਾਬ ਤੇ ਹੁਣ ਹਰਿਆਣੇ 'ਚ ਪੈਂਦੇ ਹਨ | ਦੋਵੇਂ ਦਸਵੀ 'ਚ ਇਕੱਠੇ ਪੜ੍ਹੇ ਤੇ ਇਕੱਠੇ ਖੇਡਣਾ ਸ਼ੁਰੂ ਕੀਤਾ | ਪੰਜਾਬ ਸਕੂਲ ਤੇ ਕੌਮੀ ਖੇਡਾਂ ਵੀ ਇਕੱਠੀਆਂ ਖੇਡੀਆਂ | ਸਪੋਰਟਸ ਕਾਲਜ ਜਲੰਧਰ ਤੇ ਖ਼ਾਲਸਾ ਕਾਲਜ ਅੰਮਿ੍ਤਸਰ ਵੀ ਇਕੱਠੇ ਪੜ੍ਹੇ ਤੇ ਖੇਡੇ | ਇਕੱਠਿਆਂ ਨੌਕਰੀ ਸ਼ੁਰੂ ਕੀਤੀ ਤੇ ਸੇਵਾਮੁਕਤੀ ਵੀ ਇਕੱਠਿਆਂ ਦੀ ਹੋਈ | ਐਨ.ਆਈ.ਐਸ. ਪਟਿਆਲਾ ਵੀ ਇਕੱਠੇ ਰਹੇ, ਜਿੱਥੋਂ ਸੇਵਮੁਕਤ ਵੀ ਇਕੱਠੇ ਹੋਏ | ਆਓ, ਅੱਜ ਇਕ ਕੁਇੰਟਲ ਤੋਂ ਵੱਧ ਭਾਰੇ ਤੇ ਛੇ ਫੁੱਟ ਲੰਬੇ ਬਹਾਦਰ ਸਿੰਘ ਦੇ ਖੇਡ ਜੀਵਨ ਦੀ ਗੱਲ ਕਰਦੇ ਹਾਂ | ਬਹਾਦਰ ਸਿੰਘ ਦਾ ਜਨਮ 8 ਫਰਵਰੀ 1946 ਨੂੰ  ਪਿਤਾ ਖੇਤਾ ਸਿੰਘ ਤੇ ਮਾਤਾ ਜਿੰਦ ਕੌਰ ਦੇ ਘਰ ਪਿੰਡ ਸੂਰਤੀਆ (ਅੱਜ-ਕੱਲ੍ਹ ਹਰਿਆਣਾ 'ਚ) ਦੇ ਇਕ ਕਿਸਾਨ ਪਰਿਵਾਰ 'ਚ ਹੋਇਆ | ਉਹ ਦੋ ਭਰਾ ਹਨ ਤੇ ਇਕ ਭੈਣ | ਪਿੰਡ 'ਚ ਉਨ੍ਹਾਂ ਦੇ ਚਾਚੇ ਦਾ ਮੁੰਡਾ ਜਵਾਲਾ ਸਿੰਘ ਗੋਲਾ ਸੁੱਟਣ ਦੀ ਪ੍ਰੈਕਟਿਸ ਕਰਿਆ ਕਰਦਾ ਸੀ, ਜਿਸ ਨੂੰ  ਵੇਖ ਕੇ ਬਹਾਦਰ ਸਿੰਘ ਨੂੰ  ਵੀ ਗੋਲਾ ਸੁੱਟਣ ਦੀ ਚੇਟਕ ਲੱਗੀ | ਚੌਥੀ ਪਿੰਡ ਦੇ ਸਕੂਲ ਤੋਂ ਕਰਕੇ ਉਹ ਦਸਵੀਂ 'ਚ ਕਾਲਾਂਵਾਲੀ ਸਕੂਲ 'ਚ ਜਾ ਦਾਖਲ ਹੋਏ | ਹੁੰਦੜਹੇਲ ਸਰੀਰ ਵੇਖ ਕੇ ਸਕੂਲ ਮੁਖੀ ਅਧਿਆਪਕ ਸੰਤ ਸਿੰਘ ਨੇ ਉਨ੍ਹਾਂ ਨੂੰ  ਗੋਲਾ ਸੁੱਟਣ ਲਈ ਪ੍ਰੇਰਿਤ ਕੀਤਾ | ਇੱਥੇ ਹੋਸਟਲ 'ਚ ਰਹਿ ਕੇ ਉਹ ਸਵੇਰੇ-ਸ਼ਾਮ ਸਖ਼ਤ ਪ੍ਰੈਕਟਿਸ ਕਰਨ ਲੱਗੇ | 1961 'ਚ ਪੰਜਾਬ ਸਕੂਲ ਖੇਡਾਂ ਫ਼ਿਰੋਜ਼ਪੁਰ ਵਿਖੇ ਹੋਈਆਂ, ਜਿੱਥੇ ਉਨ੍ਹਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋਈਆਂ ਕੌਮੀ ਸਕੂਲ ਖੇਡਾਂ 'ਚ ਵੀ ਉਨ੍ਹਾਂ 45 ਫੁੱਟ 4 ਇੰਚ ਗੋਲਾ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ | 1962 ਨੂੰ  ਚੰਡੀਗੜ੍ਹ ਵਿਖੇ ਹੋਈਆਂ ਪੰਜਾਬ ਸਕੂਲ ਖੇਡਾਂ 'ਚ 62 ਫੁੱਟ ਗੋਲਾ ਸੁੱਟ ਕੇ ਪੰਜਾਬ ਦਾ ਰਿਕਾਰਡ ਕਾਇਮ ਕੀਤਾ | 1964 'ਚ ਇੰਟਰ ਯੂਨੀਵਰਸਿਟੀ ਖੇਡਾਂ ਜੈਪੁਰ (ਰਾਜਸਥਾਨ) 'ਚ ਡਿਸਕਸ 'ਚ ਦੂਜਾ ਤੇ ਗੋਲੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ | 1965 'ਚ ਮਦਰਾਸ ਵਿਖੇ ਇੰਟਰ ਯੂਨੀਵਰਸਿਟੀ ਖੇਡਾਂ 'ਚ ਉਨ੍ਹਾਂ ਗੋਲੇ ਤੇ ਡਿਸਕਸ ਵਿਚ ਸੋਨ ਤਗਮੇ ਜਿੱਤੇ ਤੇ ਡਿਸਕਸ ਥ੍ਰੋਅ ਦਾ ਰਿਕਾਰਡ ਕਾਇਮ ਕੀਤਾ | ਆਲ ਇੰਡੀਆ ਇੰਟਰ ਸਟੇਟ ਮੀਟ 1967 'ਚ ਕੋਟਿਆਮ (ਕੇਰਲਾ) ਵਿਖੇ ਡਿਸਕਸ 'ਚ ਪਹਿਲਾ ਤੇ ਗੋਲੇ 'ਚ ਦੂਜਾ ਸਥਾਨ ਹਾਸਿਲ ਕੀਤਾ | 1968 ਦੀਆਂ ਮਦਰਾਸ ਨੈਸ਼ਨਲ ਖੇਡਾਂ ਦੌਰਾਨ ਡਿਸਕਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | 1972 'ਚ ਆਲ ਇੰਡੀਆ ਇੰਟਰ ਸਟੇਟ ਮੀਟ

'ਚ ਉਨ੍ਹਾਂ ਗੋਲ ਸੁੱਟਣ 'ਚ 17.10 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ | 

 

1973 'ਚ ਮਨੀਲਾ (ਫਿਲਪਾਈਨ) ਵਿਖੇ ਹੋਈ ਪਹਿਲੀ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਹ 51 ਫੁੱਟ 8 ਇੰਚ ਗੋਲਾ ਸੁੱਟ ਕੇ ਤੀਜੇ ਸਥਾਨ 'ਤੇ ਰਹੇ | ਉਨ੍ਹਾਂ ਨੇ 1975 ਦੀ ਸਿਓਲ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨੇ ਦਾ, 1979 ਟੋਕੀਓ 'ਚ ਕਾਂਸੀ ਦਾ, 1981 ਟੋਕੀਓ 'ਚ ਚਾਂਦੀ ਦਾ ਤੇ 1985 ਦੀ ਜਕਾਰਤਾ 'ਚ ਕਾਂਸੀ ਦਾ ਤਗਮੇ ਜਿੱਤਿਆ | ਉਨ੍ਹਾਂ ਨੇ 1974 ਦੀਆਂ ਤਹਿਰਾਨ ਏਸ਼ੀਅਨ ਖੇਡਾਂ 'ਚ ਸਿਲਵਰ, 1978 ਦੀਆਂ ਬੈਂਕਾਕ ਤੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ 'ਚ ਦੋ ਸੋਨ ਤਗਮੇ ਜਿੱਤ ਕੇ ਆਪਣਾ ਦਬਦਬਾ ਬਰਕਰਾਰ ਰੱਖਿਆ | ਉਨ੍ਹਾਂ ਦਿੱਲੀ ਵਿਖੇ 18.53 ਮੀਟਰ ਦੂਰ ਗੋਲਾ ਸੁੱਟ ਕੇ ਨਵਾਂ ਏਸ਼ਿਆਈ ਰਿਕਾਰਡ ਵੀ ਕਾਇਮ ਕੀਤਾ | ਉਨ੍ਹਾਂ 1976 'ਚ 18.66 ਮੀਟਰ ਨਾਲ ਗੋਲੇ ਦਾ ਕੌਮੀ ਰਿਕਾਰਡ ਬਣਾਇਆ, ਪਰ ਉਲੰਪਿਕ ਜਾਣ ਦਾ ਮੌਕਾ ਨਾ ਮਿਲਿਆ | ਉਨ੍ਹਾਂ 1980 ਦੀਆਂ ਮਾਸਕੋ ਉਲੰਪਿਕ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ | ਭਾਰਤੀ ਐਥਲੈਟਿਕਸ ਫੈਡਰੇਸ਼ਨ ਨੇ ਉਨ੍ਹਾਂ ਨੂੰ  1981 'ਚ ਜੂਨੀਅਰ ਟੀਮ ਦੇ ਕੌਮੀ ਕੋਚ ਦੀ ਜ਼ਿੰਮੇਵਾਰੀ ਸੌਂਪੀ ਤੇ ਉਹ 1994 ਤੱਕ ਇਸ ਅਹੁਦੇ 'ਤੇ ਰਹੇ | 1995 'ਚ ਉਨ੍ਹਾਂ ਨੂੰ  ਸੀਨੀਅਰ ਟੀਮ ਦਾ ਮੁੱਖ ਕੋਚ ਬਣਾਇਆ ਗਿਆ | ਉਨ੍ਹਾਂ ਦੀ ਨਿਗਰਾਨੀ 'ਚ 1998 ਦੀਆਂ ਏਸ਼ਿਆਈ ਖੇਡਾਂ 'ਚ ਭਾਰਤ ਨੇ 15 ਤਗਮੇ ਜਿੱਤੇ | ਉਨ੍ਹਾਂ ਦੇ ਕਾਰਜਕਾਲ ਸਮੇਂ 70-80 ਖਿਡਾਰੀਆਂ ਨੇ 'ਅਰਜੁਨ ਪੁਰਸਕਾਰ' ਪ੍ਰਾਪਤ ਕੀਤੇ | ਉਹ 2019 'ਚ ਇਸ ਅਹੁਦੇ ਤੋਂ ਸੇਵਾਮੁਕਤ ਹੋਏ | 
ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਨੂੰ  ਵੇਖਦਿਆਂ 1978 'ਚ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ  ਪਹਿਲਾ ਭੀਮ ਸੈਨ ਪੁਰਸਕਾਰ ਦਿੱਤਾ | ਭਾਰਤ ਸਰਕਾਰ ਨੇ 1978 'ਚ ਅਰਜੁਨ ਪੁਰਸਕਾਰ, 1983 'ਚ ਪਦਮਸ੍ਰੀ ਤੇ 1999 ਨੂੰ  ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ | 2015 'ਚ ਹੋਮ ਮਨਿਸਟਰੀ ਵਲੋਂ ਉਨ੍ਹਾਂ ਨੂੰ  'ਲਾਈਫ ਟਾਈਮ ਅਚੀਵਮੈਂਟ' ਪੁਰਸਕਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 'ਖੇਲ ਰਤਨ' ਤੇ ਜੂਨ 2026 'ਚ ਭਾਰਤੀ ਐਥਲੈਟਿਕਸ ਫੈਡਰੇਸ਼ਨ ਨੇ 'ਲਾਈਫ ਟਾਈਮ ਕੰਟਰੀਬਿਊਸ਼ਨ ਐਵਾਰਡ' ਦਿੱਤਾ | ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ |

-ਤਹਿ-ਸੁਨਾਮ (ਸੰਗਰੂਰ) | ਮੋਬਾਈਲ : 94631-28483

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਦੂਜੀ ਵਾਰ ਜਿੱਤਿਆ ਏਸ਼ਿਆਈ ਸੋਨ ਤਗਮਾ ਅਗਲੀ ਖ਼ਬਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ
Ad Position 24