ਖੇਡਾਂ ਦੀ ਦੁਨੀਆ 'ਚ ਕੁਝ ਕਾਮਯਾਬੀਆਂ ਸਿਰਫ਼ ਤਗਮੇ ਜਿੱਤਣ ਤੱਕ ਸੀਮਤ ਨਹੀਂ ਰਹਿੰਦੀਆਂ, ਸਗੋਂ ਉਹ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੀਆਂ ਹਨ | ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਦੀ ਧੀ ਨੀਰੂ ਢਾਂਡਾ ਦੀ ਕਹਾਣੀ ਵੀ ਅਜਿਹੀ ਹੀ ਹੈ | ਇਕ ਸਧਾਰਨ ਕਿਸਾਨ ਪਰਿਵਾਰ 'ਚ ਜਨਮੀ ਇਸ ਖਿਡਾਰਨ ਨੇ ਸੀਮਤ ਆਰਥਿਕ ਸਾਧਨਾਂ, ਮੁਸ਼ਕਿਲਾਂ ਤੇ ਸੰਘਰਸ਼ਾਂ ਨੂੰ ਪਾਰ ਕਰਦਿਆਂ ਨਿਸ਼ਾਨੇਬਾਜ਼ੀ ਦੇ ਖੇਤਰ 'ਚ ਆਪਣੀ ਵਿਸ਼ੇਸ਼ ਪਛਾਣ ਬਣਾਈ | ਉਸ ਦੇ ਪਿਤਾ ਸੁਰੇਸ਼ ਢਾਂਡਾ ਖੇਤੀਬਾੜੀ ਕਰਦੇ ਹਨ, ਜਦਕਿ ਉਸ ਦੀ ਮਾਤਾ ਸੁਦੇਸ਼ ਦੇਵੀ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਮੱਝਾਂ ਦਾ ਦੁੱਧ ਵੇਚ ਕੇ ਪਰਿਵਾਰ ਦੀ ਆਮਦਨ 'ਚ ਯੋਗਦਾਨ ਪਾਉਂਦੀ ਰਹੀ ਹੈ |

ਨੀਰੂ ਸਕੂਲ ਸਮੇਂ ਕਬੱਡੀ ਖੇਡਦੀ ਸੀ ਤੇ ਕਿਸੇ ਨੇ ਸ਼ਾਇਦ ਸੋਚਿਆ ਵੀ ਨਹੀਂ ਸੀ ਕਿ ਕਬੱਡੀ ਦੇ ਮੈਦਾਨ 'ਚ ਖੇਡਣ ਵਾਲੀ ਇਹ ਕੁੜੀ ਇਕ ਦਿਨ ਬੰਦੂਕ ਨਾਲ ਨਿਸ਼ਾਨੇ ਲਾ ਕੇ ਏਸ਼ੀਆ ਦੇ ਖੇਡ ਮੰਚ 'ਤੇ ਭਾਰਤ ਦਾ ਝੰਡਾ ਲਹਿਰਾਏਗੀ | ਨੀਰੂ ਲਈ ਸਾਲ 2018 ਅਹਿਮ ਮੋੜ ਬਣਿਆ, ਜਦੋਂ ਉਸ ਦੇ ਮਾਮੇ ਦੇ ਪੁੱਤਰ ਲਕਸ਼ੈ ਸ਼ਿਓਰਾਣ ਨੇ ਜਕਾਰਤਾ 'ਚ ਹੋਈਆਂ ਏਸ਼ੀਅਨ ਖੇਡਾਂ ਦੇ ਪੁਰਸ਼ ਟ੍ਰੈਪ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਲਕਸ਼ੈ ਦੀ ਇਸ ਪ੍ਰਾਪਤੀ ਨੇ ਨੀਰੂ ਦੇ ਮਨ 'ਚ ਵੀ ਨਿਸ਼ਾਨੇਬਾਜ਼ ਬਣਨ ਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਲਈ ਤਗਮਾ ਜਿੱਤਣ ਦਾ ਸੁਪਨਾ ਜਗਾਇਆ | ਨਿਸ਼ਾਨੇਬਾਜ਼ੀ ਮਹਿੰਗੀ ਖੇਡ ਹੈ ਤੇ ਨੀਰੂ ਦੇ ਪਰਿਵਾਰ ਲਈ ਖ਼ਰਚੇ ਚੁੱਕਣਾ ਸੌਖਾ ਨਹੀਂ ਸੀ | ਅਜਿਹੇ ਸਮੇਂ ਉਸ ਦੇ ਰਿਸ਼ਤੇਦਾਰਾਂ ਨੇ ਮਦਦ ਦਾ ਹੱਥ ਵਧਾਇਆ | ਸੋਮਵੀਰ ਸ਼ਿਓਰਾਣ ਤੇ ਲਕਸ਼ੈ ਦੀ ਸਹਾਇਤਾ ਨਾਲ ਨੀਰੂ ਨੂੰ ਨਿਸ਼ਾਨੇਬਾਜ਼ੀ 'ਚ ਆਪਣਾ ਸਫ਼ਰ ਸ਼ੁਰੂ ਕਰਨ ਦਾ ਮੌਕਾ ਮਿਲਿਆ | ਸ਼ੁਰੂਆਤ ਵਿਚ ਉਸ ਨੇ ਉਧਾਰ ਦੀ ਬੰਦੂਕ ਨਾਲ ਅਭਿਆਸ ਕੀਤਾ | ਕਈ ਵਾਰ ਖੇਤਾਂ ਵਿਚ ਟੀਨ ਦੇ ਡੱਬਿਆਂ ਨੂੰ ਨਿਸ਼ਾਨਾ ਬਣਾਇਆ | ਅਭਿਆਸ ਦੌਰਾਨ ਸੱਟਾਂ ਵੀ ਲੱਗੀਆਂ, ਪਰ ਉਸ ਨੇ ਹੌਸਲਾ ਨਾ ਹਾਰਿਆ | 2019 'ਚ ਨੀਰੂ ਮੱਧ ਪ੍ਰਦੇਸ਼ ਰਾਜ ਨਿਸ਼ਾਨੇਬਾਜ਼ੀ ਅਕੈਡਮੀ (ਭੋਪਾਲ) ਪਹੁੰਚੀ, ਜਿੱਥੇ ਉਸ ਨੂੰ ਬਿਹਤਰ ਸਹੂਲਤਾਂ ਤੇ ਸਿਖਲਾਈ ਮਿਲੀ | ਮਨਸ਼ੇਰ ਸਿੰਘ ਵਰਗੇ ਤਜਰਬੇਕਾਰ ਕੋਚ ਦੀ ਰਹਿਨੁਮਾਈ ਤੇ ਨਿਯਮਤ ਅਭਿਆਸ ਨੇ ਉਸ ਦੇ ਖੇਡ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ | ਬਾਅਦ 'ਚ ਭਾਰਤੀ ਫੌਜ ਦੇ ਮਾਰਕਸਮੈਨਸ਼ਿਪ ਯੂਨਿਟ ਨਾਲ ਜੁੜਨ ਨਾਲ ਵੀ ਉਸ ਨੂੰ ਆਪਣੇ ਹੁਨਰ ਨੂੰ ਹੋਰ ਵਿਕਸਤ ਕਰਨ ਦਾ ਮੌਕਾ ਮਿਲਿਆ | 2022 'ਚ ਦੱਖਣੀ ਕੋਰੀਆ ਦੇ ਚਾਂਗਵੋਨ ਵਿਖੇ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ 'ਚ ਉਸ ਨੇ 13ਵਾਂ ਸਥਾਨ ਹਾਸਲ ਕੀਤਾ | ਇਸੇ ਸਾਲ ਕ੍ਰੋਏਸ਼ੀਆ ਦੇ ਓਸੀਜੇਕ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਭਾਰਤ ਦੀ ਨੁਮਾਇੰਦਗੀ ਕੀਤੀ | ਸਾਲ 2025 'ਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਉਸ ਨੇ ਆਪਣੀ ਸਮਰੱਥਾ ਦਾ ਹੋਰ ਮਜ਼ਬੂਤ ਸਬੂਤ ਦਿੱਤਾ | 2026 'ਚ ਇਟਲੀ ਦੇ ਲੋਨਾਟੋ ਵਿਖੇ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ 'ਚ ਮਹਿਲਾ ਵਿਅਕਤੀਗਤ ਟ੍ਰੈਪ ਮੁਕਾਬਲੇ ਦਾ ਸੋਨ ਤਗਮਾ ਜਿੱਤਣਾ ਉਸ ਦੇ ਕਰੀਅਰ ਦੀ ਇਕ ਹੋਰ ਵੱਡੀ ਪ੍ਰਾਪਤੀ ਬਣੀ | ਇਸ ਜਿੱਤ ਨਾਲ ਉਹ ਵਿਸ਼ਵ ਕੱਪ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ |
ਨੀਰੂ ਢਾਂਡਾ ਦੇ ਖੇਡ ਜੀਵਨ ਦਾ ਸਭ ਤੋਂ ਯਾਦਗਾਰੀ ਅਧਿਆਇ 2026 ਦੀਆਂ ਏਸ਼ੀਅਨ ਖੇਡਾਂ ਨਾਲ ਜੁੜਿਆ ਹੈ | ਜਪਾਨ ਦੇ ਆਇਚੀ-ਨਾਗੋਯਾ ਵਿਚ ਹੋਏ ਇਨ੍ਹਾਂ ਮੁਕਾਬਲਿਆਂ 'ਚ ਉਸ ਨੇ ਤਿੰਨ ਤਗਮੇ ਜਿੱਤ ਕੇ ਭਾਰਤੀ ਨਿਸ਼ਾਨੇਬਾਜ਼ੀ ਵਿਚ ਆਪਣਾ ਨਾਮ ਸੁਨਹਿਰੀ ਅੱਖਰਾਂ 'ਚ ਦਰਜ ਕਰਾਇਆ | ਮਹਿਲਾ ਵਿਅਕਤੀਗਤ ਟ੍ਰੈਪ ਮੁਕਾਬਲੇ ਵਿਚ ਨੀਰੂ ਨੇ ਫਾਈਨਲ ਦੌਰਾਨ 30 'ਚੋਂ 28 ਨਿਸ਼ਾਨੇ ਸਹੀ ਲਾ ਕੇ ਸੋਨ ਤਗਮਾ ਜਿੱਤਿਆ | ਇਸ ਪ੍ਰਾਪਤੀ ਨਾਲ ਉਹ ਏਸ਼ੀਅਨ ਖੇਡਾਂ 'ਚ ਮਹਿਲਾ ਵਿਅਕਤੀਗਤ ਟ੍ਰੈਪ ਮੁਕਾਬਲੇ ਦਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ | ਉਸ ਨੇ ਮਹਿਲਾ ਟੀਮ ਟ੍ਰੈਪ ਮੁਕਾਬਲੇ 'ਚ ਆਸ਼ਿਮਾ ਅਹਲਾਵਤ ਤੇ ਮਨੀਸ਼ਾ ਕੀਰ ਨਾਲ ਮਿਲ ਕੇ ਚਾਂਦੀ ਦਾ ਤਗਮਾ ਜਿੱਤਿਆ | ਇਸ ਤੋਂ ਇਲਾਵਾ ਕਿਨਨ ਚੇਨਾਈ ਨਾਲ ਮਿਕਸਡ ਟੀਮ ਟ੍ਰੈਪ ਮੁਕਾਬਲੇ 'ਚ ਸੋਨ ਤਗਮਾ ਹਾਸਲ ਕੀਤਾ | ਇਸ ਤਰ੍ਹਾਂ ਨੀਰੂ ਨੇ ਇਕੋ ਏਸ਼ੀਅਨ ਖੇਡਾਂ 'ਚ ਦੋ ਸੋਨ ਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ |
ਇਸ ਸਫ਼ਲਤਾ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਮੁਕਾਬਲਿਆਂ ਤੋਂ ਪਹਿਲਾਂ ਨੀਰੂ ਬਿਮਾਰ ਹੋ ਗਈ ਸੀ ਤੇ ਉਸ ਨੂੰ ਹਸਪਤਾਲ ਵਿਚ ਵੀ ਰਹਿਣਾ ਪਿਆ ਸੀ | ਬਿਮਾਰੀ ਕਾਰਨ ਉਸ ਦਾ ਅਭਿਆਸ ਪ੍ਰਭਾਵਿਤ ਹੋਇਆ, ਪਰ ਉਸ ਨੇ ਹੌਸਲਾ ਨਹੀਂ ਹਾਰਿਆ | ਉਸ ਨੇ ਆਪਣੀ ਇਕਾਗਰਤਾ ਤੇ ਆਤਮਵਿਸ਼ਵਾਸ ਨੂੰ ਕਾਇਮ ਰੱਖਦਿਆਂ ਮੁਸ਼ਕਿਲ ਹਾਲਾਤ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸ ਦੀ ਇਹ ਪ੍ਰਾਪਤੀ ਦੱਸਦੀ ਹੈ ਕਿ ਸਰੀਰਕ ਤਿਆਰੀ ਦੇ ਨਾਲ ਮਾਨਸਿਕ ਮਜ਼ਬੂਤੀ ਵੀ ਖੇਡਾਂ ਵਿਚ ਜਿੱਤ ਲਈ ਬੇਹੱਦ ਜ਼ਰੂਰੀ ਹੈ | ਭਾਰਤੀ ਫੌਜ ਨਾਲ ਜੁੜੀ ਨੀਰੂ ਲਈ ਹੁਣ ਅੱਗੇ ਵਧਣ ਦੇ ਨਵੇਂ ਰਾਹ ਖੁੱਲ੍ਹੇ ਹਨ ਤੇ ਉਸ ਦਾ ਅਗਲਾ ਵੱਡਾ ਸੁਪਨਾ ਉਲੰਪਿਕ ਵਿਚ ਦੇਸ਼ ਲਈ ਤਗਮਾ ਜਿੱਤਣਾ ਹੈ |
-ਸੰਪਰਕ : 8360564449