28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਿਨਾਂ ਗੋਲ ਹਾਕੀ ਬੇਮਾਅਨੇ

ਬਿਨਾਂ ਗੋਲ ਹਾਕੀ ਬੇਮਾਅਨੇ

Ad Position 21
No active advertisement
ਅਜੀਤ ਡੈਸਕ 29-09-2026

ਅਸਲ ਵਿਚ ਗੋਲ, ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ—ਨਿਸ਼ਾਨਾ, ਟੀਚਾ ਜਾਂ ਉਦੇਸ਼ | ਗੋਲ ਸ਼ਬਦ ਪੰਜਾਬੀ ਭਾਸ਼ਾ ਵਿਚ ਇਸ ਤਰ੍ਹਾਂ ਘੁਲ-ਮਿਲ ਗਿਆ ਹੈ, ਜਿਸ ਤਰ੍ਹਾਂ ਆਟੇ ਵਿਚ ਲੂਣ | ਜਦੋਂ ਕੋਈ ਦੌੜਾਕ ਆਪਣੀ ਨਿਸਚਿਤ ਦੌੜ ਪੂਰੀ ਕਰ ਲੈਂਦਾ ਹੈ ਤਾਂ ਉਸ ਵੇਲੇ ਦੌੜ ਸਮਾਪਤ ਹੋਣ ਵਾਲੀ ਥਾਂ ਨੂੰ  ਗੋਲ ਕਿਹਾ ਜਾਂਦਾ ਹੈ | ਹਾਕੀ ਖੇਡ ਵਿਚ ਗੋਲ ਨੂੰ  ਇਕ ਵਿਸ਼ੇਸ਼ ਸਥਾਨ ਪ੍ਰਾਪਤ ਹੈ ਕਿਉਂਕਿ ਬਿਨਾਂ ਗੋਲ ਸਕੋਰ ਕੀਤਿਆਂ, ਹਾਕੀ ਬੇਮਾਅਨੇ ਹੈ, ਵਿਅਰਥ ਹੈ | ਹਾਕੀ ਖੇਡ ਵਿਚ ਗੋਲ ਲਾਈਨ 'ਤੇ ਗੋਲ ਕੀਪਰ, ਗੋਲੀ ਜਾਂ ਗੋਲਚੀ ਖੜ੍ਹਾ ਹੁੰਦਾ ਹੈ, ਜਿਸ ਦਾ ਮੁੱਖ ਉਦੇਸ਼ ਗੇਂਦ ਨੂੰ  ਗੋਲ ਲਾਈਨ ਦੇ ਅੰਦਰ ਜਾਣੋਂ ਰੋਕਣਾ ਹੈ | ਗੋਲਕੀਪਰ ਹਾਕੀ ਦੀ 60 ਮਿੰਟਾਂ ਦੀ ਖੇਡ ਦੌਰਾਨ, ਹਰ ਪਲ ਚੌਕੰਨਾ ਅਤੇ ਹੁਸ਼ਿਆਰ ਰਹਿੰਦਾ ਹੈ ਤਾਂ ਜੋ ਕੋਈ ਵਿਰੋਧੀ ਖਿਡਾਰੀ, ਉਸ ਵਿਰੁੱਧ ਕੋਈ ਗੋਲ ਨਾ ਕਰ ਸਕੇ | ਇਸ ਤੱਥ ਤੋਂ ਸਾਰੇ ਜਾਣੂ ਹਨ ਕਿ ਹਾਕੀ ਖੇਡ ਦੌਰਾਨ ਕਿਸੇ ਵਿਸ਼ੇਸ਼ ਥਾਂ 'ਤੇ ਕੋਈ ਦੋ ਟੀਮਾਂ ਆਪਸ ਵਿਚ ਖੇਡਦੀਆਂ ਹਨ ਅਤੇ ਦੋਵਾਂ ਟੀਮਾਂ ਵਿਚ ਗਿਆਰਾਂ-ਗਿਆਰਾਂ ਖਿਡਾਰੀ ਆਪਣੇ ਹਾਕੀ ਖੇਡ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ | ਆਮ ਤੌਰ 'ਤੇ ਜਦੋਂ ਕਿਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਕੀ ਮੈਚ ਹੁੰਦਾ ਹੈ ਤਾਂ ਇਸ ਖੇਡ ਦਾ ਆਨੰਦ ਮਾਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਇਕੱਠੇ ਹੋ ਕੇ ਹਾਕੀ ਖੇਡ ਰਹੇ ਖਿਡਾਰੀਆਂ ਨੂੰ  ਹੱਲਾਸ਼ੇਰੀ ਦਿੰਦੇ ਹੋਏ ਆਪਣਾ ਮਨੋਰੰਜਨ ਕਰਦੇ ਹਨ | ਪੰ੍ਰਤੂ ਹਾਕੀ ਖੇਡ ਦਾ ਆਨੰਦ ਉਦੋਂ ਹੀ ਆਉਂਦਾ ਹੈ ਜਦੋਂ ਕੋਈ ਖਿਡਾਰੀ ਗੋਲ ਸਕੋਰ ਕਰਦਾ ਹੈ | ਖੇਡ ਦੇਖਣ ਦਾ ਸੁਆਦ ਉਸ ਵੇਲੇ ਹੋਰ ਵੀ ਵੱਧ ਜਾਂਦਾ ਹੈ ਜਦੋਂ ਦੂਜੀ ਧਿਰ ਗੋਲ ਉਤਾਰ ਕੇ 1-1 ਡਰਾਅ ਕਰਦੀ ਹੈ | ਦਰਸ਼ਕ ਖੇਡ ਦਾ ਸੁਆਦ ਲੈਂਦੇ ਹੋਏ ਰੌਲਾ-ਰੱਪਾ ਪਾਉਂਦੇ ਹਨ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਆਖਦੇ ਹਨ ਕਿ ਸਕੋਰ ਵਧਾਉਣ ਲਈ ਹੋਰ ਗੋਲ ਕਰੋ | ਇਸ ਤਰ੍ਹਾਂ ਖਿਡਾਰੀਆਂ ਵਲੋਂ ਗੋਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਵੱਧ ਗੋਲ ਕਰਨ ਵਾਲੀ ਟੀਮ ਦੇ ਸਿਰ ਜਿੱਤ ਦਾ ਸਿਹਰਾ ਬੱਝਦਾ ਹੈ |

ਨਿਰਸੰਦੇਹ ਗੋਲਾਂ ਨਾਲ ਹੀ ਹਾਕੀ ਖੇਡ ਦੀ ਸ਼ਾਨ ਬਣਦੀ ਹੈ ਅਤੇ ਵਧਦੀ ਹੈ | ਹਾਕੀ ਵਿਚ ਗੋਲ ਵੰਨ-ਸੁਵੰਨੇ, ਹਲਕੇ-ਜਬਰਦਸਤ, ਵਧੀਆ-ਬਹੁਤ ਵਧੀਆ, ਕਦੇ ਇਕ-ਅੱਧਾ ਤੇ ਕਦੇ ਹੈਟਿ੍ਕਾਂ, ਕਦੇ 0-0 ਡਰਾਅ ਅਤੇ ਕਦੇ-ਕਦੇ ਤਾਂ ਗੋਲਾਂ ਦੀ ਝੜੀ ਹੀ ਲੱਗ ਜਾਂਦੀ ਹੈ | ਮਿਸਾਲ ਵਜੋਂ ਭਾਰਤ ਨੇ 1932 ਦੀਆਂ ਲਾਸਏਾਜਲਸ ਉਲੰਪਿਕ ਖੇਡਾਂ ਵਿਚ ਅਮਰੀਕਾ ਨੂੰ  24-1 ਗੋਲਾਂ 'ਤੇ ਹਰਾਇਆ ਸੀ | 1996 ਦੀਆਂ ਅਟਲਾਂਟਾ ਉਲੰਪਿਕ ਖੇਡਾਂ ਵਿਚ ਭਾਰਤ-ਪਾਕਿਸਤਾਨ 0-0 ਡਰਾਅ ਖੇਡੇ ਸਨ | 2000 ਦੀਆਂ ਸਿਡਨੀ ਉਲੰਪਿਕ ਖੇਡਾਂ ਦੌਰਾਨ ਇਕ ਅਤਿ ਮਹੱਤਵਪੂਰਨ ਮੈਚ ਵਿਚ ਭਾਰਤ ਅਤੇ ਪੋਲੈਂਡ 1-1 ਗੋਲਾਂ ਦੀ ਬਰਾਬਰੀ 'ਤੇ ਰਹੇ ਅਤੇ ਇਹ ਬਰਾਬਰੀ ਭਾਰਤ ਨੂੰ  ਬੜੀ ਮਹਿੰਗੀ ਪਈ ਕਿਉਂਕਿ ਇਸ ਕਾਰਨ ਭਾਰਤ ਸੈਮੀਫਾਈਨਲ ਵਿਚ ਪੁੱਜਣੋਂ ਖੁੰਝ ਗਿਆ | ਯਾਦ ਰਹੇ ਇਸ ਡਰਾਅ ਨਾਲ ਖੇਡ ਪ੍ਰੇਮੀਆਂ ਨੂੰ  ਬਡੀ ਮਾਯੂਸੀ ਹੋਈ ਸੀ |
ਹਾਕੀ ਖੇਡ ਦੌਰਾਨ ਕੀਤੇ ਜਾਣ ਵਾਲੇ ਗੋਲ ਮੋਟੇ ਤੌਰ 'ਤੇ ਪੰਜ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ: (ੳ) ਫੀਲਡ ਗੋਲ : ਫੀਲਡ, ਮੈਦਾਨੀ ਜਾਂ ਡਾਇਰੈਕਟ ਗੋਲ ਇਕੋ ਹੀ ਗੱਲ ਹੈ | (ਅ) ਇਨਡਾਇਰੈਕਟ ਫੀਲਡ ਗੋਲ : ਇਸ ਤਰ੍ਹਾਂ ਦੇ ਗੋਲ ਨੂੰ  ਰੀਬਾਊਾਡ, ਪ੍ਰਤੀਘਾਤ, ਉਲਟਾ ਜਾਂ ਡਿਫਲੈਕਸਨ ਗੋਲ ਵੀ ਕਿਹਾ ਜਾਂਦਾ ਹੈ | (ੲ) ਪੈਨਲਟੀ ਕਾਰਨਰ ਕਨਵਰਸ਼ਨ ਗੋਲ : ਪੈਨਲਟੀ ਕਾਰਰਨ ਨੂੰ  ਗੋਲ ਵਿਚ ਬਦਲਣ ਦੀ ਪ੍ਰਕਿਰਿਆ ਨੂੰ  ਪੈਨਲਟੀ ਕਾਰਨਰ ਕਨਵਰਸ਼ਨ ਗੋਲ ਕਹਿੰਦੇ ਹਨ | ਇਸ ਨੂੰ  ਡ੍ਰੈਗ ਫਲਿਕਿੰਗ ਗੋਲ ਵੀ ਆਖਦੇ ਹਨ | ਇਸ ਪ੍ਰਕਿਰਿਆ ਅਧੀਨ ਖਿਡਾਰੀ ਗੇਂਦ ਨੂੰ  ਧੂ ਕੇ ਜਾਂ ਘਸੀਟ ਕੇ ਗੋਲ ਕਰਦਾ ਹੈ | (ਸ) ਪੈਨਲਟੀ ਸਟ੍ਰੋਕ ਗੋਲ : ਜਦੋਂ ਕੋਈ ਖਿਡਾਰੀ ਵਿਰੋਧੀ ਖਿਡਾਰੀ ਨੂੰ  ਜਾਣ-ਬੁੱਝ ਕੇ 'ਡੀ' ਅੰਦਰ ਗੋਲ ਕਰਨ ਤੋਂ ਰੋਕੇ ਅਤੇ ਖਤਰਨਾਕ ਢੰਗ ਅਪਣਾਵੇ ਤਾਂ ਉਸ ਸਥਿਤੀ ਵਿਚ ਅੰਪਾਇਰ ਪੈਨਲਟੀ ਸਟ੍ਰੋਕ ਦਿੰਦਾ ਹੈ | ਇਸ ਤਰ੍ਹਾਂ ਦੇ ਗੋਲ ਨੂੰ  ਪੈਨਲਟੀ ਸਟ੍ਰੋਕ ਗੋਲ ਆਖਦੇ ਹਨ | (ਹ) ਪੈਨਲਟੀ ਸ਼ੂਟਆਊਟ ਗੋਲ : ਜਦ ਕਦੇ ਦੋਵੇਂ ਟੀਮਾਂ ਬਰਾਬਰ ਰਹਿ ਜਾਣ ਤਾਂ ਪੈਨਲਟੀ ਸ਼ੂਟਆਊਟ ਨਿਯਮ ਲਾਗੂ ਕੀਤਾ ਜਾਂਦਾ ਹੈ | ਇਸ ਪ੍ਰਕਿਰਿਆ ਅਧੀਨ ਜਿਹੜੀ ਟੀਮ ਜ਼ਿਆਦਾ ਗੋਲ ਕਰਦੀ ਹੈ, ਉਸ ਨੂੰ  ਜੇਤੂ ਘੋਸ਼ਿਤ ਕੀਤਾ ਜਾਂਦਾ ਹੈ | ਇਹੋ ਜਿਹੇ ਗੋਲਾਂ ਨੂੰ  ਪੈਨਲਟੀ ਸ਼ੂਟ ਆਊਟ ਗੋਲ ਕਿਹਾ ਜਾਂਦਾ ਹੈ | 
ਅਖੀਰ ਵਿਚ ਜ਼ਿਕਰਯੋਗ ਹੈ ਕਿ ਇਸ ਵੇਲੇ ਜਾਪਾਨ ਦੇ ਨਾਗੋਆ ਵਿਚ 20ਵੀਆਂ ਏਸ਼ਿਆਈ ਖੇਡਾਂ ਹੋ ਰਹੀਆਂ ਹਨ, ਜਿਥੇ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੂੰ  ਆਪਣੇ ਜੌਹਰ ਦਿਖਾ ਰਹੀਆਂ ਹਨ | ਆਸ ਕੀਤੀ ਜਾਂਦੀ ਹੈ ਕਿ ਇਹ ਦੋਵੇਂ ਟੀਮਾਂ, ਵਿਰੋਧੀ ਟੀਮਾਂ ਸਿਰ ਵੱਧ ਤੋਂ ਵੱਧ ਗੋਲ ਕਰਕੇ ਗੋਲਡ ਮੈਡਲ ਜਿੱਤ ਕੇ ਲਿਆਉਣਗੀਆਂ |

-ਕੋਠੀ ਨੰ: 2101, ਫੇਜ਼-7, ਮੋਹਾਲੀ |
ਮੋਬਾਈਲ : 99140-22101

Ad Position 22
No active advertisement
ਪਿਛਲੀ ਖ਼ਬਰ ਚੜ੍ਹਾਵਾ ਚੋਰੀ ਦਾ ਮਾਮਲਾ ਅਜੇ ਠੰਢਾ ਪੈਣ ਦੀ ਸੰਭਾਵਨਾ ਨਹੀਂ ਅਗਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਦੂਜੀ ਵਾਰ ਜਿੱਤਿਆ ਏਸ਼ਿਆਈ ਸੋਨ ਤਗਮਾ
Ad Position 24