ਹਾਲ ਹੀ 'ਚ ਜਪਾਨ ਵਿਚ ਹੋਈਆਂ ਏਸ਼ੀਅਨ ਪੈਰਾ ਗੇਮਜ਼-2026 ਵਿਚ ਭਾਰਤ ਲਈ ਹਿਮਾਚਲ ਦੇ ਨਿਸ਼ਾਦ ਕੁਮਾਰ ਨੇ ਅਥਲੈਟਿਕਸ (ਪੁਰਸ਼) ਦੇ ਟੀ-47 (ਉਪਰੀ ਅੰਗਾਂ ਦੀ ਅਪੰਗਤਾ) ਗਰੁੱਪ 'ਚ 2.04 ਮੀਟਰ ਉੱਚੀ ਛਾਲ ਲਾ ਕੇ ਨਾ ਕੇਵਲ ਸੋਨ ਤਮਗਾ ਜਿੱਤਿਆ, ਸਗੋਂ ਏਸ਼ਿਆਈ ਪੈਰਾ ਖੇਡਾਂ ਦਾ ਨਵਾਂ ਰਿਕਾਰਡ ਵੀ ਆਪਣੇ ਨਾਂਅ ਕੀਤਾ | ਨਿਸ਼ਾਦ ਨੇ 1.88 ਮੀਟਰ, 1.94 ਮੀਟਰ, 2.02 ਮੀਟਰ ਉੱਚੀ ਛਾਲ ਲਾਉਣ ਤੋਂ ਬਾਅਦ ਆਪਣੀ ਲੈਅ ਅਨੁਸਾਰ 2.04 ਮੀਟਰ ਉੱਚੀ ਛਾਲ ਲਾ ਕੇ ਸੋਨ ਤਗਮਾ ਜਿੱਤਿਆ | ਇਸ ਤੋਂ ਪਹਿਲਾਂ ਇਹ ਰਿਕਾਰਡ ਥਾਈਲੈਂਡ ਦੇ ਅੰਗਕਰਣ ਚਨਾਬੂਨ ਦੇ ਨਾਂਅ 2.01 ਮੀਟਰ ਉੱਚੀ ਛਾਲ ਦਾ ਸੀ, ਜਿਸ ਨੇ ਇਹ ਰਿਕਾਰਡ ਜਕਾਰਤਾ ਦੀਆਂ 2018 ਏਸ਼ਿਆਈ ਪੈਰਾ ਖੇਡਾਂ 'ਚ ਕਾਇਮ ਕੀਤਾ ਸੀ | ਨਿਸ਼ਾਦ ਅਜਿਹਾ ਤੀਜਾ ਭਾਰਤੀ ਪੈਰਾ ਖਿਡਾਰੀ ਬਣ ਗਿਆ ਹੈ, ਜਿਸ ਨੇ ਇਕੋ ਪੈਰਾ ਏਸ਼ਿਆਈ ਖੇਡਾਂ 'ਚ ਦੋ ਸੋਨ ਤਗਮੇ ਜਿੱਤੇ ਹੋਣ | ਲੰਬੀ ਛਾਲ ਦੇ ਮੁਕਾਬਲੇ 'ਚ ਨਿਸ਼ਾਦ ਨੇ 7.11 ਮੀਟਰ ਲੰਬੀ ਛਾਲ ਲਾ ਕੇ ਇਹ ਸੋਨ ਤਗਮਾ ਆਪਣੇ ਨਾਂਅ ਕੀਤਾ |

ਹਿਮਾਚਲ ਦੇ ਜ਼ਿਲ੍ਹਾ ਅੰਬ ਦੇ ਪਿੰਡ ਬਦਾਉਂ ਦੇ ਕਿਸਾਨ ਰਛਪਾਲ ਸਿੰਘ ਤੇ ਮਾਤਾ ਪੁਸ਼ਪਾ ਦੇਵੀ ਦੇ ਸਪੁੱਤਰ ਨਿਸ਼ਾਦ ਦਾ ਇੱਥੋਂ ਤੱਕ ਦਾ ਸਫ਼ਰ ਆਰਥਿਕ ਤੇ ਸਰੀਰਕ ਰੂਪ 'ਚ ਬੇਹੱਦ ਸੰਘਰਸ਼ਮਈ ਰਿਹਾ | ਅਕਤੂਬਰ 1999 'ਚ ਜਨਮੇ ਨਿਸ਼ਾਦ ਦੀ ਮਹਿਜ਼ ਛੇ ਸਾਲ ਦੀ ਉਮਰ 'ਚ ਟੋਕੇ ਵਾਲੀ ਮਸ਼ੀਨ ਵਿਚ ਆਉਣ ਕਾਰਨ ਸੱਜੀ ਬਾਂਹ ਕੱਟੀ ਗਈ ਸੀ | ਨਿਸ਼ਾਦ ਦੀ ਖੇਡਾਂ 'ਚ ਦਿਲਚਸਪੀ ਆਪਣੀ ਸੁਰਤ ਸੰਭਾਲਣ ਸਮੇਂ ਤੋਂ ਹੀ ਸੀ | ਇਕ ਕਾਰਨ ਉਸ ਦੀ ਮਾਂ ਪੁਸ਼ਪਾ ਦੇਵੀ ਦਾ ਰਾਜ ਪੱਧਰ ਤੱਕ ਦੀ ਖਿਡਾਰਨ ਰਹੀ ਹੋਣਾ ਵੀ ਸੀ | ਨਿਸ਼ਾਦ ਵੱਖ-ਵੱਖ ਖੇਡਾਂ 'ਚ ਹਿੱਸਾ ਲੈਂਦਾ ਰਿਹਾ | 2009 ਵਿਚ ਉਸ ਨੇ ਅਥਲੈਟਿਕਸ ਨੂੰ ਆਪਣੀ ਖੇਡ ਦੇ ਰੂਪ 'ਚ ਚੁਣ ਲਿਆ | ਉਸਨੇ ਦੌੜ, ਉੱਚੀ ਤੇ ਲੰਬੀ ਛਾਲ ਨੂੰ ਅਪਣਾਉਂਦਿਆਂ ਇਨ੍ਹਾਂ ਦਾ ਅਭਿਆਸ ਸ਼ੁਰੂ ਕੀਤਾ | ਸ਼ੁਰੂ 'ਚ ਸਾਧਨਾਂ ਦੀ ਘਾਟ ਕਾਰਨ ਟੀ.ਵੀ. ਤੋਂ ਖੇਡ ਤਕਨੀਕਾਂ ਸਿੱਖਣ ਦੀ ਕੋਸ਼ਿਸ਼ ਕਰਦਾ | ਆਮ ਖੇਡਾਂ 'ਚ ਆਮ ਖਿਡਾਰੀਆਂ ਨਾਲ ਖੇਡਦਿਆਂ ਉਸ ਨੂੰ ਪਹਿਲੀ ਵੱਡੀ ਸਫਲਤਾ 2013 ਦੀਆਂ ਰਾਸ਼ਟਰੀ ਸਕੂਲ ਖੇਡਾਂ 'ਚ ਚਾਂਦੀ ਦੇ ਤਗਮੇ ਦੇ ਰੂਪ 'ਚ ਮਿਲੀ | ਇਸ ਪ੍ਰਾਪਤੀ ਨੇ ਉਸ ਨੂੰ ਹੋਰ ਉਤਸ਼ਾਹਿਤ ਕੀਤਾ | ਉਸ ਦੇ ਖੇਡ ਜੀਵਨ 'ਚ ਵੱਡਾ ਮੋੜ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ 'ਚ ਦਾਖਲ ਹੋਣ ਤੋਂ ਬਾਅਦ ਆਇਆ | ਉਸ ਨੇ ਪੈਰਾ ਅਥਲੀਟ ਦੇ ਰੂਪ 'ਚ ਹਿੱਸਾ ਲੈਣਾ ਸ਼ੁਰੂ ਕੀਤਾ | ਇੱਥੇ ਪੈਰਾ ਖੇਡਾਂ ਦੀ ਤਿਆਰੀ ਲਈ ਉਸ ਨੂੰ ਕੋਚ ਨਸੀਮ ਅਹਿਮਦ ਤੇ ਵਿਕਰਮ ਚੌਧਰੀ ਵਰਗੇ ਤਜਰਬੇਕਾਰ ਕੋਚਾਂ ਦੀ ਅਗਵਾਈ ਮਿਲੀ | ਪੇਸ਼ੇਵਰ ਤਰੀਕੇ ਨਾਲ ਪੈਰਾ ਖੇਡਾਂ ਦੀ ਟੀ-47 ਕੈਟਾਗਰੀ 'ਚ ਖੇਡਦਿਆਂ 2017 ਵਿਚ ਪੰਚਕੂਲਾ ਵਿਖੇ ਹੋਈ ਰਾਸ਼ਟਰੀ ਚੈਂਪੀਅਨਸਿਪ ਵਿਚ ਉਸ ਨੇ 1.83 ਮੀਟਰ ਉੱਚੀ ਛਾਲ ਲਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ | 2019 'ਚ ਅੰਤਰਰਾਸ਼ਟਰੀ ਪੈਰਾ ਖੇਡਾਂ 'ਚ ਦੁਬਈ ਵਿਚ ਹੋਈ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਉਸ ਨੇ ਨਾ ਕੇਵਲ ਕਾਂਸੀ ਦਾ ਤਗਮਾ ਜਿੱਤਿਆ, ਸਗੋਂ 2020 'ਚ ਹੋਣ ਵਾਲੀਆਂ ਟੋਕੀਓ ਪੈਰਾ ਉਲੰਪਿਕ ਲਈ ਵੀ ਆਪਣੀ ਥਾਂ ਬਣਾਈ, ਜਿਸ ਵਿਚ ਉਸ ਨੇ 2.06 ਮੀਟਰ ਉੱਚੀ ਛਾਲ ਲਾ ਕੇ ਚਾਂਦੀ ਦਾ ਤਗਮਾ ਜਿੱਤਿਆ | 2022 ਦੀਆਂ ਚੀਨ ਦੇ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ 'ਚ ਪੁਰਸ਼ਾਂ ਦੇ ਟੀ-47 ਵਰਗ ਵਿਚ 2.02 ਮੀਟਰ ਉੱਚੀ ਛਾਲ ਲਾ ਕੇ ਨਿਸ਼ਾਦ ਨੇ ਸੋਨ ਤਗਮਾ ਪ੍ਰਾਪਤ ਕੀਤਾ | ਇਹ ਉਸ ਦਾ ਅੰਤਰਰਾਸ਼ਟਰੀ ਪੱਧਰ 'ਤੇ ਪਹਿਲਾ ਸੋਨ ਤਗਮਾ ਸੀ | ਉਸ ਨੇ 2023 ਦੀ ਪੈਰਿਸ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸਿਪ 'ਚ 2.09 ਮੀਟਰ ਉੱਚੀ ਛਾਲ ਲਾ ਕੇ ਚਾਂਦੀ ਦਾ ਤਗਮਾ, 2024 'ਚ ਜਪਾਨ ਦੇ ਕੋਬੇ 'ਚ ਵਿਸ਼ਵ ਪੈਰਾ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਤੇ 2024 'ਚ ਪੈਰਿਸ ਵਿਚ ਹੀ ਪੈਰਾ ਉਲੰਪਿਕ ਖੇਡਾਂ ਦੌਰਾਨ 2.04 ਮੀਟਰ ਉੱਚੀ ਨਾਲ ਚਾਂਦੀ ਦਾ ਤਗਮਾ ਜਿੱਤਿਆ | 2025 ਵਿਚ ਦਿੱਲੀ ਵਿਖੇ ਹੋਈ ਵਿਸ਼ਵ ਪੈਰਾ ਚੈਂਪੀਅਨਸ਼ਿਪ 'ਚ 2.14 ਮੀਟਰ ਉੱਚੀ ਛਾਲ ਲਾ ਕੇ ਉਸ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ |
ਭਾਵੇਂ ਪੈਰਾ ਅਥਲੈਟਿਕਸ ਵਿਚ ਉੱਚੀ ਤੇ ਲੰਬੀ ਛਾਲ ਤਕਨੀਕ ਤੇ ਗਤੀ ਪੱਖੋਂ ਵੱਖ-ਵੱਖ ਖੇਡ ਮੁਕਾਬਲੇ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਮੁਕਾਬਲਿਆਂ 'ਚ ਸੋਨ ਤਗਮੇ ਜਿੱਤਣਾ ਸ਼ਾਨਦਾਰ ਪ੍ਰਾਪਤੀ ਹੈ ਤੇ ਨਿਸ਼ਾਦ ਨੇ ਇਸ ਪ੍ਰਾਪਤੀ ਨਾਲ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਂਅ ਦੇਸ਼-ਦੁਨੀਆ 'ਚ ਰੌਸ਼ਨ ਕੀਤਾ ਹੈ |
-ਪਿੰਡ ਤੇ ਡਾਕ–ਆਦਮਕੇ, ਮਾਨਸਾ |
ਮੋਬਾਈਲ : 81469-24800