28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਰਤੀ ਮਹਿਲਾ ਕ੍ਰਿਕਟਰਾਂ ਨੇ ਦੂਜੀ ਵਾਰ ਜਿੱਤਿਆ ਏਸ਼ਿਆਈ ਸੋਨ ਤਗਮਾ

ਭਾਰਤੀ ਮਹਿਲਾ ਕ੍ਰਿਕਟਰਾਂ ਨੇ ਦੂਜੀ ਵਾਰ ਜਿੱਤਿਆ ਏਸ਼ਿਆਈ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 29-09-2026

ਜਪਾਨ 'ਚ ਪਹਿਲਾ ਰਿਕਾਰਡਡ ਕ੍ਰਿਕਟ ਮੈਚ 163 ਸਾਲ ਪਹਿਲਾਂ ਯੋਕੋਹਾਮਾ 'ਚ ਖੇਡਿਆ ਗਿਆ ਸੀ, ਪਰ ਇਸ ਟੈਕ-ਸੈਵੀ ਦੇਸ਼ 'ਚ ਇਹ ਖੇਡ ਕਦੇ ਵੀ ਜਪਾਨੀਆਂ ਦੇ ਦਿਲਾਂ 'ਚ ਘਰ ਨਾ ਬਣਾ ਸਕੀ | ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਪਾਨ ਕ੍ਰਿਕਟ ਐਸੋਸੀਏਸ਼ਨ 'ਚ ਸਿਰਫ 7,300 ਖਿਡਾਰੀ ਰਜਿਸਟਰਡ ਹਨ, ਜੋ ਜਪਾਨ ਦੀ ਕੁੱਲ ਆਬਾਦੀ ਦਾ ਸਿਰਫ 0.00593 ਫ਼ੀਸਦੀ ਹਿੱਸਾ ਹੈ | ਇਸ ਦੇ ਬਾਵਜੂਦ ਜਪਾਨ ਆਪਣੇ ਦੇਸ਼ 'ਚ ਕ੍ਰਿਕਟ ਨੂੰ  ਉਤਸ਼ਾਹਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ | ਨਤੀਜਾ ਇਹ ਹੋਇਆ ਕਿ 22 ਸਤੰਬਰ 2026 ਨੂੰ  ਜਪਾਨ ਦੇ ਸਾਨੋ 'ਚ ਇਕ ਸੁਜ਼ੂਕੀ ਕੱਪ ਲਈ ਖੇਡੇ ਗਏ ਇਕ ਮੈਚ ਵਿਚ 'ਮੈਨ ਇਨ ਬਲੂ' ਜਪਾਨ ਖ਼ਿਲਾਫ਼ ਕੇਲੇ ਦੇ ਛਿਲਕੇ 'ਤੇ ਫਿਸਲਣ ਤੋਂ ਵਾਲ-ਵਾਲ ਬਚੇ | ਦੋ ਦਿਨਾਂ ਦੀ ਲਗਾਤਾਰ ਬਾਰਿਸ਼ ਕਾਰਨ ਮੈਚ ਨੂੰ  5-5 ਓਵਰਾਂ ਦਾ ਕਰ ਦਿੱਤਾ ਗਿਆ ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 32 ਦੌੜਾਂ ਬਣਾਈਆਂ | ਜਵਾਬ 'ਚ ਜਪਾਨ ਵਾਈਡ ਬਾਲ ਵਿਵਾਦ ਕਾਰਨ 3 ਵਿਕਟਾਂ ਦੇ ਨੁਕਸਾਨ 'ਤੇ 30 ਦੌੜਾਂ ਬਣਾ ਸਕਿਆ | ਨਤੀਜੇ ਵਜੋਂ ਟੀ-20 ਵਿਸ਼ਵ ਚੈਂਪੀਅਨ ਭਾਰਤ ਨੇ 2 ਦੌੜਾਂ ਦੇ ਫ਼ਰਕ ਨਾਲ ਆਪਣਾ ਸਨਮਾਨ ਬਚਾਇਆ ਅਤੇ ਸੁਜ਼ੂਕੀ ਕੱਪ ਜਿੱਤ ਲਿਆ | ਵੈਸੇ 22 ਸਤੰਬਰ 2026 ਨੂੰ  ਹੀ ਖੇਡੇ ਗਏ ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਫਾਈਨਲ 'ਚ ਭਾਰਤ ਦੀਆਂ ਧੀਆਂ ਨੇ ਸ੍ਰੀਲੰਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਤੇ ਆਇਚੀ-ਨਾਗੋਇਆ 'ਚ ਚੱਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ 2026 ਦਾ ਸੋਨ ਤਗਮਾ ਆਪਣੇ ਨਾਂਅ ਕੀਤਾ | ਮੌਜੂਦਾ ਏਸ਼ਿਆਈ ਖੇਡਾਂ 'ਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਸੀ | ਇਸ ਲਿਹਾਜ਼ ਤੋਂ ਦੇਖਿਆ ਜਾਵੇ ਤਾਂ ਅੱਗੇ ਵੀ ਚੰਗੇ ਪ੍ਰਦਰਸ਼ਨ ਤੇ ਤਗਮਿਆਂ ਲਈ ਭਾਰਤੀ ਖਿਡਾਰਨਾਂ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ | ਫਾਈਨਲ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਅਤੇ ਸਮਿ੍ਤੀ ਮੰਧਾਨਾ ਤੇ ਸ਼ੈਫਾਈ ਵਰਮਾ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ, ਜਿਸ ਦੀ ਬਦੌਲਤ ਭਾਰਤ ਨੇ 20 ਓਵਰਾਂ 'ਚ ਸਿਰਫ਼ 3 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ | ਜਵਾਬ ਵਿਚ ਸ੍ਰੀਲੰਕਾ ਦੀ ਟੀਮ ਸਿਰਫ਼ 69 ਦੌੜਾਂ ਹੀ ਬਣਾ ਸਕੀ | ਭਾਰਤ ਨੇ ਰਿਕਾਰਡ 147 ਦੌੜਾਂ ਨਾਲ ਫਾਈਨਲ ਵਿਚ ਜਿੱਤ ਦਰਜ ਕੀਤੀ, ਜੋ ਕਿ ਦੌੜਾਂ ਦੇ ਫ਼ਰਕ ਦੇ ਹਿਸਾਬ ਨਾਲ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਹੈ |

ਇਹ ਸੋਨ ਤਗਮਾ ਸਿਰਫ਼ ਤਗਮੇ ਦਾ ਸਫਲਤਾਪੂਰਵਕ ਬਚਾਅ ਨਹੀਂ ਸੀ, ਇਹ ਇਕ ਸ਼ਾਮ ਨੂੰ  ਯਾਦ ਦਿਵਾਉਣ ਸੀ ਕਿ ਭਾਰਤ ਦਲ ਦੇ ਜੋ ਅਥਲੀਟ ਵੱਖ-ਵੱਖ ਥਾਵਾਂ 'ਤੇ ਸਨ, ਉਨ੍ਹਾਂ ਨੂੰ  ਇਕ ਥਾਂ ਇਕੱਠੇ ਹੋ ਕੇ ਜਸ਼ਨ ਵਿਚ ਸ਼ਾਮਿਲ ਹੋਣਗੇ | ਫਿਲਹਾਲ ਏਸ਼ੀਆ 'ਚ ਭਾਰਤ ਨੂੰ  ਛੱਡ ਕੇ ਕਿਸੇ ਵੀ ਦੇਸ਼ ਦੀ ਮਹਿਲਾ ਟੀਮ ਅੰਤਰਰਾਸ਼ਟਰੀ ਪੱਧਰ ਦੀ ਨਹੀਂ ਹੈ | ਪਰ ਇਸ ਨਾਲ ਭਾਰਤ ਦੀ ਉਪਲਬਧੀ ਘਟ ਨਹੀਂ ਜਾਂਦੀ | ਵੈਸੇ ਭਾਰਤ ਲਈ ਪਹਿਲਾਂ ਬੱਲੇਬਾਜ਼ੀ ਕਰਨਾ ਫਾਇਦੇਮੰਦ ਰਿਹਾ | ਸ਼ੁਰੂ 'ਚ ਗੇਂਦ ਬੱਲੇ 'ਤੇ ਆ ਰਹੀ ਸੀ, ਜਿਸ ਦਾ ਲਾਭ ਸਮਿ੍ਤੀ ਤੇ ਸ਼ੈਫਾਲੀ ਨੂੰ  ਮਿਲਿਆ ਤੇ ਉਨ੍ਹਾਂ ਨੇ ਪਹਿਲੀ ਵਿਕਟ ਲਈ 99 ਦੌੜਾਂ ਜੋੜੀਆਂ | ਇਹ ਦੋਵੇਂ ਖਿਡਾਰਨਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਪਹਿਲੀ ਵਿਕਟ ਦੀ ਸਾਂਝੇਦਾਰੀ ਵਿਚ 4 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੀਆਂ ਹਨ, ਜਿਵੇਂ ਜਿਵੇਂ ਖੇਡ ਅੱਗੇ ਵਧਦੀ ਗਈ, ਪਿੱਚ ਸਪਿਨ ਨੂੰ  ਕਾਫ਼ੀ ਮਦਦ ਕਰਨ ਲੱਗੀ | ਇਕ ਵਾਰ ਜਦੋਂ ਸ੍ਰੀਲੰਕਾ ਦੀ ਕਪਤਾਨ ਚਮਾਰੀ ਅੱਟਾਪੱਟੂ 29 ਦੌੜਾਂ ਬਣਾ ਕੇ ਆਊਟ ਹੋ ਗਈ ਤਾਂ ਬਾਕੀ ਦੇ ਬੱਲੇਬਾਜ਼ ਕੁੱਲ ਮਿਲਾ ਕੇ 40 ਦੌੜਾਂ ਹੀ ਜੋੜ ਸਕੇ | ਇਸ ਤਰ੍ਹਾਂ ਭਾਰਤ ਦੀਆਂ ਧੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ |

-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਬਿਨਾਂ ਗੋਲ ਹਾਕੀ ਬੇਮਾਅਨੇ ਅਗਲੀ ਖ਼ਬਰ ਏਸ਼ਿਆਈ ਗੋਲਡ ਮੈਡਲਿਸਟ
Ad Position 24