19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਘਰ ਦੀਆਂ ਛੱਤਾਂ 'ਤੇ ਉਗਾਓ ਸਬਜ਼ੀਆਂ

ਘਰ ਦੀਆਂ ਛੱਤਾਂ 'ਤੇ ਉਗਾਓ ਸਬਜ਼ੀਆਂ

Ad Position 21
No active advertisement
ਅਜੀਤ ਡੈਸਕ 20-10-2026

ਵਧਦੀ ਆਬਾਦੀ ਤੇ ਘਟਦੀ ਜੋਤ ਦੇ ਦੌਰ 'ਚ ਘਰਾਂ ਦੀਆਂ ਛੱਤਾਂ 'ਤੇ ਘਰੇਲੂ ਬਗੀਚੀ ਦੀ ਵਰਤੋਂ ਕਰਕੇ ਤਾਜ਼ੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ | ਸਬਜ਼ੀਆਂ ਮਨੁੱਖੀ ਸਿਹਤ ਲਈ ਅਤਿਅੰਤ ਮਹੱਤਵਪੂਰਨ ਹਨ | ਭਾਰਤੀ ਚਿਕਿਤਸਾ ਖੋਜ ਪਰਿਸ਼ਦ ਅਨੁਸਾਰ ਇਕ ਬਾਲਗ ਵਿਅਕਤੀ ਨੂੰ  ਰੋਜ਼ਾਨਾ ਲਗਭਗ 400 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਜਿਸ 'ਚ ਪੱਤੇਦਾਰ ਸਬਜ਼ੀਆਂ (100 ਗ੍ਰਾਮ), ਜੜ੍ਹਾਂ (50 ਗ੍ਰਾਮ) ਤੇ ਫ਼ਲਾਂ ਵਾਲੀਆਂ (250 ਗ੍ਰਾਮ) ਸਬਜ਼ੀਆਂ ਦਾ ਸੰਤੁਲਿਤ ਮਿਸ਼ਰਣ ਹੋਣਾ ਚਾਹੀਦਾ ਹੈ | ਸਬਜ਼ੀਆਂ ਵਿਟਾਮਿਨ-ਏ, ਸੀ ਤੇ ਕੇ, ਆਇਰਨ, ਕੈਲਸ਼ੀਅਮ ਵਰਗੇ ਮਿਨਰਲ, ਫਾਈਬਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ | ਇਹ ਇਮਿਊਨਿਟੀ ਨੂੰ  ਮਜ਼ਬੂਤ ਬਣਾਉਂਦੀਆਂ ਹਨ, ਕੈਂਸਰ, ਡਾਇਬਟੀਜ਼ ਤੇ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਾਉਂਦੀਆਂ ਹਨ, ਪਾਚਨ ਤੰਤਰ ਨੂੰ  ਠੀਕ ਰੱਖਦੀਆਂ ਹਨ ਅਤੇ ਵਜ਼ਨ ਨਿਯੰਤਰਣ ਵਿਚ ਵੀ ਮਦਦ ਕਰਦੀਆਂ ਹਨ |

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਛੱਤ ਦੀ ਬਗੀਚੀ ਇਕ ਵਧੀਆ ਤੇ ਵਿਹਾਰਕ ਤਰੀਕਾ ਹੈ | ਇਸ ਦੀ ਵਿਸਥਾਰਪੂਰਵਕ ਯੋਜਨਾ 'ਚ 4-5 ਮੈਂਬਰੀ ਪਰਿਵਾਰ ਲਈ ਛੱਤ 'ਤੇ ਬਗੀਚੀ ਬਣਾਉਣ, ਉਗਾਉਣ, ਪ੍ਰਬੰਧਨ, ਡਿ੍ਪ ਸਿੰਚਾਈ ਅਤੇ ਫਰਟੀਗੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਤੁਸੀਂ ਆਪਣੀ ਛੱਤ ਨੂੰ  ਇਕ ਉਤਪਾਦਕ ਅਤੇ ਸਿਹਤਮੰਦ ਬਗੀਚੀ ਵਿਚ ਬਦਲ ਸਕੋ | ਛੱਤ ਤੇ ਸਬਜ਼ੀਆਂ ਦੀ ਬਗੀਚੀ ਬਣਾਉਣ ਲਈ ਥਾਂ ਅਤੇ ਮਾਪ ਬਹੁਤ ਅਹਿਮ ਹਨ | ਪੀ.ਏ.ਯੂ. ਅਨੁਸਾਰ 4-5 ਮੈਂਬਰੀ ਪਰਿਵਾਰ ਲਈ ਪੰਜ ਕਤਾਰ ਵਾਲਾ ਮਾਡਲ ਬਹੁਤ ਢੁਕਵਾਂ ਹੈ | ਇਸ ਲਈ ਸਬਜ਼ੀ ਉਗਾਉਣ ਵਾਲੇ ਢਾਂਚੇ ਲਈ ਲਗਭਗ 12.6 ਵਰਗ ਮੀਟਰ (4.2 ਮੀਟਰ ਲੰਬਾਈ ਤੇ 3 ਮੀਟਰ (ਚੌੜਾਈ) ਅਤੇ ਕੁੱਲ ਏਰੀਆ ਲਗਭਗ 20 ਵਰਗ ਮੀਟਰ (5.5 ਮੀਟਰ ਲੰਬਾਈ ਤੇ 3.6 ਮੀਟਰ (ਚੌੜਾਈ) ਚਾਹੀਦਾ ਹੈ | ਛੱਤ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਛੇ ਤੋਂ ਅੱਠ ਘੰਟੇ ਸਿੱਧੀ ਧੁੱਪ ਮਿਲਣੀ ਚਾਹੀਦੀ ਹੈ | ਜੇ ਥਾਂ ਇਸ ਤੋਂ ਵੀ ਘੱਟ ਹੋਵੇ ਤਾਂ ਤਿੰਨ ਕਤਾਰ ਵਾਲਾ ਮਾਡਲ ਵੀ ਅਪਣਾਇਆ ਜਾ ਸਕਦਾ ਹੈ, ਜਿਸ 'ਚ ਸਬਜ਼ੀ ਉਗਾਉਣ ਵਾਲੇ ਢਾਂਚੇ ਦੀ ਜਗ੍ਹਾ ਲਗਭਗ 6.9 ਵਰਗ ਮੀਟਰ ਹੁੰਦੀ ਹੈ |
ਛੱਤ 'ਤੇ ਸਬਜ਼ੀਆਂ ਉਗਾਉਣ ਲਈ ਵੱਖ-ਵੱਖ ਤਰੀਕੇ ਵਰਤੇ ਜਾ ਸਕਦੇ ਹਨ | ਪੌਲੀਬੈਗਸ (ਗ੍ਰੋ ਬੈਗਸ) ਸਭ ਤੋਂ ਆਸਾਨ ਤੇ ਘੱਟ ਖਰਚ ਵਾਲਾ ਤਰੀਕਾ ਹੈ | ਇਹ ਬੈਗ 12&12 ਇੰਚ ਜਾਂ ਇਸ ਤੋਂ ਵੱਡੇ ਆਕਾਰ ਵਿਚ ਲਏ ਜਾ ਸਕਦੇ ਹਨ ਅਤੇ ਇਨ੍ਹਾਂ 'ਚ ਕੋਕੋ ਪੀਟ, ਵਰਮੀਕੰਪੋਸਟ ਤੇ ਮਿੱਟੀ ਦਾ ਮਿਸ਼ਰਣ ਭਰਿਆ ਜਾ ਸਕਦਾ ਹੈ | ਕੋਕੋਪੀਟ ਦੀ ਵਰਤੋਂ ਕਰਨ ਨਾਲ ਬੂਟਾ ਉਗਾਉਣ ਵਾਲੇ ਮਿਸ਼ਰਣ ਵਿਚ ਨਮੀ ਲੰਮਾ ਸਮਾਂ ਬਣੀ ਰਹਿੰਦੀ ਹੈ ਅਤੇ ਬੂਟੇ ਨੂੰ  ਪੋਸ਼ਟਿਕ ਤੱਤ ਵੀ ਲੰਮੇ ਸਮੇਂ ਤੱਕ ਮਿਲਦੇ ਰਹਿੰਦੇ ਹਨ | ਗ੍ਰੋ ਬੈਗਸ ਤੋਂ ਇਲਾਵਾ ਪਲਾਸਟਿਕ ਪਾਟਸ ਵੀ ਬਹੁਤ ਵਧੀਆ ਬਦਲ ਹੈ ਕਿਉਂਕਿ ਇਹ ਵੱਖ-ਵੱਖ ਆਕਾਰਾਂ 'ਚ ਉਪਲਬਧ ਹੁੰਦੇ ਹਨ, ਜੋ ਆਸਾਨੀ ਨਾਲ ਘੁੰਮਾਏ ਜਾ ਸਕਦੇ ਹਨ | ਜੇ ਪੌਲੀਬੈਗਸ ਜਾਂ ਪੋਟਸ (ਗਮਲੇ) ਉਪਲਬਧ ਨਾ ਹੋਣ ਤਾਂ ਪਲਾਸਟਿਕ ਡਰੰਮ ਨੂੰ  ਅੱਧ 'ਚੋਂ ਕੱਟ ਕੇ ਵਰਤਿਆ ਜਾ ਸਕਦਾ ਹੈ | ਇਸ ਲਈ ਡਰੰਮ ਦੇ ਤਲ ਵਿਚ ਡਰੇਨੇਜ਼ ਛੇਕ ਬਣਾਉਣਾ ਜ਼ਰੂਰੀ ਹੈ ਤਾਂ ਜੋ ਪਾਣੀ ਇਕੱਠਾ ਨਾ ਹੋਵੇ | ਬਿਨਾਂ ਵੇਲ ਵਾਲੀਆਂ ਸਬਜ਼ੀਆਂ (ਜਿਵੇਂ ਟਮਾਟਰ, ਮਿਰਚ, ਸ਼ਿਮਲਾ ਮਿਰਚ, ਬੈਂਗਣ ਆਦਿ) 30&30&30 ਸੈਂ.ਮੀ. ਦੇ ਗ੍ਰੋ ਬੈਗ ਅਤੇ ਵੇਲ ਵਾਲੀਆਂ ਸਬਜ਼ੀਆਂ ਲਈ 25&25&25 ਸੈਂ.ਮੀ. ਅਤੇ ਪੱਤੇਦਾਰ ਤੇ ਜੜ੍ਹ ਵਾਲੀਆਂ ਸਬਜ਼ੀਆਂ ਲਈ 94&33&28 ਸੈਂ.ਮੀ. ਦੇ ਸੀਮੈਂਟ ਦੇ ਗਮਲੇ ਸਹੀ ਰਹਿੰਦੇ ਹਨ |
ਸਬਜ਼ੀਆਂ ਦੀ ਚੋਣ ਤੇ ਬੀਜਣ ਦਾ ਸਮਾਂ ਖ਼ਾਸ ਅਹਿਮ ਹੈ | ਪੰਜਾਬ 'ਚ ਪਾਲਕ, ਮੇਥੀ ਤੇ ਧਨੀਆ ਵਰਗੀਆਂ ਹਰੀਆਂ ਸਬਜ਼ੀਆਂ ਸਤੰਬਰ ਤੋਂ ਫਰਵਰੀ ਤੱਕ ਲਗਾਤਾਰ ਬੀਜੀਆਂ ਜਾ ਸਕਦੀਆਂ ਹਨ | ਗਾਜਰ ਤੇ ਮੂਲੀ ਅਗਸਤ ਤੋਂ ਜਨਵਰੀ ਤੱਕ ਉਗਾਈਆਂ ਜਾ ਸਕਦੀਆਂ ਹਨ | ਟਮਾਟਰ, ਭਿੰਡੀ ਤੇ ਬੈਂਗਣ ਵਰਗੀਆਂ ਸਬਜ਼ੀਆਂ ਲਈ ਫਰਵਰੀ ਮਾਰਚ ਜਾਂ ਜੂਨ ਜੁਲਾਈ 'ਚ ਨਰਸਰੀ ਬੀਜ ਕੇ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ | ਲਗਾਤਾਰ ਅਤੇ ਕੁਝ ਵਕਫ਼ੇ (ਅੰਤਰਾਲ) 'ਤੇ ਬੀਜਣ ਨਾਲ ਸਾਲ ਭਰ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਹਨ |
ਛੱਤ ਵਾਲੀ ਸਬਜ਼ੀਆਂ ਦੀ ਬਗੀਚੀ ਵਿਚ ਡਿ੍ਪ ਸਿੰਚਾਈ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਤੇ ਪਾਣੀ ਸਿੱਧਾ ਜੜ੍ਹਾਂ ਤੱਕ ਪਹੁੰਚਦਾ ਹੈ | ਗ੍ਰੈਵਿਟੀ ਫੀਡ ਸਿਸਟਮ ਛੱਤ ਲਈ ਢੁਕਵਾਂ ਹੈ ਜਿਸ ਵਿਚ ਓਵਰਹੈੱਡ ਟੈਂਕ ਨੂੰ  ਉੱਚਾ ਰੱਖ ਕੇ ਪਾਣੀ ਵਹਾਇਆ ਜਾਂਦਾ ਹੈ | ਇਸ ਵਿਚ ਟਾਈਮਰ ਲਾਉਣ ਨਾਲ ਰੋਜ਼ਾਨਾ ਮਿਹਨਤ ਘੱਟ ਹੋ ਜਾਂਦੀ ਹੈ ਤੇ ਲੀਕੇਜ ਚੈੱਕ ਕਰਨਾ ਜ਼ਰੂਰੀ ਹੈ | ਫਰਟੀਗੇਸ਼ਨ ਲਈ ਵਾਟਰ ਸੋਲਿਊਬਲ ਖਾਦਾਂ ਜਿਵੇਂ 19-19-19 ਸੰਤੁਲਿਤ ਐਨਪੀਕੇ, 13-40-13, ਪੋਟਾਸ਼ੀਅਮ ਨਾਈਟ੍ਰੇਟ ਅਤੇ ਕੈਲਸ਼ੀਅਮ ਨਾਈਟ੍ਰੇਟ ਵਰਤੀਆਂ ਜਾ ਸਕਦੀਆਂ ਹਨ | ਜੈਵਿਕ ਵਿਕਲਪ ਵਜੋਂ ਵਰਮੀਵਾਸ਼ ਅਤੇ ਕੰਪੋਸਟ-ਟੀਵੀ ਡਿ੍ਪ ਰਾਹੀਂ ਵਰਤੇ ਜਾ ਸਕਦੇ ਹਨ | ਖਾਦ ਨੂੰ  ਚੰਗੀ ਤਰ੍ਹਾਂ ਘੁਲਾ ਕੇ ਵਰਤੋ ਤਾਂ ਜੋ ਡਿ੍ਪ ਦੇ ਐਮਿਟਰ ਬਲਾਕ ਨਾ ਹੋਣ | ਪ੍ਰਬੰਧਨ ਅਭਿਆਸਾਂ ਵਿਚ ਸਬਜ਼ੀਆਂ ਦੀ ਛੱਤ ਬਗੀਚੀ ਨੂੰ  ਗਰਮੀਆਂ 'ਚ ਲਗਾਤਾਰ ਸਿੰਚਾਈ ਤੇ ਮਲਚਿੰਗ ਦੀ ਵਰਤੋਂ ਕਰਨੇ ਨਾਲ ਗ੍ਰੋ-ਬੈਗਾਂ 'ਚ ਨਮੀ ਬਣੀ ਰਹਿੰਦੀ ਹੈ | ਗਰਮੀ ਦੇ ਮੌਸਮ 'ਚ ਜ਼ਿਆਦਾ ਧੁੱਪ ਵਾਲੇ ਦਿਨਾਂ 'ਚ ਗਰੀਨ ਸ਼ੇਡ ਨੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਬੂਟਿਆਂ ਲਈ ਵਾਤਾਵਰਨ ਅਨੁਕੂਲ ਬਣਾਈ ਰੱਖਣ ਲਈ ਫੋਗਰਾਂ (ਬਰੀਕ ਪਾਣੀ ਦੀ ਫੁਆਰ) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ | ਪੀ.ਏ.ਯੂ. ਅਨੁਸਾਰ ਇਸ ਤਰ੍ਹਾਂ ਦੀ ਘਰ ਛੱਤ ਬਗੀਚੀ ਵਿਚ ਕੀਟ ਪ੍ਰਬੰਧਨ ਲਈ ਪਾਣੀ 'ਚ ਘੁਲਣਸ਼ੀਲ ਨਿੰਮ ਦੇ ਤੇਲ ਨੂੰ  ਅਪਣਾਓ | ਵੀਡਿੰਗ (ਗੋਡੀ), ਸਟੇਕਿੰਗ (ਸਹਾਰਾ) ਅਤੇ ਫ਼ਸਲ ਰੋਟੇਸ਼ਨ ਨਾਲ ਛੱਤ ਬਗੀਚੀ ਨੂੰ  ਸਿਹਤਮੰਦ ਰੱਖਿਆ ਜਾ ਸਕਦਾ ਹੈ | ਇਸ ਤਰ੍ਹਾਂ ਦੀ ਬਗੀਚੀ ਤੋਂ 25 ਵਰਗ ਮੀਟਰ ਏਰੀਆ 'ਚ ਇਕ ਵਾਰ ਸਬਜ਼ੀ ਦੀ ਕਾਸ਼ਤ ਕਰਨ 'ਤੇ ਲਗਭਗ 35-37 ਕਿਲੋ ਸਬਜ਼ੀਆਂ ਮੁੱਹਈਆ ਹੋ ਜਾਂਦੀਆਂ ਹਨ | ਛੱਤ 'ਤੇ ਸਬਜ਼ੀ ਦੀ ਬਗੀਚੀ ਬਣਾਉਣਾ ਸਿਹਤ, ਆਰਥਿਕ ਤੇ ਵਾਤਾਵਰਨ ਲਈ ਵਧੀਆ ਫ਼ੈਸਲਾ ਹੈ | ਇਸ ਤਰ੍ਹਾਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨੂੰ  ਅਪਣਾ ਕੇ ਤਾਜ਼ੀਆਂ ਤੇ ਪੋਸ਼ਣ ਵਾਲੀਆਂ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ |

-ਪੀ.ਐਚ.ਪੀ.ਟੀ.ਸੀ. (ਪੀ.ਏ.ਯੂ.),
 ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ |

Ad Position 22
No active advertisement
ਪਿਛਲੀ ਖ਼ਬਰ ਪਸ਼ੂਆਂ ਨੂੰ ਟੈਗ ਲਗਾਉਣਾ ਲਾਹੇਵੰਦ ਕਦਮ ਅਗਲੀ ਖ਼ਬਰ ਗੀਤ ਕਿਸਾਨਾ ਤੇਰੀ ਜੂਨ ਬੁਰੀ
Ad Position 24