12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕਣਕ ਦੇ ਵੱਧ ਝਾੜ ਤੇ ਜ਼ਮੀਨ ਦੀ ਚੰਗੀ ਸਹਿਤ ਲਈ ਫ਼ਸਲੀ ਰਹਿੰਦ - ਖੂੰਹਦ ਦੀ ਯੋਗ ਵਰਤੋਂ ਜ਼ਰੂਰੀ

ਕਣਕ ਦੇ ਵੱਧ ਝਾੜ ਤੇ ਜ਼ਮੀਨ ਦੀ ਚੰਗੀ ਸਹਿਤ ਲਈ ਫ਼ਸਲੀ ਰਹਿੰਦ - ਖੂੰਹਦ ਦੀ ਯੋਗ ਵਰਤੋਂ ਜ਼ਰੂਰੀ

Ad Position 21
No active advertisement
ਅਜੀਤ ਡੈਸਕ 13-10-2026

ਪੰਜਾਬ ਵਿਚ ਹਰ ਸਾਲ ਲੱਖਾਂ ਟਨ ਵਾਧੂ ਪਰਾਲੀ ਪੈਦਾ ਹੁੰਦੀ ਹੈ | ਇਸ ਰਹਿੰਦ-ਖੂੰਹਦ ਨੂੰ  ਸਾੜਨ ਦੀ ਬਜਾਏ ਇਸ ਦਾ ਸਮੇਂ ਸਿਰ ਤੇ ਸੁਚੱਜਾ ਪ੍ਰਬੰਧਨ ਕਰਨਾ ਕਿਸਾਨਾਂ ਲਈ ਕਣਕ ਦਾ ਝਾੜ ਵਧਾਉਣ, ਖੇਤੀ ਲਾਗਤਾਂ ਘਟਾਉਣ ਅਤੇ ਮਿੱਟੀ ਦੀ ਸਿਹਤ ਨੂੰ  ਬਹਾਲ ਕਰਨ ਲਈ ਸਭ ਤੋਂ ਵੱਧ ਕਾਰਗਰ ਕਦਮ ਹੈ | ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਵਿਚਕਾਰ ਸਿਰਫ਼ 15-20 ਦਿਨਾਂ ਦਾ ਸਮਾਂ ਹੀ ਮਿਲਦਾ ਹੈ ਅਤੇ ਝੋਨੇ ਦੀ ਪਰਾਲੀ 'ਚ ਸਿਲਿਕਾ ਤੇ ਲਿਗਨਿਨ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਪਸ਼ੂਆਂ ਦੇ ਚਾਰੇ ਵਜੋਂ ਬਹੁਤੀ ਲਾਹੇਵੰਦ ਨਹੀਂ ਹੁੰਦੀ, ਇਸ ਲਈ ਇਸ ਦਾ ਵੱਡਾ ਹਿੱਸਾ ਖੇਤਾਂ 'ਚ ਸਾੜ ਦਿੱਤਾ ਜਾਂਦਾ ਹੈ | ਹਾਲ ਹੀ ਦੇ ਸਾਲਾਂ 'ਚ ਫ਼ਸਲੀ ਭਿੰਨਤਾ ਤਹਿਤ ਪਾਣੀ ਦੀ ਬੱਚਤ ਕਰਨ ਵਾਲੇ ਬਦਲ ਵਜੋਂ ਮੱਕੀ ਦੀ ਖੇਤੀ ਨੂੰ  ਵੀ ਉਤਸ਼ਾਹਿਤ ਕੀਤਾ ਗਿਆ ਹੈ | ਮੱਕੀ ਦੀ ਰਹਿੰਦ-ਖੂੰਹਦ (ਡੰਡਲ-ਪੱਤੇ) ਜਲਦੀ ਗਲ-ਸੜ ਜਾਂਦੀ ਹੈ ਤੇ ਮੁੱਖ ਤੌਰ 'ਤੇ ਚਾਰੇ ਵਜੋਂ ਵਰਤੀ ਜਾਂਦੀ ਹੈ, ਇਸ ਲਈ ਇਸ ਨੂੰ  ਬਹੁਤ ਘੱਟ ਸਾੜਿਆ ਜਾਂਦਾ ਹੈ | ਫਿਰ ਵੀ ਇਸ ਦੇ ਪ੍ਰਬੰਧਨ ਦਾ ਤਰੀਕਾ ਬਾਅਦ 'ਚ ਬੀਜੀ ਜਾਣ ਵਾਲੀ ਕਣਕ ਦੀ ਫ਼ਸਲ ਦੇ ਝਾੜ ਅਤੇ ਮਿੱਟੀ ਦੀ ਸਿਹਤ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ | ਇਸ ਲਈ ਕਣਕ ਦੀ ਖੇਤੀ ਦੀ ਯੋਜਨਾ ਬਣਾਉਂਦੇ ਸਮੇਂ ਇਨ੍ਹਾਂ ਦੋਵਾਂ ਫ਼ਸਲਾਂ ਦੀ ਰਹਿੰਦ-ਖੂੰਹਦ ਬਾਰੇ ਇਕੱਠੇ ਵਿਚਾਰ ਕਰਨਾ ਜ਼ਰੂਰੀ ਹੈ |
ਮੱਕੀ-ਕਣਕ ਦੇ ਫ਼ਸਲੀ ਚੱਕਰ 'ਚ ਮੱਕੀ ਦੀ ਰਹਿੰਦ-ਖੂੰਹਦ ਨੂੰ  ਖੇਤ ਵਿਚ ਮਿਲਾਉਣ ਨਾਲ ਇਸਨੂੰ ਖੇਤ 'ਚੋਂ ਹਟਾਉਣ ਦੇ ਮੁਕਾਬਲੇ ਕਣਕ ਦੇ ਝਾੜ ਵਿਚ ਲਗਭਗ 10 ਫ਼ੀਸਦੀ ਅਤੇ ਮਿੱਟੀ ਵਿਚ ਜੈਵਿਕ ਕਾਰਬਨ ਦੀ ਮਾਤਰਾ ਵਿਚ ਲਗਭਗ 13 ਫ਼ੀਸਦੀ ਦਾ ਵਾਧਾ ਹੁੰਦਾ ਹੈ | ਇਹ ਫ਼ਸਲ ਦੇ ਝਾੜ ਅਤੇ ਮਿੱਟੀ ਦੀ ਸਿਹਤ ਦੋਵਾਂ ਨੂੰ  ਬਿਹਤਰ ਬਣਾਉਣ ਦੀ ਇਸਦੀ ਸਮਰੱਥਾ ਨੂੰ  ਉਜਾਗਰ ਕਰਦਾ ਹੈ |
ਖੇਤਾਂ 'ਚ ਹੀ ਰਹਿੰਦ-ਖੂੰਹਦ ਦਾ ਪ੍ਰਬੰਧ-ਜਿੱਥੇ ਵੀ ਫ਼ਸਲ ਬਦਲਣ ਦੇ ਸਮੇਂ ਦੀ ਗੁੰਜਾਇਸ਼ ਹੋਵੇ, ਉੱਥੇ ਰਹਿੰਦ-ਖੂੰਹਦ ਨੂੰ  ਖੇਤ 'ਚੋਂ ਬਾਹਰ ਕੱਢਣ ਦੀ ਥਾਂ, ਉਸੇ ਖੇਤ 'ਚ ਹੀ ਰੱਖਣਾ ਜਾਂ ਮਿੱਟੀ ਵਿਚ ਮਿਲਾਉਣਾ ਚਾਹੀਦਾ ਹੈ | ਪੀ.ਏ.ਯੂ. ਦੀਆਂ ਹਾੜ੍ਹੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ ਅਨੁਸਾਰ, ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ ਜਾਂ ਪੀ.ਏ.ਯੂ. ਸਮਾਰਟ ਸੀਡਰ ਦੀ ਵਰਤੋਂ ਕਰਕੇ ਝੋਨੇ ਦੇ ਖੜ੍ਹੇ ਨਾੜ ਵਿਚ ਬਿਨਾਂ ਪਰਾਲੀ ਸਾੜੇ ਸਿੱਧੀ ਕੀਤੀ ਜਾ ਸਕਦੀ ਹੈ | ਇਸ ਲਈ ਸ਼ਰਤ ਇਹ ਹੈ ਕਿ ਪਿਛਲੀ ਝੋਨੇ ਦੀ ਫ਼ਸਲ ਦੀ ਕਟਾਈ ਅਜਿਹੀ ਕੰਬਾਈਨ ਨਾਲ ਕੀਤੀ ਗਈ ਹੋਵੇ, ਜਿਸ 'ਤੇ ਪੀ.ਏ.ਯੂ. ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਲੱਗਾ ਹੋਵੇ, ਤਾਂ ਜੋ ਪਰਾਲੀ ਨੂੰ  ਇਕਸਾਰ ਕੱਟਿਆ ਤੇ ਖਿਲਾਰਿਆ ਜਾ ਸਕੇ | ਬਿਜਾਈ ਦੀ ਡੂੰਘਾਈ 1.5 ਤੋਂ 2.0 ਇੰਚ ਰੱਖਣੀ ਚਾਹੀਦੀ ਹੈ | ਹੈਪੀ ਸੀਡਰ ਨਾਲ ਬਿਜਾਈ ਵੇਲੇ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 5 ਕਿਲੋਗ੍ਰਾਮ ਵੱਧ ਬੀਜ ਅਤੇ 55 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਵਰਤੋ | ਇਸ ਤੋਂ ਇਲਾਵਾ ਪਹਿਲੀ ਤੇ ਦੂਜੀ ਸਿੰਚਾਈ ਤੋਂ ਪਹਿਲਾਂ 45 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਪਾਓ (ਜਾਂ ਭਾਰੀ ਜ਼ਮੀਨਾਂ 'ਚ ਦੇਰੀ ਤੋਂ ਬਚਣ ਲਈ ਬਿਜਾਈ ਤੋਂ 42 ਅਤੇ 54 ਦਿਨਾਂ ਬਾਅਦ 10% ਯੂਰੀਆ ਘੋਲ ਦੇ ਦੋ ਛਿੜਕਾਅ ਕਰੋ) | ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਝੋਨੇ ਦੀ ਪਰਾਲੀ ਨੂੰ  ਲਗਾਤਾਰ ਮਿੱਟੀ 'ਚ ਮਿਲਾਉਣ ਜਾਂ ਖੇਤ ਵਿਚ ਰੱਖਣ ਨਾਲ ਕਣਕ ਦੀ ਪੈਦਾਵਾਰ ਵਧਦੀ ਹੈ ਅਤੇ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ | ਚੌਥੇ ਸਾਲ ਤੋਂ 20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੀ ਬੱਚਤ ਕੀਤੀ ਜਾ ਸਕਦੀ ਹੈ | ਜਦੋਂ ਮਿੱਟੀ 'ਚ ਜੈਵਿਕ ਕਾਰਬਨ ਦੀ ਮਾਤਰਾ ਉੱਚ ਪੱਧਰ 'ਤੇ ਪਹੁੰਚਦੀ ਹੈ ਤਾਂ ਬਿਜਾਈ ਵੇਲੇ ਡੀ.ਏ.ਪੀ. ਦੀ ਖ਼ੁਰਾਕ ਨੂੰ  ਘਟਾ ਕੇ 27 ਕਿਲੋਗ੍ਰਾਮ ਪ੍ਰਤੀ ਏਕੜ ਕੀਤਾ ਜਾ ਸਕਦਾ ਹੈ | ਜਿੱਥੇ ਸੁਪਰ ਐਸ.ਐਮ.ਐਸ. ਤੋਂ ਬਿਨਾਂ ਕੰਬਾਈਨ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਡੀ.ਏ.ਪੀ. ਦੇ 'ਸਟਰਾਅ ਕਟਰ-ਕਮ-ਸਪ੍ਰੈਡਰ' ਨਾਲ ਖਿੱਲਰੀ ਹੋਈ ਪਰਾਲੀ ਨੂੰ  ਕੱਟਣਾ ਤੇ ਖਿਲਾਰਨਾ ਚਾਹੀਦਾ ਹੈ |
ਮੱਕੀ-ਕਣਕ ਦੇ ਚੱਕਰ ਲਈ ਕਣਕ ਨੂੰ  ਸੁਪਰ ਸੀਡਰ ਨਾਲ ਸਿੱਧੇ ਤੌਰ 'ਤੇ ਫਲੈਟ, ਵੱਟਾਂ ਜਾਂ ਬੈੱਡ-ਪਲਾਂਟਰ ਨਾਲ ਮੱਕੀ ਦੀ ਰਹਿੰਦ-ਖੂੰਹਦ ਵਿਚ ਬੀਜਿਆ ਜਾ ਸਕਦਾ ਹੈ ਤਾਂ ਜੋ ਵੱਧ ਉਤਪਾਦਕਤਾ ਅਤੇ ਮਿੱਟੀ ਦੀ ਸਿਹਤ ਬਿਹਤਰ ਹੋ ਸਕੇ ਅਤੇ ਉਸੇ ਮਸ਼ੀਨ ਦੀ ਵਰਤੋਂ ਅਗਲੀ ਮੱਕੀ ਦੀ ਫ਼ਸਲ ਤੋਂ ਪਹਿਲਾਂ ਕਣਕ ਦੀ ਰਹਿੰਦ-ਖੂੰਹਦ ਨੂੰ  ਖੇਤ 'ਚ ਮਿਲਾਉਣ ਲਈ ਵੀ ਕੀਤੀ ਜਾ ਸਕਦੀ ਹੈ | ਮੱਕੀ ਨੂੰ  ਰਵਾਇਤੀ ਜਾਂ ਜ਼ੀਰੋ-ਟਿੱਲ ਬੀਜੀ ਕਣਕ ਤੋਂ ਬਾਅਦ ਸਿੱਧੇ ਜ਼ੀਰੋ-ਟਿੱਲ ਡਰਿੱਲ ਨਾਲ ਬਿਨਾਂ ਕਿਸੇ ਤਿਆਰੀ ਦੇ ਬੀਜਿਆ ਜਾ ਸਕਦਾ ਹੈ, ਕਿਉਂਕਿ ਮੱਕੀ ਦੀ ਰਹਿੰਦ-ਖੂੰਹਦ ਝੋਨੇ ਦੀ ਪਰਾਲੀ ਨਾਲੋਂ ਘੱਟ ਸਿਲਿਕਾ ਤੇ ਲਿਗਨਿਨ ਰੱਖਦੀ ਹੈ, ਇਹ ਤੇਜ਼ੀ ਨਾਲ ਸੜਦੀ ਹੈ ਤੇ ਪੌਸ਼ਟਿਕ ਤੱਤ ਛੱਡਦੀ ਹੈ | ਇਸ ਲਈ ਮੱਕੀ-ਕਣਕ ਫ਼ਸਲੀ ਚੱੱਕਰ 'ਚ ਸ਼ਾਮਿਲ ਹੋਣ ਨਾਲ ਜਲਦੀ ਲਾਭ ਮਿਲਦਾ ਹੈ, ਜਦਕਿ ਹੌਲੀ-ਹੌਲੀ ਸੜਨ ਵਾਲੀ ਝੋਨੇ ਦੀ ਪਰਾਲੀ ਲੰਬੇ ਸਮੇਂ ਲਈ ਮਿੱਟੀ ਦੇ ਜੈਵਿਕ ਕਾਰਬਨ ਨੂੰ  ਬਣਾਉਂਦੀ ਹੈ |
ਪਰਾਲ ਦੀ ਮਲਚਿੰਗ-ਚੌੜੀਆਂ ਕਤਾਰਾਂ ਵਾਲੀਆਂ ਫ਼ਸਲਾਂ 'ਚ 4-6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਦੀ ਮਲਚਿੰਗ ਕਰਨ ਨਾਲ ਮਿੱਟੀ 'ਚੋਂ ਪਾਣੀ ਦੇ ਉੱਡਣ (ਵਾਸ਼ਪੀਕਰਨ) ਦੀ ਦਰ 28-32 ਫ਼ੀਸਦੀ ਤੱਕ ਘੱਟ ਜਾਂਦੀ ਹੈ, ਮਿੱਟੀ ਦੀ ਉਪਰਲੀ 5-20 ਸੈਂਟੀਮੀਟਰ ਪਰਤ ਦਾ ਵੱਧ ਤੋਂ ਵੱਧ ਤਾਪਮਾਨ 5-10 ਡਿਗਰੀ ਸੈਲਸੀਅਸ ਤੱਕ ਘੱਟ ਹੁੰਦਾ ਹੈ, ਬੀਜਾਂ ਦੇ ਉੱਗਣ ਅਤੇ ਪੁੰਗਰਨ ਵਿਚ ਸੁਧਾਰ ਹੁੰਦਾ ਹੈ, ਸੂਖਮ ਜੀਵਾਂ ਅਤੇ ਨਾਈਟ੍ਰੋਜਨ-ਸਥਿਰ ਕਰਨ ਵਾਲੇ ਬੈਕਟੀਰੀਆ ਦੀ ਗਿਣਤੀ ਵੀ ਵਧਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਉਸੇ ਪੱਧਰ 'ਤੇ ਹੁੰਦੀ ਹੈ ਜਿਵੇਂ ਕਿ ਨਦੀਨਨਾਸ਼ਕ ਦੀ ਮਿਆਰੀ ਮਾਤਰਾ ਨਾਲ ਹੁੰਦੀ ਹੈ |
ਜਿਹੜੇ ਕਿਸਾਨ ਆਪਣੇ ਝੋਨੇ ਦੀ ਸਾਰੀ ਵਾਧੂ ਪਰਾਲੀ ਨੂੰ  ਮਲਚਿੰਗ ਜਾਂ ਖੇਤਾਂ 'ਚ ਨਹੀ ਮਿਲਾ ਸਕਦੇ, ਉਨ੍ਹਾਂ ਕੋਲ ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੇ ਹੋਰ ਬਾਹਰੀ ਜਾਣੀ ਐਕਸ-ਸੀਟੂ ਬਦਲ ਹਨ, ਜਿਵੇਂ ਕਿ ਬਾਇਓਮਾਸ ਪਾਵਰ ਉਤਪਾਦਨ ਲਈ ਬੇਿਲੰਗ, ਝੋਨੇ ਦੀ ਪਰਾਲੀ-ਆਧਾਰਿਤ ਬਾਇਓਗੈਸ ਪਲਾਂਟ, ਝੋਨੇ ਦੀ ਪਰਾਲੀ ਦਾ ਗੀਜ਼ਰ ਜੋ ਬੈਲਡ ਸਟ੍ਰਾਅ, ਫਾਸਫੋ-ਕੰਪੋਸਟ ਅਤੇ ਪਰਾਲੀ ਚਾਰ ਇਕ ਕਾਰਬਨ-ਬੁਹਤਾਤ ਉਤਪਾਦ ਜੋੋ 30-36 ਫ਼ੀਸਦੀ ਕਾਰਬਨ ਸਪਲਾਈ ਕਰਦਾ ਹੈ ਤੇ ਜਦੋਂ ਝੋਨਾ-ਕਣਕ ਦੇ ਫ਼ਸਲੀ ਚੱਕਰ 'ਚ ਇਸ ਨੂੰ  2 ਟਨ ਪ੍ਰਤੀ ਏਕੜ ਦੀ ਦਰ ਨਾਲ ਖੇਤਾਂ ਵਿਚ ਪਾਇਆ ਜਾਂਦਾ ਹੈ ਤਾਂ ਇਹ ਮਿੱਟੀ ਦੀ ਸਿਹਤ 'ਚ ਸੁਧਾਰ ਕਰਨ ਦੇ ਨਾਲ ਪ੍ਰਤੀ ਏਕੜ 16 ਕਿਲੋਗ੍ਰਾਮ ਯੂਰੀਆ-ਨਾਈਟ੍ਰੋਜਨ ਦੀ ਬੱੱਚਤ ਕਰਦਾ ਹੈ |
ਪੰਜਾਬ ਨੂੰ  ਵਾਧੂ ਪਰਾਲੀ ਸਾੜਨ ਨਾਲੋਂ ਢੁਕਵੀਂ ਮਸ਼ੀਨਰੀ ਦੀ ਸਹਾਇਤਾ ਨਾਲ ਕਣਕ ਤੋਂ ਪਹਿਲਾਂ ਝੋਨੇ ਤੇ ਮੱਕੀ ਦੀ ਰਹਿੰਦ-ਖੂੰਹਦ ਨੂੰ  ਖੇਤਾਂ ਅੰਦਰ ਰੱਖਣਾ ਜਾਂ ਸ਼ਾਮਿਲ ਕਰਨਾ ਇਕ ਚੰਗੀ ਤਰ੍ਹਾਂ ਪਰਖਿਆ ਗਿਆ ਬਦਲ ਹੈ, ਜੋ ਕਣਕ ਦੇ ਦਾਣਿਆਂ ਦੀ ਪੈਦਾਵਾਰ 'ਚ 3-13 ਫ਼ੀਸਦੀ ਵਾਧਾ ਕਰਦਾ ਹੈ, ਸਿੰਚਾਈ ਪਾਣੀ ਦੀ ਉਤਪਾਦਕਤਾ ਵਿਚ ਸੁਧਾਰ ਕਰਦਾ ਹੈ ਅਤੇ ਮਿੱਟੀ ਦੇ ਜੈਵਿਕ ਕਾਰਬਨ ਤੇ ਪੌਸ਼ਟਿਕ ਤੱਤਾਂ ਦੇ ਭੰਡਾਰਾਂ ਨੂੰ  ਨਿਰੰਤਰ ਵਧਾਉਂਦਾ ਹੈ | ਮਸ਼ੀਨਰੀ ਦੀ ਕਸਟਮ-ਹਾਇਰਿੰਗ ਅਤੇ ਕਿਸਾਨ ਸਿਖਲਾਈ ਲਈ ਨੀਤੀਗਤ ਸਹਾਇਤਾ ਦੇ ਨਾਲ ਇਹ ਰਹਿੰਦ-ਖੂੰਹਦ ਪ੍ਰਬੰਧਨ ਦੇ ਬਦਲ ਅਪਣਾਉਣ ਨਾਲ ਕਣਕ ਦੀ ਉਤਪਾਦਕਤਾ ਅਤੇ ਪੰਜਾਬ ਦੀ ਮਿੱਟੀ ਦੀ ਲੰਬੇ ਸਮੇਂ ਦੀ ਸਿਹਤ ਨੂੰ  ਵਧਾਉਂਦੇ ਹੋਏ ਹਵਾ ਪ੍ਰਦੂਸ਼ਣ ਨੂੰ  ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ |
-ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਐਸ.ਆਈ.ਆਰ. ਤੋਂ ਬਾਅਦ 13 ਲੱਖ ਤੋਂ ਵੱਧ ਵੋਟਰ ਘਟੇ ਅਗਲੀ ਖ਼ਬਰ ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਮਿਲੇਗਾ ਅਰਥਸ਼ਾਸਤਰ ’ਚ ਨੋਬਲ ਪੁਰਸਕਾਰ
Ad Position 24