ਹਾਲ ਹੀ ਵਿਚ ਸੋਹਨਗੜ੍ਹ ਫਾਰਮ 'ਵਰਸਿਟੀ ਵਿਚ ਕੁਝ ਦਿਨ ਬਿਤਾਉਣ ਦਾ ਮੌਕਾ ਮਿਲਿਆ | ਇਹ ਫਾਰਮਸਟੇਅ ਪਿੰਡ ਸੋਹਨਗੜ੍ਹ ਰੱਤੇਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਸਥਿਤ ਹੈ ਅਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਤੋਂ ਇੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ | ਸੋਹਨਗੜ੍ਹ ਫਾਰਮ 'ਵਰਸਿਟੀ ਨੂੰ ਕੇਵਲ ਇਕ ਫਾਰਮਸਟੇਅ ਵਜੋਂ ਦੇਖਣਾ ਇਸ ਦੀ ਮਹੱਤਤਾ ਨੂੰ ਘਟਾ ਕੇ ਦੇਖਣਾ ਹੋਵੇਗਾ | ਅਸਲ ਵਿਚ ਇਹ ਜ਼ਿੰਦਗੀ, ਖੇਤੀ ਅਤੇ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਮੁੜ ਵਿਚਾਰਨ ਲਈ ਇਕ ਨਿਮਰ ਪਰ ਪ੍ਰਭਾਵਸ਼ਾਲੀ ਸੱਦਾ ਹੈ | ਇਸ ਪੂਰੇ ਉਪਰਾਲੇ ਦੇ ਪਿੱਛੇ ਕਮਲਜੀਤ ਸਿੰਘ ਹੇਅਰ ਖੜ੍ਹੇ ਹਨ | ਸ਼ਾਇਦ ਉਹ ਆਪਣੇ-ਆਪ ਨੂੰ ਕਿਸੇ ਵਿਸ਼ੇਸ਼ਣ ਨਾਲ ਜੋੜਨਾ ਪਸੰਦ ਨਾ ਕਰਨ, ਪਰ ਕੁਝ ਸਮਾਂ ਪਹਿਲਾਂ ਤੱਕ ਉਹ ਇਕ ਕਾਮਯਾਬ ਵਕੀਲ ਸਨ | ਫਿਰ ਉਨ੍ਹਾਂ ਨੇ ਆਪਣੀ ਚੰਗੀ-ਭਲੀ ਚਲਦੀ ਵਕਾਲਤ ਛੱਡ ਕੇ ਖੇਤਾਂ ਵੱਲ ਰੁਖ਼ ਕੀਤਾ, ਆਪਣਾ ਅਨਾਜ ਆਪ ਉਗਾਉਣ ਅਤੇ ਖੇਤੀ ਨੂੰ ਇਕ ਨਵੇਂ ਢੰਗ ਨਾਲ ਸਮਝਣ ਲਈ | ਇਹ ਬਦਲਾਅ ਕਿਸੇ ਵੀ ਤਰ੍ਹਾਂ ਸੁਖਾਵਾਂ ਨਹੀਂ ਸੀ | ਕਈ ਵਰਿ੍ਹਆਂ ਦੀ ਮਿਹਨਤ, ਲਗਾਤਾਰ ਪ੍ਰਯੋਗਾਂ ਅਤੇ ਅਨੇਕਾਂ ਚੁਣੌਤੀਆਂ 'ਚੋਂ ਲੰਘਣ ਮਗਰੋਂ ਉਹ ਕੁਦਰਤੀ ਤੇ ਟਿਕਾਊ ਖੇਤੀ ਦੇ ਮਾਹਿਰ ਵਜੋਂ ਸਾਹਮਣੇ ਆਏ | ਭਾਰਤ ਵਿਚ ਇਸ ਮਾਡਲ ਦੀ ਖੇਤੀ ਕਰਨ ਵਾਲੇ ਗਿਣਵੇਂ ਲੋਕਾਂ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਹੈ | ਉਨ੍ਹਾਂ ਦੀ ਸੋਚ ਦਾ ਕੇਂਦਰ ਬਹੁਤ ਸਾਦਾ, ਪਰ ਡੂੰਘਾ ਹੈ 'ਐਂਟੀ-ਮਾਈਨਿੰਗ' | ਇਸ ਦਾ ਅਰਥ ਹੈ ਕਿ ਮਿੱਟੀ 'ਚੋਂ ਲਗਾਤਾਰ ਤੱਤ ਕੱਢਦੇ ਰਹਿਣ ਦੀ ਬਜਾਏ, ਉਸ ਨੂੰ ਲੋੜੀਂਦੇ ਪੋਸ਼ਕ ਤੱਤ ਵਾਪਸ ਦਿੱਤੇ ਜਾਣ | ਖੇਤੀ ਨੂੰ ਸਿਰਫ਼ ਉਤਪਾਦਨ ਦੀ ਪ੍ਰਕਿਰਿਆ ਨਾ ਸਮਝ ਕੇ ਮਿੱਟੀ, ਪੌਦਿਆਂ, ਜੀਵ-ਜੰਤੂਆਂ ਅਤੇ ਮਨੁੱਖ ਵਿਚਕਾਰ ਬਣੇ ਇਕ ਜੀਵੰਤ ਰਿਸ਼ਤੇ ਵਜੋਂ ਦੇਖਿਆ ਜਾਵੇ | ਇਹ ਰਿਸ਼ਤਾ ਖੇਤਾਂ ਵਿਚ ਕੰਮ ਕਰਦਿਆਂ ਕਮਲਜੀਤ ਸਿੰਘ ਨੂੰ ਵੇਖ ਕੇ ਸਪੱਸ਼ਟ ਮਹਿਸੂਸ ਹੁੰਦਾ ਹੈ | ਉੱਥੇ ਤੁਹਾਨੂੰ ਸਿਰਫ਼ ਇਕ ਕਿਸਾਨ ਕੰਮ ਕਰਦਾ ਨਜ਼ਰ ਨਹੀਂ ਆਉਂਦਾ, ਸਗੋਂ ਮਿੱਟੀ ਨਾਲ ਜੁੜਿਆ ਇਕ ਡੂੰਘਾ ਜਜ਼ਬਾਤੀ ਰਿਸ਼ਤਾ ਦਿਖਾਈ ਦਿੰਦਾ ਹੈ | ਜਿਸ ਤਰ੍ਹਾਂ ਉਹ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਹਨ, ਉਸ ਵਿਚ ਉਨ੍ਹਾਂ ਦੀ ਲਗਨ ਦੇ ਨਾਲ-ਨਾਲ ਮਿੱਟੀ ਦਾ ਦਰਦ ਵੀ ਮਹਿਸੂਸ ਕੀਤਾ ਜਾ ਸਕਦਾ ਹੈ | ਇਸੇ ਸੋਚ ਕਾਰਨ ਉਹ ਨਦੀਨਾਂ ਅਤੇ ਕੀਟਾਂ ਨੂੰ ਵੀ ਤੁਰੰਤ ਫ਼ਸਲਾਂ ਦੇ ਦੁਸ਼ਮਣ ਮੰਨ ਕੇ ਰੱਦ ਨਹੀਂ ਕਰਦੇ | ਉਹ ਹਰ ਔਕੜ, ਹਰ ਚੁਣੌਤੀ ਅਤੇ ਹਰ ਸਮੱਸਿਆ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਨ | ਪਹਿਲਾਂ ਉਸ ਨੂੰ ਸਮਝਦੇ ਹਨ ਅਤੇ ਫਿਰ ਅਜਿਹਾ ਹੱਲ ਲੱਭਦੇ ਹਨ, ਜੋ ਕਈ ਵਾਰ ਬਹੁਤ ਸਧਾਰਨ ਹੁੰਦਾ ਹੈ, ਪਰ ਉਸ ਦੇ ਪਿੱਛੇ ਡੂੰਘੀ ਸਮਝ ਅਤੇ ਲੰਮੇ ਤਜਰਬੇ ਦੀ ਤਾਕਤ ਹੁੰਦੀ ਹੈ | ਇਸ ਪ੍ਰਕਿਰਿਆ ਵਿਚ ਮਿਲਣ ਵਾਲੀ ਖੁਸ਼ੀ ਅਣਗਿਣਤ ਮੌਕਿਆਂ 'ਤੇ ਦਿਲ ਨੂੰ ਛੂਹ ਲੈਂਦੀ ਹੈ | ਕਮਲਜੀਤ ਸਿੰਘ ਦਾ ਕੰਮ ਸਾਨੂੰ ਉਸ ਵੱਡੇ ਸੰਕਟ ਵੱਲ ਵੀ ਧਿਆਨ ਦਿਵਾਉਂਦਾ ਹੈ, ਜਿਸ ਦਾ ਸਾਹਮਣਾ ਅੱਜ ਮਿੱਟੀ ਕਰ ਰਹੀ ਹੈ | ਮਿੱਟੀ ਦੀ ਗੁਣਵੱਤਾ ਲਗਾਤਾਰ ਖਰਾਬ ਰਹੀ ਹੈ ਅਤੇ ਇਸ ਦਾ ਅਸਰ ਸਿਰਫ਼ ਸਾਡੀ ਸਰੀਰਕ ਸਿਹਤ 'ਤੇ ਹੀ ਨਹੀਂ, ਸਗੋਂ ਮਾਨਸਿਕ ਅਤੇ ਅਧਿਆਤਮਿਕ ਜੀਵਨ 'ਤੇ ਵੀ ਪੈ ਰਿਹਾ ਹੈ | ਮਿੱਟੀ ਦਾ ਇਸ ਹੱਦ ਤੱਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿ ਇਸ ਦੇ ਪੋਸ਼ਕ ਤੱਤ ਹੀ ਖ਼ਤਮ ਨਹੀਂ ਹੋ ਰਹੇ, ਬਲਕਿ ਇਸ ਦੀ ਰੂਹ ਵੀ ਲੁੱਟੀ ਤੇ ਕੁਚਲੀ ਜਾ ਰਹੀ ਹੈ | ਨਦੀਨਨਾਸ਼ਕ ਤੇ ਕੀਟਨਾਸ਼ਕ ਅਣਚਾਹੇ ਤੱਤਾਂ ਤੋਂ ਛੁਟਕਾਰਾ ਤਾਂ ਦਿਵਾ ਦਿੰਦੇ ਹਨ, ਪਰ ਅਸਲ ਵਿਚ ਇਹ ਜ਼ਹਿਰ ਹੀ ਹਨ | ਜੇ ਇਹ ਨਦੀਨਾਂ ਤੇ ਕੀੜੇ-ਮਕੌੜਿਆਂ ਲਈ ਹਾਨੀਕਾਰਕ ਹਨ ਤਾਂ ਸਾਡੀ ਸਿਹਤ ਲਈ ਫ਼ਾਇਦੇਮੰਦ ਕਿਵੇਂ ਹੋ ਸਕਦੇ ਹਨ? ਇਸ ਤੋਂ ਵੀ ਵੱਡਾ ਸਵਾਲ ਉਸ ਮਿੱਟੀ ਦਾ ਹੈ, ਜੋ ਸਾਨੂੰ ਸਾਲ-ਦਰ-ਸਾਲ ਅਤੇ ਪੀੜ੍ਹੀ-ਦਰ-ਪੀੜ੍ਹੀ ਪਾਲਦੀ ਆ ਰਹੀ ਹੈ | ਇਨ੍ਹਾਂ ਜ਼ਹਿਰਾਂ ਦਾ ਉਸ ਦੀ ਉਪਜਾਊ ਸ਼ਕਤੀ 'ਤੇ ਕੀ ਅਸਰ ਪੈ ਰਿਹਾ ਹੈ? ਜਦੋਂ ਅਸੀਂ ਮਿੱਟੀ ਨੂੰ ਲਗਾਤਾਰ ਕਮਜ਼ੋਰ ਕਰ ਰਹੇ ਹਾਂ ਤਾਂ ਫਿਰ ਉਸ ਤੋਂ ਸਿਹਤਮੰਦ ਫ਼ਸਲ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਸਮੇਂ ਦੇ ਨਾਲ ਜਿਨ੍ਹਾਂ ਤਰੀਕਿਆਂ ਨੂੰ ਅਸੀਂ ਸਰਸਰੀ ਤੌਰ 'ਤੇ ਹੱਲ ਸਮਝ ਲੈਂਦੇ ਹਾਂ, ਉਨ੍ਹਾਂ ਦੀ ਅਸਲ ਕੀਮਤ ਵਾਤਾਵਰਨ ਨੂੰ ਚੁਕਾਉਣੀ ਪੈਂਦੀ ਹੈ | ਇਸ ਲਈ ਖੇਤੀ ਦੇ ਮੌਜੂਦਾ ਮਾਡਲ 'ਤੇ ਮੁੜ ਵਿਚਾਰ ਕਰਨਾ ਅਤੇ ਕੁਦਰਤ ਨਾਲ ਸਾਂਝ ਪਾ ਕੇ ਚੱਲਣ ਵਾਲੇ ਬਦਲਾਂ ਨੂੰ ਸਮਝਣਾ ਅੱਜ ਦੀ ਵੱਡੀ ਲੋੜ ਹੈ | ਇਸੇ ਸੰਦਰਭ ਵਿਚ 'ਫੂਡ ਬੈਂਕ' ਪੁਸਤਕ ਵਿਚ ਕਮਲਜੀਤ ਸਿੰਘ ਨੇ ਆਪਣੇ ਅਨੋਖੇ ਸਫ਼ਰ ਨੂੰ ਕਲਮਬੱਧ ਕੀਤਾ ਹੈ | ਇਸ ਤਜਰਬੇ, ਸਿੱਖਿਆਵਾਂ, ਹੱਡ-ਬੀਤੀਆਂ ਅਤੇ ਖੇਤੀ ਤੇ ਮਿੱਟੀ ਨਾਲ ਜੁੜੀਆਂ ਚਿੰਤਾਵਾਂ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਪੜਿ੍ਹਆ ਜਾ ਸਕਦਾ ਹੈ | ਇਹ ਸਿਰਫ਼ ਇਕ ਕਿਤਾਬ ਨਹੀਂ, ਸਗੋਂ ਇਕ ਨਜ਼ਰੀਆ ਹੈ ਸੋਚਣ ਦਾ, ਇਕ ਨਵੇਂ ਤੇ ਵੱਖਰਾ ਢੰਗ ਨਾਲ | ਇਸ ਪੁਸਕਤ ਦਾ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਵੱਡੇ ਪੱਧਰ 'ਤੇ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ | ਮਿੱਟੀ ਨੂੰ ਸਮਝਣ ਦੇ ਨਾਲ-ਨਾਲ ਸ਼ਾਇਦ ਅਸੀਂ ਆਪਣੇ-ਆਪ ਨੂੰ ਸਮਝਣ ਦੀ ਸ਼ੁਰੂਆਤ ਵੀ ਇੱਥੋਂ ਹੀ ਕਰ ਸਕਦੇ ਹਾਂ |
-ਮੰਡੀ ਮੁੱਲਾਂਪੁਰ ਦਾਖਾ (ਲੁਧਿਆਣਾ) |