ਦੇਸ਼ ਅੰਦਰ ਹੋਰਨਾਂ ਫ਼ਸਲਾਂ ਵਾਂਗ ਬ੍ਰੋਕਲੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ, ਪਰ ਇਸ ਕਿਸਮ ਦੀ ਗੋਭੀ ਬਾਰੇ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ, ਜਦਕਿ ਫੁੱਲ ਗੋਭੀ, ਪੱਤਾ ਗੋਤੀ, ਗੱਠ ਗੋਭੀ ਆਦਿ ਨਾਲੋਂ ਬ੍ਰੋਕਲੀ ਨੂੰ ਸਰੀਰ ਲਈ ਲਾਹੇਵੰਦ ਮੰਨਿਆ ਗਿਆ ਹੈ | ਬ੍ਰੋਕਲੀ ਦੀ ਕਾਸ਼ਤ ਵੀ ਸਰਦੀ ਦੇ ਮੌਸਮ ਵਿਚ ਹੀ ਕੀਤੀ ਜਾਂਦੀ ਹੈ | ਬ੍ਰੋਕਲੀ ਕਿਸਮ ਦਾ ਬੂਟਾ ਆਮ ਗੋਭੀ ਦੀਆਂ ਕਿਸਮਾਂ ਵਰਗਾ ਹੀ ਹੁੰਦਾ ਹੈ, ਪਰ ਇਸ ਦਾ ਰੰਗ ਵੱਧ ਹਰਾ ਹੁੰਦਾ ਹੈ | ਬ੍ਰੋਕਲੀ ਗੋਭੀ ਦੀ ਕਾਸ਼ਤ ਫੁੱਲ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ | ਇਸ ਕਿਸਮ ਨੂੰ ਘਰੇਲੂ ਬਗੀਚੀ ਵਿਚ ਤੇ ਵਪਾਰਕ ਤੌਰ 'ਤੇ ਖੇਤ ਵਿਚ ਵੀ ਲਾਇਆ ਜਾ ਸਕਦਾ ਹੈ | ਹੋਰਨਾਂ ਬੂਟਿਆਂ ਵਾਲੀਆਂ ਫ਼ਸਲਾਂ ਵਾਂਗ ਇਸ ਦੀ ਕਾਸ਼ਤ ਵੀ ਪਨੀਰੀ ਦੇ ਰੂਪ 'ਚ ਕੀਤੀ ਜਾਂਦੀ ਹੈ | ਖੋਜਾਂ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਬ੍ਰੋਕਲੀ ਇਕ ਸਬਜ਼ੀ ਹੀ ਨਹੀਂ ਹੈ, ਸਗੋਂ ਮਨੁੱਖੀ ਸਰੀਰ ਲਈ ਦਵਾਈ ਦਾ ਕੰਮ ਵੀ ਕਰਦੀ ਹੈ | ਬ੍ਰੋਕਲੀ ਵਿਚ ਪੋਟਾਸ਼ੀਅਮ, ਫਾਈਬਰ, ਮਿਨਰਲਜ਼ ਆਦਿ ਵਰਗੇ ਹੋਰ ਵੀ ਕਈ ਤੱਤ ਪਾਏ ਜਾਂਦੇ ਹਨ | ਜਿਹੜੇ ਹਰ ਕਿਸਮ ਦੇ ਕੈਂਸਰ ਰੋਗ ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ ਤੇ ਦਿਲ ਦੇ ਰੋਗੀਆਂ ਲਈ ਵੀ ਬ੍ਰੋਕਲੀ ਫ਼ਾਇਦੇਮੰਦ ਹੈ | ਜਿਹੜੇ ਲੋਕ ਕੱਚੀ ਗੋਭੀ ਸਲਾਦ ਦੇ ਰੂਪ 'ਚ ਖਾਂਦੇ ਹਨ, ਉਨ੍ਹਾਂ ਲਈ ਹੋਰ ਵੀ ਵਧੀਆ ਹੈ | ਬ੍ਰੋਕਲੀ ਗੋਭੀ ਦਾ ਸੂਪ ਵੀ ਬਣਾਇਆ ਜਾ ਸਕਦਾ ਹੈ | ਬ੍ਰੋਕਲੀ ਦੇ ਫੁੱਲ/ਪੱਤੇ ਆਦਿ ਵੀ ਵਰਤੇ ਜਾ ਸਕਦੇ ਹਨ | ਕਿਸਾਨ ਬ੍ਰੋਕਲੀ ਦੀ ਖੇਤੀ ਵਪਾਰਕ ਤੌਰ 'ਤੇ ਵੀ ਕਰ ਸਕਦੇ ਹਨ ਤੇ ਘਰੇਲੂ ਬਗੀਚੀ ਵਿਚ ਬੀਜਣ ਲਈ ਬਾਜ਼ਾਰ 'ਚੋਂ ਥੋੜ੍ਹੀ ਮਾਤਰਾ ਵਿਚ ਪਨੀਰੀ ਵੀ ਮਿਲ ਜਾਂਦੀ ਹੈ, ਜਿਸ ਕਰਕੇ ਘਰੇਲੂ ਪੱਧਰ 'ਤੇ ਵੀ 20-50 ਬੂਟੇ ਲਾਏ ਜਾ ਸਕਦੇ ਹਨ |
ਕਵਾਰ ਗੰਦਲ ਜਿਸ ਨੂੰ 'ਐਲੋਵੇਰਾ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਬਹੁਤ ਹੀ ਗੁਣਕਾਰੀ ਫ਼ਸਲ ਦੇ ਰੂਪ 'ਚ ਪੈਦਾ ਹੁੰਦਾ ਹੈ | ਅਸਲ ਵਿਚ ਐਲੋਵੇਰਾ ਅੱਕ ਦੀਆਂ ਕਿਸਮਾਂ 'ਚੋਂ ਹੀ ਇਕ ਕਿਸਮ ਹੈ | ਅੱਕ ਨੂੰ ਦੂਸਰੀ ਭਾਸ਼ਾ ਵਿਚ 'ਕੈਕਟਸ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਕੈਕਟਸ ਦੀਆਂ ਸਾਰੀਆਂ ਹੀ ਕਿਸਮਾਂ ਨੂੰ ਘੱਟ ਪਾਣੀ ਵਾਲੀਆਂ ਥਾਵਾਂ 'ਤੇ ਵੀ ਉਗਾਇਆ ਜਾ ਸਕਦਾ ਹੈ | ਕਿਉਂਕਿ ਐਲੋਵੇਰਾ ਨੂੰ ਵਧਣ-ਫੁੱਲਣ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਐਲੋਵੇਰਾ. ਦੀਆਂ ਕਰੂੰਬਲਾਂ ਵਿਚ ਪਾਣੀ ਦੀ ਮਾਤਰਾ ਵੱਡੀ ਮਾਤਰਾ ਵਿਚ ਹੁੰਦੀ ਹੈ, ਜਿਸ ਕਰਕੇ ਸਾਲ ਵਿਚ ਇਕ-ਦੋ ਵਾਰੀ ਬਰਸਾਤਾਂ ਦਾ ਪਾਣੀ ਮਿਲਣ ਨਾਲ ਵੀ ਇਹ ਫ਼ਸਲ ਹੋ ਜਾਂਦੀ ਹੈ | ਰੇਤਲੀਆਂ ਜ਼ਮੀਨਾਂ 'ਚ ਵੀ ਇਸ ਦੀ ਫ਼ਸਲ ਬੀਜੀ ਜਾ ਸਕਦੀ ਹੈ | ਪਿਛਲੇ ਸਮਿਆਂ ਦੌਰਾਨ ਲੋਕ ਕਵਾਰ ਗੰਦਲ ਦਾ ਸਰਦੀ ਦੇ ਮੌਸਮ ਵਿਚ ਆਚਾਰ ਪਾ ਕੇ ਮੱਕੀ ਦੀ ਰੋਟੀ ਨਾਲ ਖਾਂਦੇ ਸਨ | ਇਸ ਦੀ ਫ਼ਸਲ ਗਰਮੀ-ਸਰਦੀ ਚੱਲਦੀ ਰਹਿੰਦੀ ਹੈ ਪਰ ਜ਼ਿਆਦਾ ਧੁੱਪ ਦੇ ਮੌਸਮ ਵਿਚ ਕਵਾਰ ਗੰਦਲ ਸੁੱਕ ਜਾਂਦਾ ਹੈ ਅਤੇ ਬਰਸਾਤਾਂ ਦੇ ਮੌਸਮ ਵਿਚ ਫਿਰ ਇਸ ਦਾ ਫੁਟਾਰਾ ਸ਼ੁਰੂ ਹੋ ਜਾਂਦਾ ਹੈ | ਕੈਕਟਸ ਦੀਆਂ ਕਿਸਮਾਂ ਵਿਚ ਪਾਈ ਜਾਂਦੀ ਕੁਦਰਤੀ ਆਦਤ ਮੁਤਾਬਿਕ ਇਕ ਬੂਟੇ ਦੇ ਆਲੇ-ਦੁਆਲੇ ਇਸ ਦੀਆਂ ਜੜ੍ਹਾਂ 'ਚੋਂ ਕਈ ਬੂਟਿਆਂ ਦਾ ਫੁਟਾਰਾ ਸ਼ੁਰੂ ਹੋ ਜਾਂਦਾ ਹੈ | ਹੁਣ ਐਲੋਵੇਰਾ ਦਾ ਕਾਰੋਬਾਰ ਦੁਨੀਆ ਭਰ 'ਚ ਫੈਲ ਚੁੱਕਾ ਹੈ ਅਤੇ ਹਰ ਸਾਲ ਕਰੋੜਾਂ ਰੁਪਏ ਦਾ ਐਲੋਵੇਰਾ ਵੱਖ-ਵੱਖ ਰੂਪ 'ਚ ਵੇਚਿਆ ਜਾ ਰਿਹਾ ਹੈ | ਜਿਵੇਂ ਕਿ ਐਲੋਵੇਰਾ ਦੀ ਜੈੱਲ, ਐਲੋਵੇਰਾ ਦਾ ਜੂਸ ਅਤੇ ਹੋਰ ਕਈ ਢੰਗ/ਤਰੀਕਿਆਂ ਨਾਲ ਬਾਜ਼ਾਰ ਵਿਚ ਇਸ ਦੇ ਉਤਪਾਦ ਆ ਰਹੇ ਹਨ | ਘਰੇਲੂ ਪੱਧਰ 'ਤੇ ਐਲੋਵੇਰਾ ਦਾ ਅਚਾਰ ਪਾਇਆ ਜਾ ਸਕਦਾ ਹੈ ਪਰ ਅਚਾਰ ਵਿਚ ਲੂਣ ਦੀ ਮਾਤਰਾ ਜ਼ਿਆਦਾ ਰੱਖਣੀ ਪੈਂਦੀ ਹੈ ਕਿਉਂਕਿ ਐਲੋਵੇਰਾ ਦੇ ਅੰਦਰ 100 ਫ਼ੀਸਦੀ ਪਾਣੀ ਹੋਣ ਕਰਕੇ ਇਹ ਇਸ ਦਾ ਅਚਾਰ ਉੱਲੀ ਫੜ ਜਾਂਦਾ ਹੈ | ਐਲੋਵੇਰਾ ਦਾ ਘਰੇਲੂ ਪੱਧਰ 'ਤੇ ਸਰਦੀ ਦੇ ਮੌਸਮ ਵਿਚ ਖੋਆ ਵੀ ਕੱਢਿਆ ਜਾ ਸਕਦਾ ਹੈ | ਕਿਸੇ ਤਿੱਖੀ ਵਸਤੂ ਨਾਲ ਐਲੋਵੇਰਾ ਦਿਆਂ ਪੱਤਿਆਂ 'ਚੋਂ ਗੁੰਦਾ ਕਿਸੇ ਬਰਤਨ 'ਚ ਕੱਢ ਲਿਆ ਜਾਂਦਾ ਹੈ | ਫਿਰ ਦੁੱਧ ਤੇ ਐਲੋਵੇਰਾ ਨੂੰ ਕੜਾਹੀ 'ਚ ਪਾ ਕੇ ਖੋਆ ਮਾਰ ਲਿਆ ਜਾਂਦਾ ਹੈ | ਐਲੋਵੇਰਾ ਨੂੰ ਕਿਸੇ ਵੀ ਰੂਪ 'ਚ ਵਰਤਿਆ ਜਾਵੇ ਤਾਂ ਇਹ ਸਰਦੀ ਦੇ ਮੌਸਮ ਵਿਚ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਾਹੇਵੰਦ ਸਾਬਤ ਹੁੰਦਾ ਹੈ | ਪਰ ਐਲੋਵੇਰਾ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਨਹੀ ਕਰਨੀ ਚਾਹੀਦੀ | ਕਈ ਲੋਕ ਸਰੀਰ ਦੀ ਚਮੜੀ ਨੂੰ ਤੰਦਰੁਸਤ ਰੱਖਣ ਲਈ ਵੀ ਐਲੋਵੇਰਾ ਦੀ ਵਰਤੋਂ ਕਰਦੇ ਹਨ | ਐਲੋਵੇਰਾ ਜੈੱਲ ਵੀ ਸਰੀਰ 'ਤੇ ਅੰਕ ਲਾਉਣ ਲਈ ਹੀ ਵਰਤੀ ਜਾਂਦੀ ਹੈ | ਕੁੱਲ ਮਿਲਾ ਕੇ ਵੱਡੇ ਪੱਧਰ 'ਤੇ ਐਲੋਵੇਰਾ ਦੀ ਖੇਤੀ ਕਰਨੀ ਲਾਹੇਵੰਦ ਸਾਬਿਤ ਹੋ ਸਕਦੀ ਹੈ | ਵੱਡੇ ਪੱਧਰ ਦੀਆਂ ਕੰਪਨੀਆਂ ਖੁਦ ਕਿਸਾਨਾਂ ਨੂੰ ਖੇਤੀ ਕਰਵਾਉਦੀਆਂ ਹਨ ਅਤੇ ਐਲੋਵੇਰਾ ਦੀ ਖਰੀਦ ਕਰਦੀਆਂ ਹਨ |
-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ |
ਮੋਬਾਈਲ : 98761-01698