25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਚੰਗੀ ਕਮਾਈ ਤੇ ਵਧੀਆ ਤੇਲ ਲਈ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ

ਚੰਗੀ ਕਮਾਈ ਤੇ ਵਧੀਆ ਤੇਲ ਲਈ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ

Ad Position 21
No active advertisement
ਅਜੀਤ ਡੈਸਕ 25-08-2026

 

ਤੋਰੀਆ, ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਹਨ | ਤੋਰੀਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਫ਼ਸਲਾਂ ਸੇਂਜੂ ਹਾਲਤਾਂ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕਿਆਂ ਲਈ ਢੁਕਵੀਆਂ ਹਨ | ਰਾਇਆ ਦੀ ਕਾਸ਼ਤ ਸੇਂਜੂ ਅਤੇ ਬਰਾਨੀ ਦੋਵੇਂ ਹਾਲਤਾਂ ਵਿਚ ਹੀ ਕੀਤੀ ਜਾ ਸਕਦੀ ਹੈ, ਪਰ ਤਾਰਾਮੀਰਾ ਸਿਰਫ਼ ਬਰਾਨੀ ਅਤੇ ਘੱਟ ਬਾਰਿਸ਼ ਵਾਲੇ ਇਲਾਕਿਆਂ ਲਈ ਢੁਕਵਾਂ ਹੈ | ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਨਾਲ ਝੋਨਾ-ਕਣਕ ਫ਼ਸਲੀ ਚੱਕਰ ਤੋਂ ਹਟ ਕੇ ਫ਼ਸਲੀ ਭਿੰਨਤਾ ਦੇ ਨਾਲ-ਨਾਲ ਪ੍ਰੋਸੈਸਿੰਗ ਕਰ ਕੇ ਤੇਲ ਅਤੇ ਖ਼ਲ ਦੀ ਪੈਦਾਵਾਰ ਕਰਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਰਾਇਆ ਦੀ ਕਿਸਮਾਂ ਆਰ.ਐਲ.ਸੀ.-3, ਆਰ.ਸੀ.ਐਚ.-1 ਅਤੇ ਗੋਭੀ ਸਰ੍ਹੋਂ ਦੀਆਂ ਜੀ. ਐਸ. ਸੀ.-6, ਜੀ. ਐਸ. ਸੀ.-7, ਪੀ. ਜੀ. ਐਸ. ਐਚ.-1707 ਕਨੋਲਾ ਕਿਸਮਾਂ ਹਨ, ਜਿਨ੍ਹਾਂ ਤੋਂ ਚੰਗੀ ਗੁਣਵੱਤਾ ਦਾ ਤੇਲ ਅਤੇ ਖ਼ਲ ਪੈਦਾ ਕਰਕੇ ਚੰਗੀ ਸਿਹਤ ਦੇ ਨਾਲ-ਨਾਲ ਕਮਾਈ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ | ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹੇਠ ਲਿਖੀਆਂ ਸੁਧਰੀਆਂ ਤਕਨੀਕਾਂ ਜ਼ਰੂਰ ਅਪਣਾਓ |
ਜ਼ਮੀਨ-ਤੋਰੀਆ ਫ਼ਸਲ ਦੀ ਕਾਸ਼ਤ ਮੈਰਾ ਜ਼ਮੀਨ ਵਿਚ ਕਰਨੀ ਚਾਹੀਦੀ ਹੈ, ਜਦੋਂ ਕਿ ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਨੂੰ  ਹਰ ਤਰ੍ਹਾਂ ਦੀ ਜ਼ਮੀਨ ਵਿਚ ਬੀਜਿਆ ਜਾ ਸਕਦਾ ਹੈ | ਤਾਰਾਮੀਰਾ ਦੀ ਕਾਸ਼ਤ ਲਈ ਰੇਤਲੀ ਅਤੇ ਮੈਰਾ-ਰੇਤਲੀ ਜ਼ਮੀਨ ਚੰਗੀ ਹੈ |
ਉੱਨਤ ਕਿਸਮਾਂ-ਤੋਰੀਏ ਦੀਆਂ ਉੱਨਤ ਕਿਸਮਾਂ ਵਿਚ ਟੀ. ਐਲ.-17, ਟੀ. ਐਲ.-15, ਰਾਇਆ ਵਿਚ ਪੀ. ਐਚ. ਆਰ.-127, ਆਰ. ਸੀ. ਐਚ.-1 (ਕਨੋਲਾ ਕਿਸਮ), ਪੀ. ਐਚ.ਆਰ.-126, ਗਿਰੀਰਾਜ, ਆਰ. ਐਲ. ਸੀ.-3 (ਕਨੋਲਾ ਕਿਸਮ), ਪੀ. ਬੀ. ਆਰ.-357, ਪੀ. ਬੀ. ਆਰ.-97, ਪੀ. ਬੀ. ਆਰ.-91, ਗੋਭੀ ਸਰ੍ਹੋਂ ਵਿਚ ਪੀ. ਜੀ. ਐਸ. ਐਚ.-2155 (ਕਨੋਲਾ), ਪੀ. ਜੀ. ਐਸ. ਐਚ.-1707 (ਕਨੋਲਾ), ਜੀ. ਐਸ. ਸੀ.-7 (ਕਨੋਲਾ), ਜੀ. ਐਸ. ਸੀ.-6 (ਕਨੋਲਾ), ਅਫਰੀਕਨ ਸਰੋ੍ਹਾ ਵਿਚ ਪੀਸੀ-6 ਅਤੇ ਤਾਰਾਮੀਰਾ ਵਿਚ ਟੀ. ਐਮ.ਐਲ.ਸੀ.-2 ਕਿਸਮ ਹੈ |
ਖੇਤ ਦੀ ਤਿਆਰੀ-ਖੇਤ ਨੂੰ  2 ਤੋਂ 4 ਵਾਰ ਵਾਹੋ ਅਤੇ ਹਰ ਵਾਰ ਵਾਹੀ ਮਗਰੋਂ ਸੁਹਾਗਾ ਜ਼ਰੂਰ ਫੇਰੋ | ਬਰਾਨੀ ਹਾਲਤਾਂ ਵਿਚ 1 ਤੋਂ 2 ਵਾਰ ਵਾਹੀ ਕਰੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ |
ਬਿਜਾਈ ਦਾ ਸਮਾਂ-ਤੋਰੀਏ ਦੀ ਬਿਜਾਈ ਸਤੰਬਰ ਮਹੀਨੇ ਢੁਕਵੀਂ ਹੈ | ਗੋਭੀ ਸਰ੍ਹੋਂ ਦੀ ਬਿਜਾਈ 10 ਤੋਂ 30 ਅਕਤੂਬਰ ਦਰਮਿਆਨ ਕਰੋ | ਰਾਇਆ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਚੰਗੀ ਹੈ | ਤਾਰਾਮੀਰਾ ਦੀ ਬਿਜਾਈ ਅਕਤੂਬਰ ਦੇ ਮਹੀਨੇ ਢੁਕਵੀਂ ਹੈ |
ਬੀਜ ਨੂੰ  ਟੀਕਾ ਲਾਉਣਾ-ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਬੀਜ ਨੂੰ  ਜੀਵਾਣੂ ਖਾਦ ਦਾ ਟੀਕਾ ਜ਼ਰੂਰ ਲਗਾਓ | ਇਕ ਏਕੜ ਦੇ ਬੀਜ ਨੂੰ  ਸਾਫ ਫਰਸ਼ ਜਾਂ ਪੋਲੀਥੀਨ ਸ਼ੀਟ ਉੱਪਰ 50-100 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਕੇ 250 ਗ੍ਰਾਮ ਸੁਡੋਮੋਨਾਸ ਪੁਟੀਡਾ ਐਮਐਲਈਐਸ-8 ਜੀਵਾਣੂ ਖਾਦ ਨਾਲ ਚੰਗੀ ਤਰ੍ਹਾਂ ਰਲਾ ਕੇ ਛਾਵੇਂ ਸੁਕਾ ਕੇ ਤੁਰੰਤ ਬਿਜਾਈ ਕਰੋ |
ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ-ਤੋਰੀਆ, ਰਾਇਆ, ਗੋਭੀ ਸਰ੍ਹੋਂ, ਅਫਰੀਕਨ ਸਰ੍ਹੋਂ ਅਤੇ ਤਾਰਾਮੀਰਾ ਫ਼ਸਲਾਂ ਦੀ ਬਿਜਾਈ 1.5 ਕਿਲੋ ਬੀਜ ਪ੍ਰਤੀ ਏਕੜ ਨਾਲ ਕਰੋ | ਤੋਰੀਆ, ਰਾਇਆ, ਅਫ਼ਰੀਕਨ ਸਰ੍ਹੋਂ ਅਤੇ ਤਾਰਾਮੀਰਾ ਨੂੰ  30 ਸੈਂਟੀਮੀਟਰ ਅਤੇ ਗੋਭੀ ਸਰ੍ਹੋਂ ਨੂੰ  45 ਸੈਂਟੀਮੀਟਰ ਦੂਰ ਕਤਾਰਾਂ ਵਿਚ ਬੀਜੋ | ਬੀਜ ਨੂੰ  4-5 ਸੈਂਟੀਮੀਟਰ ਡੂੰਘਾ ਬੀਜੋ |
ਖਾਦਾਂ-ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ | ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਵਿਚ ਸੇਂਜੂ ਹਾਲਤਾਂ ਵਿਚ ਤੋਰੀਏ ਦੀ ਫ਼ਸਲ ਨੂੰ  55 ਕਿਲੋ ਪ੍ਰਤੀ ਏਕੜ ਯੂਰੀਆ ਅਤੇ 50 ਕਿਲੋ ਪ੍ਰਤੀ ਏਕੜ ਸੁਪਰਫਾਸਫੇਟ ਬਿਜਾਈ ਸਮੇਂ ਪੋਰ ਦਿਓ | ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਨੂੰ  45 ਕਿਲੋ ਪ੍ਰਤੀ ਏਕੜ ਯੂਰੀਆ ਦੀ ਪਹਿਲੀ ਕਿਸ਼ਤ ਅਤੇ 75 ਕਿਲੋ ਪ੍ਰਤੀ ਏਕੜ ਸੁਪਰਫਾਸਫੇਟ ਬਿਜਾਈ ਸਮੇਂ ਪਾਓ | 45 ਕਿਲੋ ਪ੍ਰਤੀ ਏਕੜ ਯੂਰੀਆ ਦੀ ਦੂਜੀ ਕਿਸ਼ਤ ਪਹਿਲੇ ਪਾਣੀ ਨਾਲ ਤਿੰਨ ਤੋਂ ਚਾਰ ਹਫ਼ਤੇ ਬਾਅਦ ਪਾਓ | ਬਰਾਨੀ ਹਾਲਤਾਂ ਵਿਚ ਰਾਇਆ ਦੀ ਫ਼ਸਲ ਨੂੰ  33 ਕਿਲੋ ਯੂਰੀਆ ਪ੍ਰਤੀ ਏਕੜ ਅਤੇ 50 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਓ | ਬਰਾਨੀ ਹਾਲਤਾਂ ਵਿਚ ਤਾਰਾਮੀਰਾ ਦੀ ਫ਼ਸਲ ਨੂੰ  26 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਓ | ਪੋਟਾਸ਼ ਤੱਤ ਦੀ ਵਰਤੋਂ ਜ਼ਮੀਨ ਵਿਚ ਪੋਟਾਸ਼ ਦੀ ਘਾਟ ਆਉਣ 'ਤੇ ਕਰੋ |
ਨਦੀਨਾਂ ਦੀ ਰੋਕਥਾਮ-ਨਦੀਨਾਂ ਦੀ ਰੋਕਥਾਮ ਲਈ ਤੋਰੀਏ ਦੀ ਫ਼ਸਲ ਨੂੰ  ਬਿਜਾਈ ਤੋਂ 3 ਹਫ਼ਤੇ ਬਾਅਦ ਇਕ ਗੋਡੀ ਕਰਨੀ ਚਾਹੀਦੀ ਹੈ | ਰਾਇਆ, ਗੋਭੀ ਸਰ੍ਹੋਂ, ਅਫਰੀਕਨ ਸਰ੍ਹੋਂ ਅਤੇ ਤਾਰਾਮੀਰਾ ਨੂੰ  ਬਿਜਾਈ ਤੋਂ 3-4 ਹਫ਼ਤੇ ਬਾਅਦ ਪਹਿਲੀ ਗੋਡੀ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ 3 ਹਫ਼ਤੇ ਬਾਅਦ ਦੂਜੀ ਗੋਡੀ ਕਰ ਸਕਦੇ ਹਾਂ |
ਸਿੰਚਾਈ-ਤੋਰੀਆ, ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਦੀ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰ ਲੈਣੀ ਚਾਹੀਦੀ ਹੈ | ਤੋਰੀਏ ਦੀ ਫ਼ਸਲ ਨੂੰ  ਜੇ ਲੋੜ ਹੋਵੇ ਤਾਂ ਇਕ ਸਿੰਚਾਈ ਫੁੱਲ ਪੈਣ ਸਮੇਂ ਕਰੋ | ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਨੂੰ  ਪਹਿਲੀ ਸਿੰਚਾਈ ਬਿਜਾਈ ਤੋਂ 3-4 ਹਫ਼ਤੇ ਬਾਅਦ ਕਰੋ | ਰਾਇਆ ਅਤੇ ਅਫ਼ਰੀਕਨ ਸਰ੍ਹੋਂ ਨੂੰ  ਦੂਜੀ ਸਿੰਚਾਈ ਜੇ ਲੋੜ ਹੋਵੇ ਤਾਂ ਫੁੱਲ ਪੈਣ 'ਤੇ ਦਿੱਤੀ ਜਾ ਸਕਦੀ ਹੈ | ਗੋਭੀ ਸਰ੍ਹੋਂ ਦੀ ਫ਼ਸਲ ਨੂੰ  ਦੂਜੀ ਸਿੰਚਾਈ ਲੋੜ ਅਨੁਸਾਰ ਅਖੀਰ ਦਸੰਬਰ ਜਾਂ ਸ਼ੁਰੂ ਜਨਵਰੀ ਵਿਚ ਦਿੱਤੀ ਜਾ ਸਕਦੀ ਹੈ | ਤੀਜੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ |
ਕਟਾਈ ਤੇ ਗਹਾਈ-ਫਲੀਆਂ ਪੀਲੀਆਂ ਹੋ ਜਾਣ 'ਤੇ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ | ਰਾਇਆ ਅਤੇ ਤਾਰਾਮੀਰਾ ਦੀ ਫ਼ਸਲ ਮਾਰਚ ਦੇ ਮਹੀਨੇ, ਜਦ ਕਿ ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਦੀ ਫ਼ਸਲ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ | ਕੱਟੀ ਹੋਈ ਫ਼ਸਲ ਨੂੰ  ਢੇਰ ਬਣਾ ਕੇ ਰੱਖੋ | ਕਿੱਲੀਆਂ ਵਾਲੇ ਕਣਕ ਦੇ ਥ੍ਰੈਸ਼ਰ ਵਿਚ ਕੁਝ ਤਬਦੀਲੀਆਂ ਕਰਕੇ ਗਹਾਈ ਲਈ ਵਰਤਿਆ ਜਾ ਸਕਦਾ ਹੈ |
-ਫਾਰਮ ਸਲਾਹਕਾਰ ਸੇਵਾ ਕੇਂਦਰ, ਫਿਰੋਜ਼ਪੁਰ ਤੇ
ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੋਂ ਮਿਲਦਾ ਅਣਲਿਖਿਆ ਗਿਆਨ ਅਗਲੀ ਖ਼ਬਰ ਤੁਸੀਂ ਰੁੱਖ ਤਾਂ ਲਾਓ
Ad Position 24