![]()
ਖੇਤੀਬਾੜੀ ਦੇ ਵਿਕਾਸ ਵਿਚ ਵਿਗਿਆਨ ਦਾ ਯੋਗਦਾਨ ਬਹੁਤ ਅਹਿਮ ਰਿਹਾ ਹੈ | ਵਿਗਿਆਨ ਆਪਣੇ ਸਵਾਲ ਹਵਾ 'ਚੋਂ ਨਹੀਂ ਲੱਭਦਾ | ਬਹੁਤ ਵਾਰ ਉਸ ਦੇ ਸਵਾਲ ਖੇਤਾਂ, ਕਾਰਖਾਨਿਆਂ ਅਤੇ ਸਮਾਜ ਦੇ ਜੀਵਨ 'ਚੋਂ ਹੀ ਜਨਮ ਲੈਂਦੇ ਹਨ | ਖੇਤੀ ਵਿਚ ਵੀ ਇਹੀ ਹੁੰਦਾ ਹੈ | ਕਿਸੇ ਖੇਤਰ ਵਿਚ ਅਚਾਨਕ ਕੋਈ ਨਵਾਂ ਕੀੜਾ ਵਧ ਜਾਂਦਾ ਹੈ | ਕਿਸੇ ਪਿੰਡ ਦੇ ਕਿਸਾਨ ਕਹਿੰਦੇ ਹਨ ਕਿ ਇਸ ਵਾਰ ਮੀਂਹ ਦਾ ਮਿਜ਼ਾਜ ਵੱਖਰਾ ਹੈ ਜਾਂ ਅੱਜ-ਕੱਲ੍ਹ ਉਹ ਮੀਂਹ ਨਹੀਂ ਪੈਂਦੇ, ਜਿਵੇਂ ਚਾਲੀ-ਪੰਜਾਹ ਸਾਲ ਪਹਿਲਾਂ ਪੈਂਦੇ ਸਨ | ਇਹ ਆਪਣੇ ਆਪ 'ਚ ਵਿਗਿਆਨਕ ਸਿੱਟੇ ਨਹੀਂ ਹਨ, ਪਰ ਇਹ ਅਜਿਹੇ ਨਿਰੀਖਣ ਹਨ ਜੋ ਵਿਗਿਆਨ ਲਈ ਨਵੇਂ ਸਵਾਲ ਪੈਦਾ ਕਰਦੇ ਹਨ | ਕਿਸਾਨਾਂ ਦਾ ਗਿਆਨ ਅਕਸਰ ਲਿਖਿਆ ਨਹੀਂ ਹੁੰਦਾ | ਉਹ ਉਸ ਦੀ ਯਾਦ ਵਿਚ, ਉਸ ਦੀ ਭਾਸ਼ਾ ਵਿਚ ਅਤੇ ਉਸ ਦੇ ਰੋਜ਼ਾਨਾ ਦੇ ਫ਼ੈਸਲਿਆਂ ਵਿਚ ਵੱਸਦਾ ਹੈ | ਉਸ ਨੇ ਸ਼ਾਇਦ ਕਦੇ ਹਿਊਮਿਡਿਟੀ, ਡੀ.ਐਨ.ਏ. ਜਾਂ ਪਲਾਂਟ ਬ੍ਰੀਡਿੰਗ ਵਰਗੇ ਸ਼ਬਦ ਨਾ ਵਰਤੇ ਹੋਣ, ਪਰ ਉਹ ਇਹ ਜ਼ਰੂਰ ਜਾਣਦਾ ਹੈ ਕਿ ਕਿਸ ਹਵਾ ਤੋਂ ਬਾਅਦ ਫ਼ਸਲ ਦਾ ਸੁਭਾਅ ਬਦਲਦਾ ਹੈ, ਕਿਹੜੇ ਬੱਦਲ ਮੀਂਹ ਲਿਆਉਂਦੇ ਹਨ ਅਤੇ ਕਿਹੜੇ ਸਿਰਫ਼ ਧੂੜ | ਮਨੁੱਖੀ ਅਨੁਭਵ ਸੀਮਤ ਵੀ ਹੁੰਦਾ ਹੈ ਤੇ ਕਈ ਵਾਰ ਭਰਮਾਉਣ ਵਾਲਾ ਵੀ | ਇਸੇ ਲਈ ਵਿਗਿਆਨ ਦੀ ਲੋੜ ਹੈ | ਵਿਗਿਆਨ ਅਨੁਭਵ ਦੀ ਜਾਂਚ ਕਰਦਾ ਹੈ, ਉਸ ਨੂੰ ਪਰਖਦਾ ਹੈ, ਉਸ ਦੀਆਂ ਹੱਦਾਂ ਦੱਸਦਾ ਹੈ ਅਤੇ ਜਿੱਥੇ ਉਹ ਸਹੀ ਹੋਵੇ, ਉੱਥੇ ਉਸ ਨੂੰ ਵਿਆਪਕ ਗਿਆਨ ਦਾ ਹਿੱਸਾ ਬਣਾ ਦਿੰਦਾ ਹੈ | ਦੂਜੇ ਪਾਸੇ ਵਿਗਿਆਨ ਵੀ ਹਰ ਖੇਤ, ਹਰ ਮੌਸਮ ਅਤੇ ਹਰ ਸਥਾਨਕ ਹਾਲਾਤ ਨੂੰ ਪਹਿਲਾਂ ਤੋਂ ਨਹੀਂ ਜਾਣ ਸਕਦਾ | ਇਸੇ ਲਈ ਉਸ ਨੂੰ ਕਿਸਾਨ ਦੇ ਨਿਰੀਖਣ ਦੀ ਲੋੜ ਰਹਿੰਦੀ ਹੈ | ਦੋਵੇਂ ਇਕ-ਦੂਜੇ ਦੇ ਦੇ ਪੂਰਕ ਹਨ |
ਖੇਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਪ੍ਰਯੋਗਸ਼ਾਲਾ ਖੁੱਲ੍ਹੇ ਆਸਮਾਨ ਹੇਠ ਹੈ | ਜੇ ਕੋਈ ਕਿਸਾਨ ਆਪਣੇ ਖੇਤ ਦੇ ਇਕ ਹਿੱਸੇ ਵਿਚ ਨਵੀਂ ਕਿਸਮ ਬੀਜਦਾ ਹੈ ਤੇ ਦੂਜੇ ਹਿੱਸੇ ਵਿਚ ਪੁਰਾਣੀ, ਉਹ ਤੁਲਨਾ ਕਰ ਰਿਹਾ ਦੱਸਦਾ ਹੈ ਕਿ ਇਕ ਖ਼ਾਸ ਕਿਸਮ ਦੀ ਮਿੱਟੀ ਵਿਚ ਇਕੋ ਜਿਹੀ ਖਾਦ ਦਾ ਨਤੀਜਾ ਵੱਖਰਾ ਨਿਕਲਦਾ ਹੈ | ਇਹ ਆਪਣੇ-ਆਪ ਵਿਚ ਵਿਗਿਆਨਕ ਸਿੱਟੇ ਨਹੀਂ ਹਨ, ਪਰ ਇਹ ਅਜਿਹੇ ਨਿਰੀਖਣ ਹਨ ਜੋ ਵਿਗਿਆਨ ਲਈ ਨਵੇਂ ਸਵਾਲ ਪੈਦਾ ਕਰ ਸਕਦੇ ਹਨ | ਇਕ ਚੰਗਾ ਵਿਗਿਆਨੀ ਇਨ੍ਹਾਂ ਨੂੰ ਅੰਧਵਿਸ਼ਵਾਸ ਕਹਿ ਕੇ ਰੱਦ ਨਹੀਂ ਕਰਦਾ, ਉਹ ਪੁੱਛਦਾ ਹੈ- ਕੀ ਇਸ ਦੇ ਪਿੱਛੇ ਕੋਈ ਕਾਰਨ ਹੈ? ਕੀ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ? ਜੇ ਕੋਈ ਕਿਸਾਨ ਆਪਣੇ ਖੇਤ ਦੇ ਇਕ ਹਿੱਸੇ ਵਿਚ ਨਵੀਂ ਕਿਸਮ ਬੀਜਦਾ ਹੈ ਅਤੇ ਦੂਜੇ ਹਿੱਸੇ ਵਿਚ ਪੁਰਾਣੀ, ਉਹ ਤੁਲਨਾ ਕਰ ਰਿਹਾ ਹੈ | ਜੇ ਉਹ ਖਾਦ ਦੀ ਮਾਤਰਾ ਵਿਚ ਫ਼ਰਕ ਕਰਕੇ ਨਤੀਜੇ ਵੇਖਦਾ ਹੈ, ਉਹ ਨਿਰੀਖਣ ਕਰ ਰਿਹਾ ਹੈ | ਜੇ ਉਹ ਆਪਣੇ ਗੁਆਂਢੀ ਦੀ ਫ਼ਸਲ ਨਾਲ ਆਪਣੀ ਫ਼ਸਲ ਦੀ ਤੁਲਨਾ ਕਰਕੇ ਅਗਲੇ ਸਾਲ ਆਪਣਾ ਤਰੀਕਾ ਬਦਲਦਾ ਹੈ, ਉਹ ਸਿੱਖ ਰਿਹਾ ਹੈ | ਇਹ ਵਿਗਿਆਨਕ ਖੋਜ ਦਾ ਬਦਲ ਨਹੀਂ, ਪਰ ਗਿਆਨ ਹਾਸਲ ਕਰਨ ਦੀ ਇਕ ਅਸਲ ਅਤੇ ਮਹੱਤਵਪੂਰਨ ਪ੍ਰਕਿਰਿਆ ਜ਼ਰੂਰ ਹੈ |
ਇਸੇ ਲਈ ਅੱਜ ਦੁਨੀਆ ਭਰ ਵਿਚ ਖੇਤੀ ਨਾਲ ਜੁੜੀ ਖੋਜ ਹੌਲੀ-ਹੌਲੀ ਇਕ ਨਵੀਂ ਦਿਸ਼ਾ ਵੱਲ ਵਧ ਰਹੀ ਹੈ | ਹੁਣ ਇਹ ਸਮਝ ਵਧ ਰਹੀ ਹੈ ਕਿ ਨਵੀਆਂ ਤਕਨੀਕਾਂ ਤਦੋਂ ਹੀ ਸਫ਼ਲ ਹੁੰਦੀਆਂ ਹਨ, ਜਦੋਂ ਉਹ ਖੇਤਾਂ ਦੀ ਅਸਲ ਜ਼ਿੰਦਗੀ ਨਾਲ ਗੱਲਬਾਤ ਕਰਦੀਆਂ ਹਨ | ਪ੍ਰਯੋਗਸ਼ਾਲਾ ਵਿਚ ਤਿਆਰ ਹੋਇਆ ਹੱਲ ਖੇਤ ਵਿਚ ਜਾ ਕੇ ਹੀ ਆਪਣੀ ਅਸਲ ਪਰਖ ਦਿੰਦਾ ਹੈ, ਅਤੇ ਖੇਤ ਦੀਆਂ ਨਵੀਆਂ ਸਮੱਸਿਆਵਾਂ ਮੁੜ ਪ੍ਰਯੋਗਸ਼ਾਲਾ ਲਈ ਨਵੇਂ ਸਵਾਲ ਪੈਦਾ ਕਰਦੀਆਂ ਹਨ | ਇਹ ਇਕ ਲਗਾਤਾਰ ਚੱਕਰ ਹੈ, ਇਕ-ਪਾਸੜ ਯਾਤਰਾ ਨਹੀਂ | ਬਹੁਤ ਜ਼ਿਆਦਾ ਤੌਖਲਿਆਂ ਦੇ ਬਾਵਜੂਦ ਆਰਟੀਫ਼ਿਸ਼ਲ ਇੰਟੈਲੀਜੈਂਸ (ਏ.ਆਈ.) ਦੇ ਆਉਣ ਨਾਲ ਇਸ ਸੰਵਾਦ ਦੀ ਸੰਭਾਵਨਾ ਹੋਰ ਵੀ ਵਧ ਗਈ ਹੈ | ਏ.ਆਈ. ਲੱਖਾਂ ਤਸਵੀਰਾਂ, ਮੌਸਮੀ ਅੰਕੜਿਆਂ ਅਤੇ ਸੈਂਸਰਾਂ ਦੇ ਡਾਟੇ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਪਰ ਉਸ ਨੂੰ ਸਿੱਖਣ ਲਈ ਅਸਲ ਦੁਨੀਆ ਦਾ ਡਾਟਾ ਚਾਹੀਦਾ ਹੈ | ਉਹ ਡਾਟਾ ਖੇਤਾਂ 'ਚੋਂ ਹੀ ਆਉਂਦਾ ਹੈ | ਜੇ ਕਿਸਾਨ ਆਪਣੇ ਨਿਰੀਖਣ, ਆਪਣੇ ਤਜਰਬੇ ਅਤੇ ਆਪਣੀਆਂ ਸਮੱਸਿਆਵਾਂ ਨੂੰ ਡਿਜ਼ਿਟਲ ਰੂਪ ਵਿਚ ਸਾਂਝਾ ਕਰਨ ਤਾਂ ਏ.ਆਈ. ਵੀ ਹੋਰ ਸਟੀਕ ਬਣੇਗੀ | ਇਸ ਅਰਥ ਵਿਚ ਕਿਸਾਨ ਸਿਰਫ਼ ਤਕਨੀਕ ਦਾ ਉਪਭੋਗਤਾ ਨਹੀਂ, ਸਗੋਂ ਉਸ ਦੇ ਵਿਕਾਸ ਦਾ ਭਾਗੀਦਾਰ ਵੀ ਹੈ |
ਇੱਥੇ ਪੰਜਾਬੀ ਖੇਤੀ ਲਿਖਤ ਲਈ ਵੀ ਇਕ ਨਵਾਂ ਸਵਾਲ ਖੜ੍ਹਾ ਹੁੰਦਾ ਹੈ | ਕੀ ਸਾਡੀਆਂ ਲਿਖਤਾਂ ਸਿਰਫ਼ ਸਲਾਹ ਦਿੰਦੀਆਂ ਹਨ ਜਾਂ ਸਵਾਲ ਵੀ ਪੁੱਛਦੀਆਂ ਹਨ? ਕੀ ਉਹ ਕਿਸਾਨ ਨੂੰ ਸਿਰਫ਼ ਇਹ ਦੱਸਦੀਆਂ ਹਨ ਕਿ ਕੀ ਕਰਨਾ ਹੈ ਜਾਂ ਇਹ ਵੀ ਪੁੱਛਦੀਆਂ ਹਨ ਕਿ ਉਸ ਨੇ ਕੀ ਵੇਖਿਆ ਹੈ? ਜੇ ਹਰ ਲੇਖ, ਹਰ ਰੇਡੀਓ ਪ੍ਰੋਗਰਾਮ, ਹਰ ਯੂਟਿਊਬ ਵੀਡੀਓ ਅਤੇ ਹਰ ਖੇਤੀ ਕੈਂਪ ਵਿਚ ਕਿਸਾਨ ਦੇ ਅਨੁਭਵ ਨੂੰ ਵੀ ਥਾਂ ਮਿਲੇ ਤਾਂ ਸਾਡੇ ਕੋਲ ਸਥਾਨਕ ਗਿਆਨ ਦਾ ਇਕ ਅਨਮੋਲ ਖ਼ਜ਼ਾਨਾ ਤਿਆਰ ਹੋ ਸਕਦਾ ਹੈ | ਇਸ ਦਾ ਮਤਲਬ ਇਹ ਨਹੀਂ ਕਿ ਹਰ ਸਥਾਨਕ ਧਾਰਨਾ ਨੂੰ ਬਿਨਾਂ ਪਰਖੇ ਸਵੀਕਾਰ ਕਰ ਲਿਆ ਜਾਵੇ | ਵਿਗਿਆਨ ਦੀ ਕਸੌਟੀ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ | ਬਹੁਤ ਸਾਰੇ ਵਿਗਿਆਨਕ ਵਿਚਾਰ ਕਿਸੇ ਨਾ ਕਿਸੇ ਜੀਵਨ-ਅਨੁਭਵ 'ਚੋਂ ਹੀ ਜਨਮੇ ਹਨ |
ਇਸ ਲਈ ਖੇਤੀ ਦੇ ਭਵਿੱਖ ਦਾ ਸਵਾਲ ਇਹ ਨਹੀਂ ਕਿ ਗਿਆਨ ਕਿਸ ਕੋਲ ਹੈ | ਸਵਾਲ ਇਹ ਹੈ ਕਿ ਗਿਆਨ ਦਾ ਨਿਰਮਾਣ ਕਿਵੇਂ ਹੋਵੇ | ਕੀ ਉਹ ਸਿਰਫ਼ ਇਕ ਪਾਸੇ ਤੋਂ ਦੂਜੇ ਪਾਸੇ ਜਾਵੇਗਾ ਜਾਂ ਫਿਰ ਵਿਗਿਆਨੀ ਅਤੇ ਕਿਸਾਨ ਮਿਲ ਕੇ ਉਸ ਨੂੰ ਨਵਾਂ ਰੂਪ ਦੇਣਗੇ? ਖੇਤ ਨੂੰ ਸਿਰਫ਼ ਉਤਪਾਦਨ ਦੀ ਥਾਂ ਸਮਝਣਾ ਉਸ ਨਾਲ ਬੇਇਨਸਾਫ਼ੀ ਹੈ | ਖੇਤ ਇਕ ਜੀਵੰਤ ਕਲਾਸਰੂਮ ਵੀ ਹੈ, ਇਕ ਪ੍ਰਯੋਗਸ਼ਾਲਾ ਵੀ ਅਤੇ ਇਕ ਅਜਿਹਾ ਸਥਾਨ ਵੀ ਜਿੱਥੇ ਕੁਦਰਤ ਹਰ ਰੋਜ਼ ਨਵੇਂ ਸਵਾਲ ਪੁੱਛਦੀ ਹੈ | ਜੇ ਅਸੀਂ ਉਨ੍ਹਾਂ ਸਵਾਲਾਂ ਨੂੰ ਸੁਣਨਾ ਸਿੱਖ ਲਈਏ ਤਾਂ ਸ਼ਾਇਦ ਸਾਡੇ ਜਵਾਬ ਵੀ ਪਹਿਲਾਂ ਨਾਲੋਂ ਵਧੇਰੇ ਸਹੀ, ਵਧੇਰੇ ਮਨੁੱਖੀ ਅਤੇ ਵਧੇਰੇ ਟਿਕਾਊ ਹੋਣਗੇ | ਸ਼ਾਇਦ ਇਹੀ ਉਹ ਬਿੰਦੂ ਹੈ ਜਿੱਥੇ ਕਿਸਾਨ ਸਿਰਫ਼ ਖੇਤੀ ਕਰਨ ਵਾਲਾ ਨਹੀਂ ਰਹਿੰਦਾ, ਸਗੋਂ ਗਿਆਨ ਦੀ ਸਿਰਜਣਾ ਵਿਚ ਇਕ ਸਰਗਰਮ ਭਾਗੀਦਾਰ ਬਣ ਜਾਂਦਾ ਹੈ ਅਤੇ ਇਹੀ ਸੋਚ ਭਵਿੱਖ ਦੀ ਖੇਤੀ ਨੂੰ ਸਿਰਫ਼ ਵਧੇਰੇ ਉਤਪਾਦਕ ਹੀ ਨਹੀਂ, ਸਗੋਂ ਵਧੇਰੇ ਸਮਝਦਾਰ ਵੀ ਬਣਾ ਸਕਦੀ ਹੈ |
-ਪਿੰਡ ਪਿਪਲੀ, ਤਹਿਸੀਲ ਕਾਲਾਂਵਾਲੀ,
ਜ਼ਿਲ੍ਹਾ-ਸਿਰਸਾ (ਹਰਿਆਣਾ), ਪਿੰਨ-125201
ਮੋਬਾਈਲ : 94162-55877