ਮਟਰ ਪੰਜਾਬ ਦੀ ਸਰਦ ਰੁੱਤ ਦੀ ਇਕ ਮਹੱਤਵਪੂਰਨ ਫ਼ਸਲ ਹੈ | ਇਸ ਦੀ ਕਾਸ਼ਤ ਹਰੀਆਂ ਫਲੀਆਂ ਅਤੇ ਪੌਸ਼ਟਿਕ ਦਾਣਿਆਂ ਲਈ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ | ਮਟਰ ਇਕ ਘੱਟ ਸਮੇਂ ਵਿਚ ਤਿਆਰ ਹੋਣ ਵਾਲੀ ਫ਼ਸਲ ਹੈ, ਜਿਸ ਨਾਲ ਕਿਸਾਨਾਂ ਨੂੰ ਜਲਦੀ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਇਹ ਵੱਖ-ਵੱਖ ਫ਼ਸਲੀ ਚੱਕਰਾਂ ਵਿਚ ਆਸਾਨੀ ਨਾਲ ਸ਼ਾਮਿਲ ਕੀਤੀ ਜਾ ਸਕਦੀ ਹੈ | ਸਾਲ 2021-22 ਵਿਚ ਮਟਰ 45.43 ਹਜ਼ਾਰ ਹੈਕਟੇਅਰ ਰਕਬੇ 'ਤੇ ਪੰਜਾਬ ਵਿਚ ਉਗਾਏ ਗਏ, ਜਿਨ੍ਹਾਂ ਤੋਂ 483.57 ਹਜ਼ਾਰ ਟਨ ਦੀ ਪੈਦਾਵਾਰ ਹੋਈ | ਇਨ੍ਹਾਂ ਦਾ ਔਸਤ ਝਾੜ 106.45 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ | ਮਟਰ ਖਾਸ ਤੌਰ 'ਤੇ ਅਮਿ੍ੰਤਸਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਵਿਚ ਉਗਾਏ ਜਾਂਦੇੇ ਹਨ ਅਤੇ ਇਸ ਦਾ ਮਹੱਤਵਪੂਰਨ ਖੇਤਰ ਚੱਬੇਵਾਲ, ਹੁਸ਼ਿਆਰਪੁਰ ਵਿਚ ਹੈ | ਮਟਰਾਂ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜਿਹੜੀਆਂ ਕਿ ਇਸ ਫ਼ਸਲ ਦਾ ਬਹੁਤ ਨੁਕਸਾਨ ਕਰਦੀਆਂ ਹਨ | ਮਟਰਾਂ ਦੀਆਂ ਮੁੱਖ ਬਿਮਾਰੀਆਂ, ਉਨ੍ਹਾਂ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਹੇਠ ਲਿਖੇ ਅਨੁਸਾਰ ਹਨ :
ਚਿੱਟੋਂ (ਪਾਊਡਰੀ ਮਿਲਡਿਊ)-ਇਹ ਬਿਮਾਰੀ ਇਕ ਉੱਲੀ ਨਾਲ ਹੁੰਦੀ ਹੈ | ਇਹ ਬਿਮਾਰੀ ਦਰਮਿਆਨੇ ਸਮੇਂ 'ਤੇ ਲੇਟ ਪੱਕਣ ਵਾਲੀਆਂ ਕਿਸਮਾਂ ਦਾ ਵੱਧ ਨੁਕਸਾਨ ਕਰਦੀ ਹੈ | ਅਗੇਤੀ ਬੀਜੀ ਫ਼ਸਲ ਇਸ ਦੇ ਹਮਲੇ ਤੋਂ ਬਚ ਜਾਂਦੀ ਹੈ | ਬਿਮਾਰੀ ਪਹਿਲਾਂ ਪੱਤਿਆਂ 'ਤੇ ਆਉਂਦੀ ਹੈ ਅਤੇ ਫਿਰ ਦੂਜੇ ਹਰੇ ਭਾਗਾਂ ਅਤੇ ਫਲੀਆਂ 'ਤੇ ਚਲੀ ਜਾਂਦੀ ਹੈ | ਪੱਤੇ ਦੇ ਦੋਵੇਂ ਪਾਸੇ, ਤਣੇ ਅਤੇ ਫਲੀਆਂ 'ਤੇ ਆਟੇ ਵਰਗਾ ਚਿੱਟੇ ਰੰਗ ਦਾ ਧੂੜਾ ਜੰਮ ਜਾਂਦਾ ਹੈ ਅਤੇ ਇੱਥੋਂ ਧੂੜਾ ਬੂਟੇ ਦੇ ਆਸੇ–ਪਾਸੇ ਵਾਲੇ ਪੱਤਿਆਂ ਤਣੇ ਅਤੇ ਫਲੀਆਂ 'ਤੇ ਫੈਲ ਜਾਂਦਾ ਹੈ | ਜ਼ਿਆਦਾ ਹਮਲੇ ਦੀ ਸੂਰਤ 'ਚ ਬੂਟੇ ਦੇ ਸਾਰੇ ਹਿੱਸਿਆ 'ਤੇ ਚਿੱਟੇ ਰੰਗ ਦਾ ਧੂੜਾ ਦਿਖਾਈ ਦਿੰਦਾ ਹੈ | ਬਿਮਾਰ ਫਲੀਆਂ ਦੀ ਮਿਠਾਸ ਘੱਟ ਜਾਂਦੀ ਹੈ ਅਤੇ ਬੀਜ ਸੁੰਗੜ ਜਾਂਦੇ ਹਨ | ਬਿਮਾਰੀ ਆਮ ਤੌਰ 'ਤੇ ਜਨਵਰੀ ਦੇ ਅੱਧ 'ਚ ਸ਼ੁਰੂ ਹੁੰਦੀ ਹੈ ਅਤੇ ਮੌਸਮ ਗਰਮ ਹੋਣ ਨਾਲ ਵਧਦੀ ਰਹਿੰਦੀ ਹੈ | ਖੁਸ਼ਕ ਮੌਸਮ ਅਤੇ 24-32 ਡਿਗਰੀ ਸੈਟੀਂਗ੍ਰੇਡ ਤਾਪਮਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ | ਬਿਮਾਰੀ ਲਾਉਣ ਵਾਲੀ ਉੱਲੀ ਦੇ ਕਣ ਮਿੱਟੀ 'ਚ ਆਪਣਾ ਜੀਵਨ ਬਤੀਤ ਕਰਦੇ ਹਨ | ਇਸ ਬਿਮਾਰੀ ਦੀ ਰੋਕਥਾਮ ਲਈ (1) ਖੇਤਾਂ ਨੂੰ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਤੋਂ ਸਾਫ਼ ਰੱਖੋ | (2) ਅਗੇਤੀਆਂ ਕਿਸਮਾਂ ਦੀ ਕਾਸ਼ਤ ਕਰੋ | (3) 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ 'ਤੇ ਕਰੋ |
![]()
ਕੁੰਗੀ (ਰਸਟ)-ਮਟਰਾਂ ਦੀ ਕੁੰਗੀ ਵੀ ਉੱਲੀ ਕਰਕੇ ਹੁੰਦੀ ਹੈ | ਮਟਰਾਂ ਦੀ ਕੁੰਗੀ ਪੰਜਾਬ ਦੇ ਉੱਤਰ-ਪੂਰਬੀ ਜ਼ਿਲਿ੍ਹਆਂ ਵਿਚ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ | ਸਿੱਲੇ ਮੌਸਮ ਵਿਚ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਅਤੇ ਸਾਰੇ ਦਾ ਸਾਰਾ ਬੂਟਾ ਮਰ ਜਾਂਦਾ ਹੈ | ਬਿਮਾਰੀ ਦਰਮਿਆਨੇ ਸਮੇਂ ਅਤੇ ਲੇਟ ਪੱਕਣ ਵਾਲੀਆਂ ਕਿਸਮਾਂ ਤੇ ਬਹੁਤ ਆਉਂਦੀ ਹੈ | ਇਹ ਬਿਮਾਰੀ ਦਸੰਬਰ-ਜਨਵਰੀ ਵਿਚ ਸ਼ੁਰੂ ਹੁੰਦੀ ਹੈ | ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਤੋਂ ਲਾਲ ਭੂਰੇ ਉੱਭਰੇ ਹੋਏ ਧੱਬੇ ਪੈ ਜਾਂਦੇ ਹਨ | ਮਾਰਚ-ਅਪ੍ਰੈਲ ਵਿਚ ਲਾਲ ਧੱਬੇ ਬੂਟੇ ਦੇ ਵੱਖ-ਵੱਖ ਹਿੱਸਿਆਂ 'ਤੇ ਪੈ ਜਾਂਦੇ ਹਨ | ਗਰਮੀ ਵਿਚ ਇਹ ਧੱਬੇ ਕਾਲੇ ਰੰਗ ਵਿਚ ਬਦਲ ਜਾਂਦੇ ਹਨ ਅਤੇ ਕਾਲਾ ਪਾਊਡਰ ਪੱਤੇ ਦੀ ਉੱਪਰਲੀ ਛਿੱਲ ਹੇਠ ਢਕਿਆ ਹੁੰਦਾ ਹੈ, ਜਿਹੜੀ ਬਾਅਦ ਵਿਚ ਪਾਟ ਜਾਂਦੀ ਹੈ ਅਤੇ ਕਾਲਾ ਪਾਊਡਰ ਦਿਖਾਈ ਦਿੰਦਾ ਹੈ |
ਉੱਲੀ ਆਪਣਾ ਜੀਵਨ ਚੱਕਰ ਮਟਰਾਂ ਦੀ ਫ਼ਸਲ 'ਤੇ ਹੀ ਪੂਰਾ ਕਰ ਲੈਂਦੀ ਹੈ | ਨਦੀਨ ਜਿਵੇਂ ਕਿ ਮਟਰੀ ਅਤੇ ਰਿਵਾੜੀ 'ਤੇ ਵੀ ਇਹ ਬਿਮਾਰੀ ਪਲਦੀ ਰਹਿੰਦੀ ਹੈ ਅਤੇ ਫਿਰ ਮੁੱਖ ਮਟਰਾਂ ਦੀ ਫ਼ਸਲ 'ਤੇ ਇਹ ਫੈਲ ਜਾਂਦੀ ਹੈ | ਹਵਾ ਵਿਚ ਸਿੱਲ ਅਤੇ ਦਰਮਿਆਨੇ ਤਾਪਮਾਨ ਵਿਚ ਬਿਮਾਰੀ ਵਧਦੀ ਹੈ | ਇਸ ਬਿਮਾਰੀ ਨੂੰ ਸਹੀ ਤਰੀਕੇ ਨਾਲ ਕਾਬੂ ਕਰਨ ਲਈ (1) ਖੇਤ ਨੂੰ ਮਟਰੀ ਤੇ ਰਵਾੜੀ ਵਰਗੇ ਨਦੀਨਾਂ ਤੋਂ ਮੁਕਤ ਰੱਖੋ | (2) ਬਿਮਾਰੀ ਵਾਲੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦਿਓ, ਤਾਂ ਕਿ ਬਿਮਾਰੀ ਜ਼ਿਆਦਾ ਨੁਕਸਾਨ ਨਾ ਕਰੇ | (3) ਫ਼ਸਲ ਦੀ ਅਦਲਾ-ਬਦਲੀ ਵਿਚ ਦਾਲਾਂ ਵਾਲੀਆਂ ਫ਼ਸਲਾਂ ਤੋਂ ਬਿਨਾਂ ਦੂਜੀਆਂ ਫ਼ਸਲਾਂ ਅਪਣਾਓ | (4) ਚਿੱਟੋ ਅਤੇ ਕੁੰਗੀ ਦੋਹਾਂ ਦੀ ਇਕੱਠਿਆਂ ਰੋਕਥਾਮ ਕਰਨ ਲਈ ਸਲਫੈਕਸ 200 ਗ੍ਰਾਮ ਨੂੰ ਇੰਡੋਫਿਲ ਐਮ-45,400 ਗ੍ਰਾਮ ਵਿਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ |
ਵਾਈਟ ਰਾਟ-ਇਹ ਬਿਮਾਰੀ ਇਕ ਉੱਲੀ ਕਰਕੇ ਹੁੰਦੀ ਹੈ | ਪੱਤਿਆਂ ਤਣੇ ਅਤੇ ਫਲੀ 'ਤੇ ਪਾਣੀ ਭਿੱਜੇ ਬੇਤਰਤੀਬੇ ਧੱਬੇ ਬਣ ਜਾਂਦੇ ਹਨ, ਪ੍ਰੰਤੂ ਇਹ ਬਿਮਾਰੀ ਜ਼ਿਆਦਾਤਰ ਫਲੀ 'ਤੇ ਦਿਖਾਈ ਦਿੰਦੀ ਹੈ, ਜੋ ਬਾਅਦ ਵਿਚ ਭੂਰੇ ਰੰਗ ਦੀ ਖੁਰਦਰੀ ਪੇਪੜੀ ਬਣ ਜਾਂਦੀ ਹੈ | ਇਸ ਉੱਪਰ ਠੰਢੇ ਤੇ ਸਲ੍ਹਾਬ ਵਾਲੇ ਮੌਸਮ ਵਿਚ ਚਿੱਟੇ ਰੰਗ ਦਾ ਮਾਦਾ ਬਣਦਾ ਹੈ, ਜੋ ਬਾਅਦ ਵਿਚ ਸਖ਼ਤ ਹੋ ਕੇ ਕਾਲੇ ਰੰਗ ਦੇ ਦਾਣੇ (ਸਕਲੇਰੋਸ਼ੀਆ) ਦੇ ਰੂਪ ਵਿਚ ਫਲੀ ਵਿਚ ਬਣ ਜਾਂਦੇ ਹਨ | ਇਹ ਬਿਮਾਰੀ ਫੁੱਲ ਪੈਣ 'ਤੇ ਫਲੀ ਬਣਨ ਦੀ ਅਵਸਥਾ 'ਤੇ ਜ਼ਿਆਦਾ ਗੰਭੀਰ ਹੁੰਦੀ ਹੈ | ਇਸ ਬਿਮਾਰੀ ਦੀ ਰੋਕਥਾਮ ਲਈ (1) ਮਟਰ ਦੀ ਫ਼ਸਲ ਨੂੰ ਬਿਮਾਰੀ ਲੱਗਣ ਵਾਲੀਆਂ ਫ਼ਸਲਾਂ ਜਿਵੇਂ ਬੈਂਗਣ, ਗੋਭੀ, ਗਾਜਰ ਅਤੇ ਮਟਰ ਤੋਂ ਬਾਅਦ ਨਾ ਲਗਾਓ | (2) ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਹੈ |
ਜੜ੍ਹਾਂ ਦਾ ਗਾਲਾ ਤੇ ਸੋਕਾ (ਵਿਲਟ ਰੂਟ ਰਾਟ ਤੇ ਕਾਲਰ ਰੌਟ)-ਇਹ ਬਿਮਾਰੀ ਵੀ ਉੱਲੀ ਨਾਲ ਹੁੰਦੀ ਹੈ | ਪੰਜਾਬ ਵਿਚ ਅਗੇਤੀ ਮਟਰਾਂ ਦੀ ਫ਼ਸਲ ਜਿਹੜੀ ਕਿ ਸਤੰਬਰ ਵਿਚ ਬੀਜੀ ਜਾਂਦੀ ਹੈ ਅਤੇ ਜਿਸ ਤੋਂ ਮੰਡੀ ਵਿਚ ਚੋਖਾ ਮੁੱਲ ਮਿਲ ਜਾਂਦਾ ਹੈ, ਵਿਚ ਇਹ ਬਿਮਾਰੀ ਵੱਡੀ ਸਮੱਸਿਆ ਹੈ | ਬਿਮਾਰੀ ਮੁੱਖ ਤੌਰ 'ਤੇ ਬੂਟੇ ਦੇ ਜ਼ਮੀਨ ਹੇਠਲੇ ਹਿੱਸਿਆ 'ਤੇ ਆਉਂਦੀ ਹੈ ਜਾਂ ਤਣੇ ਦੇ ਜ਼ਮੀਨ ਨਾਲ ਲੱਗਦੇ ਹਿੱਸੇ 'ਤੇ ਇਸ ਨਾਲ ਲਾਲ ਭੂਰੇ ਹੇਠਾਂ ਨੂੰ ਧਸੇ ਹੋਏ ਚੱਟਾਖ ਬਣ ਜਾਂਦੇ ਹਨ | ਧੱਬੇ ਜੜ੍ਹਾਂ ਤੱਕ ਪਹੁੰਚ ਜਾਂਦੇ ਹਨ ਅਤੇ ਜੜ੍ਹਾਂ ਪੂਰੀ ਤਰ੍ਹਾਂ ਸੁੱਕ ਜਾਂਦੀਆਂ ਹਨ ਅਤੇ ਬੂਟੇ ਦਾ ਆਕਾਰ ਰੁਕ ਜਾਂਦਾ ਹੈ | ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ | ਬਿਮਾਰੀ 18 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਤਾਪਮਾਨ 'ਤੇ ਸ਼ੁਰੂ ਹੋ ਸਕਦੀ ਹੈ | ਪਰ ਸਭ ਤੋਂ ਅਨੁਕੂਲ ਤਾਪਮਾਨ 27-30 ਡਿਗਰੀ ਸੈਂਟੀਗ੍ਰੇਡ ਹੈ | ਅਗੇਤੀ ਬੀਜੀ ਫ਼ਸਲ 'ਚ ਵੱਧ ਤਾਪਮਾਨ ਕਰਕੇ ਹੀ ਬਿਮਾਰੀ ਜ਼ਿਆਦਾ ਆਉਂਦੀ ਹੈ | ਬਿਮਾਰੀ ਦੇ ਜੀਵਾਣੂ ਜ਼ਮੀਨ ਵਿਚ ਜੀਵਤ ਰਹਿੰਦੇ ਹਨ ਅਤੇ ਅਗਲੇ ਸਾਲ ਬਿਮਾਰੀ ਆਉਣ ਦਾ ਕਾਰਨ ਬਣਦੇ ਹਨ | ਇਸ ਬਿਮਾਰੀ ਦੀ ਰੋਕਥਾਮ ਲਈ (1) ਬਿਮਾਰੀ ਵਾਲੇ ਖੇਤਾਂ ਵਿਚ ਫ਼ਸਲ ਅਗੇਤੀ ਨਾ ਬੀਜੋ | (2) ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਸੂਡੋਮੋਨਾਸ ਫਲੋਰੇਸੈਂਨਸ ਦੇ ਪਾਊਡਰ ਨਾਲ ਸੋਧ ਕੇ ਬੀਜੋ |
-ਪੌਦਾ ਰੋਗ ਵਿਭਾਗ, ਪੀ.ਏ.ਯੂ. ਲੁਧਿਆਣਾ-141004
ਮੋਬਾਈਲ : 98729-25785