ਕਿਸਾਨਾਂ ਦੀ ਆਮਦਨ ਵਧਾਉਣ ਅਤੇ ਝੋਨੇ ਦੀ ਕਾਸ਼ਤ ਅਧੀਨ ਕੁਝ ਰਕਬੇ ਨੂੰ ਕੱੱਢ ਕੇ ਸਪੈਸ਼ਲਿਟੀ ਕੌਰਨ (ਬੇਬੀ ਕੌਰਨ, ਪੌਪ ਕੌਰਨ ਅਤੇ ਸਵੀਟ ਕੌਰਨ) ਦੀ ਕਾਸ਼ਤ ਕਿਸਾਨਾਂ ਲਈ ਲਾਹੇਵੰਦ ਸਿੱੱਧ ਹੋ ਸਕਦੀ ਹੈ ਪਰ ਇਸ ਲਈ ਕਿਸਾਨਾਂ ਨੂੰ ਉੱਨਤ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਮਾਰਕੀਟਿੰਗ ਲਿੰਕੇਜ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ।
ਬੇਬੀ ਕੌਰਨ ਮੱਕੀ ਦੀ ਅਜਿਹੀ ਛੱਲੀ ਹੈ, ਜਿਸ ਨੇ ਅਜੇ ਸੂਤ ਕੱਤਣਾ ਸ਼ੁਰੂ ਕੀਤਾ ਹੋਵੇ, ਪਰ ਅਜੇ ਦਾਣੇ ਬਣਨ ਦੀ ਪ੍ਰਕਿਰਿਆ ਸ਼ੁਰੂ ਨਾ ਹੋਈ ਹੋਵੇ, ਅਜਿਹੀ ਛੱਲੀ ਨੂੰ ਤੋੜ ਕੇ ਬੇਬੀ ਕੌਰਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਬੇਬੀ ਕੌਰਨ ਨੂੰ ਸਬਜ਼ੀ, ਅਚਾਰ, ਪਕੌੜੇ ਅਤੇ ਸੂਪ ਅਦਿ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਬੇਬੀ ਕੌਰਨ ਦੀ ਫ਼ਸਲ ਤਕਰੀਬਨ 60-65 ਦਿਨਾਂ ਵਿਚ ਖ਼ਤਮ ਹੋ ਜਾਂਦੀ ਹੈ। ਬੇਬੀ ਕੌਰਨ ਤੋੜਨ ਤੋਂ ਬਾਅਦ ਬਚੇ ਹੋਏ ਟਾਂਡਿਆਂ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਸਬਜ਼ੀ ਦੇ ਤੌਰ 'ਤੇ ਬੇਬੀ ਕੌਰਨ ਇਸ ਕਰਕੇ ਵੀ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪੱਤਿਆਂ ਵਿਚ ਲਪੇਟਿਆ ਹੋਣ ਕਾਰਨ ਕੀਟਨਾਸ਼ਕ ਜ਼ਹਿਰਾਂ ਦੇ ਮਾਰੂ ਅਸਰ ਤੋਂ ਮੁਕਤ ਹੁੰਦੀ ਹੈ।
ਸੰਭਾਵੀ ਫ਼ਸਲ ਚੱਕਰ-ਕਿਉਂਕਿ ਬੇਬੀ ਕੌਰਨ ਦੀ ਫ਼ਸਲ ਸਿਰਫ਼ 60-65 ਦਿਨਾਂ ਦੀ ਹੈ, ਸੋ ਅਪ੍ਰੈਲ ਤੋਂ ਸਤੰਬਰ ਤੱਕ ਦੋ ਜਾਂ ਤਿੰਨ ਫ਼ਸਲਾਂ ਲਗਾਤਾਰ ਇਕੋ ਹੀ ਖੇਤ 'ਚੋਂ ਲਈਆਂ ਜਾ ਸਕਦੀਆਂ ਹਨ। ਅਪ੍ਰੈਲ ਵਿਚ ਬੀਜੀ ਬੇਬੀ ਕੌਰਨ ਤੋਂ ਬਾਅਦ ਜੂਨ-ਜੁਲਾਈ ਵਿਚ ਝੋਨਾ ਜਾਂ ਬਾਸਮਤੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ ਜਾਂ ਫਿਰ ਬੇਬੀ ਕੌਰਨ ਤੋਂ ਬਾਅਦ ਪਕਾਵੀਂ ਮੱੱਕੀ ਦੀ ਹੋਰ ਫ਼ਸਲ ਲੈ ਸਕਦੇ ਹੋ। ਬੇਬੀ ਕੌਰਨ ਦੀਆਂ ਲਗਾਤਾਰ ਦੋ ਫ਼ਸਲਾਂ ਲੈਣ ਤੋਂ ਬਾਅਦ ਸਤੰਬਰ ਵਿਚ ਅਗੇਤੇ ਮਟਰ ਜਾਂ ਅਕਤੂਬਰ ਵਿਚ ਆਲੂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਬੀ ਕੌਰਨ ਖੇਤੀ ਆਮਦਨ ਵਧਾਉਣ ਅਤੇ ਖੇਤੀ ਵੰਨ-ਸੁਵੰਨਤਾ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ।
ਬਿਜਾਈ ਦਾ ਸਮਾਂ ਤੇ ਢੰਗ-ਬੇਬੀ ਕੌਰਨ ਦੀ ਕਾਸ਼ਤ ਅਪ੍ਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਸਿੱਧੀਆਂ ਕਤਾਰਾਂ ਵਿਚ ਕਰੋ। ਕਤਾਰ ਤੋਂ ਕਤਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਸਾਰਾ ਖੇਤ ਇਕੋ ਵਾਰ ਨਹੀਂ ਬੀਜਣਾ ਚਾਹੀਦਾ, ਖੇਤ ਨੂੰ ਦੋ ਜਾਂ ਤਿੰਨ ਹਿੱਸਿਆਂ ਵਿਚ ਵੰਡ ਲਵੋ ਅਤੇ ਥੋੜ੍ਹੇ-ਥੋੜ੍ਹੇ ਵਕਫ਼ੇ ਮਗਰੋਂ ਬਿਜਾਈ ਕਰੋ, ਤਾਂ ਜੋ ਸਮੇਂ-ਸਮੇਂ ਸਿਰ ਬਾਜ਼ਾਰ ਦੀ ਮੰਗ ਅਨੁਸਾਰ ਸਪਲਾਈ ਕੀਤੀ ਜਾ ਸਕੇ।
ਢੁਕਵੀਂ ਕਿਸਮ-ਬੇਬੀ ਕੌਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਇਕ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ-1 ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਦੀ ਬੇਬੀ ਕੌਰਨ ਦਿੰਦੀ ਹੈ। ਇਨ੍ਹਾਂ ਦੇ ਬੇਬੀ ਕੌਰਨ ਇਕਸਾਰ ਆਕਾਰ ਦੇ ਹੁੰਦੇ ਹਨ। ਕਿਸਮ ਪੰਜਾਬ ਬੇਬੀ ਕੌਰਨ-1 ਦਾ ਝਾੜ 8.4 ਕੁਇੰਟਲ ਪ੍ਰਤੀ ਏਕੜ ਹੈ।
ਖਾਦਾਂ ਦੀ ਵਰਤੋਂ-ਖ਼ੁਰਾਕੀ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ.ਏ.ਪੀ. ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਖੇਤ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਡੀ.ਏ.ਪੀ. 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ। ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧਾ ਹਿੱਸਾ ਯੂਰੀਆ ਖਾਦ ਬਿਜਾਈ ਸਮੇਂ ਪਾਓ। ਬਾਕੀ ਦੀ ਰਹਿੰਦੀ ਯੂਰੀਆ ਖਾਦ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ, ਉਸ ਵੇਲੇ ਪਾਓ।
ਬੇਬੀ ਕੌਰਨ ਦੀ ਤੁੜਾਈ-ਸੂਤ ਨਿਕਲਣ ਸਾਰ ਨਰਮ ਕੱਚੀਆਂ ਛੱਲੀਆਂ ਨੂੰ ਤੋੜ ਲੈਣਾ ਚਾਹੀਦਾ ਹੈ। ਦੇਰੀ ਨਾਲ ਤੁੜਾਈ ਕਰਨ 'ਤੇ ਇਹ ਛੱਲੀਆਂ ਸਖ਼ਤ ਅਤੇ ਮੋਟੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਕੌਰਨ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਮੰਡੀ ਵਿਚ ਘੱਟ ਭਾਅ ਮਿਲਦਾ ਹੈ। ਇਕ ਬੂਟੇ ਤੋਂ ਦੋ ਜਾਂ ਤਿੰਨ ਵਾਰ ਛੱਲੀਆਂ ਤੋੜਨੀਆਂ ਚਾਹੀਦੀਆਂ ਹਨ। ਇਸ ਤੋਂ ਵੱਧ ਲੱਗਣ ਵਾਲੀਆਂ ਛੱਲੀਆਂ ਦੀ ਗੁਣਵੱਤਾ ਚੰਗੀ ਨਹੀਂ ਰਹਿੰਦੀ। ਤੁੜਾਈ ਵੇਲੇ ਬੇਬੀ ਕੌਰਨ ਉੱਪਰ ਪਰਦੇ ਦੀ ਇਕ ਤਹਿ ਰਹਿਣ ਦੇਣੀ ਚਾਹੀਦੀ ਹੈ, ਤਾਂ ਜੋ ਮੰਡੀ ਵਿਚ ਵੇਚਣ ਵੇਲੇ ਇਸ ਦੀ ਦਿੱਖ ਪ੍ਰਭਾਵਸ਼ਾਲੀ ਰਹੇ ਅਤੇ ਗੁਣਵੱਤਾ 'ਤੇ ਮਾੜਾ ਅਸਰ ਨਾ ਪਵੇ।
ਮੰਡੀਕਰਨ-ਬੇਬੀ ਕੌਰਨ ਦੀ ਵਧੇਰੇ ਮੰਗ ਹੋਟਲਾਂ ਵਿਚ ਹੈ। ਕੁਝ ਪ੍ਰਾਈਵੇਟ ਕੰਪਨੀਆਂ ਵਲੋਂ ਵੀ ਬੇਬੀ ਕੌਰਨ ਦਾ ਨਿਰਯਾਤ ਕੀਤਾ ਜਾ ਰਿਹਾ ਹੈ। ਅਜਿਹੀਆਂ ਕੰਪਨੀਆਂ ਠੇਕੇ ਦੇ ਆਧਾਰ 'ਤੇ ਕਿਸਾਨਾਂ ਕੋਲੋਂ ਬੇਬੀ ਕੌਰਨ ਪੈਦਾ ਕਰਵਾ ਕੇ ਮਿੱਥੇ ਭਾਅ 'ਤੇ ਖਰੀਦਣ ਦਾ ਕਾਰੋਬਾਰ ਕਰ ਰਹੀਆਂ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਬੇਬੀ ਕੌਰਨ ਦੀ ਕਾਸ਼ਤ ਕਰਨ ਤੋਂ ਪਹਿਲਾਂ ਅਜਿਹੀਆਂ ਕੰਪਨੀਆਂ ਨਾਲ ਸੰਪਰਕ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਮੰਡੀਕਰਨ ਵਿਚ ਕੋਈ ਦਿੱੱਕਤ ਨਾ ਆਵੇ।
ਬੇਬੀ ਕੌਰਨ 'ਚ ਖ਼ੁਰਾਕੀ ਤੱਤ-ਬੇਬੀ ਕੌਰਨ ਵਿਚ ਉਹ ਸਾਰੇ ਜ਼ਰੂਰੀ ਖ਼ੁਰਾਕੀ ਤੱਤ ਹੁੰਦੇ ਹਨ, ਜੋ ਦੂਸਰੀਆਂ ਸਬਜ਼ੀਆਂ ਵਿਚ ਹੁੰਦੇ ਹਨ। ਬੇਬੀ ਕੌਰਨ ਵਿਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਫਾਸਫੋਰਸ ਵੀ ਕਾਫ਼ੀ ਮਾਤਰਾ ਵਿਚ ਹੁੰਦਾ ਹੈ।
-ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ)।
ਫ਼ਸਲੀ ਭਿੰਨਤਾ ਤੇ ਵਧੇਰੇ ਮੁਨਾਫ਼ੇ ਲਈ ਬੇਬੀ ਕੌਰਨ ਦੀ ਕਾਸ਼ਤ
ਅਜੀਤ ਡੈਸਕ
14-07-2026