ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬਾਗਬਾਨੀ ਰਾਹੀਂ ਕਮਾਓ ਵਧੇਰੇ ਆਮਦਨ

Ad Position 21
No active advertisement
ਅਜੀਤ ਡੈਸਕ 14-07-2026

 

ਭਾਰਤ ਅੱਜ ਇਕ ਨਿਰਣਾਇਕ ਇਤਿਹਾਸਕ ਮੋੜ 'ਤੇ ਖੜ੍ਹਾ ਹੈ, ਜਿੱਥੇ ਵਧਦੀ ਆਬਾਦੀ ਨੂੰ ਦੇਖਦੇ ਹੋਏ ਟਿਕਾਊ ਤੇ ਕਿਫ਼ਾਇਤੀ ਭੋਜਨ ਮੁਹੱਈਆ ਕਰਨ ਲਈ ਸਦੀਵੀ ਹੱਲ ਲੱਭਣ, ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਬਣਾਉਣ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਅਜਿਹੇ ਸਮੇਂ ਵਿਚ ਬਾਗਬਾਨੀ ਸਿੱਖਿਆ ਨੌਜਵਾਨਾਂ ਲਈ ਸਿਰਫ਼ ਆਮ ਕਰੀਅਰ ਚੋਣ ਨਹੀਂ ਰਹਿੰਦੀ, ਸਗੋਂ ਇਹ ਇਕ ਸੋਚ-ਸਮਝ ਕੇ ਚੁਣੀ ਜਾਣ ਵਾਲੀ ਤੇ ਭਵਿੱਖ ਨਾਲ ਜੁੜੀ ਦਿਸ਼ਾ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ।
ਬਦਲਵੇਂ ਹਾਲਾਤ ਦੇ ਪ੍ਰਸੰਗ ਵਿਚ ਬਾਗਬਾਨੀ ਸਿੱਖਿਆ ਸਿਰਫ਼ ਇਕ ਵਿਸ਼ਾ ਨਹੀਂ, ਸਗੋਂ ਇਕ ਅਜਿਹਾ ਖੇਤਰ ਹੈ, ਜੋ ਭਵਿੱਖ ਨੂੰ ਮਜ਼ਬੂਤ ਕਰਦਾ ਹੈ, ਪੋਸ਼ਣ ਸੁਰੱਖਿਆ ਨੂੰ ਸੁਧਾਰਦਾ ਹੈ ਅਤੇ ਟਿਕਾਊ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਦੇ ਕਾਬਿਲ ਹੈ। ਦੇਸ਼ ਪੱਧਰ 'ਤੇ ਬਾਗਬਾਨੀ ਕੁੱਲ ਖੇਤੀਬਾੜੀ ਜੀ.ਡੀ.ਪੀ. ਵਿਚ 30 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦੀ ਹੈ, ਜਦਕਿ ਇਹ ਸਿਰਫ਼ ਲਗਭਗ 15 ਫ਼ੀਸਦੀ ਖੇਤਰਫਲ 'ਤੇ ਕੀਤੀ ਜਾਂਦੀ ਹੈ। ਪੰਜਾਬ ਵਿਚ ਵੀ ਕਰੀਬ 6 ਫ਼ੀਸਦੀ ਖੇਤਰ 'ਤੇ ਹੋਣ ਦੇ ਬਾਵਜੂਦ ਇਹ ਲਗਭਗ 17 ਫ਼ੀਸਦੀ ਯੋਗਦਾਨ ਦਿੰਦੀ ਹੈ। ਇਹ ਦੱਸਦਾ ਹੈ ਕਿ ਇਸ ਖੇਤਰ ਵਿਚ ਵਿਸਥਾਰ ਦੀਆਂ ਵਧੇਰੇ ਤੇ ਅਸੀਮ ਸੰਭਾਵਨਾ ਹਨ। 10+2 ਪਾਸ ਕਰਨ ਵਾਲੇ ਵਿਦਿਆਰਥੀਆਂ (ਚਾਹੇ ਮੈਡੀਕਲ ਜਾਂ ਨਾਨ-ਮੈਡੀਕਲ ਦੇ ਹੋਣ) ਅਤੇ ਉਨ੍ਹਾਂ ਮਾਪਿਆਂ ਲਈ ਜੋ ਆਪਣੇ ਬੱਚਿਆਂ ਲਈ ਸਥਿਰ, ਭਵਿੱਖ-ਕੇਂਦਰਤ ਅਤੇ -ਸੁਰੱਖਿਅਤ ਕਰੀਅਰ ਦੀ ਭਾਲ ਕਰ ਰਹੇ ਹਨ, ਤਾਂ ਬਾਗਬਾਨੀ ਸਿੱਖਿਆ ਇਕ ਮਜ਼ਬੂਤ ਤੇ ਪ੍ਰਸੰਗਿਕ ਚੋਣ-ਵਿਸ਼ਾ ਹੋ ਸਕਦਾ ਹੈ, ਜਿੱਥੇ ਆਧੁਨਿਕ ਵਿਗਿਆਨ, ਨਵੀਂ ਸੋਚ, ਨਵੀਨਤਾ ਅਤੇ ਆਪਣਾ ਕਾਰੋਬਾਰ ਕਰਨ ਦੇ ਵਧੇਰੇ ਮੌਕੇ ਮਿਲਦੇ ਹਨ। ਅਕਸਰ ਬਾਗਬਾਨੀ ਨੂੰ ਰਵਾਇਤੀ ਖੇਤੀ ਦਾ ਸਿਰਫ਼ ਵਿਸਥਾਰ ਜਾਂ ਇਕ ਹਿੱਸਾ ਮੰਨ ਲਿਆ ਜਾਂਦਾ ਹੈ, ਪਰ ਹਕੀਕਤ ਵਿਚ ਇਹ ਇਕ ਵਿਸ਼ਾਲ ਤੇ ਵਿਗਿਆਨ-ਕੇਂਦਰਿਤ ਖੇਤਰ ਹੈ, ਜਿਸ ਵਿਚ ਫਲਾਂ, ਸਬਜ਼ੀਆਂ, ਫੁੱਲਾਂ, ਔਸ਼ਧੀ ਅਤੇ ਸੁਗੰਧਿਤ ਪੌਦਿਆਂ ਦੀ ਕਾਸ਼ਤ, ਜਨੈਟਿਕ ਸੁਧਾਰ, ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਤੱਕ ਸਾਰਾ ਕੰਮ ਸ਼ਾਮਿਲ ਹੁੰਦਾ ਹੈ। ਇਸ ਤੋਂ ਬਿਨਾਂ ਅੱਜ ਕੱਲ੍ਹ ਇਸ ਵਿਸ਼ੇ ਦੇ ਮਾਹਿਰ ਸਿਖਿਆਰਥੀ ਲੈਂਡਸਕੈਂਪਿੰਗ ਰਾਹੀਂ ਵਧੀਆ ਪੈਸੇ ਕਮਾ ਰਹੇ ਹਨ। ਬਾਗਬਾਨੀ ਦਾ ਖੇਤਰ ਬਾਇਓਟੈਕਨਾਲੋਜੀ, ਜਲਵਾਯੂ ਵਿਗਿਆਨ, ਮਿੱਟੀ ਵਿਗਿਆਨ, ਪ੍ਰਿਸੀਜ਼ਨ ਖੇਤੀਬਾੜੀ, ਪੋਸਟ-ਹਾਰਵੇਸਟ ਤਕਨਾਲੋਜੀ, ਆਧੁਨਿਕ ਖੇਤੀ ਤਕਨੀਕਾਂ ਅਤੇ ਐਗਰੀ-ਬਿਜ਼ਨਸ ਪ੍ਰਬੰਧਨ ਵਰਗੀਆਂ ਵੱਖ-ਵੱਖ ਵਿੱਦਿਆਵਾਂ ਨਾਲ ਜੁੜਿਆ ਹੋਇਆ ਹੈ। ਰਵਾਇਤੀ ਖੇਤੀ ਦੇ ਮੁਕਾਬਲੇ ਬਾਗਬਾਨੀ ਰਾਹੀਂ ਘੱਟ ਰਕਬੇ ਤੋਂ ਵਧੇਰੇ ਤੇ ਟਿਕਾਊ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ, ਜੇ ਇਸ ਨੂੰ ਵਿਗਿਆਨਕ ਤੇ ਤਕਨੀਕੀ ਢੰਗ ਨਾਲ ਕੀਤਾ ਜਾਵੇ। ਇਹ ਵਿਸ਼ੇਸ਼ਤਾ ਇਸ ਨੂੰ ਪੰਜਾਬ ਵਰਗੇ ਰਾਜਾਂ ਲਈ ਖ਼ਾਸ ਤੌਰ 'ਤੇ ਵਿਸ਼ੇਸ਼ ਬਣਾਉਂਦੀ ਹੈ, ਜਿੱਥੇ ਜ਼ਮੀਨ ਪਰਿਵਾਰ ਪੱਧਰ 'ਤੇ ਛੋਟੇ-ਛੋਟੇ ਟੁਕੜਿਆਂ ਵਿਚ ਵੰਡ ਰਹੀ ਹੈ ਅਤੇ ਰਵਾਇਤੀ ਖੇਤੀ 'ਤੇ ਦਬਾਅ ਵਧ ਰਿਹਾ ਹੈ।
ਪੰਜਾਬ ਜੋ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਸੀ, ਪਰ ਮੌਜੂਦਾ ਹਾਲਾਤ ਵਿਚ ਮਿੱਟੀ ਦੀ ਸਿਹਤ ਦੀਆਂ ਸਮੱਸਿਆਵਾਂ, ਘਟਦੇ ਭੂ-ਜਲ ਭੰਡਾਰ ਅਤੇ ਘਟ ਰਹੀ ਆਮਦਨ ਦੇ ਨਾਲ-ਨਾਲ ਵਧ ਰਹੀ ਮਹਿੰਗਾਈ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕਣਕ-ਝੋਨੇ ਦੀ ਉਤਪਾਦਨ ਪ੍ਰਣਾਲੀ ਭਾਵੇਂ ਇਤਿਹਾਸਕ ਤੌਰ 'ਤੇ ਕ੍ਰਾਂਤੀਕਾਰੀ ਰਹੀ ਹੋਵੇ, ਪਰ ਹੁਣ ਟਿਕਾਊ ਨਹੀਂ ਰਹੀ। ਇਸ ਪ੍ਰਸੰਗ ਵਿਚ ਬਾਗਬਾਨੀ ਇਕ ਨਵਾਂ ਭਵਿੱਖ-ਕੇਂਦਰਿਤ ਰਾਹ ਦਿੰਦੀ ਹੈ। ਚੰਗੇ ਤੇ ਉੱਚ ਮੁੱਲ ਵਾਲੀਆਂ ਬਹੁਤ ਸਾਰੀਆਂ ਫ਼ਲ, ਸਬਜ਼ੀਆਂ ਤੇ ਫੁੱਲ ਦੀਆਂ ਫ਼ਸਲਾਂ ਅਤੇ ਪਾਲੀਹਾਊਸ ਜਾਂ ਨੈੱਟ-ਹਾਊਸ ਵਰਗੀਆਂ ਤਕਨੀਕਾਂ ਨਾਲ ਕਿਸਾਨ ਵਧੇਰੇ ਆਮਦਨ ਕਮਾ ਸਕਦੇ ਹਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਿਚ ਵੀ ਅਹਿਮ ਯੋਗਦਾਨ ਪਾ ਸਕਦੇ ਹਨ। ਪਿਛਲੇ ਚਾਰ ਦਹਾਕਿਆਂ ਵਿਚ ਫ਼ਲਾਂ ਤੇ ਸਬਜ਼ੀਆਂ ਦੀ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਖ਼ਪਤ 4.01 ਕਿ.ਗ੍ਰਾ. ਤੋਂ ਵਧ ਕੇ 9.15 ਕਿ.ਗ੍ਰਾ. ਹੋ ਜਾਣਾ, ਇਸ ਦੀ ਵਧਦੀ ਮਹੱਤਤਾ ਦਾ ਪ੍ਰਮਾਣ ਹੈ। ਇਸ ਦੀ ਤਤਕਾਲੀ ਲੋੜ ਅਤੇ ਸੰਭਾਵਨਾ ਨੂੰ ਸਮਝਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 2018 ਵਿਚ ਹਾਰਟੀਕਲਚਰ ਅਤੇ ਫੋਰੈਸਟਰੀ ਕਾਲਜ ਦੀ ਸਥਾਪਨਾ ਕੀਤੀ ਗਈ, ਜੋ ਭਵਿੱਖ ਲਈ ਨਿਪੁੰਨ ਮਨੁੱਖੀ ਸਰੋਤ ਤਿਆਰ ਕਰਨ ਦੀ ਇਕ ਦੂਰਦਰਸ਼ੀ ਸੰਸਥਾਗਤ ਪਹਿਲ ਹੈ। ਕੋਵਿਡ-19 ਤੋਂ ਬਾਅਦ ਸਿਹਤ ਅਤੇ ਪੋਸ਼ਣ ਪ੍ਰਤੀ ਲੋਕਾਂ ਦੀ ਸੋਚ ਵਿਚ ਬਹੁਤ ਬਦਲਾਅ ਆਇਆ ਹੈ। ਹੁਣ ਲੋਕ ਸਿਹਤ, ਸੰਤੁਲਿਤ ਆਹਾਰ ਅਤੇ ਪੋਸ਼ਣ ਵੱਲ ਵਧੇਰੇ ਧਿਆਨ ਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਫ਼ਲਾਂ ਅਤੇ ਸਬਜ਼ੀਆਂ ਦੀ ਮੰਗ ਵਧੀ ਹੈ। ਇਹ ਸੋਚ ਦੱਸਦੀ ਹੈ ਕਿ ਬਾਗਬਾਨੀ ਹੁਣ ਸਿਰਫ਼ ਖੇਤੀ ਨਹੀਂ ਰਹੀ, ਸਗੋਂ ਸਿਹਤ ਅਤੇ ਪੋਸ਼ਣ ਵਜੋਂ ਆਮ ਲੋਕਾਂ ਨਾਲ ਵੀ ਜੁੜ ਗਈ ਹੈ।
ਭਾਰਤ ਅਜੇ ਵੀ ਲੁਕੀ ਹੋਈ ਭੁੱਖ (ਸੂਖਮ ਪੋਸ਼ਕ ਤੱਤਾਂ ਦੀ ਘਾਟ ਵਾਲੀ ਭੁੱਖ) ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿੱਥੇ ਕੈਲੋਰੀਆਂ ਦੀ ਪ੍ਰਾਪਤੀ ਭਰਭੂਰ ਹੋਣ ਦੇ ਬਾਵਜੂਦ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਦੀ ਘਾਟ ਰਹਿੰਦੀ ਹੈ। ਫ਼ਲ ਤੇ ਸਬਜ਼ੀਆਂ, ਜਿਨ੍ਹਾਂ ਨੂੰ ਅਕਸਰ ਸੁਰੱਖਿਅਤ ਭੋਜਨ ਕਿਹਾ ਜਾਂਦਾ ਹੈ, ਇਨ੍ਹਾਂ ਪੋਸ਼ਕ ਤੱਤਾਂ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਸਰੋਤ ਹਨ। ਇਸ ਲਈ ਬਾਗਬਾਨੀ ਸਿੱਖਿਆ ਦਾ ਪ੍ਰਚਾਰ ਸਿਰਫ਼ ਮਨੁੱਖੀ ਸਰੋਤ ਵਿਕਾਸ ਤੱਕ ਸੀਮਤ ਨਹੀਂ, ਸਗੋਂ ਇਹ ਰਾਸ਼ਟਰੀ ਸਿਹਤ ਵਿਚ ਇਕ ਸਿੱਧਾ ਤੇ ਦੂਰਗਾਮੀ ਨਿਵੇਸ਼ ਹੈ।
ਜਲਵਾਯੂ ਤਬਦੀਲੀ ਹੁਣ ਦੂਰ ਦੀ ਭਵਿੱਖਵਾਣੀ ਨਹੀਂ, ਸਗੋਂ ਵਰਤਮਾਨ ਦੀ ਹਕੀਕਤ ਹੈ। ਮੌਸਮ ਵਿਚ ਤਬਦੀਲੀਆਂ ਜਿਵੇਂ ਕਿ ਅਣਕਿਆਸੇ ਮੀਂਹ, ਤਾਪਮਾਨ ਵਿਚ ਤੀਬਰ ਤਬਦੀਲੀਆਂ ਅਤੇ ਜਲਵਾਯੂ ਅਸਧਾਰਨਤਾਵਾਂ ਖੇਤੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਬਾਗਬਾਨੀ ਵਿਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਜਿਵੇਂ ਡ੍ਰਿਪ ਸਿੰਜਾਈ ਅਤੇ ਹਾਈਡ੍ਰੋਪੋਨਿਕਸ, ਜਲਵਾਯੂ-ਸਹਿਣਸ਼ੀਲ ਕਿਸਮਾਂ ਦੇ ਵਿਕਾਸ ਵਰਗੀਆਂ ਨਵੀਨਤਾਵਾਂ ਰਾਹੀਂ ਇਸ ਚੁਣੌਤੀ ਦਾ ਸਮਰੱਥ ਹੱਲ ਪੇਸ਼ ਕਰਦੀ ਹੈ, ਜੋ ਉਤਪਾਦਕਤਾ ਨੂੰ ਕਾਇਮ ਰੱਖਦਿਆਂ ਜਲਵਾਯੂ ਖ਼ਤਰਿਆਂ ਨੂੰ ਘਟਾਉਂਦੀਆਂ ਹਨ। ਇਸ ਮਾਇਨੇ ਵਿਚ ਬਾਗਬਾਨੀ ਇਕ ਅਸਲ 'ਕਲਾਈਮੇਟ-ਸਮਾਰਟ' ਖੇਤਰ ਤੇ ਪੇਸ਼ਾ ਹੈ। ਉਚਿਤ ਤਕਨੀਕੀ ਗਿਆਨ ਅਤੇ ਸੰਸਥਾਗਤ ਸਹਾਇਤਾ ਨਾਲ ਛੋਟੇ ਉੱਦਮ ਵੀ ਟਿਕਾਊ ਅਤੇ ਵਧਦੇ ਕਾਰੋਬਾਰਾਂ ਵਿਚ ਤਬਦੀਲ ਹੋ ਸਕਦੇ ਹਨ। ਪੀ.ਏ.ਯੂ. ਦੇ ਹਾਰਟੀਕਲਚਰ ਅਤੇ ਫੋਰੈਸਟਰੀ ਕਾਲਜ ਵਰਗੀਆਂ ਸੰਸਥਾਵਾਂ ਇਸ ਦਿਸ਼ਾ ਵਿਚ ਕੇਂਦਰੀ ਭੂਮਿਕਾ ਨਿਭਾ ਰਹੀਆਂ ਹਨ। ਅਨੁਭਵਾਤਮਕ ਸਿੱਖਣ ਅਤੇ ਰਿਸਰਚ ਦੇ ਏਕੀਕਰਨ ਰਾਹੀਂ ਇਹ ਨੌਜਵਾਨਾਂ ਨੂੰ ਸਿਰਫ਼ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਕਾਬਲੀਅਤ ਨਾਲ ਵੀ ਸੰਪੰਨ ਕਰਦੀਆਂ ਹਨ। ਇਸ ਦੇ ਗ੍ਰੈਜੂਏਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉੱਚ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੇ ਹਨ।
ਅੱਜ ਦੇ ਨੌਜਵਾਨਾਂ ਲਈ ਸਵਾਲ ਸਿਰਫ਼ ਨੌਕਰੀ ਪ੍ਰਾਪਤ ਕਰਨ ਦਾ ਨਹੀਂ, ਸਗੋਂ ਆਪਣੇ ਜੀਵਨ ਨੂੰ ਪ੍ਰਸੰਗਿਕ, ਅਰਥਪੂਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਦਾ ਹੈ। ਬਾਗਬਾਨੀ ਇਕ ਅਜਿਹਾ ਖੇਤਰ ਹੈ, ਜੋ ਵਿਗਿਆਨ, ਆਰਥਿਕਤਾ, ਸਮਾਜ ਅਤੇ ਵਾਤਾਵਰਨ ਨੂੰ ਇਕ ਸੂਤਰ ਵਿਚ ਜੋੜਦਾ ਹੈ। ਇਹ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਦਾ ਹੈ, ਸਮਾਜ ਨਾਲ ਸਿੱਧਾ ਸੰਬੰਧ ਬਣਾਉਂਦਾ ਹੈ ਅਤੇ ਭਵਿੱਖ ਦੀਆਂ ਤਰਜੀਹਾਂ ਨਾਲ ਜੋੜਦਾ ਹੈ। ਇਸ ਲਈ ਇਹ ਸਿਰਫ਼ ਇਕ ਪੇਸ਼ਾ ਨਹੀਂ, ਇਕ ਉਦੇਸ਼ਪੂਰਕ ਚੋਣ ਹੈ। ਮਾਪਿਆਂ ਲਈ ਇਹ ਸਮਾਂ ਹੈ ਕਿ ਉਹ ਰਵਾਇਤੀ ਪੇਸ਼ੇਵਰ ਧਾਰਨਾਵਾਂ ਤੋਂ ਉੱਪਰ ਉੱਠ ਕੇ ਭਵਿੱਖਮੁਖੀ ਉੱਭਰ ਰਹੀਆਂ ਸੰਭਾਵਨਾਵਾਂ ਨੂੰ ਸਮਝਣ। ਬਾਗਬਾਨੀ ਕੋਈ ਦੂਜਾ ਬਦਲ ਨਹੀਂ, ਸਗੋਂ ਇਕ ਰਣਨੀਤਕ ਅਤੇ ਭਵਿੱਖ-ਕੇਂਦਰਿਤ ਫ਼ੈਸਲਾ ਹੈ। ਨੌਜਵਾਨਾਂ ਨੂੰ ਇਸ ਖੇਤਰ ਵੱਲ ਪ੍ਰੇਰਿਤ ਕਰਨਾ ਅਸਲ ਵਿਚ ਇਕ ਅਜਿਹੇ ਪੇਸ਼ੇ ਵਿਚ ਨਿਵੇਸ਼ ਕਰਨਾ ਹੈ, ਜੋ ਜੀਵਨ ਨੂੰ ਪਾਲਦਾ ਹੈ, ਕੁਦਰਤ ਨੂੰ ਸੰਭਾਲਦਾ ਹੈ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਦਾ ਹੈ। ਭਵਿੱਖ ਸਿਰਫ਼ ਦਫ਼ਤਰਾਂ ਵਿਚ ਨਹੀਂ ਬਣੇਗਾ, ਇਹ ਖੇਤਾਂ, ਬਾਗਾਂ, ਗ੍ਰੀਨਹਾਊਸਾਂ, ਲੈਬੋਰਟਰੀਆਂ ਅਤੇ ਨਵੇਂ ਉਪਰਾਲਿਆ ਦੁਆਰਾ ਵੀ ਉਲੀਕਿਆ ਜਾਵੇਗਾ। ਬਾਗਬਾਨੀ ਵਿਗਿਆਨ, ਟਿਕਾਊਪਣ ਅਤੇ ਮਨੁੱਖੀ ਭਲਾਈ ਦੇ ਮਿਲਾਪ ਦਾ ਕੇਂਦਰ ਹੈ। ਹੁਣ ਸਮਾਂ ਹੈ ਸੋਚ ਵਿਚ ਨਿਰਣਾਇਕ ਬਦਲਾਅ ਲਿਆਉਣ ਦਾ, ਨੌਕਰੀਆਂ ਦੇ ਪਿੱਛੇ ਦੌੜਨ ਦੀ ਬਜਾਏ ਉਨ੍ਹਾਂ ਨੂੰ ਦੂਜਿਆਂ ਲਈ ਪੈਦਾ ਕਰਨ ਦਾ।
-ਕਾਲਜ ਆਫ ਹਾਰਟੀਕਲਚਰ ਅਤੇ ਫੋਰੈਸਟਰੀ,
ਪੀ.ਏ.ਯੂ., ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਫ਼ਸਲੀ ਭਿੰਨਤਾ ਤੇ ਵਧੇਰੇ ਮੁਨਾਫ਼ੇ ਲਈ ਬੇਬੀ ਕੌਰਨ ਦੀ ਕਾਸ਼ਤ ਅਗਲੀ ਖ਼ਬਰ ਬੱਚਿਆਂ ਲਈ ਵਿਸ਼ੇਸ਼ ਕੌਮੀ ਖੇਡ ਨੀਤੀ ਬਣਾਉਣ ਦੀ ਲੋੜ
Ad Position 24
No active advertisement