ਨੈੱਟ ਤੇ ਪੌਲੀਹਾਊਸ ਤਕਨੀਕ ਅਪਣਾਉਣ ਨਾਲ ਕਿਸਾਨ ਸਾਲ ਭਰ ਉੱਚ ਗੁਣਵੱਤਾ ਵਾਲੀਆਂ ਸਬਜ਼ੀਆਂ ਦਾ ਉਤਪਾਦਨ ਕਰਕੇ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਨ। ਟਮਾਟਰ, ਖੀਰਾ ਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਨਾਲ ਨਾ ਸਿਰਫ਼ ਵਧੇਰੇ ਝਾੜ ਮਿਲਦਾ ਹੈ, ਸਗੋਂ ਮੰਡੀ ਵਿਚ ਚੰਗਾ ਭਾਅ ਵੀ ਪ੍ਰਾਪਤ ਹੁੰਦਾ ਹੈ। ਪਰ ਨੈੱਟ ਜਾਂ ਪੌਲੀਹਾਊਸ ਵਿਚ ਇਕੋ ਕਿਸਮ ਦੀਆਂ ਸਬਜ਼ੀਆਂ ਦੀ ਲਗਾਤਾਰ ਕਾਸ਼ਤ, ਵੱਧ ਨਮੀ ਤੇ ਅਨੁਕੂਲ ਤਾਪਮਾਨ ਕਾਰਨ ਮਿੱਟੀ ਤੋਂ ਫੈਲਣ ਵਾਲੇ ਕੀੜੇ ਤੇ ਰੋਗ ਤੇਜ਼ੀ ਨਾਲ ਵਧਦੇ ਹਨ। ਇਨ੍ਹਾਂ ਵਿਚ ਜੜ੍ਹ ਗੰਢ ਰੋਗ ਇਕ ਗੰਭੀਰ ਸਮੱਸਿਆ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਜੋ ਨੀਮਾਟੋਡ ਕਾਰਨ ਹੁੰਦਾ ਹੈ। ਇਸ ਲਈ ਨੈੱਟ ਤੇ ਪੌਲੀਹਾਊਸ ਵਿਚ ਜੜ੍ਹ ਗੰਢ ਰੋਗ ਦੀ ਸੁਚੱਜੀ ਰੋਕਥਾਮ ਬਹੁਤ ਜ਼ਰੂਰੀ ਹੈ।
ਰੋਗ ਦੇ ਲੱਛਣ
ਜੜ੍ਹ ਗੰਢ ਨੀਮਾਟੋਡ ਪੌਦਿਆਂ ਦੀਆਂ ਨਰਮ ਜੜ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਵਿਚ ਗੰਢਾਂ ਬਣਾ ਦਿੰਦੇ ਹਨ, ਜਿਨ੍ਹਾਂ ਨਾਲ ਜੜ੍ਹਾਂ ਦੀ ਪਾਣੀ ਤੇ ਲੋੜੀਂਦੇ ਪੌਸ਼ਟਿਕ ਤੱਤ ਸੋਖਣ ਦੀ ਸਮਰੱਥਾ ਘਟ ਜਾਂਦੀ ਹੈ। ਨਤੀਜੇ ਵਜੋਂ ਪ੍ਰਭਾਵਿਤ ਪੌਦਿਆਂ ਦੇ ਪੱਤੇ ਪੀਲੇ ਪੈਣ ਲੱਗ ਜਾਂਦੇ ਹਨ ਅਤੇ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ। ਮਿੱਟੀ ਵਿਚ ਲੋੜੀਂਦੀ ਨਮੀ ਹੋਣ ਦੇ ਬਾਵਜੂਦ ਵੀ ਰੋਗੀ ਪੌਦੇ (ਬੂਟੇ) ਦਿਨ ਦੀ ਗਰਮੀ ਦੌਰਾਨ ਮੁਰਝਾਏ ਹੋਏ ਦਿਖਾਈ ਦਿੰਦੇ ਹਨ। ਜੜ੍ਹ ਗੰਢ ਰੋਗ ਨਾਲ ਪ੍ਰਭਾਵਿਤ ਪੌਦਿਆਂ 'ਤੇ ਫਲ ਘੱਟ ਲਗਦੇ ਹਨ। ਨੀਮਾਟੋਡ ਕਾਰਨ ਹੋਣ ਵਾਲਾ ਨੁਕਸਾਨ ਮਿੱਟੀ ਵਿਚ ਇਸ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਜੜ੍ਹਾਂ ਵਿਚ ਬਣਨ ਵਾਲੀਆਂ ਗੰਢਾਂ ਦਾ ਆਕਾਰ ਵੀ ਫ਼ਸਲ ਅਨੁਸਾਰ ਵੱਖ-ਵੱਖ ਹੁੰਦਾ ਹੈ। ਨੀਮਾਟੋਡ ਨਾਲ ਪ੍ਰਭਾਵਿਤ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਮਿੱਟੀ ਤੋਂ ਲੱਗਣ ਵਾਲੇ ਹੋਰ ਰੋਗ ਜਿਵੇਂ ਉੱਲੀ ਰੋਗ ਆਦਿ ਵੀ ਆਸਾਨੀ ਨਾਲ ਹਮਲਾ ਕਰ ਲੈਂਦੇ ਹਨ, ਜਿਸ ਨਾਲ ਫ਼ਸਲ ਦਾ ਨੁਕਸਾਨ ਹੋਰ ਵੀ ਵਧ ਜਾਂਦਾ ਹੈ।
ਜੜ੍ਹ ਗੰਢ ਨੀਮਾਟੋਡ ਦੇ ਜੀਵਨ ਚੱਕਰ ਵਿਚ ਚਾਰ ਅਵਸਥਾਵਾਂ ਹੁੰਦੀਆਂ ਹਨ। ਇਹ ਆਪਣਾ ਜੀਵਨ ਚੱਕਰ ਲਗਭਗ 3 4 ਹਫ਼ਤਿਆਂ ਵਿਚ ਪੂਰਾ ਕਰ ਲੈਂਦਾ ਹੈ। ਨੀਮਾਟੋਡ ਦੇ ਵਿਕਾਸ ਵਿਚ 25 30 ਡਿਗਰੀ ਸੈਂਟੀਗ੍ਰੇਡ ਤਾਪਮਾਨ ਇਸ ਦੇ ਵਿਕਾਸ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ। ਦੂਜੀ ਅਵਸਥਾ ਦੇ ਲਾਰਵੇ ਆਂਡਿਆਂ 'ਚੋਂ ਨਿਕਲ ਕੇ ਭੋਜਨ ਦੀ ਭਾਲ ਵਿਚ ਪੌਦਿਆਂ ਦੀਆਂ ਜੜ੍ਹਾਂ 'ਤੇ ਹਮਲਾ ਕਰਦੇ ਹਨ। ਇਹ ਲਾਰਵੇ ਹੋਰ ਤਿੰਨ ਅਵਸਥਾਵਾਂ 'ਚੋਂ ਲੰਘ ਕੇ ਨਰ ਤੇ ਮਾਦਾ ਨੀਮਾਟੋਡ 'ਚ ਤਬਦੀਲ ਹੋ ਜਾਂਦੇ ਹਨ। ਇਕ ਮਾਦਾ ਨੀਮਾਟੋਡ ਲਗਭਗ 300 ਤੋਂ 500 ਤੱਕ ਆਂਡੇ ਦਿੰਦੀ ਹੈ। ਇਹ ਆਂਡੇ ਜੈਲੀ ਵਰਗੇ ਪਦਾਰਥ ਵਿਚ ਬੱਝੇ ਹੁੰਦੇ ਹਨ। ਆਮ ਤੌਰ 'ਤੇ ਇਹ ਆਂਡੇ ਜੜ੍ਹਾਂ ਦੀ ਉੱਪਰੀ ਸਤ੍ਹਾ 'ਤੇ ਇਕੱਠੇ ਪਾਏ ਜਾਂਦੇ ਹਨ। ਜਦੋਂ ਖੇਤ ਵਿਚ ਫ਼ਸਲ ਮੌਜੂਦ ਹੁੰਦੀ ਹੈ ਤਾਂ ਨੀਮਾਟੋਡ ਦੀ ਗਿਣਤੀ ਤੇਜ਼ੀ ਨਾਲ ਵਧਦੀ ਰਹਿੰਦੀ ਹੈ। ਪਰ ਫ਼ਸਲ ਨਾ ਹੋਣ ਦੀ ਸਥਿਤੀ ਵਿਚ ਵੀ ਇਹ ਆਂਡਿਆਂ ਦੇ ਰੂਪ ਵਿਚ ਮਿੱਟੀ ਵਿਚ ਜਿਉਂਦੇ ਰਹਿ ਸਕਦੇ ਹਨ ਤੇ ਅਗਲੀ ਫ਼ਸਲ 'ਤੇ ਹਮਲਾ ਕਰ ਸਕਦੇ ਹਨ।
ਰੋਗ ਦੀ ਰੋਕਥਾਮ
ਰੋਗ ਰਹਿਤ ਪਨੀਰੀ-ਮਿੱਟੀ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਨੂੰ ਨਵੀਂ ਜ਼ਮੀਨ 'ਚ ਫੈਲਣ ਤੋਂ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਰੋਗ ਰਹਿਤ ਪਨੀਰੀ ਦੀ ਵਰਤੋਂ। ਸੁਰੱਖਿਅਤ ਢਾਂਚਿਆਂ ਦਾ ਅਨੁਕੂਲ ਵਾਤਾਵਰਨ, ਮਿੱਟੀ 'ਚ ਵਧੇਰੇ ਨਮੀ ਤੇ ਸੰਵੇਦਨਸ਼ੀਲ ਫ਼ਸਲਾਂ ਦੀ ਨਿਰੰਤਰ ਉਪਲਬਧਤਾ ਤੇ ਨੀਮਾਟੋਡ ਸੰਕਰਮਿਤ ਨਰਸਰੀ ਬੂਟਿਆਂ ਦੀ ਵਰਤੋਂ ਸੁਰੱਖਿਅਤ ਕਾਸ਼ਤ ਪ੍ਰਣਾਲੀ ਅਧੀਨ ਜੜ੍ਹ ਗੰਢ ਨੀਮਾਟੋਡ ਦੇ ਫੈਲਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਬਣਦੀ ਹੈ। ਇਸ ਲਈ ਜੜ੍ਹ ਗੰਢ ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਪਨੀਰੀ ਬੀਜਣ ਲਈ ਨੀਮਾਟੋਡ ਰਹਿਤ ਜਗ੍ਹਾ ਦੀ ਵਰਤੋਂ ਕਰੋ ਜਾਂ ਪਨੀਰੀ ਵਾਲੇ ਖੇਤਾਂ ਵਿਚ ਸਣ ਜਾ ਗੇਂਦੇ ਦੀ ਹਰੀ ਖਾਦ ਦੀ ਵਰਤੋਂ ਕਰੋ, ਜਿਸ ਲਈ ਖੇਤ 'ਚ ਤੋਰੀਆ ਜਾਂ ਤਾਰਾਮੀਰਾ ਦੀ 40 ਦਿਨਾਂ ਦੀ ਫ਼ਸਲ ਬਿਜਾਈ ਤੋਂ 10 ਦਿਨਾ ਪਹਿਲਾਂ ਵਾਹ ਦਿਓ ਤੇ 3-4 ਵਾਰੀ ਵਾਹ ਕੇ ਪਨੀਰੀ ਬੀਜਣ ਲਈ ਕਿਆਰੀਆਂ ਬਣਾਓ। ਇਸ ਨਾਲ ਪਨੀਰੀ ਨੂੰ ਜੜ੍ਹ ਗੰਢ ਨੀਮਾਟੋਡ ਤੋਂ ਬਚਾਇਆ ਜਾ ਸਕਦਾ ਹੈ। ਮਿੱਟੀ ਦੀ ਸੋਧ-ਮਿੱਟੀ ਦੀ ਸੋਧ ਲਈ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾਂ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ (50 ਮਾਈਕ੍ਰੋਨ) ਨਾਲ ਢੱਕ ਕੇ ਧੁੱਪ ਲਗਾਓ।
ਸੂਰਜ ਦੀ ਗਰਮੀ ਨਾਲ ਜ਼ਮੀਨ ਦੀ ਸੋਧ-ਨੈੱਟ ਜਾਂ ਪੌਲੀ ਹਾਊਸ ਦੀ ਜ਼ਮੀਨ ਨੂੰ ਚੰਗੀ ਤ੍ਹਰਾਂ ਵਾਹ ਕੇ ਭਰਵਾਂ ਪਾਣੀ ਲਾ ਦਿਓ ਤੇ 24 ਘੰਟੇ ਬਾਅਦ ਜ਼ਮੀਨ ਨੂੰ ਚੰਗੀ ਤਰ੍ਹਾਂ ਪਲਾਸਟਿਕ ਦੀ ਪਾਰਦਰਸ਼ੀ ਚਾਦਰ (50 ਮਾਈਕ੍ਰੋਨ) ਨਾਲ ਢੱਕ ਦਿਓ। ਨੈੱਟ ਹਾਊਸ ਦੇ ਢਾਂਚੇ ਨੂੰ ਬਾਹਰਲੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਪਲਾਸਟਿਕ ਦੀ ਪਾਰਦਰਸ਼ੀ ਚਾਦਰ (50 ਮਾਈਕ੍ਰੋਨ) ਨਾਲ ਢੱਕ ਦਿਓ। ਜੇ ਪੌਲੀਹਾਊਸ ਹੈ ਤਾਂ ਸਾਰੇ ਰੋਸ਼ਨਦਾਨ ਬੰਦ ਕਰਕੇ ਟੇਪ ਲਾ ਦਿਓ ਤੇ ਮਈ-ਜੂਨ ਦੇ ਮਹੀਨੇ ਵਿਚ ਚਾਰ ਹਫ਼ਤੇ ਬੰਦ ਰਖੋ। ਇਸ ਤਕਨੀਕ ਨਾਲ ਮਿੱਟੀ ਵਿਚ ਨੀਮਾਟੋਡ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ।
ਸਰੋਂ ਦੀ ਖਲ਼, ਨਿੰਮ ਤੇ ਰੂੜੀ-ਨੈੱਟ ਜਾਂ ਪੌਲੀਹਾਊਸ ਵਿਚ ਖੀਰੇ ਦੀ ਫ਼ਸਲ ਬੀਜਣ ਤੋਂ ਦਸ ਦਿਨ ਪਹਿਲਾਂ ਮਿੱਟੀ ਵਿਚ ਸਰੋਂ ਦੀ ਖਲ਼ 100 ਗ੍ਰਾਮ ਪ੍ਰਤੀ ਵਰਗ+ਨਿੰਮ ਦੀ ਖਲ਼ 100 ਗ੍ਰਾਮ ਪ੍ਰਤੀ ਵਰਗ ਤੇ ਰੂੜੀ 250 ਗ੍ਰਾਮ ਪ੍ਰਤੀ ਵਰਗ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਮਿਲਾ ਲਵੋ ਤੇ ਜ਼ਮੀਨ ਨੂੰ ਹਲਕਾ ਪਾਣੀ ਲਾ ਦੇਵੋ। ਬਾਅਦ ਵਿਚ ਖੀਰੇ ਦੀ ਬਿਜਾਈ ਕਰੋ। ਇਸ ਨਾਲ ਜ਼ਮੀਨ ਵਿਚ ਨੀਮਾਟੋਢ ਦੀ ਗਿਣਤੀ ਘਟ ਜਾਂਦੀ ਹੈ ਤੇ ਫ਼ਸਲ ਦਾ ਨੁਕਸਾਨ ਘੱਟ ਹੁੰਦਾ ਹੈ।
ਫਲੁੂਪਇਰਮ ਦੀ ਵਰਤੋਂ-ਨੀਮਾਟੋਡ ਰੋਗਿਤ ਪੌਲੀ/ਨੈੱਟ ਹਾਊਸ ਵਿਚ ਟਮਾਟਰ ਦੀ ਫ਼ਸਲ ਲਗਾਉਣ ਸਮੇਂ ਫਲੁੂਪਇਰਮ 34.48 ਐਸਸੀ (ਵੇਲਮ ਪ੍ਰਾਈਮ) 500 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਵਿਚ ਘੋਲ ਕੇ ਜ਼ਮੀਨ ਵਿਚ ਪਾਓ। (1 ਮਿ.ਲਿ. ਵੇਲਮ ਪ੍ਰਾਈਮ ਨੂੰ 10 ਲਿਟਰ ਪਾਣੀ 'ਚ ਘੋਲ ਕੇ 1 ਲਿਟਰ ਘੋਲ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ।
ਨੋਟ-ਦਵਾਈ ਪਾਉਣ ਤੋਂ ਪਹਿਲਾਂ ਜ਼ਮੀਨ ਨੂੰ ਪਾਣੀ ਲਾ ਦਿਓ ਤੇ ਵੱਤਰ ਦੀ ਹਾਲਤ ਵਿਚ ਹੀ ਦਵਾਈ ਪਾਓ।
ਬਚਾਅ ਲਈ ਸਾਵਧਾਨੀਆਂ
ਨਵੇਂ ਪੌਲੀਹਾਊਸ ਦੀ ਉਸਾਰੀ ਲਈ ਥਾਂ ਦੀ ਚੋਣ ਬਹੁਤ ਮਹੱੱਤਵਪੂਰਨ ਹੈ। ਨੈੱਟ ਜਾਂ ਪੌਲੀਨੈੱਟ ਦੀ ਉਸਾਰੀ ਲਈ ਝੋਨੇ ਜਾਂ ਕਣਕ ਵਾਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ। ਜਿੱਥੇ ਪਹਿਲਾਂ ਸਬਜ਼ੀਆਂ ਦੀ ਲਗਾਤਾਰ ਕਾਸ਼ਤ ਹੋ ਰਹੀ ਹੋਵੇ, ਉੱਥੇ ਨਵਾਂ ਪੋਲੀਹਾਊਸ ਬਣਾਉਣ ਤੋਂ ਬਚੋ। ÷ ਨੀਵੇਂ ਅਤੇ ਪਾਣੀ ਖੜ੍ਹਾ ਰਹਿਣ ਵਾਲੇ ਖੇਤਰਾਂ ਵਿਚ ਪੌਲੀਹਾਊਸ ਨਾ ਬਣਾਓ। ÷ ਨੈੱਟ ਜਾਂ ਪੌਲੀਹਾਊਸ ਦੀ ਉਸਾਰੀ ਲਈ ਨੀਵੇਂ ਇਲਾਕਿਆਂ ਦੀ ਚੋਣ ਨਾ ਕਰੋ। ਕਿਉਂਕਿ ਨੀਵੇਂ ਇਲਾਕਿਆਂ ਵਿਚ ਬਰਸਾਤ ਦੇ ਮੌਸਮ ਵਿਚ ਆਲੇ-ਦੁਆਲੇ ਦੇ ਖੇਤਾਂ ਵਿਚੋਂ ਪਾਣੀ ਦੇ ਨਾਲ ਬਿਮਾਰੀ ਦੇ ਅੰਸ਼ ਵੀ ਵਹਿ ਕੇ ਨੈੱਟ ਜਾਂ ਪੌਲੀਹਾਊਸ ਵਿਚ ਜਮ੍ਹਾਂ ਹੋ ਜਾਂਦੇ ਹਨ। ÷ ਰੋਗਿਤ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਖੇਤੀ ਔਜ਼ਾਰਾਂ ਤੇ ਮਸ਼ੀਨਰੀ ਨੂੰ ਨੀਮਾਟੋਡ ਰਹਿਤ ਖੇਤਾਂ ਜਾਂ ਜ਼ਮੀਨ ਵਿਚ ਵਰਤਣ ਤੋਂ ਪਹਿਲਾਂ ਸਾਫ਼ ਕਰਨਾ ਚਾਹੀਦਾ ਹੈ। ÷ ਸਿੰਚਾਈ ਦਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਤੇ ਸਿੰਚਾਈ ਵਾਲੇ ਪਾਣੀ ਦਾ ਵਹਾਓ ਨੀਮਾਟੋਡ ਰੋਗਿਤ ਖੇਤਰ ਤੋਂ ਤੰਦਰੁਸਤ ਖੇਤਰ ਵੱਲ ਨਹੀਂ ਹੋਣਾ ਚਾਹੀਦਾ। ÷ ਫ਼ਸਲ ਖਤਮ ਹੋਣ ਤੋਂ ਬਾਅਦ ਨੈੱਟ/ਪੌਲੀ ਹਾਊਸ 'ਚੋਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਜੜ੍ਹਾਂ ਸਮੇਤ ਬਾਹਰ ਕੱੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਰੋਗਿਤ ਬੂਟਿਆਂ ਦੀਆਂ ਜੜ੍ਹਾਂ 'ਚ ਨੀਮਾਟੋਡ ਦੇ ਲਾਰਵੇ ਤੇ ਆਂਡੇ ਹੁੰਦੇ ਹਨ।
-ਸਬਜ਼ੀ ਵਿਭਾਗ, ਪੀ.ਏ.ਯੂ., ਲੁਧਿਆਣਾ।
ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ।
ਪੌਦਾ ਰੋਗ ਵਿਭਾਗ, ਪੀ.ਏ.ਯੂ., ਲੁਧਿਆਣਾ।