ਮੱਕੀ ਇਕ ਬਹੁਪੱਖੀ ਫ਼ਸਲ ਹੈ, ਜਿਸ ਦੀ ਵਰਤੋਂ ਸਿਰਫ਼ ਅਨਾਜ, ਚਾਰੇ ਤੇ ਪੋਲਟਰੀ ਫੀਡ ਵਜੋਂ ਹੀ ਨਹੀਂ ਕੀਤੀ ਜਾਂਦੀ, ਸਗੋਂ ਅਜੋਕੇ ਸਮੇਂ 'ਚ ਬਾਇਓ ਇਥਨੋਲ ਦੀ ਪੈਦਾਵਾਰ ਵਿਚ ਮੱਕੀ ਦੀ ਵਰਤੋਂ ਵਧ ਰਹੀ ਹੈ, ਜੋ ਪੈਟਰੋਲ 'ਚ ਮਿਲਾਇਆ ਜਾਂਦਾ ਹੈ। ਮੱਕੀ ਦਾ ਉਤਪਾਦਨ ਵਧਾਉਣ ਲਈ ਇਸ 'ਤੇ ਹਮਲਾ ਕਰਨ ਵਾਲੇ ਕੀੜੇ-ਮਕੌੜਿਆਂ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ।
ਫਾਲ ਆਰਮੀਵਰਮ-ਇਸ ਕੀੜੇ ਦੀ ਮਾਦਾ ਪਤੰਗਾ ਆਪਣੇ ਆਂਡੇ ਝੁੰਡਾਂ ਦੇ ਰੂਪ 'ਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉੱਪਰਲੀ (ਆਮ ਤੌਰ 'ਤੇ) ਜਾਂ ਹੇਠਲੀ ਸਤ੍ਹਾ 'ਤੇ ਰਾਤ ਦੇ ਸਮੇਂ ਦਿੰਦੀ ਹੈ। ਆਂਡਿਆਂ ਦੇ ਝੁੰਡ ਲੂਈ ਨਾਲ ਢੱਕੇ ਹੁੰਦੇ ਹਨ। ਆਂਡਿਆਂ 'ਚੋਂ ਸੁੰਡੀਆਂ 4 ਤੋਂ 6 ਦਿਨਾਂ 'ਚ ਨਿਕਲ ਆਉਂਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਵਾਈ (Y) ਦੇ ਉਲਟੇ ਨਿਸ਼ਾਨ (&) ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਢੀਆਂ ਪੱਤਿਆਂ ਨੂੰ ਖ਼ੁਰਚ ਕੇ ਖਾਂਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿਚ ਵਿੱਠਾਂ ਕਰਦੀਆਂ ਹਨ। ਦਿਨ ਵਿਚ ਸੁੰਡੀਆਂ ਗੋਭ ਵਿਚ ਲੁਕ ਜਾਂਦੀਆਂ ਹਨ।
ਰੋਕਥਾਮ ਲਈ ਨੁਕਤੇ-ਮੱਕੀ ਦੀ ਬਿਜਾਈ ਸਿਫ਼ਾਰਸ਼ ਸਮੇਂ (25 ਮਈ ਤੋਂ 30 ਜੂਨ ਤੱਕ) ਅਨੁਸਾਰ ਕਰੋ। ਨਾਲ ਲਗਦੇ ਖੇਤਾਂ ਵਿਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟ ਸਕੇ। ਫ਼ਾਲ ਆਰਮੀਵਰਮ ਦੀ ਸੁਚੱਜੀ ਰੋਕਥਾਮ ਲਈ ਫ਼ਸਲ ਵਿਚ ਕੀੜੇ ਦਾ ਸਮੇਂ ਸਮੇਂ 'ਤੇ ਸਰਵੇਖਣ ਕਰਨਾ ਮਹੱਤਵਪੂਰਨ ਹੈ। ਹਾਲਾਂਕਿ ਇਸ ਦਾ ਹਮਲਾ ਜ਼ਿਆਦਾਤਰ ਗੋਭ 'ਚ ਹੁੰਦਾ ਹੈ ਪਰ 10 ਦਿਨ ਦੀ ਫ਼ਸਲ ਤੋਂ ਲੈ ਕੇ ਛੱਲੀਆਂ ਬਣਨ ਤੱਕ ਹਰ ਹਫ਼ਤੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਖੇਤ ਦੇ ਪਾਸਿਆਂ ਤੋਂ 4-5 ਕਤਾਰਾਂ ਛੱਡ ਕੇ ਡਬਲਿਊ (W) ਆਕਾਰ ਵਿਚ ਖੇਤ ਦਾ ਚੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿਸਦੇ ਹੀ ਇਸ ਦੇ ਜੀਵਨ ਚੱਕਰ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ।
ਰਸਾਇਣਕ ਢੰਗ-ਰੋਕਥਾਮ ਲਈ ਸਿਫ਼ਾਰਸ ਕੀਟਨਾਸ਼ਕ ਦੇ ਨਾਲ-ਨਾਲ ਸਹੀ ਛਿੜਕਾਅ ਦੇ ਢੰਗ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ, 0.4 ਮਿਲੀਲਿਟਰ ਕੋਰਾਜਨ 18.5 ਐਸ. ਸੀ. (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐਸ. ਸੀ. (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ. ਜੀ. (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਓ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ 'ਚ ਵਧਾਓ। ਕੀੜੇ ਦੀ ਕਾਰਗਾਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰਨਾ ਬਹੁਤ ਜ਼ਰੂਰੀ ਹੈ।
ਜੇ ਹਮਲਾ ਕੁਝ ਬੂਟਿਆਂ 'ਤੇ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿਚ ਮੁਸ਼ਕਿਲ ਹੋਵੇ ਤਾਂ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ)। ਮਿਸ਼ਰਣ ਬਣਾਉਣ ਲਈ ਉੱਪਰ ਦੱਸੇ ਕੀਟਨਾਸ਼ਕਾਂ 'ਚੋਂ ਕਿਸੇ ਇਕ ਦੇ 5 ਮਿਲੀਲਿਟਰ ਨੂੰ 10 ਮਿਲੀਲਿਟਰ ਪਾਣੀ ਵਿਚ ਘੋਲ ਕੇ ਇਕ ਕਿਲੋ ਮਿੱਟੀ ਵਿਚ ਚੰਗੀ ਤਰ੍ਹਾਂ ਰਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ। ਕੁਦਰਤੀ ਤੌਰ 'ਤੇ ਮਿਲਣ ਵਾਲੇ ਮਿੱਤਰ ਕੀੜੇ ਜਿਵੇਂ ਕਿ ਕੀਲੋਨਸ ਫੌਰਮੋਸੈਨਸ, ਕੋਪੋਲੈਟਿਸ, ਕੋਕਸੀਨੈਲਿਡ ਆਦਿ ਦੀ ਗਿਣਤੀ ਨੂੰ ਵਧਾਉਣ ਲਈ ਬੈਸੀਲਸ ਥੁਰੀਨਜਿਐਨਸਿਸ (ਬੀਟੀ) ਆਧਾਰਿਤ ਜੈਵਿਕ ਕੀਟਨਾਸ਼ਕਾਂ ਦੀ ਵਰਤੋ ਨੂੰ ਤਰਜੀਹ ਦਿਓ। 25 ਗ੍ਰਾਮ ਡੇਲਫਿਨ ਡਬਲਿਊਜੀ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਜਾਂ 25 ਮਿਲੀਲਿਟਰ ਡਾਈਪਲ 8 ਐਲ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਨੂੰ ਇਕ ਕਿੱਲੋ ਮਿੱਟੀ 'ਚ ਚੰਗੀ ਤਰ੍ਹਾਂ ਮਿਲਾਓ ਤੇ ਮਿਸ਼ਰਣ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ) ਨੂੰ ਹਮਲੇ ਵਾਲੀਆਂ ਗੋਭਾਂ ਵਿਚ ਪਾਓ।
ਚਾਰੇ ਵਾਲੀ ਮੱਕੀ-ਇਸੇ ਤਰ੍ਹਾਂ ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਹੀ ਸੀਮਤ ਕੀਤੀ ਜਾਵੇ। ਇੰਝ ਕਰਨ ਨਾਲ ਕੀੜਿਆਂ ਦੀ ਗਿਣਤੀ ਘਟ ਜਾਵੇਗੀ ਤੇ ਅਗਲੀ ਫ਼ਸਲ ਤੱਕ ਇਸ ਦਾ ਪਾਸਾਰ ਘੱਟ ਹੋਵੇਗਾ। ਚਾਰੇ ਵਾਲੀ ਮੱਕੀ ਦੀ ਅਤਿ-ਸੰਘਣੀ ਬਿਜਾਈ ਵਿਚ ਕੀੜੇ ਦਾ ਹਮਲਾ ਵੱਧ ਹੁੰਦਾ ਹੈ ਤੇ ਕੀਟਨਾਸ਼ਕਾਂ ਦਾ ਛਿੜਕਾਅ ਸਹੀ ਨਹੀਂ ਹੁੰਦਾ। ਇਸ ਲਈ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਨਾਲ ਕਤਾਰਾਂ ਵਿਚ ਹੀ ਬਿਜਾਈ ਕੀਤੀ ਜਾਵੇ। ਚਾਰੇ ਵਾਲੀ ਫ਼ਸਲ 'ਤੇ ਕੋਰਾਜਨ 18.5 ਐਸ. ਸੀ. ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਚਾਰੇ ਵਾਲੀ ਮੱਕੀ ਵਿਚ ਕੀਟਨਾਸ਼ਕ ਦਾ ਛਿੜਕਾਅ 40 ਦਿਨਾਂ ਦੀ ਫ਼ਸਲ ਤੋਂ ਬਾਅਦ ਬਿਲਕੁਲ ਨਾ ਕੀਤਾ ਜਾਵੇ। ਛਿੜਕਾਅ ਤੋਂ ਵਾਢੀ ਵਿਚਲਾ ਸਮਾਂ ਘੱਟੋ-ਘੱਟ 21 ਦਿਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ 'ਤੇ ਨਾ ਹੋ ਸਕੇ। ਮੱਕੀ ਦਾ ਗੜੂੰਆਂ-ਇਹ ਕੀੜਾ ਮਈ ਤੋਂ ਅਗਸਤ ਤੱਕ ਮੱਕੀ ਦਾ ਆਮ ਤੌਰ 'ਤੇ ਨੁਕਸਾਨ ਕਰਦਾ ਹੈ। ਅੱਜ-ਕੱਲ੍ਹ ਫਾਲ ਆਰਮੀਵਰਮ ਦੇ ਮੁਕਾਬਲੇ ਇਸ ਦਾ ਹਮਲਾ ਘੱਟ ਮਿਲਦਾ ਹੈ। ਇਸ ਕੀੜੇ ਦੀਆਂ ਸੁੰਡੀਆਂ ਪਹਿਲਾਂ ਬੂਟੇ ਦੇ ਪੱਤਿਆਂ 'ਤੇ ਲਾਈਨ 'ਚ ਗੋਲ-ਗੋਲ ਮੋਰ੍ਹੀਆਂ ਕਰਦੀਆਂ ਹਨ ਤੇ ਗੋਭ ਰਾਹੀਂ ਤਣੇ 'ਚ ਵੜ ਜਾਂਦੀਆਂ ਹਨ। ਗੋਭ ਦਾ ਵਿਚਕਾਰਲਾ ਪੱਤਾ ਛਾਣਨੀ-ਛਾਣਨੀ ਹੋ ਜਾਂਦਾ ਹੈ। ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਜਿਸ ਨਾਲ ਖੇਤ 'ਚ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ।
ਸਰਬਪੱਖੀ ਰੋਕਥਾਮ-ਮੱਕੀ ਦੇ ਮੁੱਢਾਂ, ਟਾਂਡਿਆਂ ਤੇ ਗੁੱਲਾਂ ਵਿਚ ਲੁਕੇ ਹੋਏ ਗੜੂੰਏਂ ਨੂੰ ਖ਼ਤਮ ਕਰੋ। ਗੋਡੀ ਕਰਦੇ ਸਮੇਂ ਗੜੂੰਏਂ ਦੇ ਸਖ਼ਤ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਟਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ-ਪਹਿਲੀ ਵਾਰ 10 ਦਿਨਾਂ ਦੀ ਫ਼ਸਲ ਅਤੇ ਦੂਜੀ ਵਾਰ ਇਕ ਹਫ਼ਤੇ ਬਾਅਦ ਵਰਤੋ। ਇਹ ਆਂਡੇ ਗੂੰਦ ਨਾਲ ਟਰਾਈਕੋਕਾਰਡਾਂ 'ਤੇ ਚਿਪਕਾਏ ਹੋਏ ਹੁੰਦੇ ਹਨ। ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ 1000 ਆਂਡੇ ਹੋਣ। ਇਨ੍ਹਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿਚ ਇਕਸਾਰ ਦੂਰੀ 'ਤੇ ਪਿੰਨ ਨਾਲ ਨੱਥੀ ਕਰੋ। ਇਹ ਕਾਰਡ ਮੀਂਹ ਵਾਲੇ ਦਿਨ ਨਹੀਂ ਵਰਤਣੇ ਚਾਹੀਦੇ।
ਬਿਜਾਈ ਤੋਂ 2-3 ਹਫ਼ਤੇ ਪਿੱਛੋਂ ਜਾਂ ਜਿਸ ਵੇਲੇ ਪੱਤਿਆਂ 'ਤੇ ਇਸ ਕੀੜੇ ਦਾ ਹਮਲਾ ਦਿੱਸੇ ਤਾਂ 30 ਮਿਲੀਲਿਟਰ ਕੋਰਾਜਨ 18.5 ਐਸ.ਸੀ. (ਕਲੋਰਨਟਰੈਨੀਲੀਪਰੋਲ) ਦਵਾਈ ਨੂੰ 60 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਛਿੜਕਾਅ ਸਹੀ ਸਮੇਂ 'ਤੇ ਅਪਣਾਓ, ਨਹੀ ਤਾਂ ਜ਼ਿਆਦਾ ਨੁਕਸਾਨ ਦਾ ਖ਼ਤਰਾ ਬਣ ਸਕਦਾ ਹੈ। ਇਹ ਕਾਰਡ ਕੀਟ ਵਿਗਿਆਨ ਵਿਭਾਗ ਪੀ.ਏ.ਯੂ. ਲੁਧਿਆਣਾ ਅਤੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਉਪਲਬਧ ਹਨ।
-ਕੀਟ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ।
ਪਲਾਂਟ ਬ੍ਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀ.ਏ.ਯੂ. ਲੁਧਿਆਣਾ।
ਫਾਰਮ ਸਲਾਹਕਾਰ ਸੇਵਾ ਕੇਂਦਰ, ਗੱਗੀਆਂ, ਹੁਸ਼ਿਆਰਪੁਰ।