1970ਵਿਆਂ ਤੋਂ ਸ਼ੁਰੂ ਹੋਈ ਝੋਨੇ ਦੀ ਫ਼ਸਲ ਨੇ ਸਮੇਂ ਦੇ ਨਾਲ-ਨਾਲ ਹੋਰ ਵਿਭਿੰਨ ਫ਼ਸਲਾਂ ਜਿਵੇਂ ਦਾਲਾਂ, ਤੇਲ ਬੀਜ, ਮੱਕੀ, ਕਪਾਹ, ਆਦਿ ਦਾ ਰਕਬਾ ਮੱਲਣਾ ਸ਼ੁਰੂ ਕਰ ਦਿੱਤਾ। ਰਾਜ ਦੇ ਨਿਰੋਲ ਬੀਜੇ ਰਕਬੇ ਦਾ ਤਕਰੀਬਨ 79 ਫ਼ੀਸਦੀ ਹਿੱਸਾ ਇਕੱਲੇ ਝੋਨੇ ਹੇਠ ਆ ਗਿਆ। ਇਸ ਦੌੜ 'ਚ ਪੰਜਾਬ ਦੀ ਪ੍ਰਚੱਲਿਤ ਨਰਮਾ ਪੱਟੀ ਨੇ ਵੀ ਆਪਣੀ ਪਛਾਣ ਕਾਫ਼ੀ ਹੱਦ ਤੱਕ ਗੁਆ ਲਈ ਹੈ। ਨਰਮਾ ਪੱਟੀ ਦੇ ਕਈ ਕਿਸਾਨ ਧਰਤੀ ਹੇਠਲੇ ਬੇਹੱਦ ਮਾੜੇ ਪਾਣੀ ਨਾਲ ਵੀ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਲੱਗ ਗਏ ਹਨ, ਜੋ ਇਕ ਬਹੁਤ ਹੀ ਮਾਰੁੂ ਰੁਝਾਨ ਹੈ। ਧਰਤੀ ਹੇਠਲੇ ਮਾੜੇ ਪਾਣੀ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨਾਂ ਵਿਚ ਕੱਲਰ ਦੀ ਸੰਭਾਵਨਾ ਵਧ ਜਾਂਦੀ ਹੈ। ਪ੍ਰਤੀ ਇਕਾਈ ਭੂਮੀ 'ਚੋਂ ਜ਼ਿਆਦਾ ਅਨਾਜ ਦੀ ਪੈਦਾਵਾਰ ਕਰਨ ਦੇ ਚੱਕਰ ਵਿਚ ਅਸੀਂ ਆਪਣੇ ਅਨਮੋਲ ਕੁਦਰਤੀ ਸੋਮੇ ਵੀ ਦਾਅ 'ਤੇ ਲਾ ਰੱਖੇ ਹਨ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੋਂ ਇਲਾਵਾ ਪੰਜਾਬ ਦੀ ਖੇਤੀ ਨੂੰ ਦਰਪੇਸ਼ ਸਭ ਤੋਂ ਗੰਭੀਰ ਚੁਣੌਤੀ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦਾ ਘਟਣਾ ਹੈ। ਸੂਬੇ ਦੇ ਲਗਭਗ 23 ਫ਼ੀਸਦੀ ਰਕਬੇ ਦੀ ਸਿੰਜਾਈ ਨਹਿਰਾਂ ਅਤੇ 77 ਫ਼ੀਸਦੀ ਟਿਊਬਵੈੱਲਾਂ ਰਾਹੀਂ ਕੀਤੀ ਜਾਂਦੀ ਹੈ।
ਬੇਸ਼ੱਕ ਪਿਛਲੇ ਕੁਝ ਕੁ ਸਾਲਾਂ ਤੋਂ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ 'ਤੇ ਸਵਾਾਲੀਆ ਚਿੰਨ੍ਹ ਲਾ ਦਿੱਤਾ ਹੈ, ਪਰ ਹਾਲੇ ਵੀ ਪ੍ਰਚੱਲਿਤ ਹਾਲਾਤ ਅਤੇ ਮੌਜੂਦਾ ਖੇਤੀ ਢਾਂਚੇ ਅਨੁਸਾਰ ਨਰਮੇ ਦੀ ਫ਼ਸਲ ਹੀ ਝੋਨੇ ਦਾ ਸਭ ਤੋਂ ਵਧੀਆ ਬਦਲ ਹੈ। ਇਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਡੀ ਵਿਚ ਬਹੁਤ ਮੰਗ ਹੈ, ਕਿਉਂਕਿ ਗੁਣਵੱਤਾ ਪੱਖੋਂ ਪੰਜਾਬ ਵਿਚ ਪੈਦਾ ਹੋਈ ਰੂੰ ਉੱਚ ਦਰਜੇ ਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਨਰਮੇ/ਕਪਾਹ ਦੀ ਸਫ਼ਲ ਕਾਸ਼ਤ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਉਤਸ਼ਾਹ ਤੇ ਸਾਰਥਿਕਤਾ ਨਾਲ ਚਲਾਉਣ ਦੀ ਲੋੜ ਹੈ। ਪੰਜਾਬ ਵਿਚ ਨਰਮੇ ਦਾ ਪ੍ਰਤੀ ਹੈਕਟੇਅਰ ਝਾੜ (ਰੂੰ ਦੇ ਰੂਪ ਵਿਚ) ਸਾਲ 2017-18 'ਚ 750 ਕਿਲੋਗ੍ਰਾਮ, 2018-19 ਵਿਚ 776 ਕਿਲੋਗ੍ਰਾਮ ਤੇ 2019-20 'ਚ ਇਹ 827 ਕਿਲੋਗ੍ਰਾਮ ਤੱਕ ਜਾ ਪਹੁੰਚਿਆ, ਜੋ ਹੁਣ ਤੱਕ ਦਾ ਰਿਕਾਰਡ ਝਾੜ ਸੀ। ਝੋਨੇ/ਬਾਸਮਤੀ ਲਈ 25-30 ਪਾਣੀਆਂ ਦੇ ਮੁਕਾਬਲੇ ਨਰਮਾ ਸਿਰਫ਼ 4-6 ਪਾਣੀਆਂ ਨਾਲ ਪਲ਼ ਜਾਂਦਾ ਹੈ। ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਨਰਮੇ ਅਤੇ ਝੋਨੇ ਦੀ ਕਾਸ਼ਤ ਦੇ ਆਰਥਿਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮੰਡੀ ਵਿਚ ਪ੍ਰਚੱਲਿਤ ਕੀਮਤਾਂ ਅਤੇ ਚੰਗੇ ਝਾੜ ਦੇ ਆਧਾਰ 'ਤੇ ਨਰਮੇ ਤੋਂ ਝੋਨੇ/ਬਾਸਮਤੀ ਦੇ ਬਰਾਬਰ ਹੀ (ਲਗਭਗ 44 ਹਜ਼ਾਰ ਰੁਪਏ/ਏਕੜ) ਆਮਦਨ ਹੋ ਸਕਦੀ ਹੈ। ਇਸ ਤੋਂ ਇਲਾਵਾ ਨਰਮੇ/ਕਪਾਹ ਦਾ ਘੱਟੋ-ਘੱਟ ਸਮੱਰਥਨ ਮੁੱਲ ਤਾਂ ਸਰਕਾਰ ਵਲੋਂ ਨਿਰਧਾਰਤ ਕੀਤਾ ਜਾਂਦਾ ਹੈ, ਪਰ ਬਾਸਮਤੀ ਦਾ ਨਹੀਂ। ਸਾਲ 2025-26 ਵਿਚ ਦਰਮਿਆਨੇ ਰੇਸ਼ੇ ਤੇ ਲੰਬੇ ਰੇਸ਼ੇ ਵਾਲੀ ਕਪਾਹ ਦਾ ਸਮਰਥਨ ਮੁੱਲ ਕ੍ਰਮਵਾਰ 7710 ਤੇ 8110 ਰੁਪਏ ਪ੍ਰਤੀ ਕੁੁਇੰਟਲ ਸੀ। ਸਰਕਾਰੀ ਏਜੰਸੀਆਂ ਵਲੋਂ ਕਪਾਹ ਦੇ ਮੰਡੀਕਰਨ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਮੰਡੀ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਆਉਂਦੀਆਂ ਹਨ ਤਾਂ ਕਿਸਾਨਾਂ ਦੀ ਉਪਜ ਨੂੰ ਨਿਰਧਾਰਤ ਮੁੱਲ 'ਤੇ ਖਰੀਦਣ ਲਈ ਭਾਰਤੀ ਕਪਾਹ ਨਿਗਮ ਮੰਡੀ ਵਿਚ ਦਾਖਲ ਹੁੰਦਾ ਹੈ। ਇਸ ਦੇ ਉਲਟ ਬਾਸਮਤੀ ਦੀਆਂ ਕੀਮਤਾਂ ਹਮੇਸ਼ਾ ਅਨਿਸਚਿਤ ਤੇ ਉਤਰਾਅ-ਚੜ੍ਹਾਅ ਵਾਲੀਆਂ ਰਹਿੰਦੀਆਂ ਹਨ, ਕਿਉਂਕਿ ਇਹ ਨਿੱਜੀ ਵਪਾਰੀਆਂ ਦੇ ਹੱਥ ਹੁੰਦੀਆਂ ਹਨ। ਪਿਛਲੇ ਦਹਾਕੇ ਵਿਚ ਬਾਸਮਤੀ ਦੀਆਂ ਕੀਮਤਾਂ 1200 ਰੁਪਏ ਤੋਂ ਲੈ ਕੇ 5000 ਰੁਪਏ ਪ੍ਰਤੀ ਕੁਇੰਟਲ ਤੱਕ ਰਹੀਆਂ ਹਨ। ਪਿਛਲੇ ਸਾਲਾਂ ਦੀਆਂ ਕੀਮਤਾਂ ਦੇ ਰੁਝਾਨ ਤੋਂ ਸਪੱਸ਼ਟ ਹੈ ਕਿ ਬਾਸਮਤੀ ਹੇਠ ਰਕਬਾ ਵਧਣ ਨਾਲ ਇਸ ਦੀਆਂ ਕੀਮਤਾਂ ਵਿਚ ਗਿਰਾਵਟ ਆਉਂਦੀ ਹੈ, ਜਦੋਂ ਕਿ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਲ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਬਾਸਮਤੀ ਦਾ ਖਰੀਦਦਾਰ ਪ੍ਰਾਈਵੇਟ ਵਪਾਰੀ ਵਰਗ ਹੀ ਹੈ। ਬਾਸਮਤੀ ਦੇ ਭਾਅ ਇਸ ਦੇ ਨਿਰਯਾਤ 'ਤੇ ਨਿਰਭਰ ਕਰਦੇ ਹਨ। ਝੋਨੇ/ਬਾਸਮਤੀ ਦੇ ਮੁਕਾਬਲੇ ਨਰਮੇ ਦੀ ਫ਼ਸਲ ਵਿਚ ਕਾਮਿਆਂ ਲਈ ਵੀ ਵੱਧ ਕੰਮ ਹੁੰਦਾ ਹੈ, ਜਿਸ ਨਾਲ ਰੁਜ਼ਗਾਰ ਦੇ ਜ਼ਿਆਦਾ ਘੰਟੇ ਉਪਲਭਧ ਹੁੰਦੇ ਹਨ। ਅੰਕੜਿਆਂ ਅਨੁਸਾਰ ਝੋਨੇ/ਬਾਸਮਤੀ ਵਿਚ ਪ੍ਰਤੀ ਏਕੜ 110 ਤੋਂ 180 ਘੰਟੇ ਕੰਮ ਮਜ਼ਦੂਰਾਂ ਨੂੰ ਮਿਲਦਾ ਹੈ, ਜਦੋਂ ਕਿ ਨਰਮੇ/ਕਪਾਹ ਵਿਚ 250 ਤੋਂ 300 ਘੰਟੇ ਤੱਕ ਕੰਮ ਦੀ ਲੋੜ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਿਛਲੇ ਸਮੇਂ ਦੌਰਾਨ ਨਰਮੇ 'ਤੇ ਕੀਟਾਂ ਦੇ ਹਮਲੇ ਕਾਰਨ ਕਈ ਵਾਰ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪਿਆ ਹੈ। ਖੇਤੀ ਵਿਗਿਆਨੀਆਂ, ਪਸਾਰ ਮਾਹਿਰਾਂ ਤੇ ਕਿਸਾਨਾਂ ਦੇ ਇਕਜੁਟ ਹੋ ਕੇ ਹੰਭਲਾ ਮਾਰਨ ਨਾਲ ਇਸ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਵਧੀਆ ਗੁਣਵੱਤਾ ਵਾਲੇ ਬੀਜ, ਕੀਟਨਾਸ਼ਕ ਅਤੇ ਹੋਰ ਸਮੱਗਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਤੇਲ ਮਿੱਲਾਂ/ਵੇਲਾਈ ਮਸ਼ੀਨਾਂ 'ਤੇ ਸਾਰਾ ਸਾਲ ਸਖ਼ਤ ਨਜ਼ਰ ਰੱਖੀ ਜਾਵੇ ਕਿਉਂਕਿ ਕਪਾਹ ਤੇ ਕਪਾਹ ਦੇ ਬੀਜਾਂ ਵਿਚ ਗੁਲਾਬੀ ਸੁੰਡੀ ਦੇ ਸੁੰਡ ਲੁਕੇ ਹੋਣ ਕਾਰਨ ਇਹ ਇਸ ਦੇ ਹਮਲੇ ਦਾ ਮੁੱਖ ਸਰੋਤ ਬਣਦੇ ਹਨ।
ਪਿਛਲੇ ਸਾਲ ਭਾਰਤੀ ਕਪਾਹ ਨਿਗਮ ਦੇ ਮੰਡੀ ਵਿਚ ਦਾਖਲੇ ਕਾਰਨ ਨਰਮਾ ਉਤਪਾਦਕਾਂ ਨੂੰ ਚੰਗਾ ਭਾਅ ਮਿਲਿਆ। ਦੇਸੀ ਕਪਾਹ 'ਤੇ ਕੀਟਾਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਇਸ ਦਾ ਭਾਅ ਵੀ ਕਾਫ਼ੀ ਵਧੀਆ ਮਿਲ ਜਾਂਦਾ ਹੈ। ਝੋਨੇ ਨੂੰ ਕਪਾਹ ਖਾਸ ਕਰਕੇ ਦੇਸੀ ਕਪਾਹ ਨਾਲ ਬਦਲਣ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ। ਦੇਸੀ ਕਪਾਹ ਨੂੰ ਪੱਤਾ ਮਰੋੜ ਵਿਸ਼ਾਣੂੰ ਅਤੇ ਚਿੱਟੀ ਮੱਖੀ ਪ੍ਰਤੀ ਸਹਿਣਸ਼ੀਲ ਮੰਨਿਆ ਜਾਂਦਾ ਹੈ, ਪਰ ਨਰਮੇ ਦੇ ਮੁਕਾਬਲੇ ਦੇਸੀ ਕਪਾਹ ਦਾ ਝਾੜ ਘੱਟ ਅਤੇ ਚੁਗਾਈ ਦੀ ਲਾਗਤ ਜ਼ਿਆਦਾ ਹੈ। ਦੇਸੀ ਕਪਾਹ ਦੇ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਵਿੱਤੀ ਮਦਦ ਅਤੇ ਮੰਡੀਕਰਨ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੈ। ਕਿਸਾਨਾਂ ਨੂੂੰ ਸਲਾਹ ਹੈ ਕਿ ਪੰਜਾਬ ਦੀ ਨਰਮਾ ਪੱਟੀ ਵਿਚ ਧਰਤੀ ਹੇਠਲੇ ਮਾੜੇ ਪਾਣੀ ਨਾਲ ਝੋਨਾ ਉਗਾਉਣ ਨਾਲੋਂ ਨਹਿਰੀ ਪਾਣੀ ਨਾਲ ਨਰਮੇ ਜਾਂ ਦੇਸੀ ਕਪਾਹ ਦੀ ਫ਼ਸਲ ਲੈਣੀ ਹੀ ਸਿਆਣਪ ਹੋਵੇਗੀ। ਇਸ ਨਾਲ ਜਿੱਥੇ ਸਾਡੀ ਜ਼ਮੀਨ ਅਤੇ ਪਾਣੀ ਦੀ ਹੋਂਦ ਨੂੰ ਬਚਾਉਣ ਵਿਚ ਮਦਦ ਮਿਲੇਗੀ, ਉੱਥੇ ਰੁਜ਼ਗਾਰ ਦੇ ਵੱਧ ਮੌਕੇ ਵੀ ਪੈਦਾ ਹੋਣਗੇ। ਇਹ ਖੇਤੀ ਭਿੰਨਤਾ ਵੱਲ ਇਕ ਅਗਾਂਹਵਧੂ ਉੱਦਮ ਹੋਵੇਗਾ। ਆਓ ਪੰਜਾਬ ਦੇ ਕਿਸਾਨੋ, ਰਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਵਿਚ ਚਿੱਟੇ ਸੋਨੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰੀਏ।
-ਇਕੋਨੋਮਿਕਸ ਅਤੇ ਸੋਸ਼ਿਆਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ।