ਅੱਜ ਜਦੋਂ ਪੂਰੀ ਦੁਨੀਆ ਫੀਫਾ ਵਿਸ਼ਵ ਕੱਪ-2026 ਦੇ ਰੰਗ 'ਚ ਰੰਗੀ ਹੋਈ ਹੈ, ਤਾਂ ਭਾਰਤੀ ਫੁੱਟਬਾਲ ਦੇ ਇਤਿਹਾਸ ਦਾ ਇਕ ਅਜਿਹਾ ਪੰਨਾਂ ਵੀ ਯਾਦ ਆਉਂਦਾ ਹੈ, ਜੋ ਅੱਜ ਵੀ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਝੰਜੋੜਦਾ ਹੈ। ਇਹ ਉਹ ਕਹਾਣੀ ਹੈ, ਜਦੋਂ ਭਾਰਤ ਨੂੰ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ਫੀਫਾ ਵਿਸ਼ਵ ਕੱਪ 'ਚ ਖੇਡਣ ਦਾ ਸੁਨਹਿਰੀ ਮੌਕਾ ਮਿਲਿਆ ਸੀ, ਪਰ ਭਾਰਤੀ ਟੀਮ ਮੈਦਾਨ 'ਤੇ ਉਤਰੇ ਬਿਨਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਹ ਕਹਾਣੀ ਹੈ 1950 ਦੇ ਫੀਫਾ ਵਿਸ਼ਵ ਕੱਪ ਦੀ, ਜਦੋਂ ਭਾਰਤ ਨੇ ਪੂਰਨ ਨਿਯਮਾਂ ਅਨੁਸਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਪਰ ਇਕ ਫ਼ੈਸਲੇ ਨੇ ਭਾਰਤੀ ਫੁੱਟਬਾਲ ਦਾ ਰੁਖ਼ ਹੀ ਬਦਲ ਦਿੱਤਾ। ਵਿਸ਼ਵ ਕੱਪ ਦਾ ਟਿਕਟ ਹੱਥ 'ਚ ਹੋਣ ਦੇ ਬਾਵਜੂਦ ਭਾਰਤ ਬ੍ਰਾਜ਼ੀਲ ਨਹੀਂ ਗਿਆ। ਭਾਰਤ ਨੂੰ ਇਹ ਦਾਖਲਾ ਇਕ ਵੀ ਮੈਚ ਖੇਡੇ ਬਿਨਾਂ ਹੀ ਮਿਲਿਆ ਸੀ। 1950 ਦਾ ਫੀਫਾ ਕੱਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਸੀ। ਆਰਥਿਕ ਸੰਕਟ ਤੇ ਲੰਬੀਆਂ ਯਾਤਰਾਵਾਂ ਕਾਰਨ ਕਈ ਦੇਸ਼ਾਂ ਲਈ ਬ੍ਰਾਜ਼ੀਲ ਪਹੁੰਚਣਾ ਮੁਸ਼ਕਿਲ ਸੀ। ਭਾਰਤ ਨੂੰ ਬਰਮਾ (ਮਿਆਂਮਾਰ), ਇੰਡੋਨੇਸ਼ੀਆ ਤੇ ਫਿਲੀਪੀਨਜ਼ ਨਾਲ ਏਸ਼ਿਆਈ ਕੁਆਲੀਫਾਇੰਗ ਗਰੁੱਪ 'ਚ ਰੱਖਿਆ ਗਿਆ। ਪਰ ਟੂਰਨਾਮੈਂਟ ਤੋਂ ਪਹਿਲਾਂ ਤਿੰਨਾਂ ਦੇਸ਼ਾਂ ਨੇ ਆਪਣੇ ਨਾਂਅ ਵਾਪਸ ਲੈ ਲਏ ਤੇ ਭਾਰਤ ਆਪਣੇ-ਆਪ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਗਿਆ। ਭਾਰਤ ਦਾ ਨਾਂਅ ਸੰਵਿਧਾਨਕ ਡਰਾਅ 'ਚ ਵੀ ਸ਼ਾਮਿਲ ਹੋ ਗਿਆ। ਟੀਮ ਨੂੰ ਇਟਲੀ, ਸਵੀਡਨ ਤੇ ਪੈਰਾਗੁਏ ਵਰਗੀਆਂ ਮਜ਼ਬੂਤ ਟੀਮਾਂ ਨਾਲ ਗਰੁੱਪ-3 'ਚ ਰੱਖਿਆ। ਇੱਥੇ ਨੰਗੇ ਪੈਰ ਖੇਡਣ ਵਾਲੀ ਕਹਾਣੀ ਸੱਚ ਨਹੀਂ ਸੀ। ਪਰ ਦਹਾਕਿਆਂ ਤੱਕ ਇਹ ਕਿਹਾ ਜਾਂਦਾ ਰਿਹਾ ਕਿ ਫੀਫਾ ਨੇ ਭਾਰਤੀ ਖਿਡਾਰੀਆਂ ਨੂੰ ਨੰਗੇ ਪੈਰ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਭਾਰਤ ਨੇ ਟੂਰਨਾਮੈਂਟ ਛੱਡ ਦਿੱਤਾ। ਇਹ ਕਹਾਣੀ 1948 ਲੰਡਨ ਉਲੰਪਿਕ ਤੋਂ ਜੁੜੀ ਸੀ, ਜਿੱਥੇ ਭਾਰਤੀ ਖਿਡਾਰੀਆਂ ਨੇ ਨੰਗੇ ਪੈਰ ਖੇਡ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਤਿਹਾਸਕਾਰਾਂ ਤੇ ਫੁੱਟਬਾਲ ਖੋਜਕਾਰਾਂ ਮੁਤਾਬਕ ਇਹ ਸਿਰਫ਼ ਇਕ ਮਿੱਥਕ ਸੀ। ਉਸ ਸਮੇਂ ਫੀਫਾ ਵਲੋਂ ਜੁੱਤੇ ਪਹਿਨਣ ਦਾ ਕੋਈ ਲਾਜ਼ਮੀ ਨਿਯਮ ਨਹੀਂ ਸੀ, ਪਰ ਇਸ ਦੇ ਅਸਲ ਕਾਰਨ ਸਨ ਪੈਸੇ, ਪ੍ਰਬੰਧਨ ਤੇ ਡਰ। ਭਾਰਤ ਦੇ ਵਿਸ਼ਵ ਕੱਪ 'ਚ ਨਾ ਜਾਣ ਪਿੱਛੇ ਸਭ ਤੋਂ ਵੱਡਾ ਕਾਰਨ ਆਰਥਿਕ ਕਮਜ਼ੋਰੀ ਸੀ। ਨਵੇਂ ਆਜ਼ਾਦ ਹੋਏ ਦੇਸ਼ ਲਈ ਬ੍ਰਾਜ਼ੀਲ ਤੱਕ ਟੀਮ ਭੇਜਣਾ ਬਹੁਤ ਵੱਡਾ ਖ਼ਰਚਾ ਸੀ। ਇਸ ਦੇ ਨਾਲ ਹੀ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦਾ ਮੰਨਣਾ ਸੀ ਕਿ ਟੀਮ ਨੂੰ ਤਿਆਰ ਕਰਨ ਲਈ ਕਾਫ਼ੀ ਸਮਾਂ ਨਹੀਂ ਮਿਲਿਆ। ਕੁਝ ਅਧਿਕਾਰੀਆਂ ਨੂੰ ਇਹ ਡਰ ਵੀ ਸੀ ਕਿ ਯੂਰਪੀਅਨ ਤੇ ਦੱਖਣੀ ਅਮਰੀਕੀ ਤਾਕਤਵਰ ਟੀਮਾਂ ਖ਼ਿਲਾਫ਼ ਭਾਰਤ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਵੇਲੇ ਭਾਰਤ ਵਿਚ ਘਰੇਲੂ ਮੈਚ 90 ਦੀ ਥਾਂ 70 ਮਿੰਟ ਦੇ ਖੇਡੇ ਜਾਂਦੇ ਸਨ। ਇਸ ਕਰਕੇ ਖਿਡਾਰੀਆਂ ਦੀ ਅੰਤਰਰਾਸ਼ਟਰੀ ਪੱਧਰ ਦੀ ਫਿਟਨੈੱਸ ਤੇ ਤਜਰਬੇ 'ਤੇ ਵੀ ਸਵਾਲ ਉੱਠਦੇ ਸਨ। ਫੁੱਟਬਾਲ ਪ੍ਰੇਮੀਆਂ ਨੂੰ ਇਹ ਸਵਾਲ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੇ ਭਾਰਤ 1950 ਦਾ ਵਿਸ਼ਵ ਕੱਪ ਖੇਡ ਲੈਂਦਾ ਤਾਂ ਕੀ ਅੱਜ ਭਾਰਤੀ ਫੁੱਟਬਾਲ ਦੀ ਤਸਵੀਰ ਵੱਖਰੀ ਹੋਣੀ ਸੀ? ਜਿਵੇਂ 1983 'ਚ ਕਪਿਲ ਦੇਵ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਦੇਸ਼ ਵਿਚ 'ਕ੍ਰਿਕਟ ਕ੍ਰਾਂਤੀ' ਲਿਆ ਦਿੱਤੀ ਸੀ, ਉਸੇ ਤਰ੍ਹਾਂ 1950 ਦਾ ਵਿਸ਼ਵ ਕੱਪ ਭਾਰਤੀ ਫੁੱਟਬਾਲ ਲਈ ਵੀ ਨਵੀਂ ਸਵੇਰ ਸਾਬਿਤ ਹੋ ਸਕਦਾ ਸੀ। ਹੋ ਸਕਦਾ ਸ਼ਾਇਦ ਫੁੱਟਬਾਲ ਵੀ ਅੱਜ ਭਾਰਤ ਦੀ ਸਭ ਤੋਂ ਹਰਮਨਪਿਆਰੀ ਖੇਡ ਹੁੰਦੀ। ਫੀਫਾ ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਦਾ ਨਾਂਅ ਅੱਜ ਵੀ 1950 ਦੇ ਉਸ ਅਧੂਰੇ ਸਫ਼ੇ ਨਾਲ ਜੁੜਿਆ ਹੋਇਆ ਹੈ। ਇਹ ਸਿਰਫ਼ ਇਕ ਟੂਰਨਾਮੈਂਟ ਨਾ ਖੇਡਣ ਦੀ ਕਹਾਣੀ ਨਹੀਂ, ਸਗੋਂ ਉਸ ਮੌਕੇ ਦੀ ਕਹਾਣੀ ਹੈ, ਜਿਸ ਨੇ ਭਾਰਤੀ ਫੁੱਟਬਾਲ ਦੀ ਕਿਸਮਤ ਬਦਲ ਦੇਣੀ ਸੀ। ਅੱਜ ਜਦੋਂ ਭਾਰਤੀ ਫੁੱਟਬਾਲ ਵਿਸ਼ਵ ਮੰਚ 'ਤੇ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ ਤਾਂ 1950 ਦਾ ਉਹ ਫ਼ੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਖੇਡਾਂ 'ਚ ਕਈ ਵਾਰ ਇਕ ਫ਼ੈਸਲਾ ਪੂਰੀ ਸਦੀ ਦਾ ਇਤਿਹਾਸ ਬਦਲ ਸਕਦਾ ਹੈ।
-ਮੋਬਾਈਲ : 98729-78781