ਖਿਡਾਰੀਆਂ ਦੇ ਖੇਡ ਕਰੀਅਰ ਦੀ ਇਕ ਸੀਮਾ ਹੁੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਕਾਰਡਾਂ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਹਨ। ਹਰ ਖੇਡ ਦਾ ਵਿਸ਼ਵ ਕੱਪ ਨਵੇਂ ਨਾਇਕਾਂ ਨੂੰ ਜਨਮ ਦਿੰਦਾ ਹੈ। ਫੀਫਾ ਵਿਸ਼ਵ ਕੱਪ 2026 ਜੋ ਇਸ ਸਮੇਂ ਸੰਯੁਕਤ ਰਾਜ, ਕੈਨੇਡਾ ਤੇ ਮੈਕਸੀਕੋ 'ਚ ਖੇਡਿਆ ਜਾ ਰਿਹਾ ਹੈ, ਦੇ ਕੁਝ ਮਹਾਨ ਖਿਡਾਰੀਆਂ ਲਈ ਅਲਵਿਦਾ ਕਹਿਣ ਦਾ ਇਕ ਮੰਚ ਹੋਵੇਗਾ ਅਤੇ ਅਗਲੇ ਵਿਸ਼ਵ ਕੱਪ 'ਚ ਉਨ੍ਹਾਂ ਦੀ ਬਹੁਤ ਕਮੀ ਮਹਿਸੂਸ ਕੀਤੀ ਜਾਵੇਗੀ। ਨੇਮਾਰ, ਲਿਓਨਲ ਮੈਸੀ, ਕ੍ਰਿਸਟੀਆਨੋ ਰੋਨਾਲਡੋ, ਲੂਕਾ ਮੈਡ੍ਰਿਕ ਤੇ ਮੈਨੂਅਲ ਪੀਟਰ ਨਿਉਰ ਲਈ ਮੌਜੂਦਾ ਟੂਰਨਾਮੈਂਟ ਬਹੁਤ ਮਹੱਤਵ ਰੱਖਦਾ ਹੈ। ਇਹ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਅਧਿਆਇ ਵੀ ਹੋ ਸਕਦਾ ਹੈ (ਜਿਸ ਨੇ ਇਕ ਯੁੱਗ ਨੂੰ ਪਰਿਭਾਸ਼ਿਤ ਕੀਤਾ ਹੈ ਤੇ ਫੁੱਟਬਾਲ ਦੀ 'ਰਿਕਾਰਡ ਬੁਕਸ' ਨੂੰ ਵੀ ਲਿਖਿਆ ਹੈ)। ਇਸ ਸੂਚੀ ਵਿਚ ਹੋਰ ਨਾਂਅ ਵੀ ਜੋੜੇ ਜਾ ਸਕਦੇ ਹਨ। ਉਦਾਹਰਨ ਵਜੋਂ 40 ਸਾਲਾ ਗੋਲਕੀਪਰ ਵੋਜ਼ਿਨਹਾ ਨੂੰ, ਜਿਸ ਕਾਰਨ ਕੇਪ ਵਰਡੇ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ਵਿਚ ਪਹੁੰਚਣ ਵਾਲਾ ਸਭ ਤੋਂ ਛੋਟਾ ਦੇਸ਼ ਬਣਿਆ। ਨੇਮਾਰ ਡਾ ਸਿਲਵਾ ਸੈਂਟੋਸ ਜੂਨੀਅਰ ਜਿਸ ਨੂੰ ਨੇਮਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਹੁਣ 34 ਸਾਲਾਂ ਦਾ ਹੋ ਗਿਆ ਹੈ। ਇਕ ਦਹਾਕੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਫੁੱਟਬਾਲ ਦੇ ਜਨੂੰਨੀ ਦੇਸ਼ ਬ੍ਰਾਜ਼ੀਲ ਦੀਆਂ ਉਮੀਦਾਂ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ। ਉਸ ਦਾ ਸੁਪਨਾ ਵਿਸ਼ਵ ਕੱਪ ਜਿੱਤਣਾ ਸੀ। 2026 ਦਾ ਵਿਸ਼ਵ ਕੱਪ ਇਸ ਸੁਪਨੇ ਨੂੰ ਸਾਕਾਰ ਕਰਨ ਦਾ ਉਸ ਦਾ ਆਖਰੀ ਮੌਕਾ ਸੀ। ਫੀਫਾ ਪੋਸਟ 'ਤੇ 'ਦ ਲਾਸਟ ਡਾਂਸ' ਟਿੱਪਣੀ ਕਰਕੇ ਉਸ ਨੇ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਹੈ ਕਿ ਇਹ ਬ੍ਰਾਜ਼ੀਲ ਲਈ ਉਸ ਦਾ ਆਖਰੀ ਵਿਸ਼ਵ ਕੱਪ ਹੈ।
ਕ੍ਰਿਸਟੀਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਪੁਰਸ਼ ਫੁੱਟਬਾਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਗੋਲ ਕੀਤੇ ਹਨ ਤੇ 41 ਸਾਲ ਦੀ ਉਮਰ 'ਚ ਉਸ ਨੇ ਲੰਬੀ ਉਮਰ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਪੁਰਤਗਾਲ ਦੇ ਇਸ ਕਪਤਾਨ ਨੇ ਦੋ ਦਹਾਕਿਆਂ ਤੋਂ ਵੱਧ ਰਿਕਾਰਡ ਤੋੜਨ ਤੇ ਨਵੇਂ ਮਾਪਦੰਡ ਸਥਾਪਤ ਕਰਨ 'ਚ ਗੁਜ਼ਾਰੇ ਹਨ। ਕਲੱਬ ਫੁੱਟਬਾਲ 'ਤੇ ਉਹ ਰਾਜ ਕਰਦਾ ਹੈ, ਪੁਰਤਗਾਲ ਨੂੰ ਉਸ ਨੇ ਯੂਰਪੀਅਨ ਚੈਂਪੀਅਨਸ਼ਿਪ ਜਿਤਾਈ ਅਤੇ ਗੋਲ ਕਰਨ ਦੇ ਅਣਗਿਣਤ ਰਿਕਾਰਡ ਤੋੜੇ। ਪਰ ਫੁੱਟਬਾਲ ਦਾ ਸਭ ਤੋਂ ਮਹੱਤਵਪੂਰਨ ਇਨਾਮ ਵਿਸ਼ਵ ਕੱਪ ਉਸ ਦੇ ਹੱਥ ਨਹੀਂ ਲੱਗਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਫੀਫਾ ਵਿਸ਼ਵ ਕੱਪ 2026 ਕ੍ਰਿਸਟੀਆਨੋ ਰੋਨਾਲਡੋ ਲਈ ਆਖਰੀ ਮੌਕਾ ਸੀ।
ਲਿਓਨਲ ਮੈਸੀ ਛੇਵਾਂ ਵਿਸ਼ਵ ਕੱਪ ਖੇਡ ਰਿਹਾ ਹੈ ਤੇ ਉਹ ਵੀ 39 ਸਾਲ ਦੀ ਉਮਰ 'ਚ। ਜਦੋਂ 2016 'ਚ ਅਰਜਨਟੀਨਾ ਚਿਲੀ ਤੋਂ ਕੋਪਾ ਅਮਰੀਕਾ ਵਿਚ ਹਾਰ ਗਿਆ ਸੀ ਤਾਂ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਦੋਂ ਅਜਿਹਾ ਲੱਗਿਆ ਸੀ ਕਿ ਉਸ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਖ਼ਤਮ ਹੋ ਗਿਆ। ਪਰ ਮੈਸੀ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਵਾਪਸੀ ਕੀਤੀ। 6 ਸਾਲ ਬਾਅਦ 2022 ਵਿਚ ਉਸ ਨੇ ਕਤਰ 'ਚ ਵਿਸ਼ਵ ਕੱਪ ਚੁੱਕਿਆ ਤੇ ਫੁੱਟਬਾਲ ਦੀ ਅਧੂਰੀ ਕਹਾਣੀ ਪੂਰੀ ਹੋ ਗਈ। ਹੁਣ 39 ਸਾਲ ਦੀ ਉਮਰ 'ਚ ਮੈਸੀ ਅਰਜਨਟੀਨਾ ਲਈ ਸੰਭਾਵਤ ਆਪਣੀ ਆਖਰੀ ਮੁਹਿੰਮ 'ਚ ਉਤਰੇ ਹਨ, ਖ਼ਿਤਾਬ ਦਾ ਬਚਾਅ ਕਰਨ ਦੀ ਉਮੀਦ ਵਿਚ, ਜਿਸ ਨੂੰ ਬਹੁਤੇ ਲੋਕ ਮੁਸ਼ਕਿਲ ਸਮਝਦੇ ਹਨ।
ਲਗਭਗ ਦੋ ਦਹਾਕਿਆਂ ਤੋਂ ਲੂਕਾ ਮੈਡ੍ਰਿਕ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ, ਬੁੱਧੀ ਤੇ ਸੰਜਮ ਨਾਲ ਮੈਚਾਂ ਦੀ ਅਗਵਾਈ ਕੀਤੀ ਹੈ। ਇਸ ਕ੍ਰੋਏਸ਼ੀਅਨ ਜਾਦੂਗਰ ਨੇ ਆਪਣੇ ਦੇਸ਼ ਨੂੰ 2018 ਦੇ ਵਿਸ਼ਵ ਕੱਪ ਫਾਈਨਲ 'ਚ ਪਹੁੰਚਾਇਆ ਸੀ। ਉਹ ਉਨ੍ਹਾਂ ਕੁਝ ਖਿਡਾਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਬੈਲੋਨ ਡੀ'ਓਰ (ਫ੍ਰੈਂਚ ਮੈਗਜ਼ੀਨ 'ਫਰਾਂਸ ਫੁੱਟਬਾਲ' ਦੁਆਰਾ ਦਿੱਤਾ ਜਾਣ ਵਾਲਾ ਸਾਲਾਨਾ ਪੁਰਸਕਾਰ) ਲਈ ਲਿਓਨਲ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਦੇ ਦਬਦਬੇ ਨੂੰ ਤੋੜਿਆ ਹੈ। ਲੂਕਾ ਹੁਣ 40 ਸਾਲਾਂ ਦਾ ਹੋ ਗਿਆ ਹੈ ਤੇ ਫੁੱਟਬਾਲ ਦੇ ਸਭ ਤੋਂ ਮਹਾਨ ਮੰਚ 'ਤੇ ਆਪਣਾ ਆਖਰੀ ਪ੍ਰਦਰਸ਼ਨ ਕਰ ਰਿਹਾ ਹੈ। ਮੈਨੂਅਲ ਪੀਟਰ ਦੀ ਫੁੱਟਬਾਲ ਯਾਤਰਾ ਲੰਬੀ ਉਮਰ ਤੇ ਉੱਤਮਤਾ ਦੁਆਰਾ ਪਰਿਭਾਸ਼ਿਤ ਹੈ। ਇਸ 40 ਸਾਲਾ ਜਰਮਨੀ ਦੇ ਗੋਲਕੀਪਰ ਨੇ ਯੂਰੋ 2024 ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਆਖ ਦਿੱਤਾ ਸੀ ਪਰ ਇਸ ਸਾਲ ਮਈ 'ਚ ਵਾਪਸੀ ਕੀਤੀ। ਉਸ ਨੇ ਪੁਸ਼ਟੀ ਕੀਤੀ ਕਿ 2026 ਫੀਫਾ ਵਿਸ਼ਵ ਕੱਪ ਉਸ ਦਾ ਆਖਰੀ ਮੁਕਾਬਲਾ ਹੋਵੇਗਾ। ਵਿਸ਼ਵ ਕੱਪ ਇਤਿਹਾਸ ਵਿਚ ਉਸ ਨੇ ਹੁਣ ਤੱਕ 21 ਮੈਚ ਖੇਡੇ ਹਨ, ਜੋ ਕਿਸੇ ਖਿਡਾਰੀ ਲਈ ਸਭ ਤੋਂ ਵੱਧ ਹਨ। ਉਸ ਕੋਲ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਆਖਰੀ ਮੌਕਾ ਸੀ।
-ਇਮੇਜ ਰਿਫਲੈਕਸ਼ਨ ਸੈਂਟਰ
ਅਗਲੇ ਵਿਸ਼ਵ ਕੱਪ 'ਚ ਬਹੁਤ ਯਾਦ ਆਉਣਗੇ ਇਹ ਫੁੱਟਬਾਲ ਸਿਤਾਰੇ
ਅਜੀਤ ਡੈਸਕ
14-07-2026