ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਿਰਫ਼ ਟਰਾਫ਼ੀ ਨਹੀਂ, ਮਹਾਨਤਾ ਦੀ ਪਛਾਣ ਹੈ ਗੋਲਡਨ ਬੂਟ

Ad Position 21
No active advertisement
ਅਜੀਤ ਡੈਸਕ 14-07-2026

ਫੀਫਾ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਗੋਲਡਨ ਬੂਟ ਇਨਾਮ ਪਹਿਲਾਂ 'ਗੋਲਡਨ ਸ਼ੂ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਹ ਇਨਾਮ ਦੇਣ ਦੀ ਸ਼ੁਰੂਆਤ 1982 'ਚ ਹੋਈ ਸੀ। ਬਾਅਦ 'ਚ 2010 ਵਿਚ ਇਸ ਦਾ ਨਾਂਅ ਬਦਲ ਕੇ ਗੋਲਡਨ ਬੂਟ ਰੱਖ ਦਿੱਤਾ ਗਿਆ। ਟੂਰਨਾਮੈਂਟ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ, ਦੂਜੇ ਸਥਾਨ ਵਾਲੇ ਨੂੰ ਸਿਲਵਰ ਬੂਟ ਤੇ ਤੀਜੇ ਸਥਾਨ ਵਾਲੇ ਨੂੰ ਬ੍ਰਾਂਜ਼ ਬੂਟ ਦਿੱਤੇ ਜਾਂਦੇ ਹਨ। ਇਸ ਸਨਮਾਨ ਨਾਲ ਕੋਈ ਨਕਦ ਇਨਾਮ ਨਹੀਂ ਹੁੰਦਾ, ਪਰ ਇਸ ਦਾ ਮਾਣ-ਸਤਿਕਾਰ ਕਿਸੇ ਵੀ ਖਿਡਾਰੀ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਵੀ ਫੀਫਾ ਵਿਸ਼ਵ ਕੱਪ ਦਾ ਜ਼ਿਕਰ ਹੁੰਦਾ ਹੈ ਤਾਂ ਚੈਂਪੀਅਨ ਟੀਮ ਦੀ ਗੱਲ ਹੁੰਦੀ ਹੀ ਹੈ, ਪਰ ਗੋਲਡਨ ਬੂਟ ਦਾ ਜ਼ਿਕਰ ਵੀ ਨਾਲ ਹੀ ਹੁੰਦਾ ਹੈ। ਵਿਰੋਧੀ ਟੀਮਾਂ ਦੇ ਸਖ਼ਤ ਬਚਾਅ ਨੂੰ ਚੀਰਦਿਆਂ ਜੋ ਖਿਡਾਰੀ ਸਭ ਤੋਂ ਵੱਧ ਗੋਲ ਕਰਦਾ ਹੈ, ਉਸ ਦੇ ਪੈਰੀਂ ਗੋਲਡਨ ਬੂਟ ਸਜਦਾ ਹੈ। ਫੀਫਾ ਵਿਸ਼ਵ ਕੱਪ 2026 ਵਿਚ ਵੀ ਇਸ ਸਨਮਾਨ ਲਈ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਇਹ ਸਿਰਫ਼ ਇਕ ਟਰਾਫੀ ਨਹੀਂ, ਸਗੋਂ ਉਸ ਖਿਡਾਰੀ ਦੀ ਮਿਹਨਤ, ਲਗਨ ਅਤੇ ਮੈਦਾਨ 'ਤੇ ਉਸ ਦੇ ਪ੍ਰਭਾਵ ਦੀ ਸਭ ਤੋਂ ਵੱਡੀ ਪਛਾਣ ਹੈ। ਦੁਨੀਆ ਦੇ ਮਹਾਨ ਖਿਡਾਰੀ ਆਪਣੇ ਦੇਸ਼ ਲਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤਾਂ ਦੇਖਦੇ ਹੀ ਹਨ, ਪਰ ਗੋਲਡਨ ਬੂਟ ਜਿੱਤਣਾ ਵੀ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਟਰਾਫੀ ਨੂੰ ਲੋਕ ਅਕਸਰ ਖ਼ਾਲਿਸ ਸੋਨੇ ਦੀ ਸਮਝਦੇ ਹਨ, ਉਹ ਅਸਲ ਵਿਚ ਸੋਨੇ ਦੀ ਪਰਤ ਨਾਲ ਸਜਾਈ ਜਾਂਦੀ ਹੈ। ਪਰ ਇਸ ਦੀ ਅਸਲ ਕੀਮਤ ਧਾਤ ਵਿਚ ਨਹੀਂ, ਸਗੋਂ ਉਸ ਸਨਮਾਨ ਵਿਚ ਹੈ, ਜੋ ਇਸ ਨਾਲ ਜੁੜਿਆ ਹੋਇਆ ਹੈ। ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲਰ ਇਸ ਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਗੋਲਡਨ ਬੂਟ ਦਾ ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਸਿਰਫ਼ ਗੋਲਾਂ ਦੀ ਗਿਣਤੀ ਨਹੀਂ ਵੇਖਦਾ, ਸਗੋਂ ਖਿਡਾਰੀ ਦੀ ਟੀਮ ਲਈ ਕੀਤੀ ਗਈ ਸਹਾਇਤਾ ਤੇ ਉਸ ਦੀ ਪ੍ਰਭਾਵਸ਼ਾਲੀ ਖੇਡ ਨੂੰ ਵੀ ਮਹੱਤਵ ਦਿੰਦਾ ਹੈ। ਜੇ ਦੋ ਖਿਡਾਰੀਆਂ ਦੇ ਗੋਲ ਬਰਾਬਰ ਹੋਣ ਤਾਂ ਅਸਿਸਟ ਤੇ ਘੱਟ ਖੇਡੇ ਮਿੰਟਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਦਰਸਾਉਂਦਾ ਹੈ ਕਿ ਫੁੱਟਬਾਲ ਸਿਰਫ਼ ਵਿਅਕਤੀਗਤ ਨਹੀਂ, ਸਾਂਝੀ ਕੋਸ਼ਿਸ਼ ਦੀ ਵੀ ਖੇਡ ਹੈ। ਭਾਰਤ ਦੇ ਨੌਜਵਾਨਾਂ ਲਈ ਗੋਲਡਨ ਬੂਟ ਦੀ ਇਹ ਕਹਾਣੀ ਇਕ ਵੱਡਾ ਸੰਦੇਸ਼ ਲੈ ਕੇ ਆਉਂਦੀ ਹੈ। ਦੁਨੀਆ ਦੇ ਮਹਾਨ ਖਿਡਾਰੀ ਵੀ ਕਦੇ ਆਮ ਮੈਦਾਨਾਂ ਤੋਂ ਹੀ ਆਪਣਾ ਸਫ਼ਰ ਸ਼ੁਰੂ ਕਰਦੇ ਹਨ। ਲਗਨ, ਅਨੁਸ਼ਾਸਨ ਤੇ ਨਿਰੰਤਰ ਮਿਹਨਤ ਹੀ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਂਦੀ ਹੈ। ਅੱਜ ਜਦੋਂ ਭਾਰਤ ਵਿਚ ਫੁੱਟਬਾਲ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ ਤਾਂ ਲੋੜ ਹੈ ਕਿ ਨੌਜਵਾਨਾਂ ਨੂੰ ਵਧੀਆ ਖੇਡ ਢਾਂਚਾ, ਕੋਚਿੰਗ ਤੇ ਮੌਕੇ ਪ੍ਰਦਾਨ ਕੀਤੇ ਜਾਣ। ਹੋ ਸਕਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਕੋਈ ਭਾਰਤੀ ਨੌਜਵਾਨ ਵੀ ਵਿਸ਼ਵ ਫੁੱਟਬਾਲ ਦੇ ਮੰਚ 'ਤੇ ਆਪਣੀ ਛਾਪ ਛੱਡੇ ਤੇ ਗੋਲਡਨ ਬੂਟ ਵਰਗੇ ਸਨਮਾਨ ਲਈ ਦਾਅਵੇਦਾਰ ਬਣੇ। ਗੋਲਡਨ ਬੂਟ ਸਿਰਫ਼ ਇਕ ਇਨਾਮ ਨਹੀਂ, ਸਗੋਂ ਇਹ ਉਸ ਸੁਪਨੇ ਦਾ ਪ੍ਰਤੀਕ ਹੈ, ਜੋ ਹਰ ਖਿਡਾਰੀ ਨੂੰ ਆਪਣੀਆਂ ਹੱਦਾਂ ਤੋਂ ਪਰ੍ਹੇ ਜਾਣ ਲਈ ਪ੍ਰੇਰਿਤ ਕਰਦਾ ਹੈ। ਫੀਫਾ ਵਿਸ਼ਵ ਕੱਪ ਵਿਚ ਗੋਲਡਨ ਬੂਟ ਸਿਰਫ਼ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਦਾ ਸਨਮਾਨ ਨਹੀਂ, ਸਗੋਂ ਉਸ ਜਜ਼ਬੇ, ਮਿਹਨਤ ਤੇ ਕਾਬਲੀਅਤ ਦੀ ਅਸਲ ਪਛਾਣ ਹੈ, ਜੋ ਇਕ ਫੁੱਟਬਾਲਰ ਨੂੰ ਦੁਨੀਆ ਦੇ ਸਿਖ਼ਰ ਤੱਕ ਪਹੁੰਚਾਉਂਦੀ ਹੈ।
-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਲਈ ਵਿਸ਼ੇਸ਼ ਕੌਮੀ ਖੇਡ ਨੀਤੀ ਬਣਾਉਣ ਦੀ ਲੋੜ ਅਗਲੀ ਖ਼ਬਰ ਅਗਲੇ ਵਿਸ਼ਵ ਕੱਪ 'ਚ ਬਹੁਤ ਯਾਦ ਆਉਣਗੇ ਇਹ ਫੁੱਟਬਾਲ ਸਿਤਾਰੇ
Ad Position 24
No active advertisement