ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬੱਚਿਆਂ ਲਈ ਵਿਸ਼ੇਸ਼ ਕੌਮੀ ਖੇਡ ਨੀਤੀ ਬਣਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 14-07-2026

ਭਾਰਤ ਦੁਨੀਆ 'ਚ ਆਬਾਦੀ ਪੱਖੋਂ ਪਹਿਲੇ ਸਥਾਨ 'ਤੇ ਹੈ, ਪਰ ਖੇਡ ਖੇਤਰ ਵਿਚ ਬਹੁਤ ਪਿੱਛੇ। ਜੇ ਅਸੀਂ ਉਲੰਪਿਕ ਖੇਡਾਂ ਦੇ ਇਤਿਹਾਸ ਉੱਪਰ ਸਰਸਰੀ ਨਜ਼ਰ ਵੀ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਉਲੰਪਿਕ ਖੇਡਾਂ ਦੇ ਪਹਿਲੇ ਤਿੰਨ ਸਥਾਨਾਂ 'ਤੇ ਚੀਨ, ਜਪਾਨ ਤੇ ਅਮਰੀਕਾ ਦਾ ਹੀ ਕਬਜ਼ਾ ਹੁੰਦਾ ਹੈ। ਪਹਿਲਾਂ ਯੂ.ਐਸ.ਐਸ.ਆਰ. ਜਿਸ ਨੂੰ ਸੋਵੀਅਤ ਸੰਘ (ਰੂਸ) ਕਿਹਾ ਜਾਂਦਾ ਹੈ, ਦਾ ਸਥਾਨ ਵੀ ਉਲੰਪਿਕ ਖੇਡਾਂ ਦੀ ਤਗਮਾ ਸੂਚੀ 'ਚ ਪਹਿਲੇ-ਦੂਜੇ ਸਥਾਨ 'ਤੇ ਹੁੰਦਾ ਸੀ, ਪਰ ਲੰਬਾ ਸਮਾਂ ਅਮਰੀਕਾ ਨਾਲ ਚੱਲੀ ਸ਼ੀਤ ਜੰਗ ਦਾ ਅਸਰ ਇਸ ਦੀ ਉਲੰਪਿਕ ਖੇਡਾਂ 'ਚ ਕਾਰਗੁਜ਼ਾਰੀ 'ਤੇ ਵੀ ਪਿਆ। ਚੀਨ, ਜਪਾਨ, ਕੈਨੇਡਾ, ਅਮਰੀਕਾ ਤੇ ਹੋਰ ਵਿਕਸਤ ਮੁਲਕ ਬੱਚਿਆਂ ਨੂੰ ਬਚਪਨ 'ਚ ਹੀ ਜਿਮਨਾਸਟਿਕ, ਤੈਰਾਕੀ, ਜੂਡੋ-ਕਰਾਟੇ ਤੇ ਹੋਰ ਖੇਡਾਂ ਵਿਚ ਹਿੱਸਾ ਦਿਵਾਉਂਦੇ ਹਨ ਅਤੇ ਉਨ੍ਹਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਇਹੀ ਬੱਚੇ ਵੱਡੇ ਹੋ ਕੇ ਪ੍ਰਸਿੱਧ ਖਿਡਾਰੀ ਬਣ ਜਾਂਦੇ ਹਨ। ਕਹਿਣ ਦਾ ਭਾਵ ਕਿ ਇਨ੍ਹਾਂ ਮੁਲਕਾਂ ਵਿਚ ਖੇਡ ਜਗਤ ਦੇ ਹੀਰਿਆਂ ਨੁੂੰ ਬਚਪਨ 'ਚ ਹੀ ਤਰਾਸ਼ਿਆ ਜਾਂਦਾ ਹੈ।
ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਵੱਡੀ ਗਿਣਤੀ ਬੱਚੇ ਖੇਡਾਂ ਤੋਂ ਕੋਹਾਂ ਦੂਰ ਹਨ। ਭਾਰਤ 'ਚ ਵੱਖ-ਵੱਖ ਵਰਗਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੀ ਆਰਥਿਕ ਸਥਿਤੀ 'ਚ ਕਾਫ਼ੀ ਅੰਤਰ ਹੈ। ਇਹੀ ਅੰਤਰ ਬੱਚਿਆਂ ਦੀ ਪਰਵਰਿਸ਼ ਨੂੰ ਪ੍ਰਭਾਵਿਤ ਕਰਦਾ ਹੈ। ਗਰੀਬ ਮਾਪਿਆਂ ਦੇ ਬੱਚੇ ਖੇਡਾਂ ਤਾਂ ਇਕ ਪਾਸੇ ਪੜ੍ਹਾਈ ਤੋਂ ਵੀ ਸੱਖਣੇ ਰਹਿ ਜਾਂਦੇ ਹਨ। ਜਦਕਿ ਮੱਧ ਤੇ ਅਮੀਰ ਵਰਗ ਦੇ ਬੱਚੇ ਆਪਣਾ ਸਾਰਾ ਧਿਆਨ ਪੜ੍ਹਾਈ 'ਚ ਲਾ ਦਿੰਦੇ ਹਨ, ਜਿਸ ਕਰਕੇ ਉਹ ਖੇਡਾਂ ਤੋਂ ਦੂਰ ਹੀ ਰਹਿੰਦੇ ਹਨ। ਮਾਪਿਆਂ ਦੀ ਵੀ ਇਹੀ ਸੋਚ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਕਿਸੇ ਚੰਗੀ ਨੌਕਰੀ 'ਤੇ ਲੱਗ ਜਾਵੇ। ਅੱਜ-ਕੱਲ੍ਹ ਬਹੁਤੇ ਬੱਚਿਆਂ ਦੇ ਐਨਕ ਲੱਗ ਗਈ ਹੈ, ਵੱਡੀ ਗਿਣਤੀ ਬੱਚੇ ਜਾਂ ਤਾਂ ਮੋਟੇ ਹੁੰਦੇ ਹਨ ਜਾਂ ਉਹ ਹੱਦੋਂ ਵੱਧ ਪਤਲੇ। ਇਸ ਦਾ ਕਾਰਨ ਵੀ ਬੱਚਿਆਂ ਨੂੰ ਖੇਡਾਂ ਤੋਂ ਦੂਰ ਰੱਖਣਾ ਹੈ।
ਭਾਰਤ ਦੀ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਅਜਿਹੀ ਨੀਤੀ ਬਣਾਈ ਜਾਵੇ, ਜਿਸ ਅਨੁਸਾਰ ਸਾਰੇ ਬੱਚਿਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਜ਼ਰੂਰੀ ਹੋਵੇ। ਬੱਚਿਆਂ ਦੇ ਖੇਡਾਂ 'ਚ ਹਿੱਸਾ ਲੈਣ ਨਾਲ ਉਨ੍ਹਾਂ ਦਾ ਸਹੀ ਸਰੀਰਕ ਵਿਕਾਸ ਤਾਂ ਹੋਵੇਗਾ ਹੀ, ਪਰ ਨਾਲ ਬਚਪਨ ਤੋਂ ਉਨ੍ਹਾਂ ਨੂੰ ਤਰਾਸ਼ਿਆ ਵੀ ਜਾ ਸਕੇਗਾ ਅਤੇ ਉਨ੍ਹਾਂ 'ਚੋਂ ਬਹੁਤੇ ਵੱਡੇ ਹੋ ਕੇ ਦੇਸ਼ ਦੇ ਹੀਰੇ ਸਾਬਿਤ ਹੋਣਗੇ। ਲੋੜ ਇਸ ਗੱਲ ਦੀ ਵੀ ਹੈ ਕਿ ਸਭ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਦੀ ਸ਼ੁਰੂਆਤ ਸਕੂਲਾਂ ਵਿਚ ਛੋਟੀਆਂ ਜਮਾਤਾਂ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਪਾਠਕ੍ਰਮ ਵਿਚ ਖੇਡਾਂ ਲਈ ਇਕ ਵਿਸ਼ੇਸ਼ ਵਿਸ਼ਾ ਹੋਵੇ ਅਤੇ ਉਨ੍ਹਾਂ ਨੂੰ ਇਹ ਵਿਸ਼ਾ ਪੜ੍ਹਾਉਣ ਲਈ ਵਿਸ਼ੇਸ਼ ਤੇ ਮਾਹਿਰ ਅਧਿਆਪਕ ਹੋਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਦਾ ਖੇਡ ਹੁਨਰ ਪਛਾਣਿਆ ਜਾ ਸਕੇ ਤੇ ਉਨ੍ਹਾਂ ਨੂੰ ਉਸੇ ਹਿਸਾਬ ਨਾਲ ਭਵਿੱਖ ਲਈ ਤਿਆਰ ਕੀਤਾ ਜਾ ਸਕੇ।
-ਲੱਕੀ ਨਿਵਾਸ, 61ਏ, ਵਿੱਦਿਆ ਨਗਰ, ਪਟਿਆਲਾ।
ਮੋਬਾਈਲ : 9463819174

Ad Position 22
No active advertisement
ਪਿਛਲੀ ਖ਼ਬਰ ਬਾਗਬਾਨੀ ਰਾਹੀਂ ਕਮਾਓ ਵਧੇਰੇ ਆਮਦਨ ਅਗਲੀ ਖ਼ਬਰ ਸਿਰਫ਼ ਟਰਾਫ਼ੀ ਨਹੀਂ, ਮਹਾਨਤਾ ਦੀ ਪਛਾਣ ਹੈ ਗੋਲਡਨ ਬੂਟ
Ad Position 24
No active advertisement