22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਅੰਡਰ-19 ਏਸ਼ੀਆ ਕੱਪ ਜਿੱਤਣਾ ਜਦੋਂ ਭਾਰਤੀ ਖਿਡਾਰੀਆਂ ਦਾ ਸੰਘਰਸ਼ ਬਣਿਆ ਇਤਿਹਾਸ

ਅੰਡਰ-19 ਏਸ਼ੀਆ ਕੱਪ ਜਿੱਤਣਾ ਜਦੋਂ ਭਾਰਤੀ ਖਿਡਾਰੀਆਂ ਦਾ ਸੰਘਰਸ਼ ਬਣਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 23-11-2026


ਕ੍ਰਿਕਟ ਇਤਿਹਾਸ 'ਚ ਕੁਝ ਜਿੱਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਹੱਤਵ ਸਕੋਰ ਬੋਰਡ 'ਤੇ ਅੰਕੜਿਆਂ ਤੋਂ ਵੀ ਵੱਧ ਹੁੰਦਾ ਹੈ | ਇਹ ਜਿੱਤਾਂ ਨਾ ਸਿਰਫ਼ ਟੂਰਨਾਮੈਂਟ ਟਰਾਫ਼ੀ ਲਿਆਉਂਦੀਆਂ ਹਨ ਸਗੋਂ ਦੇਸ਼ ਦੇ ਸਮੂਹਿਕ ਵਿਸ਼ਵਾਸ ਨੂੰ  ਹੋਰ ਵੀ ਵਧਾਉਦੀਆਂ ਹਨ | ਇਹ ਦੱਸਦੀਆਂ ਹਨ ਕਿ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਜੇ ਉਮੀਦ ਹੈ ਤਾਂ ਮੁਕਾਬਲਾ ਅਜੇ ਖਤਮ ਨਹੀਂ ਹੋਇਆ | ਹਾਲ ਹੀ 'ਚ ਭਾਰਤੀ ਕ੍ਰਿਕਟ ਨੇ ਦੋ ਅਜਿਹੀਆਂ ਅਸਾਧਾਰਨ ਪ੍ਰਾਪਤੀਆਂ ਨਾਲ ਇਕ ਨਵਾਂ ਇਤਿਹਾਸ ਰਚਿਆ ਹੈ | ਪਹਿਲਾਂ ਅੰਡਰ-19 ਨੌਜਵਾਨਾਂ ਨੇ ਏਸ਼ੀਆ ਕੱਪ ਫਾਈਨਲ 'ਚ ਪਾਕਿਸਤਾਨ ਵਿਰੁੱਧ ਇਕ ਅਸੰਭਵ ਦਿਸ ਰਹੀ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਸੀਨੀਅਰ ਟੀਮ ਨੇ ਘਰੇਲੂ ਧਰਤੀ 'ਤੇ ਇਕ ਦਿਨਾ ਸੀਰੀਜ਼ 'ਚ ਨਿਊਜ਼ੀਲੈਂਡ ਨੂੰ  ਹਰਾ ਕੇ ਸੱਤ ਸਾਲਾਂ ਦੀ ਉਡੀਕ ਖਤਮ ਕੀਤੀ | ਇਹ ਦੋਵੇਂ ਜਿੱਤਾਂ ਦਰਸਾਉਦੀਆਂ ਹਨ ਕਿ ਭਾਰਤੀ ਕ੍ਰਿਕਟ ਦਬਾਅ ਹੇਠ ਖਿਲਰਨ ਦੀ ਥਾਂ ਮਜ਼ਬੂਤ ਹੋ ਕੇ ਉਭਰਦੀ ਹੈ |
14 ਨਵੰਬਰ 2026 ਨੂੰ  ਅੰਡਰ-19 ਏਸ਼ੀਆ ਕੱਪ ਦਾ ਫਾਈਨਲ ਭਾਰਤ ਤੇ ਪਾਕਿਸਤਾਨ ਵਿਚਕਾਰ ਓਮਾਨ ਦੇ ਅਲ ਅਮਰਾਤ ਵਿਚ ਖੇਡਿਆ ਗਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਟੀਮ ਨੇ 50 ਓਵਰਾਂ 'ਚ 9 ਵਿਕਟਾਂ 'ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ | ਜਵਾਬ 'ਚ ਭਾਰਤੀ ਬੱਲੇਬਾਜ਼ਾਂ ਨੇ ਵੀ ਸਥਿਰ ਸ਼ੁਰੂਆਤ ਕੀਤੀ | ਕਪਤਾਨ ਲਕਸ਼ੈ ਰਾਏਚੰਦਾਨੀ ਨੇ 101 ਗੇਂਦਾਂ 'ਤੇ 80 ਦੌੜਾਂ ਬਣਾਈਆਂ, ਜਦਕਿ ਆਰਿਆਵੀਰ ਸਹਿਵਾਗ ਨੇ 61 ਗੇਂਦਾਂ 'ਤੇ 58 ਦੌੜਾਂ ਜੋੜੀਆਂ | ਪਰ ਇਕ ਸਮੇਂ ਭਾਰਤ ਦਾ ਸਕੋਰ 8 ਵਿਕਟਾਂ 'ਤੇ 252 ਦੌੜਾਂ ਹੋ ਗਿਆ | ਜਿੱਤਣ ਲਈ 86 ਦੌੜਾਂ ਦੀ ਲੋੜ ਸੀ ਤੇ ਸਿਰਫ਼ ਦੋ ਵਿਕਟਾਂ ਬਾਕੀ ਸਨ | ਮੈਚ 42ਵੇਂ ਓਵਰ 'ਚ ਪਹੁੰਚ ਗਿਆ | ਇਸ ਸਮੇਂ ਸਧਾਰਨ ਕ੍ਰਿਕਟ ਗਣਿਤ ਭਾਰਤ ਦੀ ਹਾਰ ਵੱਲ ਇਸ਼ਾਰਾ ਕਰਦਾ ਸੀ | ਇਸ ਮੋੜ 'ਤੇ ਦਸਵੇਂ ਨੰਬਰ ਦੇ ਬੱਲੇਬਾਜ਼ ਮੋਹਿਤ ਉਲਵਾ ਕ੍ਰੀਜ਼ 'ਤੇ ਆਇਆ ਤੇ ਇਸ 18 ਸਾਲਾ ਖਿਡਾਰੀ ਨੇ 26 ਗੇਂਦਾਂ 'ਤੇ ਅਜੇਤੂ 49 ਦੌੜਾਂ ਬਣਾ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ | ਮੋਹਿਤ ਨੇ ਚਾਰ ਚੌਕੇ ਤੇ ਤਿੰਨ ਛੱਕੇ ਜੜੇ, ਜਦਕਿ ਉਸ ਦਾ ਸਾਥ ਦੇ ਰਹੇ ਮਨਲ ਚੌਹਾਨ ਨੇ 32 ਗੇਂਦਾਂ 'ਚ 47 ਦੌੜਾਂ ਬਣਾਈਆਂ | ਦੋਵਾਂ ਵਿਚਾਲੇ 57 ਦੌੜਾਂ ਦੀ ਸਾਂਝੇਦਾਰੀ ਬਣੀ | ਮਨਲ ਦੇ ਆਊਟ ਹੋਣ ਮਗਰੋਂ ਵੀ ਮੋਹਿਤ ਨੇ ਹੌਂਸਲਾ ਨਹੀਂ ਛੱਡਿਆ | ਉਸ ਨੇ ਚਿਗੁਰੂਪਤੀ ਵੈਂਕਟ ਨਾਲ ਆਖਰੀ ਵਿਕਟ ਲਈ 30 ਦੌੜਾਂ ਜੋੜ ਕੇ ਭਾਰਤ ਨੂੰ  ਹਾਰੇ ਹੋਏ ਮੈਚ ਵਿਚ ਇਤਿਹਾਸਕ ਜਿੱਤ ਦਿਵਾ ਦਿੱਤੀ | ਆਖਰੀ ਓਵਰ 'ਚ 8 ਦੌੜਾਂ ਦੀ ਲੋੜ ਸੀ ਤੇ ਇਸ ਓਵਰ ਦੀ ਆਖਰੀ ਗੇਂਦ 'ਤੇ ਭਾਰਤ ਨੂੰ  ਜਿੱਤ ਲਈ 3 ਦੌੜਾਂ ਚਾਹੀਦੀਆਂ ਸਨ | ਮੋਹਿਤ ਨੇ ਇਸ ਆਖਰੀ ਗੇਂਦ 'ਤੇ ਸ਼ਾਨਦਾਰ ਚੌਕਾ ਲਾ ਦਿੱਤਾ ਤੇ ਭਾਰਤੀ ਟੀਮ ਨੇ ਹਾਰਿਆ ਹੋਇਆ ਮੈਚ ਜਿੱਤ ਲਿਆ |
ਮੋਹਿਤ ਦੇ ਇਸ ਕਾਰਨਾਮੇ ਦੀ ਤੁਲਨਾ 1983 ਦੇ ਵਿਸ਼ਵ ਕੱਪ ਫਾਈਨਲ ਨਾਲ ਕਰਨਾ ਸ਼ਾਇਦ ਪਹਿਲੀ ਨਜ਼ਰ 'ਚ ਅਤਿਕਥਨੀ ਜਾਪ ਸਕਦੀ ਹੈ, ਪਰ ਦੋਵਾਂ ਪ੍ਰਾਪਤੀਆਂ 'ਚ ਲੁਕੇ ਆਤਮਵਿਸ਼ਵਾਸ ਤੇ ਸਮੂਹਿਕ ਮਨੋਬਲ ਦੀ ਸਮਾਨਤਾ ਨੂੰ  ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | 1983 'ਚ ਲਾਰਡਜ਼ ਦੇ ਮੈਦਾਨ 'ਤੇ ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਜਿੱਤਣ 'ਤੇ ਭਾਰਤ ਵਿਚ ਰੁਮਾਂਚਿਕ ਖੁਸ਼ੀ ਦੀ ਲਹਿਰ ਦੌੜ ਗਈ ਸੀ, ਜੋ 14 ਨਵੰਬਰ 2026 ਨੂੰ  ਵੀ ਇਕ ਵੱਖਰੇ ਢੰਗ ਨਾਲ ਦੇਖਣ ਨੂੰ  ਮਿਲੀ | ਮੋਹਿਤ ਉਲਵਾ ਤੇ ਉਸ ਦੇ ਸਾਥੀਆਂ ਦੀ ਉਪਲਬਧੀ ਨੇ ਉਹੀ ਰੁਮਾਂਚਕ ਕਰਨ ਵਾਲੀ ਜਿੱਤ ਦੀ ਯਾਦ ਦਿਵਾ ਦਿੱਤੀ | ਫ਼ਰਕ ਸਿਰਫ਼ ਇਹ ਸੀ ਕਿ 1983 'ਚ ਸੀਨੀਅਰ ਖਿਡਾਰੀਆਂ ਨੇ ਦੁਨੀਆ ਨੂੰ  ਹੈਰਾਨ ਕੀਤਾ ਸੀ ਤੇ 2026 'ਚ ਭਾਰਤ ਦੇ ਲੜਕਿਆਂ ਨੇ ਆਪਣੇ ਵਿਰੋਧੀਆਂ ਦੇ ਸਾਹਮਣੇ ਅਸਾਧਾਰਨ ਦਿ੍ੜ੍ਹਤਾ ਦਿਖਾਈ |
-ਇਮੇਜ ਰਿਫਲੈਕਸ਼ਨ ਸੈਂਟਰ

 

Ad Position 22
No active advertisement
ਪਿਛਲੀ ਖ਼ਬਰ ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਨੂੰ ਆਖਿਆ ਅਲਵਿਦਾ ਅਗਲੀ ਖ਼ਬਰ ਭਾਰਤੀ ਅਥਲੈਟਿਕਸ ਦੀ ਨਵੀਂ ਪੀੜ੍ਹੀ ਦੇ ਨਿਰਮਾਤਾ : ਕੋਚ ਪਰਵੀਰ ਸਿੰਘ
Ad Position 24