ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

14-07-26

Ad Position 21
No active advertisement
ਅਜੀਤ ਡੈਸਕ 14-07-2026

 ਚੰਗਾ ਵਿਹਾਰ
ਚੰਗਾ ਵਿਹਾਰ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ ਹੈ। ਪੈਸਾ, ਤਾਕਤ ਜਾਂ ਸ਼ੋਹਰਤ ਇਕ ਦਿਨ ਖਤਮ ਹੋ ਸਕਦੇ ਹਨ। ਪਰ ਇਕ ਮਿੱਠਾ ਬੋਲ ਤੇ ਚੰਗਾ ਸਲੂਕ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਹਿੰਦਾ ਹੈ। ਚੰਗੇ ਵਿਹਾਰ ਦਾ ਮਤਲਬ ਸਿਰਫ਼ ਨਿਮਰਤਾ ਨਾਲ ਬੋਲਣਾ ਨਹੀਂ ਹੈ ਇਸ ਵਿਚ ਦੂਜਿਆਂ ਦਾ ਸਨਮਾਨ ਕਰਨਾ, ਛੋਟਿਆਂ ਨੂੰ ਪਿਆਰ ਦੇਣਾ, ਵੱਡਿਆਂ ਦੀ ਇੱਜ਼ਤ ਕਰਨਾ ਅਤੇ ਮੁਸ਼ਕਿਲ ਸਮੇਂ ਵਿਚ ਕਿਸੇ ਦਾ ਸਾਥ ਦੇਣਾ ਸ਼ਾਮਿਲ ਹੈ। ਸਕੂਲ ਵਿਚ ਅਧਿਆਪਕ ਨਾਲ, ਘਰ ਵਿਚ ਮਾਂ-ਪਿਓ ਨਾਲ, ਦਫਤਰ ਵਿਚ ਸਾਥੀ ਨਾਲ ਅਤੇ ਰਾਹ ਵਿਚ ਅਣਜਾਣ ਵਿਅਕਤੀ ਨਾਲ ਵੀ ਸਾਡਾ ਵਿਹਾਰ ਇਕੋ ਜਿਹਾ ਹੋਣਾ ਚਾਹੀਦਾ ਹੈ।
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਅਸੀਂ ਅਕਸਰ ਗੁੱਸੇ ਅਤੇ ਜਲਦਬਾਜ਼ੀ ਵਿਚ ਲੋਕਾਂ ਨਾਲ ਬਦਤਮੀਜ਼ੀ ਕਰ ਜਾਂਦੇ ਹਾਂ। ਪਰ ਇਕਪਲ ਦੀ ਬੇਰੁਖੀ ਸਾਲਾਂ ਦੇ ਰਿਸ਼ਤੇ ਖਰਾਬ ਕਰ ਦਿੰਦੀ ਹੈ। ਇਸ ਦੇ ਉਲਟ, ਇਕ ਮੁਸਕਾਨ, ਇਕ 'ਧੰਨਵਾਦ' ਜਾਂ 'ਸਤਿ ਸ੍ਰੀ ਅਕਾਲ' ਨਾਲ ਕਿਹਾ ਗਿਆ ਸ਼ਬਦ ਦਿਨ ਬਦਲ ਸਕਦਾ ਹੈ।
ਗੁਰਬਾਣੀ ਵੀ ਕਹਿੰਦੀ ਹੈ ਕਿ ਬੋਲਣ ਤੋਂ ਪਹਿਲਾਂ ਸੋਚੋ ਅਤੇ ਅਜਿਹਾ ਬੋਲੋ ਜੋ ਦੂਜੇ ਦੇ ਮਨ ਨੂੰ ਠੰਢ ਪਾਵੇ। ਚੰਗੇ ਵਿਹਾਰ ਵਾਲਾ ਇਨਸਾਨ ਹਰ ਥਾਂ ਮਾਣ-ਸਨਮਾਨ ਕਮਾਉਂਦਾ ਹੈ। ਦੋਸਤ ਵਧਦੇ ਹਨ, ਕੰਮ ਆਸਾਨ ਹੁੰਦੇ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਆਓ, ਅਸੀਂ ਸੰਕਲਪ ਕਰੀਏ ਕਿ ਰੋਜ਼ਾਨਾ ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ। ਲਾਈਨ ਵਿਚ ਉਡੀਕ ਕਰਦੇ ਸਮੇਂ ਸਬਰ, ਗ਼ਲਤੀ ਹੋਣ ਤੇ ਮੁਆਫ਼ੀ ਅਤੇ ਕਿਸੇ ਦੀ ਮਦਦ ਕਰਕੇ ਵਾਪਸ ਕੁਝ ਨਾ ਮੰਗਣਾ। ਇਹੀ ਚੰਗਾ ਵਿਹਾਰ ਹੈ ਅਤੇ ਇਹੀ ਇਕ ਸੁੰਦਰ ਸਮਾਜ ਦੀ ਨੀਂਹ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.।

ਪਰਿਯੋਜਨਾ ਵਿਧੀ ਦੀਆਂ ਵਿਸ਼ੇਸ਼ਤਾਵਾਂ
ਜਦੋਂ ਕਿਸੇ ਸਮੱਸਿਆ ਦਾ ਅਧਿਐਨ ਅਤੇ ਹੱਲ ਨਵੀਂ ਸੋਚ ਵਿਚਾਰ ਨਾਲ ਕ੍ਰਮਬੱਧ ਅਤੇ ਨਿਯਮਬੱਧ ਢੰਗ ਨਾਲ ਕੀਤਾ ਜਾਵੇ ਤਾਂ ਅਜਿਹੇ ਢੰਗ ਨੂੰ ਪਰਿਯੋਜਨਾ ਕਿਹਾ ਜਾਂਦਾ ਹੈ। ਪਰਿਯੋਜਨਾ ਵਿਧੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ। ਇਸ ਵਿਧੀ ਨਾਲ ਮਨੁੱਖਾਂ ਅੰਦਰ ਸਿਰਜਣਾਤਮਕ ਅਤੇ ਖੋਜ ਬਿਰਤੀ ਪੈਦਾ ਹੁੰਦੀ ਹੈ।
ਪਰਿਯੋਜਨਾ ਵਿਧੀ ਰਾਹੀਂ ਵਿਅਕਤੀਆਂ ਦੇ ਅੰਦਰ ਸਹਿਯੋਗ, ਆਤਮ-ਨਿਰਭਰਤਾ, ਸਮੂਹਿਕਤਾ ਅਤੇ ਲੀਡਰਸ਼ਿਪ ਆਦਿ ਗੁਣਾਂ ਦਾ ਵਿਕਾਸ ਹੁੰਦਾ ਹੈ। ਇਸ ਵਿਧੀ ਰਾਹੀਂ ਮਨੁੱਖਾਂ ਅੰਦਰ ਤਰਕ, ਚਿੰਤਨ ਅਤੇ ਫੈਸਲੇ ਲੈਣ ਦੀ ਸ਼ਕਤੀ ਦਾ ਵਿਕਾਸ ਹੁੰਦਾ ਹੈ। ਵਿਅਕਤੀ ਰਾਹੀਂ ਖੁਦ ਕੰਮ ਕਰਨੇ ਦੇ ਕਾਰਨ ਇਸ ਵਿਧੀ ਰਾਹੀਂ ਪ੍ਰਾਪਤ ਗਿਆਨ ਸਥਾਈ ਅਤੇ ਸਪੱਸ਼ਟ ਹੁੰਦਾ ਹੈ।
ਇਸ ਵਿਧੀ ਰਾਹੀਂ ਵਿਅਕਤੀ ਅੰਦਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਿਹਨਤ ਕਰਨ ਦੀ ਆਦਤ ਬਣਦੀ ਹੈ ਅਤੇ ਦੂਜਿਆਂ 'ਤੇ ਨਿਰਭਰਤਾ ਦੀ ਭਾਵਨਾ ਵਿਚ ਕਮੀ ਆਉਂਦੀ ਹੈ। ਇਹ ਵਿਧੀ ਸਮਾਜ ਦੇ ਸਭ ਲੋਕਾਂ ਨੂੰ ਕਿਰਿਆਸ਼ੀਲ ਬਣਾਉਂਦੀ ਹੈ। ਇਸ ਵਿਧੀ ਰਾਹੀਂ ਮਨੁੱਖੀ ਜੀਵਨ ਨਾਲ ਸੰਬੰਧਿਤ ਹਰੇਕ ਪੱਖ ਦੀ ਜਾਣਕਾਰੀ ਹੁੰਦੀ ਹੈ। ਹਰੇਕ ਪੱਖ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਅਧਿਐਨ ਤੇ ਹੱਲ ਬਾਰੇ ਜਾਣਕਾਰੀ ਮਿਲਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਜ਼ਿਲ੍ਹਾ ਹੁਸ਼ਿਆਰਪੁਰ।

ਚੁੱਪ : ਇਕ ਤਾਕਤਵਰ ਹਥਿਆਰ
ਚੁੱਪ ਇਕ ਅਜਿਹਾ ਤਾਕਤਵਰ ਹਤਿਆਰ ਹੈ, ਜਿਸ ਤੋਂ ਦੁਸ਼ਮਣ ਹਮੇਸ਼ਾ ਭੈਅ ਖਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਜੋ ਗਰਜਦੇ ਹਨ, ਉਹ ਵਰਸਦੇ ਨਹੀਂ। ਭਾਵ ਜ਼ਿਆਦਾ ਬੋਲਣ ਵਾਲਾ ਵਿਅਕਤੀ ਅੰਦਰੋਂ ਕਮਜ਼ੋਰ ਤੇ ਖੋਖਲਾ ਹੁੰਦਾ ਹੈ। ਜਦਕਿ ਚੁੱਪ ਰਹਿਣ ਵਾਲੇ ਵਿਅਕਤੀ ਵਿਚ ਸਬਰ ਦਾ ਅਥਾਹ ਖਜ਼ਾਨਾ ਹੁੰਦਾ ਹੈ ਤੇ ਜਿਸ ਵਿਅਕਤੀ ਕੋਲ ਸਬਰ ਹੈ, ਉਹ ਜ਼ਿੰਦਗੀ ਦੀ ਹਰ ਲੜਾਈ ਜਿੱਤ ਸਕਦਾ ਹੈ।
ਸਾਨੂੰ ਕਦੇ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਜੇ ਕੋਈ ਵਿਅਕਤੀ ਸਾਡੇ ਅੱਗੇ ਨਹੀਂ ਬੋਲਦਾ ਤਾਂ ਉਹ ਸਾਥੋਂ ਡਰਦਾ ਹੈ। ਅਸਲ ਸਚਾਈ ਇਹ ਹੈ ਕਿ ਚੁੱਪ ਰਹਿਣ ਵਾਲੇ ਵਿਅਕਤੀ 'ਚ ਸਬਰ ਸੰਤੋਖ ਏਨਾ ਜ਼ਿਆਦਾ ਹੁੰਦਾ ਹੈ ਕਿ ਉਹ ਸੋਚਦਾ ਹੈ ਕਿ ਵਕਤ ਆਉਣ 'ਤੇ ਸਾਹਮਣੇ ਵਾਲੇ ਨੂੰ ਖੁਦ-ਬਖੁਦ ਜਵਾਬ ਮਿਲ ਜਾਵੇਗਾ ਜਾਂ ਫੇਰ ਜਦੋਂ ਕਦੇ ਸਹੀ ਟਾਈਮ ਆਵੇਗਾ ਤਾਂ ਉਹ ਸਹੀ ਜਵਾਬ ਦੇਵੇਗਾ।
ਇਕ ਗੱਲ ਹਮੇਸ਼ਾ ਯਾਦ ਰੱਖੋ ਚੁੱਪ ਰਹਿਣ ਵਾਲਾ ਵਿਅਕਤੀ ਸਮਝਦਾਰ ਹੋਣ ਤੋਂ ਕਿਤੇ ਵੱਧ ਤਾਕਤਵਰ ਤੇ ਖ਼ਤਰਨਾਕ ਹੁੰਦਾ ਹੈ। ਕਿਉਂਕਿ ਉਸ ਦੀ ਚੁੱਪ ਪਿਛੇ ਛੁਪਿਆ ਅਸਲ ਸੱਚ ਲੱਭਣਾ ਔਖਾ ਹੁੰਦਾ ਹੈ। ਇਸ ਲਈ ਚੁੱਪ ਨੂੰ ਕਦੇ ਕਮਜ਼ੋਰੀ ਸਮਝਣ ਦੀ ਗ਼ਲਤੀ ਨਾ ਕਰੋ। ਜੇ ਤੁਸੀਂ ਅਜਿਹਾ ਸਮਝਦੇ ਹੋ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਭੁੱਲ ਹੈ ਕਿਉਂਕਿ ਚੁੱਪ ਇਕ ਅਸਰਦਾਰ ਮਜ਼ਬੂਤ ਤੇ ਲੁਕਵਾਂ ਹਥਿਆਰ ਹੈ। ਚੁੱਪ ਵਿਅਕਤੀ ਦੇ ਮਨ ਅੰਦਰ ਕੀ ਚੱਲ ਰਿਹਾ ਹੁੰਦਾ ਹੈ, ਇਹ ਅੰਦਾਜ਼ਾ ਲਾਉਣਾ ਅਸੰਭਵ ਹੁੰਦਾ ਹੈ। ਚੁੱਪ ਨੂੰ ਕਦੇ ਵੀ ਹਲਕੇ 'ਚ ਨਾ ਲਵੋ।

-ਲੈਕਚਰਾਰ ਅਜੀਤ ਸਿੰਘ ਖੰਨਾ

ਗਿਆਨ ਦਾ ਭੰਡਾਰ ਕਿਤਾਬਾਂ
ਅੱਜ ਏ.ਆਈ. ਦਾ ਦੌਰ ਹੈ। ਕਿਸੇ ਵੀ ਖੇਤਰ ਵਿਚ ਜਾਂ ਵਿਸ਼ੇਸ਼ ਸੰਬੰਧੀ ਜਾਣਕਾਰੀ ਲਈ ਸਾਡੇ ਕੋਲ ਸੋਸ਼ਲ ਮੀਡੀਆ ਉਪਲਬੱਧ ਹੈ। ਅੱਜ ਦੀ ਨੌਜਵਾਨੀ ਤਾਂ ਆਪਣਾ ਜ਼ਿਆਦਾ ਸਮਾਂ ਮੋਬਾਈਲ 'ਤੇ ਹੀ ਗੁਜ਼ਾਰਦੀ ਹੈ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਮਾਧਿਅਮ ਹੈ। ਵਿਦਵਾਨਾਂ ਨੇ ਕਿਤਾਬਾਂ ਨੂੰ ਗਿਆਨ ਦਾ ਭੰਡਾਰ ਤੇ ਜੀਵਨ ਜਾਚ ਸਿਖਾਉਣ ਵਾਲਾ ਮਿੱਤਰ ਮੰਨਿਆ ਹੈ।
ਮਹਾਤਮਾ ਗਾਂਧੀ ਅਨੁਸਾਰ ਹਰ ਘਰ ਵਿਚ ਇਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਬਾਲ ਗੰਗਾਧਰ ਤਿਲਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣ ਤਾਂ ਨਰਕ ਵੀ ਸਵਰਗ ਬਣ ਜਾਂਦਾ ਹੈ। ਕਿਤਾਬਾਂ ਮਨੁੱਖੀ ਸੋਚ ਨੂੰ ਵਿਕਸਿਤ ਕਰਦੀਆਂ ਹਨ। ਇਥੋਂ ਤੱਕ ਮਾਹਿਰਾਂ ਨੇ ਕਹਿ ਦਿੱਤਾ ਹੈ ਕਿ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਦਿਮਾਗ ਵਿਚੋਂ ਕੱਚੀ ਸੋਚ ਤਾਂ ਖਤਮ ਹੋ ਜਾਂਦੀ ਹੈ। ਕਿਤਾਬਾਂ ਪੜ੍ਹਨ ਨਾਲ ਅਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦੇ ਹਾਂ। ਕੋਈ ਨਾ ਕੋਈ ਕਿਤਾਬ ਪੜ੍ਹਨ ਨਾਲ ਸਾਨੂੰ ਨਵੀਆਂ ਗੱਲਾਂ ਦਾ ਪਤਾ ਚੱਲ ਜਾਂਦਾ ਹੈ। ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ।
ਚੋਰ ਚਾਹੇ ਤੁਹਾਡੇ ਤੋਂ ਜੋ ਮਰਜ਼ੀ ਖੋਹ ਕੇ ਲੈ ਜਾਵੇ, ਪਰ ਉਹ ਕਿਤਾਬੀ ਗਿਆਨ ਨਹੀਂ ਖੋਹ ਸਕਦਾ। ਵੱਖ-ਵੱਖ ਵਿਸ਼ਿਆਂ ਸੰਬੰਧੀ ਕਿਤਾਬਾਂ ਪੜ੍ਹਨ ਨਾਲ ਅਸੀਂ ਉਸ 'ਚ ਮੁਹਾਰਤ ਹਾਸਲ ਕਰ ਸਕਦੇ ਹਾਂ। ਅੱਜ ਹਰ ਇਨਸਾਨ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਹਨ। ਦੁੱਖ ਤਕਲੀਫਾਂ ਨਾਲ ਭਰੀ ਹੋਈ ਜ਼ਿੰਦਗੀ ਨੂੰ ਅਸੀਂ ਕਿਤਾਬਾਂ ਪੜ੍ਹ ਕੇ ਵਧੀਆ ਬਣਾ ਸਕਦੇ ਹਾਂ। ਕਿਤਾਬਾਂ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੀਆਂ ਹਨ। ਸਕੂਲ ਹੋਵੇ ਜਾਂ ਕਾਲਜ ਕਿਤਾਬਾਂ ਅਧਿਆਪਕ ਦੀ ਭੂਮਿਕਾ ਤੋਂ ਘੱਟ ਨਹੀਂ ਹਨ। ਚੰਗੀਆਂ ਪੁਸਤਕਾਂ ਸਾਨੂੰ ਸਹਿਣਸ਼ੀਲਤਾ, ਨੈਤਿਕ ਕਦਰਾਂ-ਕੀਮਤਾਂ, ਚੰਗੇ ਸੰਸਕਾਰਾਂ ਨਾਲ ਜੋੜਦੀਆਂ ਹਨ।

-ਸੰਜੀਵ ਸਿੰਘ ਸੈਣੀ
ਮੋਹਾਲੀ।

Ad Position 22
No active advertisement
ਪਿਛਲੀ ਖ਼ਬਰ ਅਗਲੇ ਵਿਸ਼ਵ ਕੱਪ 'ਚ ਬਹੁਤ ਯਾਦ ਆਉਣਗੇ ਇਹ ਫੁੱਟਬਾਲ ਸਿਤਾਰੇ ਅਗਲੀ ਖ਼ਬਰ 'ਸਤਲੁਜ' ਫ਼ਿਲਮ ਦੀ ਅਸਹਿਜ ਸਚਾਈ ਤੋਂ ਕੀ ਸਮੱਸਿਆ ਹੈ?
Ad Position 24
No active advertisement