17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

18-11-2026

18-11-2026

Ad Position 21
No active advertisement
ਅਜੀਤ ਡੈਸਕ 18-11-2026

ਕਿਸਾਨਾਂ ਦਾ ਸਹਿਯੋਗ ਜ਼ਰੂਰੀ


ਸੰਪਾਦਕੀ 'ਮਚਦੇ ਅੱਗ ਦੇ ਭਾਂਬੜ' ਨੇ ਪੰਜਾਬ ਵਿਚ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਅਤੇ ਹਰਿਆਣਾ ਦੇ ਮੁਕਾਬਲੇ ਸਾਡੀ ਮਾੜੀ ਕਾਰਗੁਜ਼ਾਰੀ ਨੂੰ  ਸਹੀ ਢੰਗ ਨਾਲ ਉਜਾਗਰ ਕੀਤਾ ਹੈ | ਇਸ ਸੰਕਟ ਲਈ ਹਰ ਵਾਰ ਸਿਰਫ਼ ਸਰਕਾਰਾਂ ਨੂੰ  ਦੋਸ਼ੀ ਠਹਿਰਾਉਣਾ ਕਾਫ਼ੀ ਨਹੀਂ | ਸਵਾਲ ਇਹ ਵੀ ਹੈ ਕਿ ਅਸੀਂ ਖ਼ੁਦ ਆਪਣੀ ਮਿੱਟੀ, ਹਵਾ ਅਤੇ ਪਾਣੀ ਨੂੰ  ਕਿਉਂ ਜ਼ਹਿਰੀਲਾ ਬਣਾ ਰਹੇ ਹਾਂ? ਕਿਸਾਨਾਂ ਨੂੰ  ਸਮਝਣਾ ਪਵੇਗਾ ਕਿ ਪਰਾਲੀ ਸਾੜਨਾ ਸਿਰਫ਼ ਵਾਤਾਵਰਣ ਨਹੀਂ, ਸਗੋਂ ਆਪਣੀ ਉਪਜਾਊ ਜ਼ਮੀਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਅਨਿਆਂ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਿਗਿਆਨਕ ਤਰੀਕੇ, ਮਸ਼ੀਨਰੀ ਅਤੇ ਵਿਹਾਰਕ ਸਲਾਹ ਉਪਲਬਧ ਕਰਵਾਈ ਜਾ ਰਹੀ ਹੈ | ਕਿਸਾਨਾਂ ਨੂੰ  ਇਨ੍ਹਾਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ. ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੀ ਸਿਰਫ਼ ਮੰਗਾਂ ਉਠਾਉਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਕਿਸਾਨਾਂ ਨੂੰ  ਜਾਗਰੂਕ ਕਰਨਾ ਵੀ ਉਨ੍ਹਾਂ ਦਾ ਫਰਜ਼ ਹੈ | ਵਿਧਾਇਕਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ  ਆਪਣੇ ਹਲਕਿਆਂ ਵਿਚ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਾ ਚਾਹੀਦਾ ਹੈ | ਪੰਜਾਬ ਦੀ ਧਰਤੀ ਅਤੇ ਹਵਾ ਬਚਾਉਣਾ ਸਿਰਫ਼ ਸਰਕਾਰ ਦੀ ਨਹੀਂ, ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਸਹਿਯੋਗ ਅਤੇ ਜਾਗਰੂਕਤਾ ਜ਼ਰੂਰੀ ਹੈ |

-ਬਿ੍ਜ ਭੂਸ਼ਣ ਗੋਇਲ, ਲੁਧਿਆਣਾ |

ਨਕਲੀ ਦੁੱਧ ਦੀ ਵਿਕਰੀ

ਅੱਜਕੱਲ੍ਹ ਅਸੀਂ ਹਰ ਰੋਜ਼ ਅਖ਼ਬਾਰਾਂ ਅਤੇ ਖ਼ਬਰਾਂ ਵਿਚ ਨਕਲੀ ਦੁੱਧ, ਮਿਲਾਵਟੀ ਪਨੀਰ, ਦੇਸੀ ਘਿਓ ਅਤੇ ਹੋਰ ਦੁੱਧ ਤੋਂ ਬਣੀਆਂ ਵਸਤਾਂ ਬਾਰੇ ਪੜ੍ਹਦੇ ਅਤੇ ਸੁਣਦੇ ਹਾਂ | ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਦੁੱਧ ਹਰ ਘਰ ਦੀ ਮੁਢਲੀ ਲੋੜ ਹੈ | ਜੇਕਰ ਲੋਕਾਂ ਨੂੰ  ਸ਼ੁੱਧ ਦੁੱਧ ਦੀ ਥਾਂ ਮਿਲਾਵਟੀ ਅਤੇ ਨਕਲੀ ਦੁੱਧ ਮਿਲੇਗਾ ਤਾਂ ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪਵੇਗਾ | ਸਵਾਲ ਇਹ ਹੈ ਕਿ ਜਦੋਂ ਸਰਕਾਰ ਨੂੰ  ਇਸ ਸਮੱਸਿਆ ਬਾਰੇ ਪੂਰੀ ਜਾਣਕਾਰੀ ਹੈ ਤਾਂ ਇਸ ਨੂੰ  ਜੜ੍ਹ ਤੋਂ ਖ਼ਤਮ ਕਰਨ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਸਰਕਾਰ ਨੂੰ  ਪਿੰਡਾਂ ਵਿਚ ਦੁੱਧ ਦੀਆਂ ਸਹਿਕਾਰੀ ਡੇਅਰੀਆਂ ਖੋਲ੍ਹਣ ਲਈ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ | ਪਸ਼ੂ ਪਾਲਕਾਂ ਨੂੰ  ਸਸਤੇ ਕਰਜ਼ੇ, ਪਸ਼ੂਆਂ ਦੀ ਖ਼ਰੀਦ ਲਈ ਸਹਾਇਤਾ, ਪਸ਼ੂਆਂ ਦੇ ਇਲਾਜ ਅਤੇ ਚਾਰੇ ਦੀਆਂ ਸਹੂਲਤਾਂ ਦਿੱਤੀਆਂ ਜਾਣ | ਜੇਕਰ ਹਰ ਪਿੰਡ ਵਿਚ ਦੁੱਧ ਡੇਅਰੀ ਸਥਾਪਿਤ ਹੋਵੇਗੀ ਤਾਂ ਲੋਕਾਂ ਨੂੰ  ਤਾਜ਼ਾ ਅਤੇ ਸ਼ੁੱਧ ਦੁੱਧ ਮਿਲੇਗਾ ਅਤੇ ਨੌਜਵਾਨਾਂ ਨੂੰ  ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ |

-ਬਿਕਰਮਜੀਤ ਸਿੰਘ ਸਠਿਆਲਾ
ਜ਼ਿਲਾ ਅੰਮਿ੍ਤਸਰ |

ਆਸਾਂ ਨਾਲ ਬੱਝੀ ਦੁਨੀਆ

'ਆਸ' ਦੋ ਅੱਖਰਾਂ ਦਾ ਸ਼ਬਦ ਪਰ ਇਸ ਨੇ ਪੂਰੀ ਦੁਨੀਆ ਨੂੰ  ਜਿਊਾਦਾ ਰੱਖਿਆ ਹੋਇਆ ਹੈ | ਆਸ ਅਜਿਹੀ ਜਾਦੂ ਦੀ ਛੜੀ ਹੈ, ਜੋ ਜ਼ਿੰਦਗੀ ਦੇ ਪੰਨਿਆਂ ਨੂੰ  ਬਦਲ ਦਿੰਦੀ ਹੈ | ਆਸ ਦੇ ਨਾਲ ਜ਼ਿੰਦਗੀ ਜਵਾਨੀ ਤੋਂ ਬੁਢਾਪਾ ਪਾਰ ਕਰ ਲੈਂਦੀ ਹੈ ਤੇ ਮਰਦੇ ਦਮ ਤੱਕ ਵਿਅਕਤੀ ਨੂੰ  ਜਿਊਾਦਾ ਰੱਖਦੀ ਹੈ | ਅਸੀਂ ਰਾਤ ਨੂੰ  ਅਲਾਰਮ ਲਗਾ ਕੇ ਸੌਂਦੇ ਹਾਂ | ਪਰ ਭਰੋਸਾ ਸਾਨੂੰ ਇਕ ਪਲ ਦਾ ਨਹੀਂ ਹੁੰਦਾ ਕਿ ਅਸੀਂ ਸਵੇਲੇ ਉੱਠਣਾ ਹੈ ਕਿ ਨਹੀਂ, ਪਰ ਫਿਰ ਵੀ ਅਸੀਂ ਅਲਾਰਮ ਲਗਾਉਂਦੇ ਹਾਂ ਕਿਉਂਕਿ ਅਸੀਂ ਸਾਰੇ ਕੰਮ ਆਸ ਦੇ ਸਹਾਰੇ ਹੀ ਕਰਦੇ ਹਾਂ | ਅਸ ਹਨੇਰੇ ਵਿਚ ਦੀਵੇ ਦਾ ਕੰਮ ਕਰਦੀ ਹੈ, ਸੋ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨੋ | ਆਸ ਜ਼ਿੰਦਗੀ ਦੀ ਅਜਿਹੀ ਚਾਬੀ ਹੈ, ਜਿਸ ਦਾ ਪੱਲਾ ਹਮੇਸ਼ਾ ਫੜ ਕੇ ਚੱਲਣਾ ਚਾਹੀਦਾ ਹੈ ਤੇ ਫਿਰ ਜ਼ਿੰਦਗੀ ਆਸਾਨੀ ਨਾਲ ਗੁਜ਼ਰਦੀ ਰਹੇਗੀ |

-ਨਵਜੀਤ ਕੌਰ ਭਨੋਹੜ,
ਪੱਤੀ ਗਿੱਲ, ਸੁਧਾਰ, ਲੁਧਿਆਣਾ |

ਸਮਝਣ ਦੀ ਜ਼ਰੂਰਤ

ਅੱਜ ਅਸੀਂ ਅਜਿਹੇ ਸਮੇਂ ਵਿਚ ਚੱਲ ਰਹੇ ਹਾਂ ਜਿੱਥੇ ਹਰ ਇਕ ਇਨਸਾਨ ਬਹੁਤ ਤੇਜ਼ੀ ਨਾਲ ਭੱਜ ਰਿਹਾ ਹੈ ਤੇ ਇਹ ਤੇਜ਼ੀ ਕਿਸ ਚੀਜ਼ ਲਈ ਹੈ ਇਹ ਸ਼ਾਇਦ ਕਿਸੇ ਨੂੰ  ਵੀ ਪਤਾ ਨਹੀਂ | ਇਸ ਦੌੜ ਅਤੇ ਤੇਜ਼ੀ ਵਿਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਣਜਾਨੇ ਵਿਚ ਹੀ ਮੂੰਹ ਮੋੜ ਰਹੇ ਹਾਂ, ਅਸੀਂ ਇਸ ਪਦਾਰਥਵਾਦੀ ਯੁੱਧ ਵਿਚ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰ ਰਹੇ ਹਾਂ, ਪਰ ਉਨ੍ਹਾਂ ਨੂੰ  ਇਹ ਸੇਧ ਨਹੀਂ ਦੇ ਪਾ ਰਹੇ ਜੋ ਹਰੇਕ ਮਾਪਿਆਂ ਦਾ ਫਰਜ਼ ਹੁੰਦਾ ਹੈ | ਅਸੀਂ ਜ਼ਿਆਦਾਤਰ ਸਹੀ ਸਮੇਂ 'ਤੇ ਸਹੀ ਸੇਧ ਦੇਣ ਤੋਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਮੂੰੜ ਮੋੜ ਰਹੇ ਹਾਂ, ਕਿਉਂਕਿ ਅਸੀਂ ਭੁੱਲ ਰਹੇ ਹਾਂ ਕਿ ਸਾਡੇ ਰਾਹੀਂ ਦਿੱਤੀ ਗਈ ਸੇਧ ਨੇ ਹੀ ਇਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ | ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਨਾ ਖੋਈਏ, ਆਪਣੇ ਸਮੇਂ ਵਿਚੋਂ ਕੁਝ ਸਮਾਂ ਬੱਚਿਆਂ ਲਈ ਕੱਢੀਏ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ  ਸੁਣੀਏ ਅਤੇ ਹਾਂ ਪੱਖੀ ਰਵੱਈਏ ਨਾਲ ਉਨ੍ਹਾਂ ਦਾ ਹੱਲ ਕਰੀਏ, ਉਨ੍ਹਾਂ ਉੱਪਰ ਆਪਣੀਆਂ ਇੱਛਾਵਾਂ ਨੂੰ  ਨਾ ਥੋਪੀਏ | ਬੱਚੇ ਵਿਚ ਸਹੀ ਗਲਤ ਦੀ ਸਮਝ ਵਿਕਸਿਤ ਕਰੀਏ | 

-ਅੰਜੂ ਰਾਣੀ ਸੁਨਾਮ |

ਡਿਗਰੀਆਂ ਬਨਾਮ ਹੁਨਰ

ਅੱਜ ਦੇ ਬਦਲਦੇ ਸਮੇਂ ਵਿੱਚ ਉੱਚ ਸਿੱਖਿਆ ਅਤੇ ਡਿਗਰੀਆਂ ਦੀ ਆਪਣੀ ਅਹਿਮੀਅਤ ਹੈ, ਪਰ ਸਿਰਫ਼ ਕਾਗਜ਼ੀ ਡਿਗਰੀਆਂ ਦੇ ਸਿਰ 'ਤੇ ਰੁਜ਼ਗਾਰ ਹਾਸਿਲ ਕਰਨਾ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ | ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਕੰਪਨੀਆਂ ਅਤੇ ਅਦਾਰੇ ਸਿਰਫ਼ ਇਹ ਨਹੀਂ ਦੇਖਦੇ ਕਿ ਨੌਜਵਾਨ ਕੋਲ ਕਿਹੜੀ ਡਿਗਰੀ ਹੈ, ਸਗੋਂ ਇਹ ਦੇਖਦੇ ਹਨ ਕਿ ਉਸ ਨੂੰ ਅਮਲੀ ਤੌਰ 'ਤੇ ਕੀ ਕੰਮ ਕਰਨਾ ਆਉਂਦਾ ਹੈ | ਇਸੇ ਕਰਕੇ ਅੱਜ ਦੇ ਸਮੇਂ ਵਿੱਚ ਹੁਨਰ ਦੀ ਮੰਗ ਲਗਾਤਾਰ ਵਧ ਰਹੀ ਹੈ | ਨੌਜਵਾਨਾਂ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਆਦਤ ਪਾਉਣ ਅਤੇ ਨਵੇਂ ਤਕਨੀਕੀ ਅਤੇ ਪੇਸ਼ੇਵਰ ਹੁਨਰ ਸਿੱਖਣ | ਜਦੋਂ ਕੋਈ ਨੌਜਵਾਨ ਕੰਪਿਊਟਰ, ਇਲੈਕਟ੍ਰੋਨਿਕਸ, ਖੇਤੀਬਾੜੀ ਦੇ ਨਵੇਂ ਤਰੀਕੇ, ਜਾਂ ਕੋਈ ਹੋਰ ਹੱਥੀਂ ਕੰਮ ਸਿੱਖ ਲੈਂਦਾ ਹੈ, ਤਾਂ ਉਹ ਨੌਕਰੀ ਲੱਭਣ ਦੀ ਬਜਾਏ ਆਪਣਾ ਕੰਮ ਵੀ ਸ਼ੁਰੂ ਕਰ ਸਕਦਾ ਹੈ | ਹੁਨਰਮੰਦ ਇਨਸਾਨ ਕਦੇ ਵੀ ਮੁਸ਼ਕਿਲ ਵਿੱਚ ਨਹੀਂ ਘਬਰਾਉਂਦਾ, ਸਗੋਂ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਸਵੈ-ਨਿਰਭਰ ਬਣਦਾ ਹੈ | ਇਸ ਨਾਲ ਨਾ ਸਿਰਫ਼ ਉਸ ਦਾ ਆਪਣਾ ਆਰਥਿਕ ਪੱਧਰ ਉੱਚਾ ਹੁੰਦਾ ਹੈ, ਸਗੋਂ ਉਹ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਂਦਾ ਹੈ | ਇਸ ਲਈ, ਡਿਗਰੀਆਂ ਦੇ ਨਾਲ-ਨਾਲ ਸਮੇਂ ਦੇ ਹਾਣ ਦਾ ਹੁਨਰ ਸਿੱਖਣਾ ਹਰ ਨੌਜਵਾਨ ਲਈ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ |

-ਸੁਖਵਿੰਦਰ ਸਾਕਾ ਨੰਗਲ ਡੈਮ, ਰੂਪਨਗਰ

Ad Position 22
No active advertisement
ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24