ਪੰਜਾਬ ਦੀ ਰੂਹ ਦਾ ਕਤਲ
ਇਸ ਦੁਨੀਆ ਵਿਚ ਆਉਣਾ ਤੇ ਰੁਖ਼ਸਤ ਹੋਣਾ ਕੁਦਰਤ ਦਾ ਨਿਯਮ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਜ਼ਿੰਦਗੀ ਦੂਜਿਆਂ ਦੇ ਲੇਖੇ ਲਾ ਜਾਂਦੇ ਹਨ ਉਹ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸੰਘਰਸ਼ ਕਰਦੇ ਹੋਏ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਕ ਯੋਧੇ ਦੇ ਰੂਪ ਵਿਚ ਨਿਡਰ ਹੋ ਕੇ ਬੁਰਾਈ ਨਾਲ਼ ਟੱਕਰ ਲੈਂਦੇ ਹਨ | ਇਹੋ ਜਿਹਾ ਹੀ ਵੀਰ ਯੋਧਾ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਕਾਰੋਬਾਰ ਕਰਨ ਵਾਲ਼ਿਆਂ ਖ਼ਿਲਾਫ਼ ਲੜਦਾ ਹੋਇਆ ਆਪਣੀ ਜਾਨ ਵਾਰ ਗਿਆ | ਉਸ ਨੇ ਇਸ ਭੈੜੇ ਤੇ ਤਬਾਹ ਕਰਨ ਵਾਲ਼ੇ ਦੁਸ਼ਟ ਤੇ ਨਸ਼ੇ ਪਰੋਸਣ ਵਾਲ਼ੇ ਰਾਖਸ਼ਾਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਸੀ ਅਤੇ ਉਹ ਆਪਣੀਆਂ ਲਾਈਵ ਵੀਡੀਓਜ਼ ਰਾਹੀਂ ਨਸ਼ਾ ਵੇਚ ਰਹੇ ਵੱਡੇ ਤਸਕਰਾਂ ਦੇ ਟਿਕਾਣਿਆਂ ਨੂੰ ਲੋਕਾਂ ਤੇ ਪ੍ਰਸ਼ਾਸਨ ਸਾਹਮਣੇ ਜਨਤਕ ਕਰਦਾ ਸੀ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਥਾਂ-ਥਾਂ 'ਤੇ ਵਿਕ ਰਹੇ ਸਿੰਥੈਟਿਕ ਨਸ਼ਿਆਂ ਦਾ ਚਿੱਠਾ ਸਬੂਤਾਂ ਸਮੇਤ ਪੇਸ਼ ਕਰਨ ਦਾ ਦਮ ਰੱਖਦਾ ਸੀ | ਪਿਛਲੇ ਅਰਸੇ ਦੌਰਾਨ ਅਜਿਹੇ ਹੋਰ ਵੀ ਬਹੁਤ ਸਾਰੇ ਨਿਧੜਕ ਯੋਧੇ ਸਮਾਜਿਕ ਬੁਰਾਈਆਂ ਖ਼ਿਲਾਫ਼ ਖੜ੍ਹੇ ਹੋਏ ਤੇ ਉਨ੍ਹਾਂ ਨੂੰ ਭੈੜੇ ਸਿਸਟਮ ਦੁਆਰਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ | ਅਜਿਹੇ ਵਰਤਾਰਿਆਂ ਤੋਂ ਸਾਫ਼ ਲੱਗਦਾ ਹੈ ਕਿ ਕਾਨੂੰਨ ਨਾਂਅ ਦੀ ਕੋਈ ਚੀਜ਼ ਹੁਣ ਨਜ਼ਰ ਨਹੀਂ ਆਉਂਦੀ, ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਗੋਲ਼ੀਆਂ ਦੀਆਂ ਠਾਹ-ਠਾਹ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਹਨ, ਜਿਹੜੀਆਂ ਦਿਲਾਂ ਨੂੰ ਬੇਚੈਨ ਕਰਦੀਆਂ ਹਨ | ਅੱਜ ਸਿਰਫ ਇਕ ਇਨਸਾਨ ਦਾ ਕਤਲ ਨਹੀਂ ਹੋਇਆ, ਇਹ ਪੰਜਾਬ ਦੀ ਰੂਹ ਦਾ ਕਤਲ ਹੈ | ਕਿਸੇ ਇਨਸਾਨ ਦੇ ਜਿਸਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਉਸ ਦੀ ਸੋਚ ਨੂੰ ਨਹੀਂ, ਜਿਹੜੀ ਪੰਜਾਬ ਦੇ ਸੱਚੇ ਹਿਤੈਸ਼ੀ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਕਾਇਮ ਰਹੇਗੀ ਅਤੇ ਉਨ੍ਹਾਂ ਨੂੰ ਅੱਗੇ ਇਸ ਬੁਰਾਈ ਖਿਲਾਫ਼ ਲੜਨ ਲਈ ਤਾਕਤ ਦਿੰਦੀ ਰਹੇਗੀ | ਇਸ ਤਰ੍ਹਾਂ ਜਾਨ ਦੀ ਬਾਜ਼ੀ ਲਾਉਣ ਵਾਲ਼ੇ ਅਜਿਹੇ ਨਿਧੜਕ ਸ਼ਖ਼ਸ ਹੀ ਮਹਾਨ ਕਹਾਉਣ ਦੇ ਹੱਕਦਾਰ ਹੁੰਦੇ ਹਨ ਅਤੇ ਉਨ੍ਹਾਂ ਦਾ ਹੀ ਇਸ ਦੁਨੀਆ 'ਤੇ ਆਉਣਾ ਸਫ਼ਲ ਹੁੰਦਾ ਹੈ |
-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)
ਹਰ ਤਜਰਬਾ ਇਕ ਸਬਕ
ਜ਼ਿੰਦਗੀ ਇਕ ਅਜਿਹੀ ਅਧਿਆਪਕ ਹੈ, ਜੋ ਸਾਨੂੰ ਹਰ ਰੋਜ਼ ਕੋਈ ਨਵਾਂ ਸਬਕ ਸਿਖਾਉਂਦੀ ਹੈ | ਖ਼ੁਸ਼ੀਆਂ ਸਾਨੂੰ ਮੁਸਕਰਾਉਣਾ ਅਤੇ ਦੁੱਖ ਸਾਨੂੰ ਮਜ਼ਬੂਤ ਬਣਨਾ ਸਿਖਾਉਂਦੇ ਹਨ | ਔਖੇ ਸਮੇਂ ਵਿਚ ਹੀ ਸਾਨੂੰ ਆਪਣੇ ਅਤੇ ਪਰਾਏ ਦੀ ਪਛਾਣ ਹੁੰਦੀ ਹੈ | ਜ਼ਿੰਦਗੀ ਸਿਖਾਉਂਦੀ ਹੈ ਕਿ ਲੋਕਾਂ ਦੀਆਂ ਗੱਲਾਂ ਨਾਲੋਂ ਉਨ੍ਹਾਂ ਦੇ ਕੰਮਾਂ ਤੇ ਕਿਰਦਾਰ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ | ਅਸਲ ਖ਼ੁਸ਼ੀ ਪੈਸੇ ਅਤੇ ਸ਼ੋਹਰਤ ਵਿਚ ਨਹੀਂ, ਸਗੋਂ ਪਰਿਵਾਰ, ਸੱਚੇ ਰਿਸ਼ਤਿਆਂ, ਚੰਗੀ ਸਿਹਤ ਅਤੇ ਮਨ ਦੀ ਸ਼ਾਂਤੀ ਵਿਚ ਹੈ | ਇਸ ਲਈ ਜ਼ਿੰਦਗੀ ਵਿਚ ਆਉਣ ਵਾਲੇ ਹਰ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ, ਕਿਉਂਕਿ ਹਰ ਤਜਰਬਾ ਸਾਨੂੰ ਕੁਝ ਨਵਾਂ ਸਿਖਾ ਕੇ ਹੋਰ ਬਿਹਤਰ ਇਨਸਾਨ ਬਣਨ ਵਿਚ ਮਦਦ ਕਰਦਾ ਹੈ |
-ਰਾਜਵੀਰ ਸਿੰਘ,
ਬਹੇੜ |
ਵਧੀਆ ਸੰਪਾਦਕੀ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦਾ ਸੰਪਾਦਕੀ ਲੇਖ 'ਖੇਤ ਨੂੰ ਖਾਂਦੀ ਵਾੜ' ਬਹੁਤ ਹੀ ਜਾਣਕਾਰੀ ਭਰਪੂਰ ਸੀ | ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਇਕ ਵਾਰ ਕਿਹਾ ਸੀ ਕਿ ਤੁਸੀਂ ਦੋਸਤ ਬਦਲ ਸਕਦੇ ਹੋ, ਪਰ ਗੁਆਂਢੀ ਨਹੀਂ ਉਨ੍ਹਾਂ ਦੀ ਇਸ ਗੱਲ ਵਿਚ ਬਹੁਤ ਵੱਡੀ ਸੱਚਾਈ ਛੁਪੀ ਹੋਈ ਹੈ, ਕਿਉਂਕਿ ਸਾਡੇ ਗੁਆਂਢੀ ਦੇਸ਼ ਦੀਆਂ ਪਿਛਲੇ ਲੰਮੇ ਸਮੇਂ ਤੋਂ ਕਈ ਸਰਕਾਰਾਂ ਨੇ ਭਾਰਤ ਵਿਰੁੱਧ ਅਕਸਰ ਹੀ ਜ਼ਹਿਰ ਉਗਲਿਆ ਹੈ | ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਨਸ਼ਿਆਂ ਵਿਰੁੱਧ ਮੁਹਿੰਮਾਂ ਵਿੱਢੀਆਂ ਗਈਆਂ ਹਨ, ਪਰ ਇਨ੍ਹਾਂ ਦਾ ਅਸਰ ਸੀਮਤ ਹੀ ਰਿਹਾ ਹੈ | ਜਿਸ ਨੇ ਪ੍ਰਸ਼ਾਸਨ ਅਤੇ ਸਮਾਜ ਸਾਹਮਣੇ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ |
ਹਾਲ ਦੀ ਘੜੀ ਇਸ ਵਿਗੜੇ ਪ੍ਰਬੰਧ ਨੂੰ ਠੀਕ ਕਰਨ ਦਾ ਤਰੀਕਾ ਅਸਫ਼ਲ ਹੀ ਸਿੱਧ ਹੋਇਆ ਹੈ | ਸਮਾਜ ਨੂੰ ਸਿਹਤਮੰਦ ਲੀਹਾਂ 'ਤੇ ਤੋਰਨ ਲਈ ਹਰ ਹੀਲੇ ਇਸ ਨੈੱਟਵਰਕ ਨੂੰ ਤੋੜਨ ਦੀ ਜ਼ਰੂਰਤ ਹੋਵੇਗੀ, ਜਿਸ ਵਿਚ ਸਮੁੱਚੇ ਸਮਾਜ ਦੀ ਸ਼ਮੂਲੀਅਤ ਹੋਣੀ ਵੀ ਬਹੁਤ ਜ਼ਰੂਰੀ ਹੈ | ਦੇਸ਼ ਦਾ ਹਰ ਨਾਗਰਿਕ ਇਸ ਨਸ਼ਾ ਵਿਰੋਧੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਵੇ ਤੇ ਇਹ ਹਰੇਕ ਦੀ ਜ਼ਿੰਮੇਵਾਰੀ ਵੀ ਹੈ | ਇਸ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਹੋਵੇਗਾ |
-ਪਿ੍ੰਸੀਪਲ ਜਸਪਾਲ ਸਿੰਘ ਲੋਹਾਮ
ਗਲੀ ਹਜ਼ਾਰਾ ਸਿੰਘ, ਮੋਗਾ |
ਨਸ਼ੇ, ਨਾਕਾਮੀ ਤੇ ਸਿਆਸਤ
'ਖੇਤ ਨੂੰ ਖਾਂਦੀ ਵਾੜ' ਸੰਪਾਦਕੀ ਵਿਚ ਪੰਜਾਬ ਦੀ ਨਸ਼ਿਆਂ ਦੀ ਸਮੱਸਿਆ ਅਤੇ ਇਸ ਨੂੰ ਰੋਕਣ ਵਾਲੀ ਪ੍ਰਣਾਲੀ ਦੀਆਂ ਕਮਜ਼ੋਰੀਆਂ ਬਾਰੇ ਪ੍ਰਗਟਾਏ ਵਿਚਾਰ ਬੇਹੱਦ ਗੰਭੀਰ ਹਨ | ਨਸ਼ਿਆਂ ਵਿਰੁੱਧ ਜੰਗ ਵਿਚ ਕੇਂਦਰ ਅਤੇ ਪੰਜਾਬ ਸਰਕਾਰ, ਦੋਵੇਂ ਆਪਣੀ ਜਵਾਬਦੇਹੀ ਤੋਂ ਪਾਸਾ ਨਹੀਂ ਵੱਟ ਸਕਦੇ |
ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਰੋਕਣਾ ਕੇਂਦਰੀ ਸੁਰੱਖਿਆ ਬਲਾਂ ਦੀ ਜ਼ਿੰਮੇਵਾਰੀ ਹੈ, ਜਦਕਿ ਸੂਬੇ ਅੰਦਰ ਤਸਕਰਾਂ ਦੇ ਜਾਲ ਨੂੰ ਤੋੜਨਾ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ | ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਪੁਲਿਸ ਅਤੇ ਸਰਹੱਦੀ ਸੁਰੱਖਿਆ ਬਲਾਂ ਵਿਚ ਕਿੰਨੇ ਮੁਲਾਜ਼ਮਾਂ ਵਿਰੁੱਧ ਨਸ਼ਾ ਤਸਕਰੀ ਵਿਚ ਮਿਲੀਭੁਗਤ ਜਾਂ ਡਿਊਟੀ ਵਿਚ ਗੰਭੀਰ ਲਾਪਰਵਾਹੀ ਦੇ ਦੋਸ਼ ਹੇਠ ਕਾਰਵਾਈ ਹੋਈ, ਕਿੰਨਿਆਂ ਨੂੰ ਦੋਸ਼-ਪੱਤਰ ਦਿੱਤੇ ਗਏ ਅਤੇ ਕਿੰਨਿਆਂ ਨੂੰ ਸਜ਼ਾਵਾਂ ਮਿਲੀਆਂ | ਸਰਕਾਰਾਂ ਸਿਰਫ਼ ਗਿ੍ਫ਼ਤਾਰੀਆਂ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਅੰਕੜੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀਆਂ |
ਨਸ਼ਾ ਤਸਕਰੀ ਦੇ ਗੜ੍ਹਾਂ, ਤਸਕਰਾਂ ਦੇ ਵਿੱਤੀ ਸਰੋਤਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਰਪ੍ਰਸਤੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਨਸ਼ਾ ਵਿਰੋਧੀ ਕਾਰਕੁਨਾਂ ਅਤੇ ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ |
ਚੋਣਾਂ ਦੇ ਮਾਹੌਲ ਵਿਚ ਸਿਆਸੀ ਆਗੂਆਂ ਦੀ ਦੂਸ਼ਣਬਾਜ਼ੀ ਅਤੇ ਦੋਸ਼ਾਂ ਦੀ ਖੇਡ ਲੋਕਾਂ ਨੂੰ ਅਸਲ ਸਵਾਲਾਂ ਤੋਂ ਭਟਕਣ ਨਾ ਦੇਵੇ; ਸਾਨੂੰ ਸਰਕਾਰਾਂ ਦੇ ਦਾਅਵਿਆਂ ਅਤੇ ਕਾਰਗੁਜ਼ਾਰੀ ਪ੍ਰਤੀ ਸੁਚੇਤ ਰਹਿਣਾ ਪਵੇਗਾ | ਬੇਰੁਜ਼ਗਾਰੀ, ਪਰਵਾਸ ਅਤੇ ਪਾਣੀ ਦੇ ਸੰਕਟ ਸਮੇਤ ਪੰਜਾਬ ਦੀਆਂ ਹੋਰ ਚੁਣੌਤੀਆਂ ਦੇ ਮੱਦੇਨਜ਼ਰ ਸਿਵਲ ਸੁਸਾਇਟੀ ਨੂੰ ਜਾਗਰੂਕ ਹੋ ਕੇ ਸਰਕਾਰਾਂ ਤੋਂ ਜਵਾਬਦੇਹੀ ਮੰਗਣੀ ਚਾਹੀਦੀ ਹੈ |
-ਬਿ੍ਜ ਭੂਸ਼ਣ ਗੋਇਲ,
ਲੁਧਿਆਣਾ