ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ
ਇਕ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਦਾ ਨਾਂਅ ਆਉਦਿਆਂ ਹੀ ਲੋਕਾਂ ਦੇ ਮਨ 'ਚ ਪੁਰਾਣੀਆਂ ਇਮਾਰਤਾਂ, ਸੀਮਤ ਸਹੂਲਤਾਂ ਤੇ ਰਵਾਇਤੀ ਢੰਗ ਨਾਲ ਹੋ ਰਹੀ ਪੜ੍ਹਾਈ ਦੀ ਤਸਵੀਰ ਉਭਰਦੀ ਸੀ | ਪਰ ਸਮਾਂ ਬਦਲ ਰਹਾ ਹੈ ਤੇ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਵੀ ਤੇਜ਼ੀ ਨਾਲ ਬਦਲ ਰਹੀ ਹੈ | ਅੱਜ ਕਈ ਸਰਕਾਰੀ ਸਕੂਲ ਆਧੁਨਕਿ ਸਹੂਲਤਾਂ, ਤਕਨੀਕ ਤੇ ਗੁਣਵੱਤਾ ਵਾਲੀ ਸਿੱਖਿਆ ਦੇ ਨਵੇਂ ਮਾਡਲ ਵਜੋਂ ਸਾਹਮਣੇ ਆ ਰਹੇ ਹਨ | ਸਮਾਰਟ ਕਲਾਸਰੂਮ, ਕੰਪਊਟਰ ਲੈਬਾਂ, ਇੰਟਰਨੈੱਟ, ਸੁੰਦਰ ਇਮਾਰਤਾਂ, ਸਾਫ਼-ਸੁਥਰੇ ਕੈਂਪਸ ਅਤੇ ਲਾਇਬ੍ਰੇਰੀਆਂ ਨੇ ਸਕੂਲੀ ਵਾਤਾਵਰਨ ਨੂੰ ਨਵੀਂ ਦੱਖ ਦਿੱਤੀ ਹੈ | ਪਰ ਸਿੱਖਿਆ ਦੀ ਅਸਲ ਗੁਣਵੱਤਾ ਸਿਰਫ਼ ਇਮਾਰਤਾਂ ਤੇ ਸਹੂਲਤਾਂ ਨਾਲ ਨਹੀਂ ਮਾਪੀ ਜਾ ਸਕਦੀ | ਅਸਲ ਬਦਲਾਅ ਉਸ ਸਮੇਂ ਆਉਂਦਾ ਹੈ, ਜਦੋਂ ਕਲਾਸਰੂਮ 'ਚ ਬੱਚੇ ਨੂੰ ਸਿਰਫ਼ ਪਾਠ ਯਾਦ ਕਰਾਉਣ ਦੀ ਥਾਂ ਉਸ ਨੂੰ ਸੋਚਣ, ਸਵਾਲ ਕਰਨ ਤੇ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ |
ਇਸ ਪੱਖੋਂ ਅਧਿਆਪਕ ਦੀ ਭੂਮਿਕ ਸਭ ਤੋਂ ਮਹੱਤਵਪੂਰਨ ਹੈ | ਇਕ ਸਮਰੱਥ ਤੇ ਸਮਰਪਿਤ ਅਧਿਆਪਕ ਸਿਰਫ਼ ਕਿਤਾਬੀ ਪਾਠ ਨਹੀਂ ਪੜ੍ਹਾਉਦਾ, ਉਹ ਬੱਚੇ ਦੇ ਅੰਦਰ ਲੁਕੇ ਹੁਨਰ ਨੂੰ ਪਛਾਣਦਾ ਹੈ | ਤਕਨੀਕ ਅਧਿਆਪਕ ਦੀ ਮਦਦ ਕਰ ਸਕਦੀ ਹੈ, ਪਰ ਇਕ ਸੰਵੇਦਨਸ਼ੀਲ ਅਧਿਆਪਕ ਦੀ ਥਾਂ ਨਹੀ ਲੈ ਸਕਦੀ | ਇਸ ਲਈ ਸਰਕਾਰੀ ਸਕੂਲਾਂ ਦੇ ਭਵਿੱਖ ਲਈ ਅਧਿਆਪਕਾਂ ਦੀ ਲਗਾਤਾਰ ਸਿਖਲਾਈ ਤੇ ਉਨ੍ਹਾਂ ਨੂੰ ਵਧੀਆ ਸਿੱਖਿਆ ਵਾਲਾ ਮਾਹੌਲ ਦੇਣਾ ਬੇਹੱਦ ਜ਼ਰੂਰੀ ਹੈ | ਸਿੱਖਿਆ ਦਾ ਮਕਸਦ ਕੇਵਲ ਪ੍ਰੀਖਿਆ 'ਚ ਵੱਧ ਅੰਕ ਹਾਸਲ ਕਰਨਾ ਨਹੀਂ ਹੋਣਾ ਚਾਹੀਦਾ | ਖੇਡਾਂ, ਸੱਭਿਆਚਾਰਕ ਸਰਗਰਮੀਆਂ, ਭਾਸ਼ਨ, ਲੇਖ ਲਿਖਣ, ਕਲਾ ਅਤੇ ਹੋਰ ਰਚਨਾਤਮਕ ਕੰਮ ਬੱਚੇ ਦੀ ਸ਼ਖ਼ਸੀਅਤ ਨੂੰ ਸੰਪੂਰਨ ਬਣਾਉਂਦੇ ਹਨ | ਇਸ ਦੇ ਨਾਲ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਬੱਚਿਆਂ ਨੂੰ ਜੋੜਨਾ ਵੀ ਸਮੇਂ ਦੀ ਲੋੜ ਹੈ | ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ 'ਚ ਮਾਪਿਆਂ ਦੀ ਭੂਮਿਕਾ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ | ਇਹ ਵੀ ਸੱਚ ਹੈ ਕਿ ਅਜੇ ਕਈ ਚੁਣੌਤੀਆਂ ਬਾਕੀ ਹਨ | ਹਰ ਸਕੂਲ 'ਚ ਇਕੋ ਜਿਹੀਆਂ ਸਹੂਲਤਾਂ, ਗੁਣਵੱਤਾ ਵਾਲੀ ਸਿੱਖਿਆ, ਲੋੜੀਂਦੇ ਸਰੋਤ ਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਇਕ ਲਗਾਤਾਰਤਾ ਵਾਲੀ ਪ੍ਰਕਿਰਿਆ ਹੈ, ਪਰ ਚੁਣੌਤੀਆਂ ਦੇ ਬਾਵਜੂਦ ਬਦਲਾਅ ਦੀ ਦਿਸ਼ਾ ਆਸ ਜਗਾਉਂਦੀ ਹੈ |
-ਪਿ੍ੰ. ਮਨਜੀਤ ਕੌਰ
ਸਮੇਂ ਦੀ ਕਦਰ
ਸਮਾਂ ਘੜੀ, ਪਲ, ਮਿੰਟ, ਘੰਟਿਆਂ ਅਤੇ ਦਿਨਾਂ ਦੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ | ਜੋ ਸਮਾਂ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ | ਸਮਾਂ ਬੀਤ ਜਾਣ ਤੋਂ ਬਾਅਦ ਪਛਤਾਵਾ ਹੀ ਰਹਿ ਜਾਂਦਾ ਹੈ | ਇਨਸਾਨ ਪਹਿਲਾਂ ਸਹੀ ਢੰਗ ਨਾਲ ਆਪਣੇ ਸਮੇਂ ਦੀ ਵਰਤੋਂ ਨਹੀਂ ਕਰਦਾ | ਆਪਣਾ ਕੀਮਤੀ ਸਮਾਂ ਫਾਲਤੂ ਦੇ ਕੰਮਾਂ ਵਿਚ ਲਗਾ ਦਿੰਦਾ ਹੈ ਅਤੇ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੂੰ ਪਛਤਾਵਾ ਹੁੰਦਾ ਹੈ ਅਤੇ ਸਮੇਂ ਦੀ ਕਦਰ ਦਾ ਪਤਾ ਲੱਗਦਾ ਹੈ | ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਹਮੇਸ਼ਾ ਕਾਮਯਾਬ ਹੁੰਦੇ ਹਨ | ਜੋ ਵਿਅਕਤੀ ਸਮੇਂ ਦੇ ਨਾਲ ਨਹੀਂ ਚਲਦੇ ਉਹ ਪਿੱਛੇ ਰਹਿ ਜਾਂਦੇ ਹਨ | ਚਾਣਕਯ ਦੇ ਵਿਚਾਰ ਅਨੁਸਾਰ ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ ਪਰ ਆਪ ਸਥਿਰ ਰਹਿੰਦਾ ਹੈ ਤੇ ਸਭ ਨੂੰ ਛੱਡ ਜਾਂਦਾ ਹੈ | ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ | ਇਸ ਲਈ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ |
-ਦਲਜੀਤ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)
ਪੱਛਮੀ ਸੱਭਿਆਚਾਰ ਦਾ ਪ੍ਰਭਾਵ
ਸੱਭਿਆਚਾਰ ਕਿਸੇ ਖਾਸ ਖਿੱਤੇ ਵਿਚ ਵੱਸਦੇ ਲੋਕਾਂ ਦੀ ਜੀਵਨ ਜਾਚ ਹੁੰਦੀ ਹੈ | ਭਾਵ ਕਿ ਉਹ ਲੋਕ ਕਿਸ ਤਰ੍ਹਾਂ ਦੇ ਰੀਤੀ ਰਿਵਾਜਾਂ ਦੇ ਦਾਇਰੇ ਵਿਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ | ਸੱਭਿਆਚਾਰ, ਦਾ ਹਰ ਵਿਅਕਤੀ ਦੇ ਜੀਵਨ ਵਿਚ ਇਕ ਖਾਸ ਮਹੱਤਵ ਹੁੰਦਾ ਹੈ ਅਤੇ ਨਾਲ ਹੀ ਇਕ ਖਾਸ ਪ੍ਰਭਾਵ ਵੀ ਹੁੰਦਾ ਹੈ | ਅੱਜਕੱਲ੍ਹ ਪੱਛਮੀ ਸੱਭਿਆਚਾਰ ਜਿਸ ਨੂੰ ਅਸੀਂ 'ਵੈਸਟਰਨ ਕਲਚਰ' ਵੀ ਕਹਿ ਦਿੰਦੇ ਹਾਂ |
ਇਹ ਅੱਗ ਵਾਂਗ ਦੁਨੀਆ ਦੇ ਹਰ ਕੋਨੇ ਵਿਚ ਫੈਲ ਰਿਹਾ ਹੈ ਅਤੇ ਲੱਖਾਂ ਲੋਕ ਪ੍ਰਭਾਵਿਤ ਹੋ ਕੇ ਇਸ ਨੂੰ ਅਪਣਾ ਰਹੇ ਹਨ | ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜਕੱਲ੍ਹ ਅਸੀਂ ਉਨ੍ਹਾਂ ਦੇ ਪਹਿਰਾਵੇ ਅਤੇ ਖਾਣ-ਪੀਣ ਨੂੰ ਹੱਦ ਤੋਂ ਵੱਧ ਤਵੱਜੋ ਦੇ ਰਹੇ ਹਾਂ, ਜਿਸ ਨਾਲ ਸਾਡੇ ਜੀਵਨ ਵਿਚ ਸਾਡੇ ਆਪਣੇ ਸੱਭਿਆਚਾਰ ਦਾ ਪ੍ਰਭਾਵ ਦਿਨ-ਬ-ਦਿਨ ਘੱਟਦਾ ਜਾ ਰਿਹਾ ਹੈ |
ਮੇਰੇ ਅਨੁਸਾਰ ਸਾਨੂੰ ਸਾਰਿਆਂ ਨੂੰ ਇਸ ਮੁੱਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਬਚਾ ਸਕੀਏ |
-ਜਸ਼ਨਪ੍ਰੀਤ ਕੌਰ
ਸਰਹਿੰਦ |
ਵਧੀਆ ਲੇਖ
ਐਤਵਾਰ ਦੇ ਸੰਪਾਦਕੀ ਪੰਨੇ 'ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਕੀ ਰਾਜਨੀਤਕ ਪਾਰਟੀਆਂ ਕੋਲ ਲੋਕਾਂ ਦੀਆਂ ਸਮੱਸਿਆਂਵਾਂ ਦਾ ਕੋਈ ਹੱਲ ਹੈ?' ਪੜਿ੍ਹਆ, ਜੋ ਅਜੋਕੇ ਰਾਜਨੀਤਕ ਸਿਸਟਮ 'ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰਦਾ ਸੱਤਾਧਾਰੀ ਹਕੂਮਤਾਂ ਨੇ ਜਨਤਾ ਨੂੰ ਵੋਟ ਬੈਂਕ ਪੱਕਾ ਕਰਨ ਲਈ ਸਿਵਾਏ ਲੌਲੀਪੌਪ ਦੇ ਕੁਝ ਨਹੀਂ ਦਿੱਤਾ | ਇਹ ਲੇਖ ਖ਼ਲਕਤ ਦੇ ਬਹੁਤ ਹੀ ਗੰਭੀਰ ਮੁੱਦਿਆਂ ਨੂੰ ਉਠਾ ਕੇ ਰਾਜਨੀਤੀਵਾਨਾਂ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰੇਗਾ |
ਨੌਜਵਾਨੀ ਨਾਮੋਸ਼ੀ ਦੇ ਆਲਮ ਚ ਡੁੱਬੀ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੀ ਹੈ, ਜਾਂ ਉਨ੍ਹਾਂ ਨੂੰ ਭਵਿੱਖ ਵਿਚ ਕੋਈ ਰਸਤਾ ਨਜ਼ਰ ਨਾ ਆਉਂਦਾ ਦੇਖ ਉਹ ਵਿਦੇਸ਼ ਉਡਾਰੀ ਮਾਰਨ ਲਈ ਮਜਬੂਰ ਹਨ | ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣਾ ਖੁਦਕੁਸ਼ੀਆਂ ਵੱਲ ਧੱਕ ਰਿਹਾ ਹੈ | ਨਕਲੀ ਦਵਾਈਆਂ, ਨਕਲੀ ਬੀਜਾਂ, ਨਕਲੀ ਖਾਦਾਂ, ਨਕਲੀ ਖਾਣ ਦੀਆਂ ਚੀਜ਼ਾਂ ਜਨਤਾ ਨੂੰ ਬਿਮਾਰੀਆਂ ਅਤੇ ਆਰਥਿਕ ਘਾਟੇ ਵੱਲ ਧੱਕ ਰਹੀਆਂ ਹਨ | ਸਰਕਾਰਾਂ ਸੱਤਾ ਦੇ ਨਸ਼ੇ 'ਚ ਚੂਰ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ |
ਸਰਕਾਰੀ ਸਕੂਲਾਂ 'ਚੋਂ ਪੜ੍ਹਾਈ ਗਾਇਬ ਹੋਣ ਕਿਨਾਰੇ ਹੈ, ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਡਾਕਟਰ ਅਤੇ ਦਵਾਈਆਂ ਨਹੀਂ ਹਨ | ਦੋਵੇਂ ਖੇਤਰ ਜਨਤਾ ਦੀ ਮੁਢਲੀ ਲੋੜ ਹੈ, ਪਰ ਜਨਤਾ ਦਾ ਕਚੂੰਬਰ ਨਿਕਲ ਰਿਹਾ ਹੈ |
ਸਕੂਲਾਂ ਤੇ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਕਮੀ ਦੇ ਬਾਵਜੂਦ ਸਰਕਾਰੀ ਹੁਕਮਾਂ ਚਾੜ੍ਹ ਕੇ ਉਨ੍ਹਾਂ ਤੋਂ ਹੋਰ ਕੰਮ ਐਸ ਆਈ ਆਰ, ਆਰਥਿਕ ਸਰਵੇਖਣ, ਵੋਟਰ ਸੂਚੀਆਂ ਸੁਧਾਈ, ਸਿਹਤ ਸਰਵੇਖਣ, ਸਿਹਤ ਬੀਮਾ ਯੋਜਨਾ ਕਾਰਡ, ਰਾਸ਼ਨ ਕਾਰਡ, ਪੋਲਿੰਗ ਟੀਮਾਂ, ਮਰਦਮਸ਼ੁਮਾਰੀ, ਪਰਾਲੀ ਫੂਕਣ ਤੋਂ ਰੋਕਣਾ ਆਦਿ ਕਰਵਾਏ ਜਾ ਰਹੇ ਹਨ, ਖਾਲੀ ਦਫ਼ਤਰ ਭਾਂ-ਭਾਂ ਕਰ ਰਹੇ ਹਨ |
ਨਸ਼ਾ, ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਨ, ਪਾਣੀ ਆਦਿ ਵਰਗੇ ਅਤਿ ਗੰਭੀਰ ਮੁੱਦਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸੁਹਿਰਦਤਾ ਨਾਲ ਹੱਲ ਕਰਨ ਲਈ ਭਵਿੱਖੀ ਯੋਜਨਾਵਾਂ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ |
-ਇੰਜੀ ਸਤਨਾਮ ਸਿੰਘ ਮੱਟੂ
ਬੀਂਬੜ੍ਹ ਸੰਗਰੂਰ