ਸਮਾਜਿਕ ਪ੍ਰੇਰਕ
ਮਨੁੱਖ ਦੇ ਹਰੇਕ ਕੰਮ ਅਤੇ ਵਿਹਾਰ ਦੇ ਪਿੱਛੇ ਜਮਾਂਦਰੂ-ਕੁਦਰਤੀ ਅਤੇ ਸਮਾਜਿਕ ਪ੍ਰਵਿਰਤੀਆਂ ਛੁਪੀਆਂ ਹੁੰਦੀਆਂ ਹਨ, ਜਿਹੜੀਆਂ ਕਿ ਮਨੁੱਖੀ ਵਿਹਾਰ ਨੂੰ ਪ੍ਰੇਰਨਾ ਦਿੰਦੀਆਂ ਹਨ, ਇਨ੍ਹਾਂ ਪ੍ਰਵਿਰਤੀਆਂ ਨੂੰ ਹੀ ਪ੍ਰੇਰਕ ਕਹਿੰਦੇ ਹਨ | ਪ੍ਰੇਰਕ ਤੋਂ ਪ੍ਰੇਰਣਾ ਲੈ ਕੇ ਮਨੁੱਖ ਕੰਮ ਕਰਨ ਵਿਚ ਰੁਚੀ ਲੈਂਦਾ ਹੈ | ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੇਰਕ ਵਿਅਕਤੀ ਦੀ ਉਹ ਅਵਸਥਾ ਹੈ ਜਿਹੜੀ ਕਿਸੇ ਵਿਹਾਰ ਨੂੰ ਕਰਨ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰਦੇਸ਼ਿਤ ਕਰਦੀ ਹੈ | ਪ੍ਰੇਰਕਾਂ ਨੂੰ ਦੋ ਪ੍ਰਮੁਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਪਹਿਲੀ ਸ਼੍ਰੇਣੀ ਵਿਚ ਮੁੱਢਲੇ ਜਾਂ ਸਰੀਰਕ ਪ੍ਰੇਰਕ ਅਤੇ ਦੂਜੀ ਸ਼੍ਰੇਣੀ ਵਿਚ ਸੈਕੰਡਰੀ ਜਾਂ ਸਮਾਜਿਕ ਪ੍ਰੇਰਕ ਸ਼ਾਮਿਲ ਹੁੰਦੇ ਹਨ | ਇਸ ਲਿਖਤ ਵਿਚ ਸਮਾਜਿਕ ਜਾਂ ਸੈਕੰਡਰੀ ਪ੍ਰੇਰਕਾਂ ਬਾਰੇ ਵਿਚਾਰ ਕੀਤੀ ਜਾਵੇਗੀ | ਮਨੁੱਖ ਅੰਦਰ ਸਮਾਜਿਕ ਪ੍ਰਭਾਵ ਦੇ ਕਾਰਨ ਅਨੇਕਾਂ ਤਰ੍ਹਾਂ ਦੇ ਪ੍ਰੇਰਕ ਉਤਪੰਨ ਹੁੰਦੇ ਹਨ | ਇਕ ਸ਼ਿਸ਼ੂ ਤੇ ਬੱਚੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜਿਆਂ 'ਤੇ ਨਿਰਭਰ ਹੁੰਦੇ ਹਨ | ਬਾਲਗ ਅਵਸਥਾ ਵਿਚ ਮਨੁੱਖ ਸਮਾਜਿਕ ਨਿਯਮਾਂ ਦੇ ਅਨੁਸਾਰ ਆਪਣੀਆਂ ਲੋੜਾਂ ਦੀ ਪੂਰਤੀ ਕਰਦਾ ਹੈ | ਮਨੁੱਖੀ ਲੋੜਾਂ ਦਾ ਸਮਾਜੀਕਰਨ ਹੋ ਜਾਂਦਾ ਹੈ | ਸਮਾਜੀਕਰਨ ਦੀ ਇਸ ਪ੍ਰਕਿਰਿਆ ਵਿਚ ਵਿਅਕਤੀ ਧਨ ਕਮਾਉਣ, ਸ਼ਕਤੀ ਪ੍ਰਾਪਤੀ ਅਤੇ ਜਗਿਆਸਾ ਲਈ ਯਤਨ ਕਰਦਾ ਹੈ | ਇਸ ਤਰ੍ਹਾਂ ਦੀਆਂ ਲੋੜਾਂ ਨੂੰ ਸਿੱਖੇ ਹੋਏ ਜਾਂ ਪ੍ਰਾਪਤ ਕੀਤੇ ਪ੍ਰੇਰਕ ਕਹਿੰਦੇ ਹਨ | ਸਮਾਜਿਕ ਪ੍ਰੇਰਕ ਜਿਊਾਦੇ ਰਹਿਣ ਲਈ ਤਾਂ ਭਾਵੇਂ ਜ਼ਰੂਰੀ ਨਹੀਂ ਹੁੰਦੇ ਪਰੰਤੂ ਸਮਾਜਿਕ ਪ੍ਰਭਾਵ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ |
-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, ਹੁਸ਼ਿਆਰਪੁਰ |
ਇਉਂ ਨਹੀਂ ਰੁਕਣਗੇ ਨਸ਼ੇ
ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਦੀ ਪਾਕਿਸਤਾਨ ਨਾਲ ਸੈਂਕੜੇ ਕਿਲੋਮੀਟਰ ਲੰਬੀ ਸਰਹੱਦ ਲਗਦੀ ਹੈ | ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਇੱਥੋਂ ਹੀ ਹੁੰਦੀ ਹੈ | ਨਸ਼ਿਆਂ ਦੀ ਰੋਕਥਾਮ ਲਈ ਪਿਛਲੇ ਸਾਲ ਤੋਂ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਹਜ਼ਾਰਾਂ ਕੇਸ ਦਰਜ ਕਰਨ ਤੋਂ ਇਲਾਵਾ ਹਜ਼ਾਰਾਂ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ 4 ਹਜ਼ਾਰ ਕਿਲੋਗ੍ਰਾਮ ਦੇ ਕਰੀਬ ਹੈਰੋਇਨ, 1000 ਕਿਲੋਗ੍ਰਾਮ ਅਫੀਮ, 47 ਟਨ ਤੋਂ ਵਧੇਰੇ ਭੁੱਕੀ ਅਤੇ 65 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ/ਕੈਪਸੂਲ ਜ਼ਬਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ 'ਚ ਫੜੇ ਨਸ਼ੀਲੇ ਪਦਾਰਥ ਦੀ ਮੌਜੂਦਾ ਸਥਿਤੀ ਕੀ ਹੈ? ਮਤਲਬ ਇਹ ਨਸ਼ੀਲੇ ਪਦਾਰਥ ਹੁਣ ਕਿੱਥੇ ਹਨ? ਕੀ ਇਨ੍ਹਾਂ ਨੂੰ ਸਾੜ ਦਿੱਤਾ ਗਿਆ ਹੈ ਜਾਂ ਸੰਭਾਲ ਕੇ ਰੱਖਿਆ ਹੈ? ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਵਲੋਂ ਫੜੇ ਜਾਂਦੇ ਨਸ਼ੀਲੇ ਪਦਾਰਥਾਂ ਦੀ ਮਿਕਦਾਰ ਜ਼ਬਤੀ ਨਾਲੋਂ ਕਿਤੇ ਵੱਧ ਹੁੰਦੀ ਹੈ, ਜਿਸ ਨੂੰ ਕੁਝ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਨਸ਼ੇੜੀਆਂ ਨੂੰ ਵੇਚਿਆ ਜਾਂਦਾ ਹੈ | ਬੀਤੇ ਦਿਨੀਂ ਇਕ ਪੁਲਿਸ ਇੰਸਪੈਕਟਰ ਤੋਂ ਇਲਾਵਾ ਕਈ ਪੁਲਿਸ ਮੁਲਾਜ਼ਮ ਨਸ਼ਿਆਂ ਸਮੇਤ ਫੜੇ ਵੀ ਗਏ ਹਨ | ਅਜਿਹੀ ਸਥਿਤੀ 'ਚ ਕੋਈ ਸਰਕਾਰ ਜਾਂ ਸਿਆਸੀ ਪਾਰਟੀ ਨਸ਼ਿਆਂ ਨੂੰ ਖ਼ਤਮ ਕਰਨ ਦਾ ਦਾਅਵਾ ਕਿਵੇਂ ਕਰ ਸਕਦੀ ਹੈ, ਜਦੋਂ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੀ ਇਸ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਨਾਮਜ਼ਦ ਕੀਤੀ ਪੁਲਿਸ ਦੇ ਆਪਣੇ ਮੁਲਾਜ਼ਮ ਹੀ ਇਸ ਵਿਚ ਸ਼ਾਮਿਲ ਹੋਣ | ਦਰਅਸਲ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਬੂਰ ਇਸ ਲਈ ਨਹੀਂ ਪੈ ਰਿਹਾ ਕਿਉਂਕਿ ਸਬੰਧਿਤ ਧਿਰਾਂ ਸੁਹਿਰਦ ਨਹੀਂ ਹਨ | ਪਿਛਲੇ ਦਿਨੀਂ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸੇਵਾਮੁਕਤ ਪੁਲਿਸ ਅਧਿਕਾਰੀ ਡਾ. ਇਕਬਾਲ ਸਿੰਘ ਲਾਲਪੁਰਾ ਦਾ ਨਸ਼ਿਆਂ ਨੂੰ ਰੋਕਣ ਸੰਬੰਧੀ ਆਰਟੀਕਲ ਛਪਿਆ, ਜਿਸ 'ਚ ਉਨ੍ਹਾਂ ਦੱਸਿਆ ਕਿ 1997 'ਚ ਜਦੋਂ ਉਹ ਤਰਨ ਤਾਰਨ ਪੁਲਿਸ ਜ਼ਿਲ੍ਹੇ ਦੇ ਐਸ.ਐਸ.ਪੀ. ਸਨ ਤਾਂ ਉਨ੍ਹਾਂ ਨੇ 2-3 ਕਾਰਵਾਈਆਂ ਦੌਰਾਨ ਕੁਇੰਟਲ ਤੋਂ ਵੱਧ ਹੈਰੋਇਨ ਤੇ ਅਫੀਮ ਫੜੀ ਸੀ ਅਤੇ ਤੱਤਕਾਲੀ ਸਰਕਾਰ ਨੇ ਉਸ ਦਾ ਉੱਥੋਂ ਤਬਾਦਲਾ ਹੀ ਕਰਾ ਦਿੱਤਾ | ਸੋ ਜਦੋਂ ਤੱਕ ਸਿਆਸੀ ਪਾਰਟੀਆਂ ਤੇ ਪੁਲਿਸ ਖ਼ੁਦ ਨਸ਼ਿਆਂ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸੰਜੀਦਾ ਨਹੀਂ ਹੋਵੇਗੀ, ਉਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦੈ |
-ਅਮਨ,
ਲੁਧਿਆਣਾ
ਸਾਡਾ ਪਿੰਡ ਮਹਾਨ
ਅਸੀਂ ਬਾਈ ਹੁਣ ਪਿੰਡ ਨੂੰ ਮਾੜਾ ਨਹੀਂ ਬੋਲਦੇ ਚਾਹੇ ਕੈਟੇਗਰੀ 1 ਦਾ ਮਤਲਬ ਪਹਿਲ ਦੇ ਆਧਾਰ 'ਤੇ ਬਿਜਲੀ ਦੇ ਕੱਟ ਲੱਗਣਾ ਹੋਵੇ, ਚਾਹੇ ਬਾਡਰ ਬਾਕਸ ਦਾ ਗੰਦਾ ਪਾਣੀ ਆਵੇ | ਚਾਹੇ ਐਮ.ਸੀ. ਕੰਮ ਕਰਾਉਣ ਵੇਲੇ ਕਹਿਣ ਉਪਰ ਸਾਡੀ ਸਰਕਾਰ ਹੈ ਨਹੀਂ | ਅਸੀਂ ਫਿਰ ਵੀ ਕਹਾਂਗੇ ਸਾਡਾ ਪਿੰਡ ਮਹਾਨ | ਚਾਹੇ ਸਰਪੰਚ ਦੇ ਪਲੈਨ ਤੋਂ ਬਾਅਦ ਹਾਲੇ ਤੱਕ ਪੂਰਾ ਸਟੇਡੀਅਮ ਨਾ ਬਣਿਆ ਹੋਵੇ, ਅਸੀ ਫਿਰ ਵੀ ਕਹਾਂਗੇ ਸਾਡਾ ਪਿੰਡ ਮਹਾਨ | ਚਾਹੇ ਸੱਤਾਧਾਰੀਆਂ ਨੂੰ ਹਰਾਉਣ ਵਾਸਤੇ ਸਾਰਾ ਪਿੰਡ ਇਕ ਪਾਸੇ ਹੋਇਆ ਹੋਵੇ ਤੇ ਹੁਣ ਉਨ੍ਹਾਂ ਤੋਂ ਕੰਮ ਦੀਆਂ ਆਸਾਂ ਰੱਖੀਆਂ ਜਾਣ ਚਾਹੇ ਪਿੰਡ ਵਿਚ ਟੂਟੀ ਦਾ ਸਹੀ ਪਾਣੀ ਨਾ ਪਹੁੰਚੇ ਤੇ ਪਿੰਡ ਤੋਂ ਬਾਹਰ ਪਾਣੀ ਭੇਜਣ ਲਈ ਪਾਈਪਾਂ ਦੱਬੀਆਂ ਜਾਣ, ਅਸੀਂ ਫਿਰ ਵੀ ਕਹਾਂਗੇ ਸਾਡਾ ਪਿੰਡ ਮਹਾਨ | ਚਾਹੇ ਹਰ ਫਸਲ ਵੇਲੇ ਅੱਧੇ ਬਣੇ ਸਟੇਡੀਅਮ ਵਿਚ ਫਸਲਾਂ ਲਾਹੀਆਂ ਜਾਣ, ਨਸ਼ੇੜੀਆਂ ਦੇ ਡਰ ਦਾ ਬਹਾਨਾ ਬਣਾ ਕੇ ਨਾ ਓਪਨ ਜਿੰਮੇ ਬਣਾਏ ਜਾਣ ਤੇ ਹਾਲੇ ਤੱਕ ਵੀ ਕਈ ਗਲੀਆਂ ਨਾਲੀਆਂ ਨਾ ਸਹੀ ਕਰਾਈਆਂ ਜਾਣ, ਅਸੀ ਤਾਂ ਫਿਰ ਵੀ ਕਹਾਂਗੇ ਸਾਡਾ ਪਿੰਡ ਮਹਾਨ |
-ਜਿੰਦਰ ਮਾਵੀ ਕੋਟ ਸ਼ਮੀਰ |
ਨਿਪਾਲ ਵਿਚ ਕੁਦਰਤ ਦਾ ਕਹਿਰ
ਨਿਪਾਲ ਤੋਂ ਆਈਆਂ ਖਬਰਾਂ ਤੇ ਵੀਡੀਓ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ | ਹੱਸਦੇ-ਵੱਸਦੇ ਲੋਕਾਂ ਦੇ ਘਰ ਪਲ ਵਿਚ ਤਾਸ਼ ਦੇ ਪੱਤਿਆਂ ਵਾਂਗੂੰ ਖਿਲਰ ਕੇ ਢਹਿ-ਢੇਰੀ ਹੋ ਗਏ ਬਹੁਤਿਆਂ ਨੂੰ ਆਪਣਾ ਬਚਾਅ ਕਰਨ ਦਾ ਵੀ ਮੌਕਾ ਨਹੀਂ ਮਿਲਿਆ | ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਟੱਪ ਚੁੱਕੀ ਹੈ, ਜਦੋਂ ਕਿ ਕਰੀਬ 4000 ਲੋਕ ਲਾਪਤਾ ਹਨ | ਬਚਾਅ ਕਰਮੀ ਲਾਪਤਾ ਲੋਕਾਂ ਦੀ ਭਾਲ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕਰ ਰਹੇ ਹਨ ਤੇ ਪ੍ਰਭਾਵਿਤ ਜ਼ਿਲਿ੍ਹਆਂ 'ਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਇਹ ਆਫ਼ਤ ਨਿਪਾਲ-ਤਿੱਬਤ ਸਰਹੱਦ ਦੇ ਨੇੜੇ ਜ਼ਮੀਨ ਜਾਂ ਬਰਫ਼ ਦੀਆਂ ਚੱਟਾਨਾਂ ਖਿਸਕਣ ਕਾਰਨ ਆਈ ਹੈ, ਜਿਸ ਨੇ 26 ਅਗਸਤ ਨੂੰ ਉੱਤਰੀ ਅਤੇ ਮੱਧ ਨਿਪਾਲ ਦੇ ਕਸਬਿਆਂ ਅਤੇ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਸੀ | ਪਾਣੀ ਨੇ ਜਿੱਥੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ, ਉੱਥੇ ਬਚੇ ਹੋਏ ਲੋਕਾਂ ਦੇ ਖਾਣ-ਪੀਣ ਦੀ ਵੀ ਮੁਸੀਬਤ ਆਈ ਹੋਈ ਹੈ, ਜਿਹੜੇ ਮਨੁੱਖ ਤੇ ਜਾਨਵਰ ਮਲਬੇ ਵਿਚ ਫਸ ਗਏ ਹਨ ਉਨ੍ਹਾਂ ਕਰਕੇ ਉਥੇ ਬਿਮਾਰੀ ਫੈਲਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਜਿੱਥੇ ਇਹ ਇਕ ਕੁਦਰਤੀ ਆਫ਼ਤ ਮੰਨੀ ਜਾ ਰਹੀ, ਉਥੇ ਇਹ ਸਾਡੀ ਮਨੁੱਖਤਾ ਦੀ ਵੀ ਇਕ ਕਮੀ ਪਾਈ ਗਈ ਹੈ | ਪਹਾੜਾਂ ਨੂੰ ਖੁਰਚ-ਖੁਰਚ ਕੇ ਬਣਾਏ ਆਲੀਸ਼ਾਨ ਘਰ ਤੇ ਹੋਟਲ ਹਨ, ਜਿਸ ਕਰਕੇ ਜ਼ਮੀਨ ਜਲਦੀ ਖਿਸਕ ਰਹੀ ਹੈ, ਸਾਨੂੰ ਸਾਰਿਆਂ ਨੂੰ ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਸਬਕ ਵੀ ਲੈਣਾ ਚਾਹੀਦਾ ਹੈ |
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ