ਜੰਮੂ, 13 ਅਕਤੂਬਰ (ਯੂ.ਐਨ.ਆਈ.)- ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੌਜੀਆਂ ਸੈਕਟਰ ਵਿਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ, ਜਿਸ ਵਿਚ ਏ.ਕੇ.-47 ਅਤੇ ਗ੍ਰਨੇਡ ਸ਼ਾਮਿਲ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫੌਜ, ਅਰਧ ਸੈਨਿਕ ਬਲਾਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਖਾਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਇਕ ਕੁਦਰਤੀ ਗੁਫਾ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਤਲਾਸ਼ੀ ਦੌਰਾਨ, ਸੁਰੱਖਿਆ ਬਲਾਂ ਨੇ ਮੰਡੀ ਦੇ ਸੌਜੀਆਂ ਸੈਕਟਰ ਵਿਚ ਸਤਾਰਬਨ ਢੋਕ ਦੇ ਮਛਪਤਰੀ ਖੇਤਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ।
ਬਰਾਮਦ ਕੀਤੀਆਂ ਗਈਆਂ ਚੀਜ਼ਾਂ ਵਿਚ ਇਕ ਏ.ਕੇ.-47, ਇਕ ਏ.ਕੇ. ਮੈਗਜ਼ੀਨ, 30 ਰਾਉਂਡ ਗੋਲਾ ਬਾਰੂਦ ਅਤੇ 6 ਗ੍ਰਨੇਡ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤੇ ਨੇ ਬਾਅਦ ਵਿਚ ਮੌਕੇ ‘ਤੇ ਹੀ ਗ੍ਰਨੇਡ ਨੂੰ ਨਸ਼ਟ ਕਰ ਦਿੱਤਾ।