ਅਣਜਾਣੀ ਭੁੱਲ ਦਾ ਬੋਝ
ਕਈ ਵਾਰ ਇਨਸਾਨ ਤੋਂ ਇਕ ਛੋਟੀ ਜਿਹੀ ਗਲਤੀ ਅਣਜਾਣੇ ਵਿਚ ਹੋ ਜਾਂਦੀ ਹੈ, ਪਰ ਉਸ ਤੋਂ ਬਾਅਦ ਪਛਤਾਵਾ ਮਨ ਵਿਚ ਵੱਡਾ ਸ਼ੋਰ ਪੈਦਾ ਕਰ ਦਿੰਦਾ ਹੈ | ਵਾਰ-ਵਾਰ ਇਕੋ ਸਵਾਲ ਦਿਲ ਨੂੰ ਘੇਰ ਲੈਂਦਾ ਹੈ“ਪਤਾ ਨਹੀਂ ਲੋਕਾਂ ਨੇ ਕੀ ਸੋਚਿਆ ਹੋਵੇਗਾ?”ਅਸਲ ਵਿਚ ਹਰ ਗਲਤੀ ਇਰਾਦੇ ਨਾਲ ਨਹੀਂ ਹੁੰਦੀ | ਕੁਝ ਭੁੱਲਾਂ ਸਿਰਫ਼ ਅਣਜਾਣੇ ਵਿਚ ਹੋ ਜਾਂਦੀਆਂ ਹਨ, ਪਰ ਲੋਕ ਕਈ ਵਾਰ ਉਸ ਪਲ ਨੂੰ ਆਪਣੀ ਸੋਚ ਦਾ ਅਰਥ ਦੇ ਦਿੰਦੇ ਹਨ | ਇੱਥੋਂ ਹੀ ਕਨਫਿਊਜ਼ਨ ਜਨਮ ਲੈਂਦੀ ਹੈ ਅਤੇ ਇਨਸਾਨ ਆਪਣੇ ਹੀ ਮਨ ਵਿਚ ਆਪਣੇ-ਆਪ ਨੂੰ ਕਟਹਿਰੇ ਵਿਚ ਖੜ੍ਹਾ ਕਰ ਲੈਂਦਾ ਹੈ | ਪਰ ਸੱਚ ਇਹ ਹੈ ਕਿ ਅਣਜਾਣੇ ਵਿਚ ਹੋਈ ਭੁੱਲ ਇਨਸਾਨ ਦੇ ਕਿਰਦਾਰ ਦੀ ਪਹਿਚਾਣ ਨਹੀਂ ਹੁੰਦੀ | ਕਿਰਦਾਰ ਤਾਂ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਇਨਸਾਨ ਆਪਣੇ-ਆਪ ਨੂੰ ਕਿਵੇਂ ਸੰਭਾਲਦਾ ਹੈ | ਕਈ ਵਾਰ ਅਸੀਂ ਲੋਕਾਂ ਦੀ ਸੋਚ ਤੋਂ ਇੰਨਾ ਡਰ ਜਾਂਦੇ ਹਾਂ ਕਿ ਆਪਣੀ ਹੀ ਸੱਚਾਈ ਭੁੱਲ ਜਾਂਦੇ ਹਾਂ | ਜੇ ਨੀਅਤ ਸਾਫ਼ ਸੀ, ਤਾਂ ਹਰ ਗਲਤਫ਼ਹਿਮੀ ਦਾ ਜਵਾਬ ਦੇਣਾ ਜ਼ਰੂਰੀ ਨਹੀਂ | ਕੁਝ ਗੱਲਾਂ ਸਮੇਂ ਦੇ ਹਵਾਲੇ ਕਰ ਦੇਣੀਆਂ ਹੀ ਬਿਹਤਰ ਹੁੰਦੀਆਂ ਹਨ, ਕਿਉਂਕਿ ਇਕ ਅਣਜਾਣੀ ਭੁੱਲ ਲਈ ਆਪਣੇ-ਆਪ ਨੂੰ ਵਾਰ-ਵਾਰ ਸਜ਼ਾ ਦੇਣਾ ਵੀ ਆਪਣੇ ਨਾਲ ਬੇਇਨਸਾਫ਼ੀ ਹੈ |
-ਮੰਜੂ ਰਾਇਕਾ (ਪਿ੍ਥਵੀਰਾਜ), ਸੰਗਰੂਰ
ਗਲੇਸ਼ੀਅਰਾਂ ਦਾ ਖ਼ਤਰਾ
ਨਿਪਾਲ ਵਿਚ ਜੋ ਜਾਨੀ-ਮਾਲੀ ਨੁਕਸਾਨ ਹੋਇਆ ਹੈ ਦਿਲ ਕੰਬਾਉਣ ਵਾਲਾ ਹੈ | ਇਸ ਹਾਦਸੇ ਵਿਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਲੋਕ ਲਾਪਤਾ ਹਨ | ਇੰਨਾ ਭਿਆਨਕ ਨਿਪਾਲ ਵਿਚ ਹੜ੍ਹ ਸੀ ਕਿ ਇਸ ਨੇ ਇਲਾਕੇ ਦੇ ਬੁਨਿਆਦੀ ਢਾਂਚੇ ਵੱਡੇ-ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ | ਹੇਠਲੇ ਇਲਾਕਿਆਂ ਵਿਚ ਇਹ ਤਬਾਹੀ ਆਫ਼ਤ ਬਣ ਕੇ ਆਈ ਸੀ | ਅਕਸਰ ਪਹਾੜੀ ਖੇਤਰ ਹਿਮਾਚਲ, ਕਸ਼ਮੀਰ, ਉੱਤਰਾਖੰਡ ਵਿਚ ਲੈਂਡ ਸਲਾਈਡ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ | ਬਰਸਾਤਾਂ ਦੇ ਮੌਸਮ ਵਿਚ ਪਹਾੜਾਂ ਵਿਚ ਬੱਦਲ ਫਟਣ ਦੀਆਂ ਘਟਨਾਵਾਂ, ਪਹਾੜਾਂ ਦੇ ਨੀਚੇ ਬੈਠਣ ਦੀਆਂ ਤਸਵੀਰਾਂ ਅਸੀਂ ਆਮ ਦੇਖਦੇ ਹਾਂ | ਕਈ ਵਾਰ ਇੱਥੇ ਸੜਕਾਂ ਵੀ ਬੈਠ ਜਾਂਦੀਆਂ ਹਨ ਤੇ ਵੱਡੇ-ਵੱਡੇ ਟੋਏ ਪੈ ਜਾਂਦੇ ਹਨ | ਗਲੇਸ਼ੀਅਰਾਂ ਦਾ ਪਿੱਛੇ ਹਟਣਾ, ਝੀਲਾਂ ਦਾ ਫੈਲਣਾ, ਭਾਰੀ ਮੀਹ, ਬੱਦਲ ਫਟਣਾ ਅਜਿਹੀ ਆਫ਼ਤ ਜਦੋਂ ਆਉਂਦੀ ਹੈ ਤਾਂ ਹੇਠਲੇ ਪਾਸੇ ਵਸੇ ਪਿੰਡ ਦੇ ਪਿੰਡ ਰੁੜ੍ਹ ਜਾਂਦੇ ਹਨ | ਹੇਠਲੇ ਇਲਾਕਿਆਂ ਵਿਚ ਵਸੇ ਲੋਕਾਂ ਨੂੰ ਮੌਕ ਡਰਿੱਲ ਕਰਵਾਉਣ ਦੀ ਲੋੜ ਹੈ | ਪਹਾੜੀ ਖੇਤਰਾਂ ਵਿਚ ਅਕਸਰ ਸੈਲਾਨੀ ਵੀ ਜਾਂਦੇ ਹਨ | ਨਿਪਾਲ ਵਿਚ ਵੀ ਵਿਸ਼ਵ ਤੋਂ ਕਈ ਵੱਡੀਆਂ ਸ਼ਖ਼ਸੀਅਤਾਂ ਗਈਆਂ ਹੋਈਆਂ ਸਨ | ਯੋਜਨਾਬੱਧ ਤਰੀਕੇ ਨਾਲ ਕੀਤਾ ਵਿਕਾਸ ਕਦੇ ਵੀ ਨੁਕਸਾਨ ਨਹੀਂ ਕਰਦਾ | ਅਕਸਰ ਪਹਾੜੀ ਖੇਤਰਾਂ ਵਿਚ ਰਸਤਿਆਂ ਨੂੰ ਖ਼ਤਮ ਕਰਕੇ ਵੱਡੇ-ਵੱਡੇ ਹੋਟਲ ਉਸਾਰੇ ਜਾ ਰਹੇ ਹਨ | ਨਦੀਆਂ-ਨਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ | ਪੈਸੇ ਦੀ ਹੋੜ ਪਿੱਛੇ ਅੱਜ ਮਨੁੱਖ ਕੁਦਰਤ ਨੂੰ ਤਹਿਸ- ਨਹਿਸ ਕਰਨ ਵਿਚ ਪਿੱਛੇ ਨਹੀਂ ਹੈ | ਸਾਨੂੰ ਕੁਦਰਤ ਦੇ ਦਾਇਰੇ ਵਿਚ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ | ਕੁਦਰਤ ਬੇਅੰਤ ਹੈ |
-ਸੰਜੀਵ ਸਿੰਘ ਸੈਣੀ,
(ਸਟੇਟ ਐਵਾਰਡੀ) ਮੋਹਾਲੀ |
ਏ.ਆਈ. ਵਰਦਾਨ ਜਾਂ ਸਰਾਪ
ਅੱਜ ਦੀ ਦੁਨੀਆ ਜਿੱਥੇ ਤਕਨਾਲੋਜੀ ਪੱਖੋਂ ਅਮੀਰ ਹੁੰਦੀ ਜਾ ਰਹੀ ਹੈ, ਤਕਰੀਬਨ ਹਰ ਕੰਮ ਆਧੁਨਿਕ ਮਸ਼ੀਨਾਂ ਤੇ ਕੰਪਿਊਟਰ ਨੇ ਸੌਖਾ ਕਰ ਦਿੱਤਾ ਹੈ, ਇਕ ਕਲਿੱਕ ਕੀਤਿਆਂ ਜਾਣਕਾਰੀ ਸਾਡੇ ਸਾਹਮਣੇ ਉਪਲੱਬਧ ਹੁੰਦੀ ਹੈ, ਉੱਥੇ ਇਸ ਦੀ ਵਰਤੋਂ ਨਾਲ਼ ਇਨਸਾਨ ਅਵੇਸਲਾ ਤੇ ਸੁਸਤ ਹੁੰਦਾ ਜਾ ਰਿਹਾ ਹੈ | ਹਾਲ ਹੀ ਵਿਚ ਅਮਰੀਕਾ 'ਚ ਇਕ ਵਿਸ਼ਲੇਸ਼ਣ ਦੌਰਾਨ ਇਹ ਪਾਇਆ ਗਿਆ ਕਿ ਮਨੁੱਖ ਦੀ ਏ.ਆਈ. 'ਤੇ ਨਿਰਭਰਤਾ ਵਧਦੀ ਜਾ ਰਹੀ ਹੈ | ਜਦੋਂ ਸੰਬੰਧਿਤ ਮਾਹਰਾਂ ਵਲੋਂ ਜਾਂਚ ਕੀਤੀ ਗਈ ਤਾਂ ਵਿਸ਼ਲੇਸ਼ਣ ਦੌਰਾਨ ਇਹ ਗੱਲ ਨਿਕਲ ਕੇ ਬਾਹਰ ਆਈ ਕਿ ਸਾਲ 2025 ਵਿਚ 51 ਫ਼ੀਸਦੀ ਸਮੱਗਰੀ ਏ.ਆਈ. ਦੀ ਮਦਦ ਨਾਲ ਤਿਆਰ ਕੀਤੀ ਗਈ | ਅੱਜ ਕਿਸੇ ਵਿਸ਼ੇ ਨਾਲ ਸੰਬੰਧਿਤ ਪੂਰੀਆਂ ਕਿਤਾਬਾਂ ਪੜ੍ਹਨ ਦੀ ਬਜਾਇ ਏ.ਆਈ. ਤੋਂ ਸਮੱਗਰੀ ਪੜ੍ਹਨ ਦਾ ਰੁਝਾਨ ਵਧ ਰਿਹਾ ਹੈ | ਜਾਂਚ ਕੀਤੇ ਕੰਟੈਂਟ ਵਿਚ ਇਕੋ ਤਰ੍ਹਾਂ ਦੀ ਸ਼ਬਦਾਵਲੀ ਤੇ ਸਮਾਨਤਾ ਦੇਖੀ ਗਈ | ਇਹ ਗੱਲ ਸੱਚ ਹੈ ਕਿ ਏ. ਆਈ. ਮਨੁੱਖ ਦੀ ਸੋਚ ਸ਼ਕਤੀ, ਮੌਲਿਕਤਾ ਤੇ ਤਰਕ ਸ਼ਕਤੀ ਨੂੰ ਬਹੁਤ ਵੱਡੀ ਢਾਹ ਲਾ ਰਹੀ ਹੈ | ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਪਤ ਇਸ ਤਰ੍ਹਾਂ ਦੀ ਸਮੱਗਰੀ 'ਚ ਸ਼ੁੱਧਤਾ ਦੀ ਘਾਟ ਦੇਖਣ ਨੂੰ ਮਿਲਦੀ ਹੈ | ਬੇਸ਼ੱਕ ਵਿਗਿਆਨ ਦੀ ਇਹ ਇਕ ਵੱਡੀ ਉਪਲੱਬਧੀ ਹੈ ਪਰ ਇਸ ਦੀ ਹੱਦ ਤੋਂ ਜ਼ਿਆਦਾ ਵਰਤੋਂ ਮਨੁੱਖ ਨੂੰ ਸੋਚਣ ਤੇ ਫ਼ੈਸਲੇ ਲੈਣ ਦੇ ਪੱਖੋਂ ਕਿਤੇ ਨਾ ਕਿਤੇ ਅਪਾਹਜ ਬਣਾ ਰਹੀ ਹੈ | ਹਾਂ ਸਾਨੂੰ ਸਮੇਂ ਦੇ ਨਾਲ ਚੱਲਣਾ ਤੇ ਤਕਨਾਲੋਜੀ ਤੋਂ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਪਰ ਪੂਰੀ ਤਰ੍ਹਾਂ ਇਸ ਦੇ ਗ਼ੁਲਾਮ ਬਣਨ ਨਾਲ਼ ਇਹ ਨਾ ਹੋਵੇ ਕਿ ਇਨਸਾਨ ਆਪਣੇ ਕੰਮ ਕਰਨ ਤੇ ਸੋਚਣ ਸ਼ਕਤੀ ਤੋਂ ਹੱਥ ਧੋ ਬੈਠੇ |
-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)
ਸੀਨੀਅਰ ਸਿਟੀਜ਼ਨਾਂ ਨੂੰ ਵੀ ਮਿਲੇ ਰੁਜ਼ਗਾਰ
ਮੈਂ ਇਕ ਸੀਨੀਅਰ ਸਿਟੀਜ਼ਨ ਹਾਂ ਤੇ ਮੇਰੀ ਉਮਰ 64 ਸਾਲ ਹੈ | ਮੈਂ ਲੁਧਿਆਣੇ ਦੇ ਪ੍ਰਾਈਵੇਟ ਸਕੂਲ ਤੋਂ 33 ਸਾਲ ਨੌਕਰੀ ਕਰਕੇ 2022 ਵਿਚ ਰਿਟਾਇਰ ਹੋਈ ਸੀ ਤੇ ਇਕ ਪੰਜਾਬੀ ਵਿਸ਼ੇ ਦੀ ਅਧਿਆਪਕਾ ਸੀ, ਮੈਂ ਹੋਰ ਵੀ ਕਈ ਸਾਲਾਂ ਤੱਕ ਪੜ੍ਹਾਉਣਾ ਚਾਹੁੰਦੀ ਸੀ, ਪਰ ਨਿਯਮਾਂ ਤੇ ਕਾਨੂੰਨ ਦੇ ਅਨੁਸਾਰ ਸਕੂਲ ਵਾਲਿਆਂ ਮੈਨੂੰ 60 ਸਾਲਾਂ ਦੀ ਉਮਰ ਵਿਚ ਰਿਟਾਇਰ ਕਰ ਦਿੱਤਾ | ਤ੍ਰਾਸਦੀ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਤੁਸੀਂ ਭਾਵੇਂ ਜਿੰਨੀ ਮਰਜ਼ੀ ਨੌਕਰੀ ਕਰੋ, ਪਰ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ ਅਤੇ ਖ਼ਰਚਿਆਂ ਲਈ ਤੁਹਾਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ | ਸਾਡੇ ਦੇਸ਼ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਜੇ ਕੋਈ ਲੰਮੇ ਸਮੇਂ ਲਈ ਨੌਕਰੀ ਕਰਨਾ ਚਾਹੇ ਤਾਂ ਉਹ ਨਹੀਂ ਕਰ ਸਕਦਾ ਤੇ ਉਸ ਨੂੰ ਜ਼ਬਰਦਸਤੀ ਘਰ ਬੈਠਣਾ ਪੈਂਦਾ ਹੈ | ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੇ ਆਲੇ-ਦੁਆਲੇ ਕਈ ਸੰਸਥਾਵਾਂ ਵਿਚ ਨੌਕਰੀ ਦੀ ਭਾਲ ਕੀਤੀ, ਪਰ ਕਿਸੇ ਨੇ ਵੀ ਮੈਨੂੰ ਮੌਕਾ ਨਾ ਦਿੱਤਾ | ਥੱਕ ਹਾਰ ਕੇ ਮੈਂ ਘਰ ਬੈਠ ਗਈ ਪਰ ਘਰ ਵਿਚ ਮੇਰਾ ਦਿਲ ਨਹੀਂ ਲੱਗਦਾ | ਸਾਡੇ ਦੇਸ਼ ਵਿਚ ਰਿਟਾਇਰ ਲੋਕਾਂ ਲਈ ਵੀ ਕੰਮ ਕਾਜ ਦਾ ਬੰਦੋਬਸਤ ਹੋਣਾ ਚਾਹੀਦਾ ਹੈ | ਸੀਨੀਅਰ ਸਿਟੀਜ਼ਨ ਲਈ ਸਮੇਂ ਕੰਮ 'ਤੇ ਪਾਬੰਦੀ ਨਹੀਂ ਹੋਣੀ ਚਾਹੀਦੀ | ਸਰਕਾਰ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਰਿਟਾਇਰ ਹੋਏ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ | ਜੇ ਉਹ ਤੰਦਰੁਸਤ ਹਨ ਤਾਂ ਉਨ੍ਹਾਂ ਨੂੰ ਵੀ ਕੰਮ ਦੇ ਮੌਕੇ ਦਈਏ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ | ਘਰੋਂ ਬਾਹਰ ਜਾਣ ਨਾਲ ਉਨ੍ਹਾਂ ਦਾ ਦਿਲ ਲੱਗਿਆ ਰਹਿੰਦਾ ਹੈ ਤੇ ਉਹ ਆਪਣੀ ਕਮਾਈ ਆਪ ਕਰਕੇ ਕਿਸੇ 'ਤੇ ਬੋਝ ਵੀ ਨਹੀਂ ਬਣਨਗੇ |
-ਹਰਜਿੰਦਰ ਕੌਰ
ਲੁਧਿਆਣਾ |