ਸਾਈਬਰ ਧੱਕੇਸ਼ਾਹੀ ਕੀ ਹੈ?
ਜਦੋ ਕੋਈ ਵਿਅਕਤੀ ਇੰਟਰਨੈੱਟ ਜਾਂ ਹੋਰ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਕਰਦੇ ਹੋਏ ਕਿਸੇ ਹੋਰ ਵਿਅਕਤੀ ਬਾਰੇ ਨਕਾਰਾਤਮਿਕ, ਹਾਨੀਕਾਰਕ, ਝੂਠੀ ਜਾਂ ਮਾੜੀ ਸਮੱਗਰੀ ਈ-ਮੇਲ , ਟੈਕਸਟ ਮੈਸੇਜ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਪ੍ਰੇਸ਼ਾਨ ਕਰਦਾ ਹੈ ਤੇ ਇਸ ਨੂੰ ਸਾਈਬਰਬੁਲਿੰਗ ਜਾਂ ਸਾਈਬਰ ਧੱਕੇਸ਼ਾਹੀ ਕਿਹਾ ਜਾਂਦਾ ਹੈ | ਅਸੀਂ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਦੇ ਪ੍ਰਾਈਵੇਸੀ ਸੈਟਿੰਗਜ਼ ਦੇ ਵਿਚ ਲੋੜੀਂਦੇ ਸੁਧਾਰ ਕਰਕੇ, ਆਪਣੇ ਸੋਸ਼ਲ ਮੀਡੀਆ ਖਾਤੇ ਨੂੰ ਪ੍ਰਾਈਵੇਟ ਕਰ ਕੇ, ਕਿਸੇ ਅਣਜਾਣ ਵਿਅਕਤੀ ਦੀ ਸੋਸ਼ਲ ਮੀਡੀਆ ਤੇ ਦੋਸਤ ਬੇਨਤੀ ਅਸਵੀਕਾਰ ਕਰਕੇ, ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਨੂੰ ਸਾਈਬਰਬੁਲਿੰਗ ਕਰਨ ਵਾਲੇ ਵਿਅਕਤੀ ਬਾਰੇ ਦੱਸ ਕੇ, ਕਿਸੇ ਅਣਜਾਣ ਵਿਅਕਤੀ ਵਲੋਂ ਭੇਜੀ ਗਈ ਨਕਾਰਾਤਮਿਕ, ਝੂਠੀ ਸਮੱਗਰੀ ਬਾਰੇ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ, ਸਾਨੂੰ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ, ਅਜਿਹੇ ਵਿਅਕਤੀ ਦੀ ਪ੍ਰੋਫਾਈਲ ਬਲਾਕ ਕਰਕੇ ਉਸ ਦਾ ਕੁਮੈਂਟ ਡਿਲੀਟ ਕਰਕੇ, ਉਸਦੀ ਫੋਨ ਕਾਲ, ਈ-ਮੇਲ ਨਾ ਪ੍ਰਾਪਤ ਕਰਕੇ ਉਸ ਦਾ ਫੋਨ ਨੰਬਰ ਬਲਾਕ ਕਰਕੇ ਅਤੇ ਈ-ਮੇਲ ਨੂੰ ਸਪੈਮ ਘੋਸ਼ਿਤ ਕਰਕੇ ਸਾਈਬਰਬੁਲਿੰਗ ਜਾਂ ਸਾਈਬਰ ਧੱਕੇਸ਼ਾਹੀ ਤੋਂ ਬਚ ਸਕਦੇ ਹਾਂ | ਸਾਈਬਰਬੁਲਿੰਗ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਕਾਨੂੰਨ ਬਣਾਏ ਹਨ ਜਿਵੇਂ :- 9nformation Technology 1ct , 2000 ਦੇ Section 67 ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 3 ਸਾਲ ਦੀ ਕੈਦ ਅਤੇ 5 ਲੱਖ ਤਕ ਦਾ ਜੁਰਮਾਨਾ ਹੋ ਸਕਦਾ ਹੈ, 9nformation Technology 1ct , 2000 ਦੇ Section 665 ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 3 ਸਾਲ ਦੀ ਕੈਦ ਅਤੇ 3 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ, The 9ndian Penal 3ode 1860 ਦੇ Section 507 ਇਸ ਕਾਨੂੰਨ ਦੇ ਅਨੁਸਾਰ ਅਪਰਾਧੀ ਨੂੰ 2 ਸਾਲ ਦੀ ਕੈਦ ਹੋ ਸਕਦੀ ਹੈ |
-ਅੰਮਿ੍ਤਬੀਰ ਸਿੰਘ
ਦਲ ਬਦਲੂਆਂ 'ਤੇ ਇਤਬਾਰ ਨਾ ਕਰੋ
ਸਾਡੀ ਰਾਇ ਹੈ ਕਿ ਦਲਬਦਲੀ ਦੇਸ਼ ਅਤੇ ਲੋਕਾਂ ਲਈ ਚੰਗੀ ਨਹੀਂ | ਜੇ ਕੋਈ ਐਮ.ਐਲ.ਏ. ਪਾਰਟੀ ਬਦਲ ਜਾਵੇ ਤਾਂ ਉਥੇ ਦੁਬਾਰਾ ਚੋਣ ਕਰਵਾਉਣ 'ਤੇ ਸਰਕਾਰ ਦਾ ਦੁਬਾਰਾ ਖਰਚ ਹੁੰਦਾ ਹੈ, ਜਿਨ੍ਹਾਂ ਲੋਕਾਂ ਨੇ ਕਿਸੇ ਲੀਡਰ ਨੂੰ ਕਿਸੇ ਪਾਰਟੀ ਲਈ ਚੁਣਿਆ ਹੋਵੇ, ਉਸ ਦੇ ਪਾਰਟੀ ਛੱਡਣ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ | ਲੀਡਰਾਂ ਨੂੰ ਲੋਕਾਂ ਦਾ ਵਿਸ਼ਵਾਸ ਨਾ ਗਵਾਉਣਾ ਚਾਹੀਦਾ | ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਵਾਲੇ ਲੀਡਰ ਨੂੰ ਭਾਵੇਂ ਕਬੂਲ ਕਰ ਲਿਆ ਜਾਵੇ, ਪਰ ਜੇ ਉਹ ਦੁਬਾਰਾ ਉਸੇ ਪਾਰਟੀ ਵਿਚ ਘਰ ਵਾਪਸੀ ਕਹਿ ਕੇ ਮੁੜ ਆਉਂਦਾ ਹੈ ਤਾਂ ਪਾਰਟੀ ਪ੍ਰਧਾਨ ਵਲੋਂ ਉਸ ਨੂੰ ਦੁਬਾਰਾ ਆਪਣੀ ਪਾਰਟੀ ਵਿਚ ਜੀ ਆਇਆਂ ਕਹਿਣਾ ਗ਼ਲਤ ਹੈ | ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਨੇਤਾ ਨੂੰ ਦੁਬਾਰਾ ਨਾ ਜਿਤਾਇਆ ਜਾਵੇ |
-ਪਿੰ੍ਰ. ਕਰਤਾਰ ਸਿੰਘ ਬੇਰੀ
6614, ਗਲੀ ਨੰ: 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ |
ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ
ਅੱਜ ਪੰਜਾਬ ਵਿਚ ਨਸ਼ਿਆਂ ਦੇ ਕਹਿਰ ਨੇ ਪੰਜਾਬੀਅਤ 'ਤੇ ਮਾਣ ਕਰਨ ਵਾਲੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਸਾਡੇ ਦੁਸ਼ਮਣ ਸਮੁੱਚੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਰੋਗੀ ਤੇ ਹੀਣੇ ਬਣਾਉਣ 'ਤੇ ਤੁਲੇ ਹੋਏ ਹਨ | ਪੰਜਾਬ ਦਾ ਸਮੁੱਚਾ ਰਾਜਤੰਤਰ ਅਮਨ ਕਾਨੂੰਨ ਵਿਵਸਥਾ ਦੇ ਜ਼ਿੰਮੇਵਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਤੇ ਮਾਪੇ, ਡਰੱਗ ਮਾਫੀਆ ਦੁਆਰਾ ਚਲਾਏ ਜਾ ਰਹੇ, ਜੋ ਨਸ਼ਾ ਤੰਤਰ ਸਾਹਮਣੇ ਬੇਵਸ ਹੋ ਗਏ ਜਾਪਦੇ ਹਨ | ਭੁੱਕੀ, ਗਾਂਜਾ, ਚਰਸ ਅਫੀਮ, ਮਾਰਫੀਨ ਦੇ ਟੀਕੇ, ਹੈਰੋਇਨ, ਸਿੰਥੈਟਿਕ ਨਸ਼ੇ ਤੇ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਪੰਜਾਬ ਵਿਚ ਬਹੁਤ ਵਿਕਣ ਲੱਗ ਪਈਆਂ ਹਨ | ਸਭ ਤੋਂ ਜ਼ਿਆਦਾ ਕਹਿਰ ਚਿੱਟੇ ਨਾਂਅ ਦੇ ਨਸ਼ੇ ਨੇ ਮਚਾਇਆ ਹੈ | ਦੋ-ਚਾਰ ਖ਼ਬਰਾਂ ਰੋਜ਼ਾਨਾ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤਾਂ ਦੀਆਂ ਆਉਂਦੀਆਂ ਰਹਿੰਦੀਆਂ ਹਨ | ਪੰਜਾਬ ਸਰਕਾਰ ਅਤੇ ਸਮੁੱਚੇ ਪੰਜਾਬ ਦੇ ਹਿਤੈਸ਼ੀ ਵਰਗ ਨੂੰ ਇਸ ਮਹਾਂਮਾਰੀ ਵਿਰੁੱਧ ਇਕਮੁੱਠ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ | ਨਸ਼ਿਆਂ ਦੀ ਗਿ੍ਫ਼ਤ ਵਿਚ ਆਏ ਨੌਜਵਾਨ ਅਸਲ ਦੋਸ਼ੀ ਨਹੀਂ ਹਨ, ਸਗੋਂ ਉਹ ਤਾਂ ਲੋਕ ਮਾਰੂ ਨਵੀਆਂ, ਆਰਥਿਕ, ਸਨਅਤੀ ਤੇ ਖੇਤੀ ਨੀਤੀਆਂ ਤੇ ਨਿੱਜੀਕਰਨ ਕਾਰਨ ਬੇਰੁਜ਼ਗਾਰੀ, ਮਹਿੰਗਾਈ, ਜਬਰ-ਜ਼ੁਲਮ ਦੇ ਸਤਾਏ ਹੋਣ ਕਾਰਨ ਇਸ ਰਾਹ ਤੁਰੇ ਹੋਏ ਹਨ | ਤਲੱਸੀਬਖ਼ਸ਼ ਸਰੀਰਕ ਅਤੇ ਮਾਨਸਿਕ ਤੌਰ 'ਤੇ ਇਲਾਜ ਕਰਨ ਲਈ ਢੁਕਵੇਂ ਪ੍ਰਬੰਧ ਕਰਕੇ ਹੀ ਸਿਹਤਮੰਦ ਕੀਤਾ ਜਾ ਸਕਦਾ ਹੈ |
-ਗੌਰਵ ਮੁੰਜਾਲ
ਭੋਗ 'ਤੇ ਵਿਆਹ ਵਰਗੇ ਖਾਣੇ ਕਿਉਂ?
ਬੇਸ਼ੱਕ ਪੰਜਾਬੀਆਂ ਨੂੰ ਮਹਿਮਾਨ ਨਿਵਾਜੀ, ਆਪਸੀ ਸਾਂਝ ਅਤੇ ਸੇਵਾ-ਭਾਵਨਾ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ | ਜੇਕਰ ਕਿਸੇ ਦੇ ਘਰ ਦੁੱਖ ਦੀ ਘੜੀ ਆ ਜਾਵੇ ਤਾਂ ਰਿਸ਼ਤੇਦਾਰ, ਦੋਸਤ ਅਤੇ ਪਿੰਡ ਦਾ ਭਾਈਚਾਰਾ ਪਰਿਵਾਰ ਨਾਲ ਖੜ੍ਹਾ ਹੁੰਦਾ ਹੈ | ਪਰ ਪਿਛਲੇ ਕੁਝ ਸਮੇਂ ਤੋਂ ਇੱਕ ਅਜਿਹੀ ਸਮਾਜਿਕ ਪਿਰਤ ਵਧਦੀ ਜਾ ਰਹੀ ਹੈ, ਜਿਸ ਬਾਰੇ ਸੋਚਣ ਦੀ ਲੋੜ ਹੈ |
ਮਰਗ ਦੇ ਭੋਗ 'ਤੇ ਵਿਆਹਾਂ ਵਰਗੇ ਵੱਡੇ ਖਾਣੇ ਦਾ ਪ੍ਰਬੰਧ ਕਰਨ ਦੀ ਪਿਰਤ ਜੋ ਕਿ ਕਈ ਲੋਕ ਨੱਕ ਰੱਖਣ ਲਈ ਮਜਬੂਰੀ ਵੱਸ ਕਰ ਰਹੇ ਹਨ | ਮਰਗ ਦਾ ਭੋਗ ਕੋਈ ਖੁਸ਼ੀ ਦਾ ਸਮਾਗਮ ਨਹੀਂ ਸਗੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਮੌਕਾ ਹੁੰਦਾ ਹੈ | ਪਰਿਵਾਰ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟਿਆ ਹੁੰਦਾ ਹੈ ਪਰ ਕਈ ਰਿਸ਼ਤੇਦਾਰ ਜਾਂ ਸਕੇ-ਸੰਬੰਧੀ ਰਾਇ ਦਿੰਦੇ ਹਨ ਕਿ ਜੇਕਰ ਵਧੀਆ ਖਾਣਾ ਨਾ ਤਿਆਰ ਕਰਵਾਇਆ ਤਾਂ ਲੋਕ ਕੀ ਕਹਿਣਗੇ? ਮਜਬੂਰੀ ਵੱਸ ਪਰਿਵਾਰ ਨੂੰ ਸਬਰ ਦਾ ਘੁੱਟ ਭਰ ਕੇ ਮਹਿੰਗਾ ਖਾਣਾ ਤਿਆਰ ਕਰਨਾ ਪੈਂਦਾ ਹੈ |
ਬਹੁਤੀਆਂ ਥਾਵਾਂ 'ਤੇ ਤਾਂ ਇਹ ਮੁਕਾਬਲੇ ਦਾ ਰੂਪ ਧਾਰਨ ਕਰ ਚੁੱਕਾ ਹੈ | ਕਿਸੇ ਨੇ ਚਾਰ ਪਕਵਾਨ ਬਣਾਏ ਤਾਂ ਦੂਜਾ ਉਸ ਤੋਂ ਵੱਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ | ਬਹੁਤੀਆਂ ਥਾਵਾਂ 'ਤੇ ਵੱਡੀ ਮਾਤਰਾ ਵਿੱਚ ਤਿਆਰ ਕੀਤਾ ਭੋਜਨ ਬਚਣ ਕਰਕੇ ਬਰਬਾਦ ਵੀ ਹੁੰਦਾ ਹੈ | ਸਵਾਲ ਇਹ ਹੈ ਕਿ ਕੀ ਕਿਸੇ ਵਿਛੜੇ ਵਿਅਕਤੀ ਪ੍ਰਤੀ ਸਾਡੀ ਸ਼ਰਧਾ ਦਾ ਮਾਪਦੰਡ ਖਾਣੇ ਦੀਆਂ ਕਿਸਮਾਂ ਜਾਂ ਖਰਚੇ ਨਾਲ ਤੈਅ ਹੋਣਾ ਚਾਹੀਦਾ ਹੈ ? ਇਸ ਲਈ ਮਰਗ ਦੇ ਭੋਗ ਨੂੰ ਦਿਖਾਵੇ ਅਤੇ ਖਾਣ-ਪੀਣ ਦੇ ਮੁਕਾਬਲੇ ਤੋਂ ਬਚਾ ਕੇ ਸਾਦਗੀ, ਸੇਵਾ ਅਤੇ ਸੱਚੀ ਸ਼ਰਧਾਂਜਲੀ ਦਾ ਮੌਕਾ ਬਣਾਉਣਾ ਸਮੇਂ ਦੀ ਲੋੜ ਹੈ |
-ਗੁਰਵਿੰਦਰ ਸਿੰਘ ਚਹਿਲ,
ਪਿੰਡ ਹੀਰੋ ਖ਼ੁਰਦ (ਮਾਨਸਾ)