ਬੇਰੁਜ਼ਗਾਰੀ : ਇਕ ਵੱਡੀ ਸਮੱਸਿਆ
ਬੇਰੁਜ਼ਗਾਰੀ ਅੱਜ ਦੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ | ਇਸ ਦਾ ਪ੍ਰਭਾਵ ਵਿਅਕਤੀ, ਸਮਾਜ ਅਤੇ ਦੇਸ਼ ਦੇ ਵਿਕਾਸ 'ਤੇ ਪੈਂਦਾ ਹੈ | ਬੇਰੁਜ਼ਗਾਰੀ ਦੇ ਮੁੱਖ ਕਾਰਨਾਂ ਵਿਚ ਵਧਦੀ ਆਬਾਦੀ, ਸਿੱਖਿਆ ਪ੍ਰਣਾਲੀ ਦੀਆਂ ਕਮੀਆਂ, ਰੁਜ਼ਗਾਰ ਦੇ ਘੱਟ ਮੌਕੇ ਅਤੇ ਕੌਸ਼ਲ ਦੀ ਘਾਟ ਸ਼ਾਮਲ ਹਨ | ਬੇਰੋਜ਼ਗਾਰੀ ਕਾਰਨ ਲੋਕਾਂ ਨੂੰ ਆਰਥਿਕ ਮੁਸ਼ਕਲਾਂ, ਮਾਨਸਿਕ ਤਣਾਅ ਅਤੇ ਕਈ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਮੱਸਿਆ ਨੂੰ ਘਟਾਉਣ ਲਈ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ | ਜੇ ਸਰਕਾਰ ਅਤੇ ਸਮਾਜ ਮਿਲ ਕੇ ਯਤਨ ਕਰਨ ਤਾਂ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ |
- ਮਹਿਕਪ੍ਰੀਤ ਕੌਰ, ਫ਼ਤਹਿਗੜ੍ਹ ਸਾਹਿਬ
ਮਹਿੰਗਾਈ 'ਤੇ ਸਰਕਾਰ ਚੁੱਪ
ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਕਰ ਦਿੱਤੀ ਹੈ | ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧਣ ਕਾਰਨ ਘਰ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈਤੇ ਆਮ ਪਰਿਵਾਰ ਲਈ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੁੰਦਾ ਜਾ ਰਿਹਾ ਹੈ | ਚੀਨੀ ਦਾ ਭਾਅ 65 ਰੁਪਏ ਕਿਲੋ ਤੱਕ ਪਹੁੰਚ ਗਿਆ | ਇਸੇ ਤਰ੍ਹਾਂ ਦਾਲਾਂ, ਆਟਾ, ਤੇਲ, ਸਬਜ਼ੀਆਂ ਅਤੇ ਹੋਰ ਘਰੇਲੂ ਸਮਾਨ ਦੀਆਂ ਕੀਮਤਾਂ ਵਿਚ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਸਭ ਤੋਂ ਵੱਧ ਪ੍ਰਭਾਵ ਮੱਧ ਵਰਗ ਅਤੇ ਗਰੀਬ ਪਰਿਵਾਰਾਂ 'ਤੇ ਪੈ ਰਿਹਾ ਹੈ ਕਿਉਂਕਿ ਆਮਦਨ ਉਸੇ ਅਨੁਪਾਤ ਨਾ ਵਧਣ ਕਾਰਨ ਲੋਕਾਂ ਨੂੰ ਆਪਣੀਆਂ ਜ਼ਰੂਰੀ ਲੋੜਾਂ ਵਿਚ ਕਟੌਤੀ ਕਰਨੀ ਪੈ ਰਹੀ ਹੈ | ਇਸ ਸਾਰੀ ਸਥਿਤੀ ਵਿਚ ਸਭ ਤੋਂ ਵੱਡਾ ਸਵਾਲ ਸਰਕਾਰ ਦੀ ਚੁੱਪੀ ਨੂੰ ਲੈ ਕੇ ਖੜ੍ਹਾ ਹੁੰਦਾ ਹੈ | ਜਦੋਂ ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤਾਂ ਸਰਕਾਰ ਵਲੋਂ ਵਧਦੀਆਂ ਕੀਮਤਾਂ 'ਤੇ ਠੋਸ ਕਾਰਵਾਈ ਅਤੇ ਸਪੱਸ਼ਟ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ...? ਲੋਕਾਂ ਨੂੰ ਸਿਰਫ਼ ਭਰੋਸਿਆਂ ਦੀ ਨਹੀਂ, ਸਗੋਂ ਰਸੋਈ ਦਾ ਬਜਟ ਸੰਭਾਲਣ ਵਾਲੇ ਠੋਸ ਕਦਮਾਂ ਦੀ ਲੋੜ ਹੈ |ਮਹਿੰਗਾਈ ਸਿਰਫ਼ ਅੰਕੜਿਆਂ ਦਾ ਮਾਮਲਾ ਨਹੀਂ, ਇਹ ਹਰ ਘਰ ਦੀ ਰਸੋਈ ਅਤੇ ਹਰ ਪਰਿਵਾਰ ਦੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੈ | ਸਰਕਾਰ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ |
-ਗੁਰਪ੍ਰੀਤ ਸਿੰਘ ਜਖਵਾਲੀ
(ਸ੍ਰੀ ਫ਼ਤਹਿਗੜ੍ਹ ਸਾਹਿਬ)
ਖੰਡ ਹੋਈ ਕੌੜੀ
ਅੱਜ ਦੇ ਅੰਕ ਵਿਚ ਛਪੀ 'ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣਾ ਜ਼ਰੂਰੀ' ਸੰਪਾਦਕੀ ਬੜੇ ਧਿਆਨ ਨਾਲ ਪੜ੍ਹੀ | ਖੰਡ ਦੀਆਂ ਵਧਦੀਆਂ ਕੀਮਤਾਂ ਦੇ ਕਾਰਨਾਂ, ਗੰਨੇ ਦੀ ਪੈਦਾਵਾਰ, ਈਥਾਨੋਲ ਨੀਤੀ ਅਤੇ ਆਮ ਖਪਤਕਾਰ 'ਤੇ ਪੈ ਰਹੇ ਪ੍ਰਭਾਵ ਨੂੰ ਜਿਸ ਗੰਭੀਰਤਾ ਨਾਲ ਸੰਪਾਦਕੀ ਵਿਚ ਉਭਾਰਿਆ ਗਿਆ ਹੈ, ਉਹ ਬਹੁਤ ਸ਼ਲਾਘਾਯੋਗ ਹੈ | ਭਾਰਤ ਵਿਚ ਖੰਡ ਦੀ ਘਰੇਲੂ ਖਪਤ ਲਗਭਗ 2830 ਮਿਲੀਅਨ ਮੀਟਿ੍ਕ ਟਨ ਸਾਲਾਨਾ ਹੈ | ਘਰੇਲੂ ਰਸੋਈ ਤੋਂ ਇਲਾਵਾ ਬੇਕਰੀ, ਕੋਲਡ ਡਰਿੰਕਸ, ਚਾਕਲੇਟ, ਮਿਠਾਈਆਂ ਅਤੇ ਪ੍ਰੋਸੈਸਡ ਫੂਡ ਉਦਯੋਗਾਂ ਵਿਚ ਵੀ ਇਸ ਦੀ ਵੱਡੀ ਖਪਤ ਹੁੰਦੀ ਹੈ | ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਵਿਚ ਮੰਗ ਹੋਰ ਵਧ ਜਾਂਦੀ ਹੈ | ਖੰਡ ਦੇ ਮਹਿੰਗਾ ਹੋਣ ਲਈ ਸਿਰਫ਼ ਈਥਾਨੋਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ | ਮੌਸਮ ਦੀ ਮਾਰ, ਘੱਟ ਪੈਦਾਵਾਰ, ਫ਼ਸਲੀ ਬਿਮਾਰੀਆਂ, ਤਿਉਹਾਰੀ ਮੰਗ, ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਵਰਗੇ ਕਈ ਕਾਰਨ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ | ਇਸ ਲਈ ਲੋੜ ਕਿਸੇ ਇਕ ਨੀਤੀ ਨੂੰ ਦੋਸ਼ੀ ਠਹਿਰਾਉਣ ਦੀ ਨਹੀਂ, ਸਗੋਂ ਖੁਰਾਕੀ ਸੁਰੱਖਿਆ, ਕਿਸਾਨੀ ਹਿੱਤ, ਖਪਤਕਾਰ ਅਤੇ ਊਰਜਾ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਦੀ ਹੈ | ਅਜੀਤ ਵਲੋਂ ਇਸ ਮਹੱਤਵਪੂਰਨ ਲੋਕ-ਸਰੋਕਾਰੀ ਮੁੱਦੇ ਨੂੰ ਸੰਪਾਦਕੀ ਰਾਹੀਂ ਗੰਭੀਰ ਚਰਚਾ ਦਾ ਵਿਸ਼ਾ ਬਣਾਉਣ ਲਈ ਸੰਪਾਦਕੀ ਟੀਮ ਦਾ ਦਿਲੋਂ ਧੰਨਵਾਦ |
-ਗੁਰਬਾਜ ਸਿੰਘ
ਸਿਰਸਾ, ਹਰਿਆਣਾ
ਨਿਪਾਲ : ਕੁਦਰਤੀ ਆਫ਼ਤਾਂ
ਹਾਲ ਹੀ ਵਿਚ ਤਿੱਬਤ ਦੀ ਸਰਹੱਦ ਨਾਲ ਲਗਦੇ ਨਿਪਾਲ ਦੇ ਰਸੁਵਾ ਵਿਚ ਆਏ ਭਿਆਨਕ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ | ਜਿੱਥੇ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ ਤੇ 4 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ | ਜ਼ਿਆਦਾਤਰ ਭਾਰਤੀ ਤਿੱਬਤ ਵਿਚ ਕੈਲਾਸ਼ ਮਾਨ ਸਰੋਵਰ ਯਾਤਰਾ ਲਈ ਜਾ ਰਹੇ ਸਨ | ਦਰਿਆ ਕੰਢੇ ਬਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਘੱਟੋ ਘੱਟ ਇਕ ਦਰਜਨ ਪਣ ਬਿਜਲੀ ਪ੍ਰੋਜੈਕਟ ਪ੍ਰਭਾਵਿਤ ਹੋਏ | ਤਿੱਬਤ ਵਾਲੇ ਪਾਸੇ ਹੋਈ ਭਾਰੀ ਬਾਰਿਸ਼ ਤੇ ਗਲੇਸ਼ੀਅਰ ਟੁੱਟਣ ਕਾਰਨ ਇਹ ਹਾਲਾਤ ਬਣੇ ਹਨ | ਪਾਣੀ ਦੇ ਅਚਾਨਕ ਵਧਣ ਨਾਲ ਰਸੂਵਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ | ਉੱਤਰਾਖੰਡ 'ਚ 2012 ਵਿਚ ਹੜ੍ਹਾਂ ਕਾਰਨ ਜੋ ਤਬਾਹੀ ਮਚੀ ਦਿਲ ਕੰਬਾਉਣ ਵਾਲੀ ਸੀ | 2023 ਵਿੱੱਚ ਭਾਰਤ ਦੇ ਸਿੱਕਿਮ ਵਿਚ ਗਲੇਸ਼ੀਅਰ ਝੀਲ ਟੁੱਟਣ ਕਾਰਨ ਭਾਰੀ ਤਬਾਹੀ ਮਚਾਈ ਸੀ | ਭਿਆਨਕ ਹੜ੍ਹਾਂ ਦੀਆਂ ਤਸਵੀਰਾਂ ਅੱਗੇ ਮਨੁੱਖੀ ਸੱਭਿਅਤਾ ਬੇਵੱਸ ਹੋ ਜਾਂਦੀ ਹੈ | ਕੁਦਰਤ ਸਾਨੂੰ ਪਾਣੀ, ਹਵਾ, ਜ਼ਮੀਨ, ਜੰਗਲ, ਸਾਫ ਸੁਥਰੀ ਹਵਾ ਪ੍ਰਦਾਨ ਕਰਦੀ ਹੈ | ਜੰਗਲਾਂ ਦੀ ਕਟਾਈ, ਪਹਾੜਾਂ ਨੂੰ ਕੱਟ ਕੇ ਵੱਡੀਆਂ ਇਮਾਰਤਾਂ ਉਸਾਰਨਾ, ਨਦੀਆਂ ਨਾਲਿਆਂ ਨੂੰ ਤੰਗ ਕਰਨਾ, ਗੈਰ-ਯੋਜਨਾਬੱਧ ਉਸਾਰੀ ਦੇ ਨਤੀਜੇ ਵਜੋਂ ਹੜ੍ਹ ਵਰਗੀਆਂ ਵਿਨਾਸ਼ਕਾਰੀ ਤ੍ਰਾਸਦੀਆਂ ਪੈਦਾ ਹੋ ਰਹੀਆਂ ਹਨ | ਵਿਕਾਸ ਜ਼ਰੂਰੀ ਵੀ ਹੈ ਪਰ ਕੁਦਰਤ ਨੂੰ ਨਜ਼ਰਅੰਦਾਜ਼ ਕਰਨ ਨਾਲ ਅੰਤ ਵਿਚ ਜੋਖ਼ਮ ਵਧਦਾ ਹੈ | ਇਹ ਸਪੱਸ਼ਟ ਹੈ ਕਿ ਵਾਤਾਵਰਣ ਵਿਚ ਦਖਲਅੰਦਾਜ਼ੀ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਦਾ ਕਾਰਨ ਬਣਦੀ ਹੈ | ਹਾਲਾਂਕਿ ਕੁਦਰਤ ਤੇ ਮਨੁੱਖ ਦਾ ਗੂੜ੍ਹਾ ਰਿਸ਼ਤਾ ਹੈ | ਅੱਜ ਪੈਸੇ ਦੀ ਹੋੜ ਕਾਰਨ ਕੁਦਰਤ ਨੂੰ ਤਹਿਸ-ਨਹਿਸ ਕਰਨ ਵਿਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ ਹੈ | ਨਿਪਾਲ ਹਜ਼ਾਰਾਂ ਗਲੇਸ਼ੀਅਰਾਂ ਦਾ ਘਰ ਹੈ ਜਿਨਾਂ ਵਿਚੋਂ ਜ਼ਿਆਦਾਤਰ ਨੂੰ ਸੰਭਾਵੀ ਤੌਰ 'ਤੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਵਿਗਿਆਨੀਆਂ ਮੁਤਾਬਕ ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਾਰਨ ਹਰ ਸਾਲ ਮਾਨਸੂਨ ਦੀ ਦਸਤਕ ਲੇਟ ਹੋ ਰਹੀ ਹੈ | ਨਿਪਾਲ ਦੀ ਸਰਹੱਦ ਨਾਲ ਲਗਦੇ ਬਿਹਾਰ ਦੇ ਕੁਝ ਹਿੱਸਿਆਂ ਲਈ ਵੀ ਖਤਰਾ ਪੈਦਾ ਕੀਤਾ ਹੈ | ਨਿਪਾਲ ਦੀ ਮੌਜੂਦਾ ਤਬਾਹੀ ਨੂੰ ਸਿਰਫ ਇਕ ਦੇਸ਼ ਦੀ ਦੁਰਘਟਨਾ ਵਜੋਂ ਨਹੀਂ ਦੇਖਿਆ ਜਾ ਸਕਦਾ | ਇਥੋਂ ਨਿਕਲਣ ਵਾਲੀਆਂ ਵੱਡੀਆਂ ਨਦੀਆਂ ਉੱਤੇ ਭਾਰਤ ਨਿਪਾਲ, ਚੀਨ ਅਤੇ ਹੋਰ ਖੇਤਰਾਂ ਦੀ ਵਿਸ਼ਾਲ ਆਬਾਦੀ ਨਿਰਭਰ ਹੈ | ਨਿਪਾਲ ਦੀ ਆਫ਼ਤ ਨੇ ਇਕ ਬਹੁਤ ਸਖ਼ਤ ਸਬਕ ਦਿੱਤਾ ਹੈ |
-ਸੰਜੀਵ ਸਿੰਘ ਸੈਣੀ
(ਸਟੇਟ ਅਵਾਰਡੀ), ਮੁਹਾਲੀ |