ਆਓ ਵਿਰਾਸਤ ਸੰਭਾਲੀਏ
ਪੰਜਾਬੀ ਸੱਭਿਆਚਾਰ ਦੇਸ਼ ਦੁਨੀਆ ਦੇ ਸਭ ਤੋਂ ਅਮੀਰ ਸੱਭਿਆਚਾਰਾਂ 'ਚੋਂ ਇਕ ਹੈ, ਜੋ ਆਪਣੀ ਸਾਦਗੀ, ਮਿਹਨਤ, ਬਹਾਦਰੀ, ਦਲੇਰੀ ਤੇ ਪ੍ਰਾਹੁਣਚਾਰੀ ਲਈ ਪ੍ਰਸਿੱਧ ਹੈ | ਪੰਜਾਬ ਦੇ ਲੋਕ ਮਿਹਨਤੀ, ਦਿਲਦਾਰ, ਮਿਲਣਸਾਰ ਅਤੇ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ | ਪੰਜਾਬ ਵਿਚ ਪ੍ਰਮੁੱਖ ਤਿਉਹਾਰ ਵਿਸਾਖੀ, ਲੋਹੜੀ, ਮਾਘੀ ਅਤੇ ਦੀਵਾਲੀ ਆਦਿ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਏ ਜਾਂਦੇ ਹਨ | ਇਨ੍ਹਾਂ ਮੌਕਿਆਂ 'ਤੇ ਲੋਕ ਭੰਗੜਾ ਅਤੇ ਗਿੱਧਾ ਪਾਉਂਦੇ ਹਨ, ਲੋਕ-ਗੀਤ ਗਾਉਂਦੇ ਹਨ ਅਤੇ ਮਿਲ-ਜੁਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ | ਪੰਜਾਬੀ ਪਹਿਰਾਵਾ, ਲੋਕ-ਨਾਚ, ਲੋਕ-ਗੀਤ, ਮੇਲੇ ਅਤੇ ਰਵਾਇਤੀ ਪਕਵਾਨ ਵੀ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪਛਾਣ ਹਨ | ਅੱਜ ਭਾਵੇਂ ਪੰਜਾਬੀ ਲੋਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸ ਰਹੇ ਹਨ, ਪਰ ਉਹ ਆਪਣੀ ਮਾਂ-ਬੋਲੀ, ਰੀਤ-ਰਿਵਾਜਾਂ ਅਤੇ ਸੱਭਿਆਚਾਰ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ | ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਅਮੀਰ ਪੰਜਾਬੀ ਵਿਰਸੇ ਦੀ ਸੰਭਾਲ ਕਰੀਏ ਅਤੇ ਇਸ ਦੀ ਮਹੱਤਤਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ |
-ਦਲਜੀਤ ਸਿੰਘ ਬਾਜਵਾ,
ਸ੍ਰੀ ਫ਼ਤਹਿਗੜ੍ਹ ਸਾਹਿਬ
ਮੁਲਾਜ਼ਮ ਅਤੇ ਡੀ.ਏ.
ਪਿਛਲੀਆਂ ਮੁਲਾਜ਼ਮ ਜਥੇਬੰਦੀਆਂ ਨੇ ਅਣਥੱਕ ਯਤਨਾਂ ਨਾਲ ਮੁਲਾਜ਼ਮ ਹਿੱਤ ਸਾਂਭ ਕੇ ਰੱਖੇ ਹੋਏ ਸਨ | ਸਮੇਂ-ਸਮੇਂ 'ਤੇ ਮੌਕੇ 12ਨੂੰੌ ਦੀ ਸਰਕਾਰਾਂ ਨੇ ਚਲਾਕ ਚਾਲਾਂ ਨਾਲ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੇ ਏਕੀਕਰਨ ਨੂੰ ਦੋਫਾੜ ਕਰਨ ਦਾ ਕੰਮ ਕੀਤਾ ਤੇ ਉਹ ਸਰਕਾਰਾਂ ਕਾਮਯਾਬ ਵੀ ਹੋਈਆਂ | ਹੁਣ ਲੰਬਿਤ ਪਿਆ ਡੀਏ ਜਿਸ ਵਲ ਮੁਲਾਜ਼ਮ ਵਰਗ ਝਾਕ ਰਿਹਾ ਹੈ | ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਕਿਹਾ ਸੀ ਕਿ ਕੇਂਦਰ ਮੁਲਾਜ਼ਮਾਂ ਨੂੰ ਜੋ ਵੀ ਡੀਏ ਦਵੇਗਾ, ਓਹੀ ਪੰਜਾਬ ਦਵੇਗਾ | ਇਹ ਵਰਤਾਰਾ ਕਾਫੀ ਸਮੇਂ ਤੱਕ ਚੱਲਦਾ ਵੀ ਰਿਹਾ | ਪਰ ਹੁਣ ਪਿਛਲੇ 5 ਸਾਲ ਤੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਪੈਂਡਿੰਗ ਪਿਆ ਹੈ ਤੇ ਕਰੀਬ 7 ਲੱਖ ਮੁਲਾਜ਼ਮ ਇਸ ਨੂੰ ਮਿਲਣ ਦੀ ਆਸ ਲਾਈ ਬੈਠੇ ਹਨ | ਮੁਲਾਜ਼ਮਾਂ ਦੀ ਸਰਕਾਰ ਨੂੰ ਗੁਹਾਰ ਹੈ ਕਿ ਬਣਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕੀਤਾ ਜਾਵੇ |
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ |
ਵਾਤਾਵਰਨ ਬਚਾਓ
ਧਰਤੀ, ਪਾਣੀ, ਰੁੱਖ ਤੇ ਮਨੁੱਖ, ਅਤੇ ਜੀਵ ਪੈਦਾ ਹੋਣ ਨੂੰ ਲੱਖਾਂ ਸਾਲ ਲੱਗੇ ਸਨ | ਕੁਦਰਤ ਨੇ ਬਹੁਤ ਸੋਹਣਾ ਵਾਤਾਵਰਨ ਸਿਰਜਿਆ ਸੀ, ਪਰ ਮਨੁੱਖ ਨੇ ਆਪਣੇ ਲਾਲਚ ਲਈ ਹਵਾ, ਪਾਣੀ, ਧਰਤੀ ਆਦਿ ਨੂੰ ਦੂਸ਼ਿਤ ਕਰ ਦਿੱਤਾ ਹੈ | ਸ਼ਹਿਰਾਂ ਦਾ ਗੰਦਾ ਪਾਣੀ ਨਦੀਆਂ ਵਿਚ ਸੁੱਟਿਆ ਜਾ ਰਿਹਾ ਹੈ ਜਿਸ ਵਿਚ ਹਾਨੀਕਾਰਕ ਪਦਾਰਥ ਯੂਰੇਨੀਅਮ, ਲੈਡ ਆਦਿ ਜ਼ਹਿਰੀਲੀਆਂ ਧਾਤਾਂ ਹੁੰਦੀਆਂ ਹਨ | ਜਿਸ ਦੀ ਵਰਤੋ ਨਾਲ ਸਾਡਾ ਸਰੀਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਜਾਂਦਾ ਹੈ | ਸ਼ਹਿਰਾਂ 'ਚੋਂ ਕਾਰਖਾਨੇ ਦੀਆਂ ਚਿਮਨੀਆਂ, ਗੱਡੀਆਂ 'ਚੋਂ ਨਿਕਲਦਾ ਧੂੰਆਂ ਹਵਾ ਨੂੰ ਦੂਸ਼ਿਤ ਕਰ ਰਿਹਾ ਹੈ | ਅਸੀਂ ਹਵਾ ਇੰਨੀ ਜ਼ਹਿਰੀਲੀ ਕਰ ਲਈ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਵੇਗਾ | ਖੇਤਾਂ ਵਿਚ ਕੀਟਨਾਸ਼ਕ, ਨਦੀਨਨਾਸ਼ਕ, ਦਵਾਈਆਂ ਦੀ ਅਤੇ ਖਾਦਾਂ ਦੀ ਵਰਤੋਂ ਵੱਧ ਗਈ ਹੈ ਜਿਸ ਨਾਲ ਧਰਤੀ ਦੀ ਕੁੱਖ ਵੀ ਵੀਰਾਨ ਹੋ ਚੁੱਕੀ ਹੈ | ਮਨੁੱਖ ਨੇ ਆਪਣੇ ਲਾਲਚ ਦੀ ਖ਼ਾਤਰ ਦਰੱਖ਼ਤਾਂ ਨੂੰ ਧੜਾ-ਧੜ ਕੱਟ ਦਿੱਤਾ ਹੈ | ਕਿਤੇ ਜ਼ਿਆਦਾ ਮੀਂਹ ਪੈਣ ਨਾਲ ਹੜ੍ਹ ਆ ਜਾਂਦੇ ਹਨ ਅਤੇ ਕਿਤੇ ਸੋਕਾ ਪੈ ਜਾਂਦਾ ਹੈ | ਜੇਕਰ ਅਸੀਂ ਰੁੱਖਾਂ ਇਸੇ ਤਰ੍ਹਾਂ ਹੀ ਕੱਟਦੇ ਰਹੇ ਤਾਂ ਸਾਨੂੰ ਸਭ ਤੋਂ ਜ਼ਰੂਰੀ ਆਕਸੀਜਨ ਨਹੀਂ ਮਿਲੇਗੀ | ਇਸ ਤੋਂ ਇਲਾਵਾ ਸਾਨੂੰ ਫਲ ਤੇ ਕੀਮਤੀ ਜੜ੍ਹੀ-ਬੂਟੀਆਂ ਵੀ ਨਹੀਂ ਮਿਲਣਗੀਆਂ | ਸ਼ੁੱਧ ਹਵਾ, ਸ਼ੁੱਧ ਖਾਣ ਵਾਲੇ ਪਦਾਰਥ, ਦੁੱਧ ਪਾਣੀ, ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ | ਇਸ ਲਈ ਸਾਨੂੰ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਕਿ ਵਾਤਾਵਰਨ ਖਰਾਬ ਹੋਵੇ ਤਾਂ ਸਾਡੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇ |
-ਸੈਫ਼ੀ ਸ਼ਰਮਾ ਝਬੇਲਵਾਲੀ
ਪਿੰਡ ਅਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ |